- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨਲਾਈਨ ਬਾਜ਼ਾਰ ਆਉਣ, ਮੋਬਾਈਲ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ, ਖ਼ਰੀਦਦਾਰੀ ਦੇ ਢੰਗ ਬਦਲਣ ਪਰ ਸਾਂਝ, ਸੇਵਾ, ਸਤਿਕਾਰ ਤੇ ਅਪਣੱਤ ਦੀ ਥਾਂ ਕੋਈ ਤਕਨਾਲੋਜੀ ਨਹੀਂ ਲੈ ਸਕਦੀ। ਤਿਉਹਾਰ ਦੀ ਅਸਲ ਰੌਸ਼ਨੀ ਘਰ ਦੀ ਸਜਾਵਟ ’ਚ ਨਹੀਂ ਸਗੋਂ ਉਸ ਅਪਣੱਤ ਵਿਚ ਹੈ, ਜੋ ਸਾਡੇ ਦਿਲ ਤੋਂ ਨਿਕਲ ਕੇ ਦੂਜੇ ਤੱਕ ਪਹੁੰਚਦੀ ਹੈ।

ਤਿਉਹਾਰ ਸਾਡੀ ਜ਼ਿੰਦਗੀ ’ਚ ਸਿਰਫ਼ ਕੈਲੰਡਰ ਦੀਆਂ ਤਾਰੀਖਾਂ ਨਹੀਂ ਹੁੰਦੇ। ਇਹ ਮਿਲਣ-ਜੁਲਣ, ਖ਼ੁਸ਼ੀਆਂ ਵੰਡਣ, ਰਿਸ਼ਤਿਆਂ ਨੂੰ ਤਾਜ਼ਾ ਕਰਨ ਅਤੇ ਸਮਾਜ ਨਾਲ ਜੁੜਨ ਦਾ ਮੌਕੇ ਹੁੰਦੇ ਹਨ। ਭਾਰਤ ਵਰਗੇ ਵਿਭਿੰਨਤਾਵਾਂ ਭਰੇ ਦੇਸ਼ ’ਚ ਤਿਉਹਾਰਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਵੱਖ-ਵੱਖ ਧਰਮਾਂ, ਭਾਈਚਾਰਿਆਂ ਤੇ ਖੇਤਰਾਂ ਦੇ ਲੋਕ ਆਪੋ-ਆਪਣੀਆਂ ਰਵਾਇਤਾਂ ਅਨੁਸਾਰ ਤਿਉਹਾਰ ਮਨਾਉਂਦੇ ਹਨ ਪਰ ਇਨ੍ਹਾਂ ਸਾਰਿਆਂ ਦੀ ਸਾਂਝੀ ਭਾਵਨਾ ਖ਼ੁਸ਼ੀ, ਸਾਂਝ ਤੇ ਸਦਭਾਵਨਾ ਹੀ ਹੈ। ਨਰਾਤਿਆਂ ਤੋਂ ਲੈ ਕੇ ਦੁਸਹਿਰੇ, ਕਰਵਾ ਚੌਥ, ਦੀਵਾਲੀ, ਬੰਦੀ ਛੋੜ ਦਿਵਸ ਤੇ ਗੁਰਪੁਰਬ ਤੱਕ ਤਿਉਹਾਰਾਂ ਦੀ ਲੜੀ ਜੀਵਨ ਨੂੰ ਰੰਗਾਂ ਨਾਲ ਭਰ ਦਿੰਦੀ ਹੈ। ਪੰਜਾਬ ’ਚ ਤਾਂ ਇਨ੍ਹਾਂ ਮੌਕਿਆਂ ਦੀ ਰੌਣਕ ਘਰਾਂ ਤੋਂ ਲੈ ਕੇ ਬਾਜ਼ਾਰਾਂ ਅਤੇ ਧਾਰਮਿਕ ਅਸਥਾਨਾਂ ਤੱਕ ਸਾਫ਼ ਦਿਖਾਈ ਦਿੰਦੀ ਹੈ। ਸਮਾਂ ਬਦਲਣ ਨਾਲ ਤਿਉਹਾਰਾਂ ਦੇ ਰੰਗ ਵੀ ਬਦਲ ਰਹੇ ਹਨ। ਕਦੇ ਤਿਉਹਾਰਾਂ ਦੀ ਖ਼ਰੀਦਦਾਰੀ ਲਈ ਬਾਜ਼ਾਰਾਂ ’ਚ ਰੌਣਕ ਲੱਗਦੀ ਸੀ, ਹੁਣ ਮੋਬਾਈਲ ਦੀ ਸਕਰੀਨ ’ਤੇ ਉਂਗਲ ਫੇਰਦਿਆਂ ਹੀ ਸਾਮਾਨ ਘਰ ਆ ਜਾਂਦਾ ਹੈ। ਕਦੇ ਵਧਾਈ ਦੇਣ ਲਈ ਘਰ-ਘਰ ਜਾਣਾ ਪੈਂਦਾ ਸੀ, ਹੁਣ ਇੱਕੋ ਮੈਸੇਜ ਕਈ ਰਿਸ਼ਤਿਆਂ ਤੱਕ ਪਹੁੰਚ ਜਾਂਦਾ ਹੈ ਪਰ ਸਵਾਲ ਇਹ ਹੈ ਕਿ ਇਸ ਬਦਲਾਅ ’ਚ ਤਿਉਹਾਰਾਂ ਦੀ ਅਸਲ ਰੂਹ ਕਿੰਨੀ ਕੁ ਬਚੀ ਹੈ?
ਆਨਲਾਈਨ ਸ਼ਾਪਿੰਗ ਬਨਾਮ ਸਥਾਨਕ ਦੁਕਾਨਦਾਰ
ਤਿਉਹਾਰ ਆਉਂਦਿਆਂ ਹੀ ਬਾਜ਼ਾਰ ਸਜ ਜਾਂਦੇ ਹਨ। ਕੱਪੜੇ, ਮਠਿਆਈਆਂ, ਤੋਹਫ਼ੇ, ਸਜਾਵਟੀ ਸਾਮਾਨ ਤੇ ਘਰੇਲੂ ਵਸਤਾਂ ਦੀ ਖ਼ਰੀਦਦਾਰੀ ਸ਼ੁਰੂ ਹੋ ਜਾਂਦੀ ਹੈ ਪਰ ਹੁਣ ਬਾਜ਼ਾਰ ਮੋਬਾਈਲ ਦੀ ਸਕਰੀਨ ’ਚ ਵੀ ਵੱਸਦਾ ਹੈ। ਮੋਬਾਈਲ ਨੇ ਖ਼ਰੀਦਦਾਰੀ ਦੇ ਇਸ ਪੂਰੇ ਤਜਰਬੇ ਨੂੰ ਬਦਲ ਦਿੱਤਾ ਹੈ। ਹੁਣ ਗਾਹਕ ਘਰ ਬੈਠਿਆਂ ਵੱਖ-ਵੱਖ ਦੁਕਾਨਾਂ ਦੀਆਂ ਕੀਮਤਾਂ ਦੀ ਤੁਲਨਾ ਕਰ ਸਕਦੇ ਹਨ ਅਤੇ ਕੁਝ ਹੀ ਪਲਾਂ ’ਚ ਹੀ ਆਪਣੀ ਪਸੰਦ ਦਾ ਸਾਮਾਨ ਮੰਗਵਾ ਸਕਦੇ ਹਨ। ਆਨਲਾਈਨ ਖ਼ਰੀਦਦਾਰੀ ਨੇ ਲੋਕਾਂ ਦੀਆਂ ਆਦਤਾਂ ਬਦਲ ਦਿੱਤੀਆਂ ਹਨ। ਘਰ ਬੈਠੇ ਚੀਜ਼ ਦੇਖੋ, ਕੀਮਤਾਂ ਮਿਲਾਓ, ਛੋਟ ਲੱਭੋ ਅਤੇ ਆਰਡਰ ਕਰ ਦਿਓ। ਇਸ ਲਈ ਨਾ ਬਾਜ਼ਾਰ ਜਾਣ ਦੀ ਲੋੜ ਤੇ ਨਾ ਹੀ ਭੀੜ ’ਚ ਫਸਣ ਦੀ ਚਿੰਤਾ। ਸਮੇਂ ਦੀ ਘਾਟ ਵਾਲੇ ਲੋਕਾਂ ਲਈ ਇਹ ਸਹੂਲਤ ਵੱਡੀ ਹੈ ਪਰ ਇਸ ਚਮਕਦਾਰ ਸਹੂਲਤ ਪਿੱਛੇ ਇਕ ਹੋਰ ਬਾਜ਼ਾਰ ਵੀ ਹੈ, ਜੋ ਸਾਡੇ ਆਪਣੇ ਸ਼ਹਿਰ ਤੇ ਕਸਬੇ ’ਚ ਸਾਹ ਲੈ ਰਿਹਾ ਹੈ। ਉਹ ਹੈ ਸਥਾਨਕ ਦੁਕਾਨਦਾਰ ਦਾ ਬਾਜ਼ਾਰ। ਉਸ ਦੀ ਦੁਕਾਨ ਦੀ ਵਿਕਰੀ ਨਾਲ ਸਿਰਫ਼ ਉਸ ਦਾ ਘਰ ਨਹੀਂ ਚੱਲਦਾ ਸਗੋਂ ਉਸ ਨਾਲ ਜੁੜੇ ਕਈ ਹੋਰ ਲੋਕਾਂ ਦੀ ਰੋਜ਼ੀ ਵੀ ਚੱਲਦੀ ਹੈ। ਕੱਪੜਿਆਂ ਵਾਲਾ, ਹਲਵਾਈ, ਫੁੱਲਾਂ ਵਾਲਾ, ਸਜਾਵਟੀ ਸਾਮਾਨ ਵੇਚਣ ਵਾਲਾ, ਮਿੱਟੀ ਦੇ ਦੀਵੇ ਬਣਾਉਣ ਵਾਲਾ ਜਾਂ ਕੋਈ ਛੋਟਾ ਕਾਰੀਗਰ ਆਦਿ ਇਹ ਸਾਰੇ ਸਥਾਨਕ ਅਰਥਚਾਰੇ ਦੀਆਂ ਕੜੀਆਂ ਹਨ। ਸਥਾਨਕ ਬਾਜ਼ਾਰ ਦੀ ਆਪਣੀ ਗਰਮਾਹਟ ਵੀ ਹੁੰਦੀ ਹੈ। ਦੁਕਾਨਦਾਰ ਆਪਣੇ ਗਾਹਕ ਨੂੰ ਸਿਰਫ਼ ਗਾਹਕ ਨਹੀਂ ਸਮਝਦਾ। ਕਈ ਵਾਰ ਸਾਲਾਂ ਤੋਂ ਬਣਿਆ ਰਿਸ਼ਤਾ ਖ਼ਰੀਦਦਾਰੀ ਤੋਂ ਵੱਧ ਕੀਮਤੀ ਹੁੰਦਾ ਹੈ। ਤਿਉਹਾਰਾਂ ਦੀ ਰੌਣਕ ਇਸੇ ਮਨੁੱਖੀ ਮਿਲਾਪ ਨਾਲ ਵੀ ਬਣਦੀ ਹੈ।
ਆਨਲਾਈਨ ਖ਼ਰੀਦਦਾਰੀ ਮਾੜੀ ਨਹੀਂ। ਇਹ ਸਮੇਂ ਦੀ ਲੋੜ ਹੈ ਤੇ ਇਸ ਨੇ ਖ਼ਰੀਦਦਾਰੀ ਨੂੰ ਆਸਾਨ ਬਣਾਇਆ ਹੈ ਪਰ ਹਰ ਚੀਜ਼ ਆਨਲਾਈਨ ਖ਼ਰੀਦਣ ਦੀ ਆਦਤ ਸਾਡੇ ਸਥਾਨਕ ਬਾਜ਼ਾਰ ਨੂੰ ਕਮਜ਼ੋਰ ਕਰ ਸਕਦੀ ਹੈ। ਖ਼ਾਸ ਕਰਕੇ ਰਵਾਇਤੀ ਕਾਰੀਗਰੀ ਨਾਲ ਜੁੜੀਆਂ ਚੀਜ਼ਾਂ ਦੀ ਖ਼ਰੀਦਦਾਰੀ ਕਰਦਿਆਂ ਸਥਾਨਕ ਕਾਰੀਗਰ ਨੂੰ ਤਰਜੀਹ ਦੇਣਾ ਸਾਡੀ ਵਿਰਾਸਤ ਨੂੰ ਵੀ ਸਹਾਰਾ ਦੇਣਾ ਹੈ। ਤਿਉਹਾਰਾਂ ਦੀ ਖ਼ਰੀਦਦਾਰੀ ’ਚ ਇਕ ਹੋਰ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਤਿਉਹਾਰ ਦਿਖਾਵੇ ਦਾ ਮੌਕਾ ਨਹੀਂ। ਹਰ ਸਾਲ ਨਵੇਂ ਕੱਪੜੇ, ਨਵੀਂ ਸਜਾਵਟ ਤੇ ਬੇਲੋੜੀਆਂ ਚੀਜ਼ਾਂ ਖ਼ਰੀਦਣਾ ਹੀ ਖ਼ੁਸ਼ੀ ਨਹੀਂ। ਲੋੜ ਅਨੁਸਾਰ ਖ਼ਰੀਦਦਾਰੀ, ਚੰਗੀ ਗੁਣਵੱਤਾ ਤੇ ਸਥਾਨਕ ਮਿਹਨਤ ਦੀ ਕਦਰ ਤਿਉਹਾਰ ਨੂੰ ਹੋਰ ਅਰਥਪੂਰਨ ਬਣਾ ਸਕਦੀ ਹੈ।
ਡਿਜੀਟਲ ਦੁਨੀਆ ’ਚ ਆਪਸੀ ਸਾਂਝ
ਇਕ ਸਮਾਂ ਸੀ, ਜਦੋਂ ਤਿਉਹਾਰਾਂ ’ਤੇ ਘਰਾਂ ਵਿਚ ਰੌਣਕ, ਰਿਸ਼ਤੇਦਾਰਾਂ ਦੀ ਆਮਦ ਤੇ ਗੁਆਂਢੀਆਂ ਨਾਲ ਮਿਲਾਪ ਹੁੰਦਾ ਸੀ। ਹੁਣ ਪਰਿਵਾਰਾਂ ਦੇ ਮੈਂਬਰ ਰੁਜ਼ਗਾਰ ਤੇ ਪੜ੍ਹਾਈ ਕਾਰਨ ਵੱਖ-ਵੱਖ ਸ਼ਹਿਰਾਂ ਤੇ ਦੇਸ਼ਾਂ ’ਚ ਰਹਿੰਦੇ ਹਨ। ਅਜਿਹੇ ’ਚ ਮੋਬਾਈਲ ਤੇ ਇੰਟਰਨੈੱਟ ਨੇ ਦੂਰੀ ਘਟਾਉਣ ਦਾ ਕੰਮ ਕੀਤਾ ਹੈ। ਵੀਡੀਓ ਕਾਲ ਰਾਹੀਂ ਦੂਰ ਬੈਠੇ ਮਾਪੇ ਬੱਚਿਆਂ ਨੂੰ ਤਿਉਹਾਰ ਦੀ ਖ਼ੁਸ਼ੀ ’ਚ ਦੇਖ ਸਕਦੇ ਹਨ। ਰਿਸ਼ਤੇਦਾਰ ਇਕ-ਦੂਜੇ ਨੂੰ ਦੇਖ ਕੇ ਵਧਾਈ ਦੇ ਸਕਦੇ ਹਨ। ਧਾਰਮਿਕ ਸਮਾਗਮਾਂ, ਕੀਰਤਨ ਤੇ ਪਾਠ ਨਾਲ ਵੀ ਡਿਜੀਟਲ ਮਾਧਿਅਮਾਂ ਰਾਹੀਂ ਜੁੜਿਆ ਜਾ ਸਕਦਾ ਹੈ। ਇਹ ਤਕਨਾਲੋਜੀ ਦਾ ਚੰਗਾ ਪੱਖ ਹੈ ਪਰ ਸਕਰੀਨ ਦੀ ਸਾਂਝ ਅਸਲ ਸਾਂਝ ਦਾ ਪੂਰਾ ਬਦਲ ਨਹੀਂ ਬਣ ਸਕਦੀ। ਇਕ ਮੈਸੇਜ ਭੇਜਣਾ ਤੇ ਕਿਸੇ ਕੋਲ ਬੈਠ ਕੇ ਉਸ ਦੀ ਗੱਲ ਸੁਣਨਾ ਦੋ ਵੱਖਰੀਆਂ ਗੱਲਾਂ ਹਨ। ਤਿਉਹਾਰਾਂ ਦੀ ਖ਼ੁਸ਼ੀ ਉਦੋਂ ਹੀ ਪੂਰੀ ਹੁੰਦੀ ਹੈ, ਜਦੋਂ ਘਰ ਦੇ ਮੈਂਬਰ ਕੁਝ ਸਮਾਂ ਇਕੱਠੇ ਬੈਠਣ, ਬੱਚੇ ਵੱਡਿਆਂ ਨਾਲ ਗੱਲਬਾਤ ਕਰਨ ਤੇ ਪਰਿਵਾਰ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰੇ।
ਸੋਸ਼ਲ ਮੀਡੀਆ ਨੇ ਤਿਉਹਾਰਾਂ ਨੂੰ ਦਿਖਾਵੇ ਦਾ ਮੰਚ ਬਣਾ ਦਿੱਤਾ ਹੈ। ਤਿਉਹਾਰਾਂ ਦਾ ਮਕਸਦ ਖ਼ੁਸ਼ੀਆਂ ਸਾਂਝੀਆਂ ਕਰਨਾ ਤੇ ਜੀਵਨ ’ਚ ਸਕਾਰਾਤਮਕਤਾ ਲਿਆਉਣਾ ਹੈ ਪਰ ਬਦਲਦੇ ਸਮਾਜਿਕ ਮਾਹੌਲ ’ਚ ਕਈ ਵਾਰ ਤਿਉਹਾਰਾਂ ਦੀ ਖ਼ੁਸ਼ੀ ਦਿਖਾਵੇ ਦੀ ਦੌੜ ਵਿਚ ਬਦਲਦੀ ਨਜ਼ਰ ਆਉਂਦੀ ਹੈ। ਨਵੇਂ ਕੱਪੜੇ, ਮਹਿੰਗੀ ਸਜਾਵਟ, ਵੱਡੇ ਤੋਹਫ਼ੇ ਤੇ ਤਿਉਹਾਰ ਦੀਆਂ ਤਸਵੀਰਾਂ ਆਦਿ ਹਰ ਚੀਜ਼ ਦੂਜਿਆਂ ਨੂੰ ਦਿਖਾਉਣ ਦੀ ਦੌੜ ਵਿਚ ਸ਼ਾਮਿਲ ਹੋ ਜਾਂਦੀ ਹੈ। ਇਸ ਦੌੜ ’ਚ ਕਈ ਵਾਰ ਤਿਉਹਾਰ ਦੀ ਸਾਦੀ ਖ਼ੁਸ਼ੀ ਪਿੱਛੇ ਰਹਿ ਜਾਂਦੀ ਹੈ। ਤਕਨਾਲੋਜੀ ਦੀ ਵਰਤੋਂ ਜ਼ਰੂਰ ਹੋਵੇ ਪਰ ਇਹ ਰਿਸ਼ਤਿਆਂ ਦੀ ਥਾਂ ਨਾ ਲਵੇ। ਦੂਰ ਬੈਠਿਆਂ ਨੂੰ ਜੋੜਨ ਲਈ ਮੋਬਾਈਲ ਵਰਤੀਏ ਪਰ ਕੋਲ ਬੈਠੇ ਆਪਣੇ ਲੋਕਾਂ ਤੋਂ ਦੂਰ ਹੋਣ ਲਈ ਨਹੀਂ।
ਤਿਉਹਾਰਾਂ ਦਾ ਅਸਲੀ ਮਨੋਰਥ
ਤਿਉਹਾਰਾਂ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਇਨ੍ਹਾਂ ’ਚ ਆਪਣੀ ਖ਼ੁਸ਼ੀ ਦੂਜਿਆਂ ਨਾਲ ਵੰਡਣ ਦੀ ਭਾਵਨਾ ਜੁੜੀ ਹੋਈ ਹੈ। ਘਰ ਵਿਚ ਪਕਵਾਨ ਬਣਾਉਣ ਤੋਂ ਲੈ ਕੇ ਲੋੜਵੰਦ ਦੀ ਮਦਦ ਕਰਨ ਤੱਕ ਸਾਡੀ ਪਰੰਪਰਾ ਤਿਉਹਾਰ ਨੂੰ ਸਾਂਝ ਨਾਲ ਜੋੜਦੀ ਹੈ। ਅੱਜ ਤਿਉਹਾਰਾਂ ’ਤੇ ਹਜ਼ਾਰਾਂ ਰੁਪਏ ਸਜਾਵਟ ਤੇ ਤੋਹਫ਼ਿਆਂ ’ਤੇ ਖ਼ਰਚ ਹੋ ਜਾਂਦੇ ਹਨ। ਇਸ ਵਿੱਚੋਂ ਕੁਝ ਹਿੱਸਾ ਕਿਸੇ ਲੋੜਵੰਦ ਪਰਿਵਾਰ ਲਈ ਰੱਖਿਆ ਜਾ ਸਕਦਾ ਹੈ। ਕਿਸੇ ਬਜ਼ੁਰਗ ਦੀ ਖ਼ਬਰ ਲੈਣਾ, ਇਕੱਲੇ ਰਹਿੰਦੇ ਵਿਅਕਤੀ ਕੋਲ ਕੁਝ ਸਮਾਂ ਬੈਠਣਾ, ਕਿਸੇ ਬੱਚੇ ਦੀ ਪੜ੍ਹਾਈ ’ਚ ਮਦਦ ਕਰਨਾ ਜਾਂ ਕਿਸੇ ਮਰੀਜ਼ ਦੀ ਸਹਾਇਤਾ ਕਰਨਾ ਵੀ ਸੇਵਾ ਹੈ। ਵੰਡ ਛਕਣਾ ਸਿਰਫ਼ ਰੋਟੀ ਵੰਡਣਾ ਨਹੀਂ। ਆਪਣਾ ਸਮਾਂ, ਮਿਹਨਤ, ਗਿਆਨ ਤੇ ਸਮਰੱਥਾ ਦੂਜਿਆਂ ਦੇ ਕੰਮ ਆਉਣਾ ਵੀ ਵੰਡ ਛਕਣਾ ਹੈ। ਸਮਾਜ ਦੀ ਅਸਲ ਖ਼ੁਸ਼ਹਾਲੀ ਦਾ ਪਤਾ ਇਸ ਗੱਲ ਤੋਂ ਨਹੀਂ ਲੱਗਦਾ ਕਿ ਕਿੰਨੇ ਘਰਾਂ ’ਚ ਮਹਿੰਗੀਆਂ ਲਾਈਟਾਂ ਲੱਗੀਆਂ ਹਨ ਸਗੋਂ ਇਸ ਤੋਂ ਲੱਗਦਾ ਹੈ ਕਿ ਕਿੰਨੇ ਲੋਕ ਇਕ-ਦੂਜੇ ਦੀ ਮੁਸ਼ਕਲ ਵੇਲੇ ਮਦਦ ਲਈ ਅੱਗੇ ਆਉਂਦੇ ਹਨ। ਜੇ ਤਿਉਹਾਰਾਂ ਮੌਕੇ ਮਨੁੱਖ ਅੰਦਰ ਦਇਆ, ਸੇਵਾ ਤੇ ਸਾਂਝ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ ਤਾਂ ਇਹ ਤਿਉਹਾਰਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਸੋ ਤਿਉਹਾਰਾਂ ਦੀ ਖ਼ੁਸ਼ੀ ਜਿੰਨੀ ਵੰਡੀ ਜਾਂਦੀ ਹੈ, ਓਨੀ ਹੀ ਵਧਦੀ ਹੈ।
ਔਰਤਾਂ ’ਤੇ ਵਧਦਾ ਕੰਮ ਦਾ ਬੋਝ
ਤਿਉਹਾਰਾਂ ਦੀ ਤਿਆਰੀ ਦਾ ਵੱਡਾ ਬੋਝ ਅਕਸਰ ਘਰਾਂ ਦੀਆਂ ਔਰਤਾਂ ’ਤੇ ਪੈ ਜਾਂਦਾ ਹੈ। ਸਫ਼ਾਈ, ਸਜਾਵਟ, ਖ਼ਰੀਦਦਾਰੀ, ਪਕਵਾਨ ਅਤੇ ਮਹਿਮਾਨਾਂ ਦੀ ਸੇਵਾ ਹਰ ਕੰਮ ਉਨ੍ਹਾਂ ਦੀ ਜ਼ਿੰਮੇਵਾਰੀ ਸਮਝ ਲਿਆ ਜਾਂਦਾ ਹੈ। ਜੇ ਤਿਉਹਾਰ ਪਰਿਵਾਰ ਦੀ ਖ਼ੁਸ਼ੀ ਹੈ ਤਾਂ ਇਸ ਦੀ ਮਿਹਨਤ ਵੀ ਸਾਰੇ ਪਰਿਵਾਰ ਦੀ ਹੋਣੀ ਚਾਹੀਦੀ ਹੈ। ਕੰਮ ਵੰਡਣ ਨਾਲ ਔਰਤਾਂ ਦਾ ਬੋਝ ਘਟੇਗਾ ਤੇ ਤਿਉਹਾਰ ਸੱਚਮੁੱਚ ਸਾਂਝੀ ਖ਼ੁਸ਼ੀ ਬਣੇਗਾ।
ਸੁਆਦ ਤੇ ਸਿਹਤ ਦਾ ਸੁਮੇਲ
ਤਿਉਹਾਰਾਂ ਦੇ ਪਕਵਾਨ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਇਨ੍ਹਾਂ ਦਿਨਾਂ ਦੌਰਾਨ ਸੁਆਦ ਦੇ ਨਾਲ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਬਹੁਤ ਜ਼ਿਆਦਾ ਮਿੱਠੇ ਤੇ ਤਲੇ ਹੋਏ ਪਦਾਰਥਾਂ ਦੀ ਥਾਂ ਘਰ ਵਿਚ ਤਿਆਰ ਕੀਤੇ ਤਾਜ਼ੇ ਪਕਵਾਨ, ਫਲ ਤੇ ਸੁੱਕੇ ਮੇਵੇ ਖ਼ੁਰਾਕ ਦਾ ਹਿੱਸਾ ਬਣਾਏ ਜਾ ਸਕਦੇ ਹਨ। ਤਿਉਹਾਰ ਕੁਝ ਦਿਨਾਂ ਦੀ ਖ਼ੁਸ਼ੀ ਹਨ ਪਰ ਸਿਹਤ ਲੰਮੇ ਸਮੇਂ ਦੀ ਪੂੰਜੀ ਹੈ। ਇਸ ਸੀਜ਼ਨ ’ਚ ਮਠਿਆਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧ ਜਾਂਦੀ ਹੈ। ਇਸੇ ਦੌਰਾਨ ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਖ਼ਰੀਦਦਾਰੀ ਕਰਦਿਆਂ ਭਰੋਸੇਯੋਗ ਦੁਕਾਨਦਾਰ ਤੋਂ ਸਾਮਾਨ ਲੈਣਾ, ਪੈਕ ਕੀਤੀਆਂ ਵਸਤਾਂ ਦੀ ਮਿਆਦ ਦੇਖਣਾ ਤੇ ਸ਼ੱਕੀ ਰੰਗ, ਗੰਧ ਜਾਂ ਬਣਾਵਟ ਵਾਲੀਆਂ ਚੀਜ਼ਾਂ ਤੋਂ ਬਚਣਾ ਜ਼ਰੂਰੀ ਹੈ। ਤਿਉਹਾਰ ਦੀ ਖ਼ੁਸ਼ੀ ਸਿਹਤ ਖ਼ਰਾਬ ਕਰ ਕੇ ਮਹਿੰਗੀ ਨਹੀਂ ਪੈਣੀ ਚਾਹੀਦੀ।
ਪਰਿਵਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਤਿਉਹਾਰ
ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਹਰ ਕੋਈ ਆਪਣੇ ਕੰਮ, ਪੜ੍ਹਾਈ ਤੇ ਹੋਰ ਜ਼ਿੰਮੇਵਾਰੀਆਂ ਵਿਚ ਰੁੱਝਿਆ ਹੋਇਆ ਹੈ। ਕਈ ਵਾਰ ਪਰਿਵਾਰਕ ਮੈਂਬਰ ਇੱਕੋ ਘਰ ’ਚ ਰਹਿੰਦੇ ਹੋਏ ਵੀ ਇਕੱਠੇ ਬੈਠਣ ਤੇ ਗੱਲਬਾਤ ਕਰਨ ਲਈ ਸਮਾਂ ਨਹੀਂ ਕੱਢ ਪਾਉਂਦੇ। ਅਜਿਹੇ ’ਚ ਤਿਉਹਾਰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੰਦੇ ਹਨ। ਤਿਉਹਾਰ ਸਾਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਖ਼ੁਸ਼ੀਆਂ ਸਿਰਫ਼ ਪੈਸੇ ਨਾਲ ਨਹੀਂ ਖ਼ਰੀਦੀਆਂ ਜਾ ਸਕਦੀਆਂ। ਆਪਣੇ ਮਾਪਿਆਂ ਨਾਲ ਬਿਤਾਏ ਕੁਝ ਪਲ, ਬੱਚਿਆਂ ਦੀਆਂ ਮਾਸੂਮ ਮੁਸਕਰਾਹਟਾਂ ਤੇ ਪਰਿਵਾਰ ਨਾਲ ਮਿਲ ਕੇ ਖਾਧਾ ਭੋਜਨ ਜ਼ਿੰਦਗੀ ਦੀਆਂ ਅਨਮੋਲ ਦੌਲਤਾਂ ਹਨ। ਇਸ ਲਈ ਤਿਉਹਾਰਾਂ ਨੂੰ ਸਿਰਫ਼ ਖ਼ਰੀਦਦਾਰੀ ਤੇ ਦਿਖਾਵੇ ਤੱਕ ਸੀਮਤ ਕਰਨ ਦੀ ਬਜਾਏ ਇਨ੍ਹਾਂ ਨੂੰ ਪਰਿਵਾਰਕ ਸਾਂਝ ਵਧਾਉਣ ਦਾ ਮਾਧਿਅਮ ਬਣਾਉਣਾ ਚਾਹੀਦਾ ਹੈ।
ਇਕੱਲਤਾ ਦੇ ਦੌਰ ’ਚ ਅਪਣੱਤ ਦੀ ਲੋੜ
ਤਿਉਹਾਰਾਂ ਵਿਚ ਬਜ਼ੁਰਗਾਂ ਦੀ ਇਕੱਲਤਾ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ। ਬੱਚੇ ਦੂਰ ਵੱਸਦੇ ਹੋਣ ਜਾਂ ਫਿਰ ਪਰਿਵਾਰ ਆਪਣੇ ਕੰਮਾਂ ਵਿਚ ਰੁੱਝਿਆ ਹੋਵੇ ਤਾਂ ਤਿਉਹਾਰ ਉਨ੍ਹਾਂ ਲਈ ਉਡੀਕ ਬਣ ਸਕਦਾ ਹੈ। ਉਨ੍ਹਾਂ ਨਾਲ ਬੈਠਣਾ, ਉਨ੍ਹਾਂ ਦੀਆਂ ਗੱਲਾਂ ਸੁਣਨਾ ਤੇ ਉਨ੍ਹਾਂ ਨੂੰ ਪਰਿਵਾਰਕ ਖ਼ੁਸ਼ੀ ਵਿਚ ਸ਼ਾਮਲ ਕਰਨਾ ਸਭ ਤੋਂ ਵੱਡਾ ਤੋਹਫ਼ਾ ਹੋ ਸਕਦਾ ਹੈ। ਕਈ ਵਾਰ ਕੁਝ ਘੰਟਿਆਂ ਦੀ ਸੰਗਤ ਮਹਿੰਗੇ ਤੋਹਫ਼ੇ ਨਾਲੋਂ ਵੱਧ ਕੀਮਤੀ ਹੁੰਦੀ ਹੈ। ਤਿਉਹਾਰਾਂ ਦੀ ਅਸਲ ਸਫਲਤਾ ਉਸ ਦਿਨ ਹੋਵੇਗੀ, ਜਦੋਂ ਬਾਜ਼ਾਰਾਂ ਦੀ ਚਮਕ ਦੇ ਨਾਲ ਮਨੁੱਖੀ ਰਿਸ਼ਤਿਆਂ ’ਚ ਵੀ ਨਿੱਘ ਹੋਵੇਗਾ, ਘਰਾਂ ਦੀ ਰੌਸ਼ਨੀ ਦੇ ਨਾਲ ਦਿਲਾਂ ’ਚ ਵੀ ਚਾਨਣ ਹੋਵੇਗਾ ਤੇ ਸਾਡੀਆਂ ਨਿੱਜੀ ਖ਼ੁਸ਼ੀਆਂ ਸਮਾਜ ਦੀ ਸਾਂਝੀ ਖ਼ੁਸ਼ੀ ਦਾ ਹਿੱਸਾ ਬਣਨਗੀਆਂ ਕਿਉਂਕਿ ਤਿਉਹਾਰਾਂ ਦੀ ਅਸਲ ਰੌਣਕ ਸਜਾਵਟਾਂ ’ਚ ਨਹੀਂ ਸਗੋਂ ਉਸ ਅਪਣੱਤ ਵਿਚ ਹੈ, ਜੋ ਇਕ ਮਨੁੱਖ ਨੂੰ ਦੂਜੇ ਮਨੁੱਖ ਦੇ ਨੇੜੇ ਲਿਆਉਂਦੀ ਹੈ।
ਜਾਨਵਰਾਂ ਦੀ ਸੁਰੱਖਿਆ
ਤਿਉਹਾਰਾਂ ਦੌਰਾਨ ਪਟਾਕਿਆਂ ਦੀ ਤੇਜ਼ ਆਵਾਜ਼ ਪਾਲਤੂ ਤੇ ਬੇਸਹਾਰਾ ਜਾਨਵਰਾਂ ਨੂੰ ਡਰਾ ਦਿੰਦੀ ਹੈ। ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਥਾਂ ਰੱਖਣਾ ਤੇ ਸੜਕਾਂ ’ਤੇ ਘੁੰਮਦੇ ਜਾਨਵਰਾਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਸਾਡੀ ਜ਼ਿੰਮੇਵਾਰੀ ਹੈ। ਜੇ ਸਾਡੇ ਆਲੇ-ਦੁਆਲੇ ਕੋਈ ਬੇਸਹਾਰਾ ਕੁੱਤਾ, ਬਿੱਲੀ ਜਾਂ ਹੋਰ ਜਾਨਵਰ ਡਰਿਆ ਹੋਇਆ ਦਿਖਾਈ ਦੇਵੇ ਤਾਂ ਉਸ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਈਏ। ਤਿਉਹਾਰਾਂ ਨੂੰ ਪਿਆਰ, ਦਇਆ ਤੇ ਸਾਂਝੀਵਾਲਤਾ ਨਾਲ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਡੀ ਖ਼ੁਸ਼ੀ ਕਿਸੇ ਬੇਜ਼ੁਬਾਨ ਦੇ ਡਰ ਜਾਂ ਦਰਦ ਦਾ ਕਾਰਨ ਨਹੀਂ ਬਣਨੀ ਚਾਹੀਦੀ।
ਵਾਤਾਵਰਣ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ
ਤਿਉਹਾਰਾਂ ਦੀ ਸਜਾਵਟ ਕੁਦਰਤ ਦੀ ਕੀਮਤ ’ਤੇ ਨਹੀਂ ਹੋਣੀ ਚਾਹੀਦੀ। ਪਲਾਸਟਿਕ ਦੀ ਵਰਤੋਂ ਘਟਾਉਣੀ, ਕੂੜਾ ਇਧਰ-ਉਧਰ ਨਾ ਸੁੱਟਣਾ ਅਤੇ ਪ੍ਰਦੂਸ਼ਣ ਘਟਾਉਣ ਵਾਲੇ ਢੰਗ ਅਪਣਾਉਣੇ ਚਾਹੀਦੇ ਹਨ। ਵਾਤਾਵਰਣ ਦੀ ਸੰਭਾਲ ਲਈ ਅਸੀਂ ਛੋਟੇ-ਛੋਟੇ ਪਰ ਮਹੱਤਵਪੂਰਨ ਕਦਮ ਚੁੱਕ ਸਕਦੇ ਹਾਂ। ਸਜਾਵਟ ਲਈ ਪਲਾਸਟਿਕ ਦੀ ਥਾਂ ਫੁੱਲਾਂ, ਪੱਤਿਆਂ ਤੇ ਮੁੜ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੂੜਾ ਸੜਕਾਂ, ਗਲੀਆਂ ਤੇ ਜਨਤਕ ਥਾਵਾਂ ’ਤੇ ਸੁੱਟਣ ਦੀ ਬਜਾਏ ਕੂੜੇਦਾਨ ’ਚ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਣੀ ਅਤੇ ਬਿਜਲੀ ਦੀ ਬੇਲੋੜੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਬੱਚਿਆਂ ਨੂੰ ਵੀ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਜੇ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਤਿਉਹਾਰਾਂ ਨੂੰ ਸਾਫ਼-ਸੁਥਰੇ ਤੇ ਵਾਤਾਵਰਣ-ਪੱਖੀ ਢੰਗ ਨਾਲ ਮਨਾਇਆ ਜਾ ਸਕਦਾ ਹੈ। ਕੁਦਰਤ ਨੂੰ ਨੁਕਸਾਨ ਪਹੁੰਚਾ ਕੇ ਮਨਾਇਆ ਤਿਉਹਾਰ ਅਸਲ ਖ਼ੁਸ਼ੀ ਨਹੀਂ ਦੇ ਸਕਦਾ।
ਤਿਉਹਾਰਾਂ ਦੇ ਰੰਗ ਭਾਵੇਂ ਸਮੇਂ ਨਾਲ ਬਦਲ ਰਹੇ ਹਨ ਪਰ ਇਨ੍ਹਾਂ ਦੀ ਅਸਲ ਰੂਹ ਨਹੀਂ ਬਦਲਣੀ ਚਾਹੀਦੀ। ਆਨਲਾਈਨ ਬਾਜ਼ਾਰ ਆਉਣ, ਮੋਬਾਈਲ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ, ਖ਼ਰੀਦਦਾਰੀ ਦੇ ਢੰਗ ਬਦਲਣ ਪਰ ਸਾਂਝ, ਸੇਵਾ, ਸਤਿਕਾਰ ਤੇ ਅਪਣੱਤ ਦੀ ਥਾਂ ਕੋਈ ਤਕਨਾਲੋਜੀ ਨਹੀਂ ਲੈ ਸਕਦੀ। ਤਿਉਹਾਰ ਦੀ ਅਸਲ ਰੌਸ਼ਨੀ ਘਰ ਦੀ ਸਜਾਵਟ ’ਚ ਨਹੀਂ ਸਗੋਂ ਉਸ ਅਪਣੱਤ ਵਿਚ ਹੈ, ਜੋ ਸਾਡੇ ਦਿਲ ਤੋਂ ਨਿਕਲ ਕੇ ਦੂਜੇ ਤੱਕ ਪਹੁੰਚਦੀ ਹੈ।
- ਹਰਜਿੰਦਰ ਸੋਢੀ