- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਾਕੂ ਘਾਟੀ ਦੀ ਕੌਫੀ ਦੀ ਕਹਾਣੀ 1863 ਤੋਂ ਸ਼ੁਰੂ ਹੁੰਦੀ ਹੈ, ਜਦੋਂ ਵਿਜਿਆਨਗਰਮ ਦੇ ਰਾਜਾ ਨੇ ਅਨੰਤਗਿਰੀ ਨੇੜੇ ਪਹਿਲਾ ਕੌਫੀ ਦਾ ਪੌਦਾ ਲਗਵਾਇਆ। ਸਮੇਂ ਦੇ ਨਾਲ ਅਰਾਕੂ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕੌਫੀ ਦੀ ਖੇਤੀ ਦਾ ਵਿਸਥਾਰ ਹੋਇਆ।

ਪੰਜਾਬੀ ਜਾਗਰਣ ਕੇਂਦਰ, ਵਿਸ਼ਾਖਾਪਟਨਮ/ਜਲੰਧਰ : ਆਂਧਰਾ ਪ੍ਰਦੇਸ਼ ਦੇ ਪੂਰਬੀ ਘਾਟਾਂ ਵਿਚ ਸਥਿਤ ਅਰਾਕੂ ਘਾਟੀ ਆਪਣੇ ਕਬਾਇਲੀ ਕਿਸਾਨਾਂ ਵੱਲੋਂ ਉਗਾਈ ਜਾਣ ਵਾਲੀ ਅਰਬਿਕਾ ਕੌਫੀ ਲਈ ਜਾਣੀ ਜਾਂਦੀ ਹੈ। ਕੌਫੀ ਦੀ ਖੇਤੀ ਇੱਥੋਂ ਦੇ ਬਹੁਤ ਸਾਰੇ ਸਥਾਨਕ ਪਰਿਵਾਰਾਂ ਲਈ ਆਮਦਨ ਅਤੇ ਰੋਜ਼ੀ-ਰੋਟੀ ਦਾ ਅਹਿਮ ਸਾਧਨ ਬਣ ਚੁੱਕੀ ਹੈ। ਅਰਾਕੂ ਘਾਟੀ ਦੀ ਕੌਫੀ ਦੀ ਕਹਾਣੀ 1863 ਤੋਂ ਸ਼ੁਰੂ ਹੁੰਦੀ ਹੈ, ਜਦੋਂ ਵਿਜਿਆਨਗਰਮ ਦੇ ਰਾਜਾ ਨੇ ਅਨੰਤਗਿਰੀ ਨੇੜੇ ਪਹਿਲਾ ਕੌਫੀ ਦਾ ਪੌਦਾ ਲਗਵਾਇਆ। ਸਮੇਂ ਦੇ ਨਾਲ ਅਰਾਕੂ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕੌਫੀ ਦੀ ਖੇਤੀ ਦਾ ਵਿਸਥਾਰ ਹੋਇਆ। 1950 ਦੇ ਦਹਾਕੇ ਵਿਚ ਕੌਫੀ ਬੋਰਡ ਨੇ ਸੰਭਾਵਨਾਵਾਂ ਦਾ ਅਧਿਐਨ ਕਰਨ ਲਈ ਸਰਵੇਖਣ ਕੀਤੇ ਜਦਕਿ 1970 ਦੇ ਦਹਾਕੇ ਵਿਚ ਆਂਧਰਾ ਪ੍ਰਦੇਸ਼ ਵਣ ਵਿਭਾਗ ਅਤੇ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀ ਨੇ ਕਬਾਇਲੀ ਵਿਕਾਸ ਦੇ ਹਿੱਸੇ ਵਜੋਂ ਕੌਫੀ ਦੀ ਖੇਤੀ ਨੂੰ ਉਤਸ਼ਾਹਤ ਕੀਤਾ।
ਇਸ ਤੋਂ ਬਾਅਦ ਕੌਫੀ ਬੋਰਡ ਵੱਲੋਂ ਕਬਾਇਲੀ ਕੌਫੀ ਉਤਪਾਦਕਾਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤਹਿਤ ਸੀਮੈਂਟ ਡ੍ਰਾਇੰਗ ਯਾਰਡ ਅਤੇ ਬੇਬੀ ਪਲਪਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਨਾਲ ਆਤਮ-ਨਿਰਭਰ ਪ੍ਰਣਾਲੀ ਨੂੰ ਉਤਸ਼ਾਹ ਮਿਲਿਆ ਹੈ ਅਤੇ ਕਬਾਇਲੀ ਕੌਫੀ ਉਤਪਾਦਕਾਂ ਨੂੰ ਪ੍ਰੀਮੀਅਮ ਆਰਗੈਨਿਕ ਤੇ ਨੈਚੁਰਲ ਕੌਫੀ ਤਿਆਰ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। 2025 ਤੱਕ ਅਰਾਕੂ ਘਾਟੀ ਲਾਇਜ਼ਨ ਜ਼ੋਨ ਵਿਚ ਕਬਾਇਲੀ ਕੌਫੀ ਦੇ ਪੌਦੇ ਲਗਾਉਣ ਵਾਲਾ ਖੇਤਰ 19,169 ਹੈਕਟੇਅਰ ਅਤੇ ਉਤਪਾਦਨ ਯੋਗ ਖੇਤਰ 16,769 ਹੈਕਟੇਅਰ ਤੱਕ ਪਹੁੰਚ ਗਿਆ ਸੀ।
ਅਰਾਕੂ ਕੌਫੀ ਕੱਪ ਤੱਕ ਪਹੁੰਚਣ ਤੋਂ ਪਹਿਲਾਂ ਸੁਚੱਜੀ ਪ੍ਰਕਿਰਿਆ ਵਿੱਚੋਂ ਲੰਘਦੀ ਹੈ। ਇਸ ਦੀ ਸ਼ੁਰੂਆਤ ਕੌਫੀ ਦੀ ਖੇਤੀ ਤੇ ਪੱਕੇ ਹੋਏ ਕੌਫੀ ਫਲਾਂ ਦੀ ਤੁੜਾਈ ਨਾਲ ਹੁੰਦੀ ਹੈ। ਇਸ ਤੋਂ ਬਾਅਦ ਬੀਨਸ ਦੀ ਪ੍ਰੋਸੈਸਿੰਗ ਤੇ ਛਾਂਟੀ ਕੀਤੀ ਜਾਂਦੀ ਹੈ। ਚੁਣੀਆਂ ਗਈਆਂ ਬੀਨਸ ਨੂੰ ਫਿਰ ਭੁੰਨਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸੁਆਦ ਤੇ ਖੁਸ਼ਬੂ ਵਿਕਸਤ ਹੁੰਦੀ ਹੈ। ਅੰਤ ਵਿਚ ਇਨ੍ਹਾਂ ਨੂੰ ਪੈਕ ਕਰ ਕੇ ਬਰੂਇੰਗ ਲਈ ਤਿਆਰ ਕੀਤਾ ਜਾਂਦਾ ਹੈ।
ਅਰਾਕੂ ਵੈਲੀ ਅਰਬਿਕਾ ਕੌਫੀ ਨੂੰ 2019 ਵਿਚ ਜੀਆਈ ਰਜਿਸਟ੍ਰੇਸ਼ਨ ਪ੍ਰਾਪਤ ਹੋਈ, ਜਿਸ ਨਾਲ ਇਸ ਦੀ ਭੂਗੋਲਿਕ ਪਛਾਣ ਅਤੇ ਇਸ ਖੇਤਰ ਨਾਲ ਇਸ ਦੇ ਖ਼ਾਸ ਸਬੰਧ ਨੂੰ ਮਾਨਤਾ ਮਿਲੀ। ਅਰਾਕੂ ਕੌਫੀ ਨੂੰ ਕੌਮਾਂਤਰੀ ਪੱਧਰ ’ਤੇ ਉਸ ਸਮੇਂ ਹੋਰ ਪਛਾਣ ਮਿਲੀ ਜਦੋਂ ਨਵੀਂ ਦਿੱਲੀ ਵਿਚ ਹੋਏ ਜੀ20 ਸੰਮੇਲਨ ਦੌਰਾਨ ਅਰਾਕੂ ਘਾਟੀ ਦੀ ਕੌਫੀ ਨੂੰ ਜੀ20 ਨੇਤਾਵਾਂ ਦੇ ਤੋਹਫ਼ਿਆਂ ਵਿਚ ਸ਼ਾਮਲ ਕੀਤਾ ਗਿਆ। ਇਸ ਨਾਲ ਭਾਰਤ ਦੇ ਖੇਤਰੀ ਉਤਪਾਦਾਂ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕਰਨ ਵਿਚ ਮਦਦ ਮਿਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੇ 111ਵੇਂ ਐਪੀਸੋਡ ਦੌਰਾਨ ਅਰਾਕੂ ਕੌਫੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਦੇ ਸ਼ਾਨਦਾਰ ਸੁਆਦ ਤੇ ਖੁਸ਼ਬੂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 1.5 ਲੱਖ ਕਬਾਇਲੀ ਪਰਿਵਾਰ ਇਸ ਦੀ ਖੇਤੀ ਨਾਲ ਜੁੜੇ ਹੋਏ ਹਨ। ਅਰਾਕੂ ਕੌਫੀ ‘ਵੋਕਲ ਫ਼ਾਰ ਲੋਕਲ’ ਦੀ ਭਾਵਨਾ ਨੂੰ ਦਰਸਾਉਂਦੀ ਹੈ। ਇਹ ਭਾਰਤੀ ਕਿਸਾਨਾਂ ਅਤੇ ਸਥਾਨਕ ਭਾਈਚਾਰਿਆਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਵਧੇਰੇ ਪਛਾਣ ਦਿਵਾਉਣ ਦੀ ਮਿਸਾਲ ਹੈ। ਸਥਾਨਕ ਤੌਰ ’ਤੇ ਤਿਆਰ ਕੀਤੀ ਕੌਫੀ ਦੀ ਚੋਣ ਕਰਨ ਨਾਲ ਸਥਾਨਕ ਕਿਸਾਨਾਂ ਲਈ ਮੰਗ ਪੈਦਾ ਕਰਨ, ਵੈਲਿਊ ਚੇਨ ਨੂੰ ਮਜ਼ਬੂਤ ਕਰਨ ਅਤੇ ਕਬਾਇਲੀ ਖੇਤਰਾਂ ਵਿਚ ਰੁਜ਼ਗਾਰ ਤੇ ਆਮਦਨ ਦੇ ਸਾਧਨਾਂ ਨੂੰ ਸਹਾਰਾ ਦੇਣ ਵਿਚ ਮਦਦ ਮਿਲ ਸਕਦੀ ਹੈ। ਬਾਹਰਲੇ ਦੇਸ਼ਾਂ ਦੇ ਉਤਪਾਦਾਂ ਵੱਲ ਹੀ ਦੇਖਣ ਦੀ ਬਜਾਏ, ਖਪਤਕਾਰ ਅਰਾਕੂ ਕੌਫੀ ਵਰਗੇ ਉੱਤਮ ਭਾਰਤੀ ਉਤਪਾਦਾਂ ਨੂੰ ਵੀ ਚੁਣ ਤੇ ਉਤਸ਼ਾਹਤ ਕਰ ਸਕਦੇ ਹਨl