- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੋਕੇ ਦੌਰ ਦੀ ਤ੍ਰਾਸਦੀ ਇਹ ਹੈ ਕਿ ਅਸੀਂ ਸਹਿਜਤਾ ਨਾਲ ਜਿਊਣਾ ਭੁੱਲ ਚੁੱਕੇ ਹਾਂ ਤੇ ਹਰ ਘੜੀ ਅਣਦੱਸੀ, ਬੇਮੁਹਾਰੀ ਦੌੜ ਦਾ ਸ਼ਿਕਾਰ ਹਾਂ। ਹਰ ਸ਼ਖ਼ਸ ਦੀ ਇਹ ਜ਼ਿੱਦ ਬਣ ਗਈ ਹੈ ਕਿ ਉਹ ਭੀੜ ਵਿੱਚੋਂ ਵੱਖਰਾ ਦਿਖੇ, ਲੋਕ ਉਸ ਵੱਲ ਉਂਗਲ ਕਰ ਕੇ ਵੇਖਣ ਤੇ ਉਸ ਨੂੰ ਕੋਈ ਗ਼ੈਰ-ਮਾਮੂਲੀ ਹਸਤੀ ਸਮਝਿਆ ਜਾਵੇ।

ਅਜੋਕੇ ਦੌਰ ਦੀ ਤ੍ਰਾਸਦੀ ਇਹ ਹੈ ਕਿ ਅਸੀਂ ਸਹਿਜਤਾ ਨਾਲ ਜਿਊਣਾ ਭੁੱਲ ਚੁੱਕੇ ਹਾਂ ਤੇ ਹਰ ਘੜੀ ਅਣਦੱਸੀ, ਬੇਮੁਹਾਰੀ ਦੌੜ ਦਾ ਸ਼ਿਕਾਰ ਹਾਂ। ਹਰ ਸ਼ਖ਼ਸ ਦੀ ਇਹ ਜ਼ਿੱਦ ਬਣ ਗਈ ਹੈ ਕਿ ਉਹ ਭੀੜ ਵਿੱਚੋਂ ਵੱਖਰਾ ਦਿਖੇ, ਲੋਕ ਉਸ ਵੱਲ ਉਂਗਲ ਕਰ ਕੇ ਵੇਖਣ ਤੇ ਉਸ ਨੂੰ ਕੋਈ ਗ਼ੈਰ-ਮਾਮੂਲੀ ਹਸਤੀ ਸਮਝਿਆ ਜਾਵੇ। ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਇਸੇ ਕੋਸ਼ਿਸ਼ ’ਚ ਖ਼ੁਦ ਨੂੰ ਥਕਾਉਂਦੇ ਰਹਿੰਦੇ ਹਾਂ ਕਿ ਆਪਣੀ ਹੋਂਦ ਨੂੰ ਦੂਜਿਆਂ ਅੱਗੇ ਕਿਵੇਂ ਵੱਡਾ, ਕਾਮਯਾਬ ਤੇ ਅਹਿਮ ਸਾਬfਤ ਕਰੀਏ ਪਰ ਜ਼ਿੰਦਗੀ ਦੇ ਤਜਰਬੇ ਤੇ ਅਸਲੀਅਤ ਨੂੰ ਜਦੋਂ ਗਹੁ ਨਾਲ ਵਾਚੀਏ ਤਾਂ ਇਹ ਸੱਚ ਸਾਫ਼ ਨਜ਼ਰ ਆਉਂਦਾ ਹੈ ਕਿ ਸਾਡੇ ਅੱਧੇ ਤੋਂ ਵੱਧ ਦੁੱਖ, ਚਿੰਤਾਵਾਂ ਤੇ ਅੰਦਰੂਨੀ ਬੇਚੈਨੀ ਸਿਰਫ਼ ਇਸੇ ਭੁਲੇਖੇ ਦੀ ਦੇਣ ਹਨ। ਜਿਸ ਪਲ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਇਸ ਵਿਸ਼ਾਲ ਕਾਇਨਾਤ ਦੇ ਸਧਾਰਨ ਤੇ ਆਮ ਜੀਵ ਹਾਂ, ਉਸੇ ਪਲ ਸਾਡੇ ਮਨ ਦੀਆਂ ਅਣਸੁਲਝੀਆਂ ਗੰਢਾਂ ਆਪਣੇ ਆਪ ਖੁੱਲ੍ਹਣ ਲੱਗ ਪੈਂਦੀਆਂ ਹਨ।
ਦੁਨੀਆਦਾਰੀ ਦੀ ਸਭ ਤੋਂ ਕੌੜੀ ਪਰ ਅਸਲ ਹਕੀਕਤ ਇਹ ਹੈ ਕਿ ਇੱਥੇ ਬਹੁਤੇ ਸਬੰਧਾਂ ਦੀ ਬੁਨਿਆਦ ਲੋੜਾਂ, ਮਤਲਬਾਂ ਤੇ ਗ਼ਰਜ਼ਾਂ ਉੱਤੇ ਟਿਕੀ ਹੋਈ ਹੈ। ਉਦਾਹਰਨ ਵਜੋਂ ਜਦੋਂ ਜੇਠ-ਹਾੜ੍ਹ ਦੇ ਮਹੀਨੇ ਅਸਮਾਨ ਵਿੱਚੋਂ ਅੱਗ ਵਰ੍ਹਦੀ ਹੈ ਤਾਂ ਹਰ ਰਾਹੀ ਸੁੱਕੇ ਤੇ ਕੰਡਿਆਲੇ ਰੁੱਖਾਂ ਨੂੰ ਵੀ ਛੱਡ ਕੇ ਕਿਸੇ ਸੰਘਣੀ ਛਾਂ ਵਾਲੇ ਰੁੱਖ ਵੱਲ ਭੱਜਦਾ ਹੈ ਤੇ ਉਸ ਦੀ ਛਾਂ ਦੀ ਸ਼ਲਾਘਾ ਕਰਦਾ ਨਹੀਂ ਥੱਕਦਾ ਪਰ ਜਿਉਂ ਹੀ ਮੌਸਮ ਬਦਲਦਾ ਹੈ ਅਤੇ ਸਿਆਲ ਦੀ ਠੰਢ ’ਚ ਨਿੱਘੀ ਧੁੱਪ ਚੰਗੀ ਲੱਗਣ ਲੱਗਦੀ ਹੈ ਤਾਂ ਉਹੀ ਲੋਕ ਉਸ ਰੁੱਖ ਦੀ ਛਾਂ ਨੂੰ ਭੁੱਲ ਜਾਂਦੇ ਹਨ ਤੇ ਉਸ ਦੇ ਪੱਤਿਆਂ ਨੂੰ ਵੀ ਧੁੱਪ ਵਿਚ ਰੁਕਾਵਟ ਸਮਝਣ ਲੱਗ ਪੈਂਦੇ ਹਨ। ਬਿਲਕੁਲ ਇਹੀ ਕੁਝ ਸਾਡੇ ਸਮਾਜਿਕ ਰਿਸ਼ਤਿਆਂ ’ਚ ਹੁੰਦਾ ਹੈ। ਜਦੋਂ ਤੱਕ ਤੁਹਾਡੇ ਕੋਲ ਕੋਈ ਅਹੁਦਾ ਹੈ, ਸਾਧਨ ਹਨ ਜਾਂ ਤੁਹਾਡੇ ਤੋਂ ਕਿਸੇ ਦਾ ਕੰਮ ਨਿਕਲਦਾ ਹੈ, ਲੋਕ ਤੁਹਾਨੂੰ ਸਿਰ-ਮੱਥੇ ਬਿਠਾਉਂਦੇ ਹਨ ਪਰ ਜਿਉਂ ਹੀ ਉਹ ਲੋੜ ਮੁੱਕ ਜਾਂਦੀ ਹੈ, ਤਿਉਂ ਹੀ ਸਦੀਵੀ ਪਿਆਰ ਦੇ ਦਾਅਵੇ ਪਲਾਂ ਵਿਚ ਹਵਾ ਹੋ ਜਾਂਦੇ ਹਨ। ਇਹ ਸੰਸਾਰ ਦਾ ਕੁਦਰਤੀ ਨਿਯਮ ਹੈ। ਅਸਲ ਦੁੱਖ ਉਦੋਂ ਜਨਮ ਲੈਂਦਾ ਹੈ, ਜਦੋਂ ਅਸੀਂ ਇਹ ਭਰਮ ਪਾਲ ਕੇ ਬੈਠ ਜਾਂਦੇ ਹਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਦਾ ਧੁਰਾ ਹਾਂ। ਜਦੋਂ ਸਮੇਂ ਦੀ ਠੋਕਰ ਨਾਲ ਇਹ ਭੁਲੇਖਾ ਟੁੱਟਦਾ ਹੈ ਤਾਂ ਦਿਲ ਅੰਦਰੋਂ ਤਿੜਕ ਜਾਂਦਾ ਹੈ। ਜੇ ਅਸੀਂ ਪਹਿਲਾਂ ਹੀ ਆਪਣੇ ਮਨ ਨੂੰ ਇਹ ਸਮਝਾ ਲਈਏ ਕਿ ਅਸੀਂ ਵੀ ਬਾਕੀਆਂ ਵਾਂਗ ਹੀ ਹਾਂ ਤਾਂ ਦੂਜਿਆਂ ਦੇ ਬਦਲਦੇ ਰੰਗ ਕਦੇ ਵੀ ਸਾਡੀ ਮਾਨਸਿਕ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੇ।
ਕੁਦਰਤ ਸਾਨੂੰ ਸਾਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਉਂਦੀ ਹੈ। ਜੰਗਲ ਵਿਚ ਇਕ ਨਿੱਕਾ ਜਿਹਾ ਜੰਗਲੀ ਫੁੱਲ ਖਿੜਦਾ ਹੈ, ਉਸ ਨੂੰ ਇਸ ਗੱਲ ਦੀ ਰੱਤੀ ਭਰ ਵੀ ਪਰਵਾਹ ਨਹੀਂ ਹੁੰਦੀ ਕਿ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ ਜਾਂ ਨਹੀਂ, ਕੋਈ ਉਸ ਦੀ ਫੋਟੋ ਖਿੱਚ ਰਿਹਾ ਹੈ ਜਾਂ ਉਸ ਕੋਲੋਂ ਲੰਘ ਰਿਹਾ ਹੈ। ਉਹ ਆਪਣੀ ਪੂਰੀ ਮਸਤੀ ਵਿਚ ਮਹਿਕ ਵੰਡਦਾ ਹੈ ਤੇ ਸ਼ਾਮ ਨੂੰ ਚੁੱਪ-ਚਾਪ ਝੜ ਜਾਂਦਾ ਹੈ। ਦਰਿਆ ਕਦੇ ਇਹ ਦਾਅਵਾ ਨਹੀਂ ਕਰਦਾ ਕਿ ਉਸ ਦਾ ਪਾਣੀ ਕਿੰਨਾ ਮਿੱਠਾ ਹੈ, ਉਹ ਬੱਸ ਆਪਣੀ ਮੌਜ ਵਿਚ ਚੱਲਦਾ ਰਹਿੰਦਾ ਹੈ ਤੇ ਤਿਹਾਇਆਂ ਦੀ ਪਿਆਸ ਬੁਝਾਉਂਦਾ ਹੈ ਪਰ ਇਨਸਾਨ ਥੋੜ੍ਹਾ ਜਿਹਾ ਕੁਝ ਹਾਸਲ ਕਰ ਕੇ ਹੀ ਆਪਣੇ ਆਪ ਨੂੰ ਅਜਿੱਤ ਤੇ ਖ਼ਾਸ ਸਮਝਣ ਲੱਗ ਪੈਂਦਾ ਹੈ। ਜਦੋਂ ਸਾਡੀ ਸੋਚ ਸਾਫ਼ ਤੇ ਸਰਲ ਹੁੰਦੀ ਹੈ ਤਾਂ ਮਨ ਵਿੱਚੋਂ ਮੁਕਾਬਲੇਬਾਜ਼ੀ ਦੀ ਅੱਗ ਬੁੱਝ ਜਾਂਦੀ ਹੈ। ਫਿਰ ਗੁਆਂਢੀ ਦੀ ਨਵੀਂ ਕਾਰ ਵੇਖ ਕੇ ਛਾਤੀ ’ਤੇ ਸੱਪ ਨਹੀਂ ਲੇਟਦਾ ਸਗੋਂ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਰੁੱਖਾਂ ਦੀਆਂ ਹਰੀਆਂ ਸ਼ਾਖ਼ਾਂ, ਸਵੇਰ ਵੇਲੇ ਪੰਛੀਆਂ ਦੀਆਂ ਚਹਿਕਾਂ ਤੇ ਬੱਚਿਆਂ ਦੇ ਹਾਸੇ ਹੀ ਜੱਗ ਜਿੱਤਣ ਵਰਗਾ ਸਕੂਨ ਦੇ ਦਿੰਦੇ ਹਨ।
ਸਰਲ ਰਹਿਣਾ ਕੋਈ ਹਾਰ ਨਹੀਂ ਸਗੋਂ ਇਹ ਆਪਣੇ ਆਪ ਨੂੰ ਮਾਨਸਿਕ ਜੰਗਾਂ ਤੋਂ ਬਚਾਉਣ ਦੀ ਸਭ ਤੋਂ ਵੱਡੀ ਜਿੱਤ ਹੈ। ਅਸੀਂ ਇਸ ਦੁਨੀਆ ’ਚ ਕੋਈ ਸਰਟੀਫਿਕੇਟ ਲੈਣ ਨਹੀਂ ਆਏ ਕਿ ਅਸੀਂ ਦੂਜਿਆਂ ਨਾਲੋਂ ਕਿੰਨੇ ਵਧੀਆ ਹਾਂ। ਇਹ ਜੀਵਨ ਇਕ ਸੀਮਤ ਸਮੇਂ ਦਾ ਸਫ਼ਰ ਹੈ, ਜਿਸ ਵਿਚ ਅੰਤ ਸਭ ਦਾ ਇੱਕੋ ਜਿਹਾ ਹੈ। ਚਾਹੇ ਕੋਈ ਮਹਿਲਾਂ ਦਾ ਮਾਲਕ ਹੋਵੇ ਜਾਂ ਕੱਚੀ ਢਾਰੀ ਦਾ ਬਾਸ਼ਿੰਦਾ, ਆਖ਼ਰਕਾਰ ਸਭ ਨੇ ਇਸੇ ਮਿੱਟੀ ਦੀ ਗੋਦ ਵਿਚ ਸਮਾ ਜਾਣਾ ਹੈ। ਇਸ ਲਈ ‘ਖ਼ਾਸ’ ਬਣਨ ਦਾ ਇਹ ਬੇਲੋੜਾ ਮੁਕਟ ਆਪਣੇ ਸਿਰ ਤੋਂ ਲਾਹ ਕੇ ਪਰ੍ਹਾਂ ਰੱਖ ਦਿਓ। ਖ਼ੁਦ ਨੂੰ ਆਮ ਮੰਨ ਲਓ, ਸਾਦਾ ਜੀਵਨ ਜੀਓ, ਸੱਚੇ ਮਨ ਨਾਲ ਲੋੜਵੰਦਾਂ ਦੇ ਕੰਮ ਆਓ ਤੇ ਹਰ ਪਲ ਦਾ ਦਿਲੋਂ ਆਨੰਦ ਮਾਣੋ। ਜਦੋਂ ਤੁਸੀਂ ਸਾਧਾਰਨ ਹੋ ਕੇ ਜਿਊਣਾ ਸਿੱਖ ਲੈਂਦੇ ਹੋ, ਤਾਂ ਜੋ ਸ਼ਾਂਤੀ ਤੇ ਸੰਤੁਸ਼ਟੀ ਤੁਸੀਂ ਸਾਰੀ ਦੁਨੀਆ ਵਿਚ ਭਾਲ ਰਹੇ ਸੀ, ਉਹ ਤੁਹਾਡੇ ਆਪਣੇ ਅੰਦਰੋਂ ਹੀ ਝਰਨੇ ਵਾਂਗ ਫੁੱਟ ਪੈਂਦੀ ਹੈ। ਆਮ ਬਣ ਕੇ ਜਿਊਣਾ ਹੀ ਇਸ ਦੁਨੀਆ ’ਚ ਸਭ ਤੋਂ ਵੱਡੀ ਬਾਦਸ਼ਾਹੀ ਹੈ।
ਇੰਜ. ਸੁਖਵੰਤ ਸਿੰਘ