- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਜੀਵਨ ਆਪਣੇ ਆਪ ’ਚ ਅਦਭੁੱਤ ਹੈ। ਜਨਮ ਤੋਂ ਲੈ ਕੇ ਮੌਤ ਤੱਕ ਹਰ ਮਨੁੱਖ ਕਿਸੇ ਨਾਟਕ ਜਾਂ ਕਹਾਣੀ ਵਿਚਲੇ ਪਾਤਰਾਂ ਵਾਂਗ ਵੱਖ-ਵੱਖ ਰੋਲ ਅਦਾ ਕਰਦਾ ਹੈ ਪਰ ਜ਼ਿੰਦਗੀ ਕਦੇ ਸਿੱਧੀ ਰੇਖਾ ਵਾਂਗ ਨਹੀਂ ਚੱਲਦੀ ਤੇ ਨਾ ਹੀ ਕੋਈ ਮਨੁੱਖ ਇਸ ਤਰ੍ਹਾਂ ਦਾ ਦਾਅਵਾ ਕਰ ਸਕਦਾ ਹੈ ਕਿ ਉਸ ਨੂੰ ਹਮੇਸ਼ਾ ਖ਼ੁਸ਼ੀਆਂ ਹੀ ਮਿਲੀਆਂ ਹੋਣ ਜਾਂ ਹਮੇਸ਼ਾ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੋਵੇ।

ਮਨੁੱਖੀ ਜੀਵਨ ਆਪਣੇ ਆਪ ’ਚ ਅਦਭੁੱਤ ਹੈ। ਜਨਮ ਤੋਂ ਲੈ ਕੇ ਮੌਤ ਤੱਕ ਹਰ ਮਨੁੱਖ ਕਿਸੇ ਨਾਟਕ ਜਾਂ ਕਹਾਣੀ ਵਿਚਲੇ ਪਾਤਰਾਂ ਵਾਂਗ ਵੱਖ-ਵੱਖ ਰੋਲ ਅਦਾ ਕਰਦਾ ਹੈ ਪਰ ਜ਼ਿੰਦਗੀ ਕਦੇ ਸਿੱਧੀ ਰੇਖਾ ਵਾਂਗ ਨਹੀਂ ਚੱਲਦੀ ਤੇ ਨਾ ਹੀ ਕੋਈ ਮਨੁੱਖ ਇਸ ਤਰ੍ਹਾਂ ਦਾ ਦਾਅਵਾ ਕਰ ਸਕਦਾ ਹੈ ਕਿ ਉਸ ਨੂੰ ਹਮੇਸ਼ਾ ਖ਼ੁਸ਼ੀਆਂ ਹੀ ਮਿਲੀਆਂ ਹੋਣ ਜਾਂ ਹਮੇਸ਼ਾ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਹੋਵੇ।
ਦੁੱਖਾਂ-ਸੁੱਖਾਂ ਦਾ ਸੁਮੇਲ ਹੈ ਜ਼ਿੰਦਗੀ
ਜ਼ਿੰਦਗੀ ਤਾਂ ਦੁੱਖਾਂ-ਸੁੱਖਾਂ, ਜਿੱਤਾਂ-ਹਾਰਾਂ, ਪ੍ਰਾਪਤੀਆਂ ਤੇ ਗੁਆ ਦੇਣਾ ਆਦਿ ਪੱਖਾਂ ਦਾ ਸੁਮੇਲ ਹੈ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਿੰਨੇ ਲੋਕ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਹਨ। ਸਕੇ-ਸਬੰਧੀਆਂ ਦੇ ਰੂਪ, ਦੋਸਤਾਂ-ਮਿੱਤਰਾਂ ਜਾਂ ਕਾਰ ਵਿਹਾਰ ਵਿਚ ਵਿਚਰਦੇ ਹੋਏ ਮਿਲਦੇ ਹਨ। ਕੁਝ ਸਮੇਂ ਦੇ ਪ੍ਰਵਾਹ ’ਚ ਗੁਆਚ ਜਾਂਦੇ ਹਨ ਤੇ ਕੁਝ ਨਵੇਂ ਜੁੜ ਜਾਂਦੇ ਹਨ ਪਰ ਜ਼ਿੰਦਗੀ ਰੁਕਦੀ ਨਹੀਂ। ਇਹ ਤਾਂ ਨਿਰੰਤਰ ਆਪਣੀ ਚਾਲ ਚੱਲਦੀ ਰਹਿੰਦੀ ਹੈ। ਸ਼ਾਇਦ ਇਸੇ ਨੂੰ ਜ਼ਿੰਦਗੀ ਦੇ ਰੰਗਾਂ ਦਾ ਨਾਂ ਦਿੱਤਾ ਜਾਂਦਾ ਹੈ। ਜ਼ਿੰਦਗੀ ਦੇ ਰੰਗ ਜੋ ਬੱਚੇ ਦੇ ਜਨਮ ਸਮੇਂ ਪੂਰੇ ਘਰ ਨੂੰ ਆਪਣੀਆਂ ਖੁਸ਼ੀਆਂ ਦੇ ਰੰਗ-ਬਿਰੰਗੇ ਰੰਗਾਂ ਨਾਲ ਭਰ ਦਿੰਦੇ ਹਨ ਤੇ ਜਦੋਂ ਕੋਈ ਮਨੁੱਖ ਬੁੱਢਾਪਾ ਜੀਵਨ ਭੋਗਣ ਤੇ ਸੰਸਾਰ ਤੋਂ ਚਲਾਣਾ ਕਰਦਾ ਹੈ ਤਾਂ ਸਾਰੇ ਰੰਗ ਇਕ ਚਿੱਟੇ ਰੰਗ ਵਿਚ ਸਿਮਟ ਕੇ ਰਹਿ ਜਾਂਦੇ ਹਨ।
ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਮਨੁੱਖੀ ਸੁਭਾਅ
ਜ਼ਿੰਦਗੀ ਲੱਗਦੀ ਵੀ ਰੰਗ-ਬਿਰੰਗੀ ਹੀ ਸੋਹਣੀ ਹੈ, ਜਿਸ ਵਿਚ ਆਪਸੀ ਮੇਲ ਮਿਲਾਪ, ਪਿਆਰ, ਸਹਿਯੋਗ, ਪ੍ਰੇਰਨਾ, ਖ਼ੁਸ਼ੀ ਆਦਿ ਰੰਗਾਂ ਦਾ ਸੁਮੇਲ ਹੋਵੇ। ਜਦੋਂ ਜ਼ਿੰਦਗੀ ’ਚ ਇਹ ਸਾਰੇ ਰੰਗ ਭਰੇ ਮਿਲਦੇ ਹਨ, ਲੱਗਦਾ ਹੈ ਸਵਰਗ ’ਚ ਹੀ ਜੀਅ ਰਹੇ ਹਾਂ। ਜਦੋਂ ਬਦਲਾਖੋਰੀ, ਈਰਖਾ, ਸਾੜਾ, ਸਾਜ਼ਿਸ਼ਾਂ ਨਫ਼ਰਤ ਰੂਪੀ ਰੰਗ ਜ਼ਿੰਦਗੀ ’ਚ ਘੁਲ ਜਾਣ, ਫਿਰ ਨਰਕ ਤੇ ਜ਼ਿੰਦਗੀ ’ਚ ਬਹੁਤਾ ਫ਼ਰਕ ਨਜ਼ਰ ਨਹੀਂ ਆਉਂਦਾ। ਮਨੁੱਖੀ ਸੁਭਾਅ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਕਿਸੇ ਦਾ ਵਿਹਾਰ, ਗੱਲਬਾਤ ਸਾਨੂੰ ਦੁੱਖ ਜਾਂ ਖ਼ੁਸ਼ੀ ਦਿੰਦੀ ਹੈ ਪਰ ਕੋਸ਼ਿਸ਼ ਸਵੈ-ਪੜਚੋਲ, ਲੋਕਾਂ ’ਚ ਖ਼ੁਸ਼ੀਆਂ ਖੇੜੇ ਵੰਡਣ, ਮਨਾਂ ਦੇ ਪਾੜਿਆਂ ਨੂੰ ਪੂਰ ਕਰਨ, ਈਗੋ ਰੂਪੀ ਦੈਂਤ ਨੂੰ ਜੜ੍ਹੋਂ ਖ਼ਤਮ ਕਰਨ ਦੀ ਹੋਣੀ ਚਾਹੀਦੀ ਹੈ। ਜ਼ਿੰਦਗੀ ’ਚ ਬਹੁਤ ਸਮੇਂ ਅਜਿਹੇ ਆਉਂਦੇ ਹਨ, ਜਦੋਂ ਤੁਸੀਂ ਖ਼ੁਦ ਨੂੰ ਬਿਲਕੁਲ ਇਕੱਲੇ ਪਾਉਂਦੇ ਹੋ, ਲੱਗਦਾ ਹੁੰਦਾ ਹੈ ਕਿ ਦੁਨੀਆ ਕਿਸੇ ਦੀ ਨਹੀਂ। ਵੈਸੇ ਦੇਖਿਆ ਜਾਵੇ ਤਾਂ ਇਹ ਅਟੱਲ ਸੱਚਾਈ ਵੀ ਹੈ, ਜਿਸ ਨੂੰ ਜਿੰਨਾ ਜਲਦੀ ਸਵੀਕਾਰ ਕਰ ਲਿਆ ਜਾਵੇ ਵਧੀਆ ਵੀ ਹੈ।
ਨਿਮਰ ਰਹਿ ਕੇ ਜਿਊਣਾ
ਮਨੁੱਖ ਧਰਤੀ ’ਤੇ ਇਕੱਲਾ ਆਉਂਦਾ ਹੈ, ਇਕੱਲੇ ਹੀ ਉਸ ਨੇ ਜਾਣਾ ਹੈ। ਹਾਂ ਮਨੁੱਖੀ ਜੀਵਨ ਭੋਗਦੇ ਹੋਏ ਸਾਨੂੰ ਆਪਸੀ ਸਾਂਝਾਂ ਨੂੰ ਜ਼ਰੂਰ ਇਮਾਨਦਾਰੀ ਨਾਲ ਨਿਭਾਉਣ ਦੀ ਲੋੜ ਹੈ। ਤੁਸੀਂ ਰਿਸ਼ਤਿਆਂ ਨੂੰ ਜ਼ਬਰਦਸਤੀ ਬੰਨ੍ਹ ਨਹੀਂ ਸਕਦੇ, ਹਾਂ ਸਾਂਝ ਮਜਬੂਤ ਹੋਵੇ ਫਿਰ ਨਾ ਰਿਸ਼ਤੇ ਨੂੰ ਬੰਨ੍ਹਣ ਦੀ ਲੋੜ ਹੈ, ਉਹ ਸਦਾ ਕਾਇਮ ਰਹੇਗਾ। ਅਜੋਕਾ ਮਨੁੱਖ ਰਿਸ਼ਤਿਆਂ ’ਚ ਟੁੱਟ ਜਾਣਾ ਪਸੰਦ ਕਰਦਾ ਹੈ ਪਰ ਆਪਣੀ ਈਗੋ ਤੋਂ ਹਾਰਨਾ ਨਹੀਂ। ਈਗੋ ਹੈ ਵੀ ਕਮਾਲ ਦੀ ਚੀਜ਼, ਜੋ ਸਾਰੀ ਉਮਰ ਬੰਦੇ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀ ਕਿ ਕਿਉਂ ਨਾ ਆਪਣੇ ਅੰਦਰ ਵੀ ਝਾਤ ਮਾਰ ਲਈ ਜਾਵੇ। ਜੇ ਤੁਹਾਨੂੰ ਹਮੇਸ਼ਾ ਲੱਗਦਾ ਹੈ ਕਿ ਮੈਂ ਤੇ ਮੈਂ ਹੀ ਸਹੀ ਹਾਂ ਤਾਂ ਤੁਸੀਂ ਦੁਨੀਆ ਵਿਚ ਸਭ ਤੋਂ ਵੱਡੇ ਮੂਰਖ ਹੋ ਕਿਉਂਕਿ ਈਗੋ ਤਹਿਤ ਤੁਸੀਂ ਸਵੀਕਾਰ ਕਰ ਲਿਆ ਹੈ ਕਿ ਚਾਹੇ ਗ਼ਲਤ ਹੋਵੇ ਜਾਂ ਸਹੀ, ਮੈਂ ਆਪਣੇ ਵਿਚ ਸੁਧਾਰ ਦੀ ਗੁੰਜਾਇਸ਼ ਰੱਖਣੀ ਹੀ ਨਹੀਂ। ਜਿੱਥੇ ਸੁਧਾਰ ਦੀ ਗੁੰਜਾਇਸ਼ ਨਾ ਹੋਵੇ, ਉੱਥੇ ਤਰੱਕੀ ਜਾਂ ਵਿਕਾਸ ਸੰਭਵ ਹੀ ਨਹੀਂ। ਨਿਮਰ ਰਹਿ ਕੇ ਜੀਵਨ ਜਿਊਣਾ ਜਿੱਥੇ ਖ਼ੁਦ ਨੂੰ ਖੁਸ਼ ਰਹਿਣ ’ਚ ਸਹਾਈ ਹੁੰਦਾ ਹੈ, ਉੱਥੇ ਦੂਜਿਆਂ ਪ੍ਰਤੀ ਸਾਡੀ ਸੋਚ ਨੂੰ ਵੀ ਉਸਾਰੂ ਬਣਾਉਂਦਾ ਹੈ ਤੇ ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਮਾਣਨਾ ਸਿਖਾਉਂਦਾ ਹੈ ਕਿਉਂਕਿ ਜ਼ਿੰਦਗੀ ਤਾਂ ਜਿਗਜੈਗ ਚੱਲਣੀ ਹੈ, ਸ਼ਾਇਦ ਇਸੇ ਲਈ ਕਹਿੰਦੇ ਹਨ, ‘ਜਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ।’
- ਅਵਤਾਰ ਸਿੰਘ ਸੌਜਾ