ਅੰਗਰੇਜ਼ੀ ਵਰਣਮਾਲਾ ਦਾ 27ਵਾਂ ਅੱਖਰ ਹੁੰਦਾ ਸੀ ‘&’, ਇਕ ਗਲਤੀ ਕਾਰਨ ਇਸ ਚਿੰਨ੍ਹ ਨੂੰ ਮਿਲਿਆ ‘ਐਂਪਰਸੈਂਡ’ ਨਾਮ
ਸਕੂਲੀ ਬੱਚਿਆਂ ਤੇ ਆਮ ਬੋਲਚਾਲ 'ਚ ਇਸ ਚਿੰਨ੍ਹ ਨੂੰ ਵਾਰ-ਵਾਰ ਬੋਲਣ ਕਾਰਨ “and per se and” ਦਾ ਉਚਾਰਨ ਹੌਲੀ-ਹੌਲੀ ਬਦਲਦਾ ਗਿਆ। ਬੋਲਦੇ-ਬੋਲਦੇ ਇਹ ਸ਼ਬਦ ਇੰਨਾ ਬਦਲ ਗਿਆ ਕਿ ਇਸ ਨੂੰ ਐਂਪਰਸੈਂਡ (Ampersand) ਕਿਹਾ ਜਾਣ ਲੱਗਾ। ਸਾਲ 1837 ਤੱਕ ਅੰਗਰੇਜ਼ੀ 'ਚ ਇਸ ਨਾਮ ਨੂੰ ਅਧਿਕਾਰਤ ਤੌਰ 'ਤੇ ਅਪਣਾ ਲਿਆ ਗਿਆ ਸੀ।
Publish Date: Sat, 17 Oct 2026 04:25 PM (IST)
Updated Date: Sat, 17 Oct 2026 05:06 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੰਗਰੇਜ਼ੀ 'ਚ ਵਰਤਿਆ ਜਾਣ ਵਾਲਾ ਐਂਪਰਸੈਂਡ ਚਿੰਨ੍ਹ (&) ਸਾਡੀ ਰੋਜ਼ਾਨਾ ਲਿਖਤ ਅਤੇ ਬ੍ਰਾਂਡਿੰਗ ਦਾ ਹਿੱਸਾ ਬਣ ਚੁੱਕਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਚਿੰਨ੍ਹ ਦੀ ਵਰਤੋਂ ਕਿਵੇਂ ਸ਼ੁਰੂ ਹੋਈ? ਐਂਪਰਸੈਂਡ ਦੀ ਸ਼ੁਰੂਆਤ ਪਿੱਛੇ ਕਾਫ਼ੀ ਦਿਲਚਸਪ ਕਹਾਣੀ ਹੈ। ਆਓ ਜਾਣਦੇ ਹਾਂ ਕਿ ਐਂਪਰਸੈਂਡ ਦੀ ਵਰਤੋਂ ਕਿਵੇਂ ਸ਼ੁਰੂ ਹੋਈ ਅਤੇ ਇਸ ਨੂੰ ਇਹ ਨਾਮ ਕਿਵੇਂ ਮਿਲਿਆ।
ਐਂਪਰਸੈਂਡ ਦੀ ਸ਼ੁਰੂਆਤ ਕਿਵੇਂ ਹੋਈ?
ਐਂਪਰਸੈਂਡ ਦਾ ਇਤਿਹਾਸ ਅੱਜ ਤੋਂ ਲਗਪਗ 2,000 ਸਾਲ ਪੁਰਾਣਾ ਮੰਨਿਆ ਜਾਂਦਾ ਹੈ ਅਤੇ ਇਸ ਦੀਆਂ ਜੜ੍ਹਾਂ ਰੋਮਨ ਸਾਮਰਾਜ ਨਾਲ ਜੁੜੀਆਂ ਹੋਈਆਂ ਹਨ। ਪੁਰਾਣੇ ਸਮੇਂ 'ਚ ਲੇਖਕ ਹੱਥਾਂ ਨਾਲ ਹੱਥ-ਲਿਖਤਾਂ ਤਿਆਰ ਕਰਦੇ ਸਨ। ਅਜਿਹੇ 'ਚ ਉਨ੍ਹਾਂ ਨੂੰ ਲਾਤੀਨੀ ਭਾਸ਼ਾ ਦੇ ਸ਼ਬਦ et ਨੂੰ ਵਾਰ-ਵਾਰ ਲਿਖਣਾ ਪੈਂਦਾ ਸੀ, ਜਿਸ ਦਾ ਅਰਥ ‘ਅਤੇ’ ਹੁੰਦਾ ਹੈ।
ਲਿਖਣ ਦੀ ਰਫ਼ਤਾਰ ਤੇਜ਼ ਕਰਨ ਅਤੇ ਸਮਾਂ ਬਚਾਉਣ ਲਈ ਲੇਖਕਾਂ ਨੇ E ਅਤੇ T ਅੱਖਰਾਂ ਨੂੰ ਆਪਸ 'ਚ ਜੋੜ ਕੇ ਲਿਖਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਨਾਲ ਇਹ ਦੋਵੇਂ ਜੁੜੇ ਹੋਏ ਅੱਖਰ ਇਕ ਵੱਖਰਾ ਤੇ ਨਵਾਂ ਚਿੰਨ੍ਹ ਬਣ ਗਏ, ਜਿਸ ਨੂੰ ਲਿਗੇਚਰ (Ligature) ਕਿਹਾ ਜਾਂਦਾ ਹੈ।
ਇਸ ਚਿੰਨ੍ਹ ਦਾ ਨਾਮ ਐਂਪਰਸੈਂਡ ਕਿਵੇਂ ਪਿਆ?
ਇਸ ਚਿੰਨ੍ਹ ਦਾ ਨਾਮ ਐਂਪਰਸੈਂਡ ਕਿਵੇਂ ਪਿਆ, ਇਸ ਦੇ ਪਿੱਛੇ ਇਕ ਬੇਹੱਦ ਦਿਲਚਸਪ ਕਹਾਣੀ ਹੈ। ਦਰਅਸਲ, 19ਵੀਂ ਸਦੀ 'ਚ ਅੰਗਰੇਜ਼ੀ ਸਕੂਲਾਂ 'ਚ ਬੱਚਿਆਂ ਨੂੰ ਵਰਣਮਾਲਾ ਸਿਖਾਈ ਜਾਂਦੀ ਸੀ, ਜਿਸ 'ਚ Z ਤੋਂ ਬਾਅਦ & ਨੂੰ 27ਵਾਂ ਅੱਖਰ ਮੰਨਿਆ ਜਾਂਦਾ ਸੀ। ਜਦੋਂ ਬੱਚੇ ਵਰਣਮਾਲਾ ਪੜ੍ਹਦੇ ਸਨ ਤਾਂ Z ਤੋਂ ਬਾਅਦ & ਨੂੰ ਵੀ ਪੜ੍ਹਦੇ ਸਨ। ਇਸ ਲਈ ਇਸ ਨੂੰ ਬੋਲਦੇ ਸਮੇਂ ਬੱਚੇ “and per se and” ਕਹਿੰਦੇ ਸਨ। ਲਾਤੀਨੀ ਭਾਸ਼ਾ 'ਚ per se ਦਾ ਅਰਥ ‘ਆਪਣੇ ਆਪ 'ਚ’ ਹੁੰਦਾ ਹੈ। “And per se and” ਦਾ ਮਤਲਬ ਸੀ ਕਿ & ਆਪਣੇ ਆਪ 'ਚ ‘and’ ਹੈ।
ਸਮੇਂ ਦੇ ਨਾਲ ਵਿਗੜ ਗਿਆ ਉਚਾਰਨ
ਸਕੂਲੀ ਬੱਚਿਆਂ ਤੇ ਆਮ ਬੋਲਚਾਲ 'ਚ ਇਸ ਚਿੰਨ੍ਹ ਨੂੰ ਵਾਰ-ਵਾਰ ਬੋਲਣ ਕਾਰਨ “and per se and” ਦਾ ਉਚਾਰਨ ਹੌਲੀ-ਹੌਲੀ ਬਦਲਦਾ ਗਿਆ। ਬੋਲਦੇ-ਬੋਲਦੇ ਇਹ ਸ਼ਬਦ ਇੰਨਾ ਬਦਲ ਗਿਆ ਕਿ ਇਸ ਨੂੰ ਐਂਪਰਸੈਂਡ (Ampersand) ਕਿਹਾ ਜਾਣ ਲੱਗਾ। ਸਾਲ 1837 ਤੱਕ ਅੰਗਰੇਜ਼ੀ 'ਚ ਇਸ ਨਾਮ ਨੂੰ ਅਧਿਕਾਰਤ ਤੌਰ 'ਤੇ ਅਪਣਾ ਲਿਆ ਗਿਆ ਸੀ।
ਅੱਜ ਦੇ ਸਮੇਂ 'ਚ ਕਿੱਥੇ ਹੁੰਦੀ ਹੈ ਵਰਤੋਂ?
ਹਾਲਾਂਕਿ, ਬਾਅਦ 'ਚ ਐਂਪਰਸੈਂਡ ਨੂੰ ਅੰਗਰੇਜ਼ੀ ਵਰਣਮਾਲਾ 'ਚੋਂ ਬਾਹਰ ਕਰ ਦਿੱਤਾ ਗਿਆ, ਪਰ ਇਸ ਦੀ ਵਰਤੋਂ ਜਾਰੀ ਰਹੀ। ਅੱਜ ਇਸ ਚਿੰਨ੍ਹ ਦੀ ਵਰਤੋਂ ਕੰਪਨੀਆਂ ਅਤੇ ਬ੍ਰਾਂਡਾਂ ਦੇ ਨਾਵਾਂ, ਕਿਤਾਬਾਂ ਦੇ ਸਿਰਲੇਖਾਂ ਅਤੇ ਕੰਪਿਊਟਰ ਕੋਡਿੰਗ 'ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਹੁਣ ਤੁਸੀਂ ਜਾਣ ਗਏ ਹੋਵੋਗੇ ਕਿ ਐਂਪਰਸੈਂਡ ਦੀ ਵਰਤੋਂ ਕਿਵੇਂ ਸ਼ੁਰੂ ਹੋਈ ਅਤੇ ਇਸ ਚਿੰਨ੍ਹ ਨੂੰ ਇਹ ਅਨੋਖਾ ਨਾਮ ਕਿਵੇਂ ਮਿਲਿਆ।