- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਸਿਰਫ਼ ਦੀਪਮਾਲਾ ਦਾ ਤਿਉਹਾਰ ਨਹੀਂ ਸਗੋਂ ਭਾਰਤੀ ਸੱਭਿਆਚਾਰ ਦੀ ਸਦੀਆਂ ਪੁਰਾਣੀ ਚੇਤਨਾ, ਮਨੁੱਖੀ ਸੰਵੇਦਨਾਵਾਂ, ਸਮਾਜਿਕ ਸਾਂਝ ਤੇ ਆਰਥਿਕ ਜੀਵਨ ਦੀ ਗਤੀਸ਼ੀਲਤਾ ਦਾ ਪ੍ਰਤੀਕ ਹੈ। ਇਸ ਦਾ ਅਸਲ ਮਹੱਤਵ ਉਦੋਂ ਹੀ ਸਾਕਾਰ ਹੁੰਦਾ ਹੈ, ਜਦੋਂ ਰੌਸ਼ਨੀ ਸਿਰਫ਼ ਘਰਾਂ ਦੇ ਬਨੇਰਿਆਂ ਤੱਕ ਸੀਮਤ ਨਾ ਰਹੇ ਸਗੋਂ ਮਨੁੱਖੀ ਮਨਾਂ, ਸਮਾਜਿਕ ਰਿਸ਼ਤਿਆਂ ਤੇ ਜੀਵਨ ਦੇ ਹਰ ਖੇਤਰ ਨੂੰ ਵੀ ਰੌਸ਼ਨ ਕਰੇ।

ਦੀਵਾਲੀ ਸਿਰਫ਼ ਦੀਪਮਾਲਾ ਦਾ ਤਿਉਹਾਰ ਨਹੀਂ ਸਗੋਂ ਭਾਰਤੀ ਸੱਭਿਆਚਾਰ ਦੀ ਸਦੀਆਂ ਪੁਰਾਣੀ ਚੇਤਨਾ, ਮਨੁੱਖੀ ਸੰਵੇਦਨਾਵਾਂ, ਸਮਾਜਿਕ ਸਾਂਝ ਤੇ ਆਰਥਿਕ ਜੀਵਨ ਦੀ ਗਤੀਸ਼ੀਲਤਾ ਦਾ ਪ੍ਰਤੀਕ ਹੈ। ਇਸ ਦਾ ਅਸਲ ਮਹੱਤਵ ਉਦੋਂ ਹੀ ਸਾਕਾਰ ਹੁੰਦਾ ਹੈ, ਜਦੋਂ ਰੌਸ਼ਨੀ ਸਿਰਫ਼ ਘਰਾਂ ਦੇ ਬਨੇਰਿਆਂ ਤੱਕ ਸੀਮਤ ਨਾ ਰਹੇ ਸਗੋਂ ਮਨੁੱਖੀ ਮਨਾਂ, ਸਮਾਜਿਕ ਰਿਸ਼ਤਿਆਂ ਤੇ ਜੀਵਨ ਦੇ ਹਰ ਖੇਤਰ ਨੂੰ ਵੀ ਰੌਸ਼ਨ ਕਰੇ। ਭਾਰਤੀ ਸੱਭਿਆਚਾਰ ਦੀ ਵਿਸ਼ਾਲ ਤੇ ਬਹੁਰੰਗੀ ਪਰੰਪਰਾ ’ਚ ਕੁਝ ਤਿਉਹਾਰ ਅਜਿਹੇ ਹਨ, ਜਿਨ੍ਹਾਂ ਦੀ ਮਹੱਤਤਾ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰਦਿਆਂ ਹਰ ਯੁੱਗ ਵਿਚ ਨਵੇਂ ਅਰਥ ਗ੍ਰਹਿਣ ਕਰਦੀ ਰਹਿੰਦੀ ਹੈ। ਦੀਵਾਲੀ ਵੀ ਅਜਿਹਾ ਹੀ ਤਿਉਹਾਰ ਹੈ, ਜਿਸ ਦੀ ਰੌਸ਼ਨੀ ਵਿਚ ਧਾਰਮਿਕ ਆਸਥਾ, ਇਤਿਹਾਸਕ ਵਿਰਾਸਤ, ਸੱਭਿਆਚਾਰਕ ਚੇਤਨਾ, ਸਮਾਜਿਕ ਸਦਭਾਵਨਾ ਤੇ ਆਰਥਿਕ ਖ਼ੁਸ਼ਹਾਲੀ ਦੇ ਅਨੇਕਾਂ ਰੰਗ ਸਮੋਏ ਹੋਏ ਹਨ। ਇਹ ਤਿਉਹਾਰ ਸਾਨੂੰ ਹਨੇਰੇ ਤੋਂ ਚਾਨਣ, ਨਿਰਾਸ਼ਾ ਤੋਂ ਆਸ ਤੇ ਅਗਿਆਨਤਾ ਤੋਂ ਗਿਆਨ ਵੱਲ ਵਧਣ ਦਾ ਜੀਵਨ-ਦਰਸ਼ਨ ਪ੍ਰਦਾਨ ਕਰਦਾ ਹੈ।
ਦੀਵਾਲੀ ਦਾ ਆਗਮਨ ਕੇਵਲ ਕੈਲੰਡਰ ਉੱਤੇ ਦਰਜ ਇਕ ਤਿਉਹਾਰ ਦੀ ਆਮਦ ਨਹੀਂ ਹੁੰਦਾ ਸਗੋਂ ਇਹ ਸਮਾਜਿਕ ਜੀਵਨ ਵਿਚ ਨਵੀਂ ਰੌਣਕ, ਬਾਜ਼ਾਰਾਂ ਵਿਚ ਨਵੀਂ ਚਹਿਲ-ਪਹਿਲ ਤੇ ਮਨੁੱਖੀ ਮਨਾਂ ’ਚ ਨਵੀਆਂ ਉਮੀਦਾਂ ਦਾ ਸੰਚਾਰ ਕਰਦਾ ਹੈ। ਇਸੇ ਕਰਕੇ ਇਸ ਤਿਉਹਾਰ ਦੀ ਪ੍ਰਸੰਗਿਕਤਾ ਧਾਰਮਿਕ ਸਥਾਨਾਂ ਤੇ ਪਰਿਵਾਰਕ ਸਮਾਗਮਾਂ ਤੋਂ ਅੱਗੇ ਵਧ ਕੇ ਸਮੁੱਚੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਤੱਕ ਫੈਲੀ ਹੋਈ ਹੈ।
.jpg)
ਇਤਿਹਾਸਕ ਵਿਰਾਸਤ ਤੇ ਧਾਰਮਿਕ ਆਸਥਾ ਦਾ ਪ੍ਰਤੀਕ
ਦੀਵਾਲੀ ਦੇ ਇਤਿਹਾਸਕ ਤੇ ਧਾਰਮਿਕ ਸੰਦਰਭ ਅਤਿਅੰਤ ਵਿਸ਼ਾਲ ਹਨ। ਹਿੰਦੂ ਧਾਰਮਿਕ ਪਰੰਪਰਾ ਅਨੁਸਾਰ ਇਸ ਦਿਨ ਦਾ ਸਬੰਧ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਦੇ ਬਨਵਾਸ ਉਪਰੰਤ ਅਯੁੱਧਿਆ ਪਰਤਣ ਨਾਲ ਜੋੜਿਆ ਜਾਂਦਾ ਹੈ। ਲੋਕਾਂ ਨੇ ਭਗਵਾਨ ਦੇ ਸਵਾਗਤ ਵਿਚ ਦੀਪ ਜਗਾ ਕੇ ਸਮੁੱਚੀ ਅਯੁੱਧਿਆ ਨੂੰ ਰੌਸ਼ਨ ਕਰ ਦਿੱਤਾ ਸੀ। ਇਹ ਇਤਿਹਾਸਕ-ਧਾਰਮਿਕ ਪਰੰਪਰਾ ਨੇਕੀ ਦੀ ਬਦੀ ਉੱਤੇ, ਸੱਚ ਦੀ ਝੂਠ ਉੱਤੇ ਤੇ ਧਰਮ ਦੀ ਅਧਰਮ ਉੱਤੇ ਜਿੱਤ ਦਾ ਪ੍ਰਤੀਕ ਬਣ ਕੇ ਲੋਕ-ਚੇਤਨਾ ਵਿਚ ਸਥਾਪਿਤ ਹੋ ਗਈ।
ਮਾਂ ਲਕਸ਼ਮੀ ਦੀ ਪੂਜਾ ਵੀ ਇਸ ਤਿਉਹਾਰ ਦਾ ਅਹਿਮ ਅੰਗ ਹੈ। ਲੋਕ ਧਨ, ਅੰਨ, ਖ਼ੁਸ਼ਹਾਲੀ ਤੇ ਸੁਖ-ਸਮ੍ਰਿੱਧੀ ਦੀ ਕਾਮਨਾ ਕਰਦਿਆਂ ਆਪਣੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਪੂਜਾ-ਅਰਚਨਾ ਕਰਦੇ ਹਨ। ਇਸ ਪਰੰਪਰਾ ਦਾ ਇਕ ਸਮਾਜਿਕ ਅਰਥ ਇਹ ਵੀ ਹੈ ਕਿ ਮਨੁੱਖ ਆਪਣੀ ਮਿਹਨਤ, ਇਮਾਨਦਾਰੀ ਅਤੇ ਉੱਦਮ ਰਾਹੀਂ ਜੀਵਨ ’ਚ ਖ਼ੁਸ਼ਹਾਲੀ ਲਿਆਉਣ ਦਾ ਸੰਕਲਪ ਕਰੇ।
ਦੀਵਾਲੀ ਦਾ ਇਤਿਹਾਸਕ ਮਹੱਤਵ ਸਿੱਖ ਧਰਮ ਦੀ ਪਰੰਪਰਾ ’ਚ ਵੀ ਵਿਸ਼ੇਸ਼ ਸਥਾਨ ਰੱਖਦਾ ਹੈ। ਸਿੱਖ ਜਗਤ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਂਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਈ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਯਾਦ ਇਸ ਦਿਹਾੜੇ ਨਾਲ ਜੁੜੀ ਹੋਈ ਹੈ। ਇਸੇ ਇਤਿਹਾਸਕ ਮੌਕੇ ਉੱਤੇ ਬਾਬਾ ਬੁੱਢਾ ਜੀ ਨੇ ਸਿੱਖ ਸੰਗਤਾਂ ਨੂੰ ਘਰਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕਰਨ ਦਾ ਬਚਨ ਕੀਤਾ ਸੀ। ਇਹ ਪ੍ਰਸੰਗ ਸਿੱਖ ਇਤਿਹਾਸ ’ਚ ਆਜ਼ਾਦੀ, ਨਿਆਂ, ਮਨੁੱਖੀ ਅਧਿਕਾਰਾਂ ਤੇ ਪਰਉਪਕਾਰ ਦੀ ਮਹਾਨ ਭਾਵਨਾ ਨੂੰ ਉਜਾਗਰ ਕਰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮੌਕੇ ਹੋਣ ਵਾਲੀ ਦੀਪਮਾਲਾ, ਅਲੌਕਿਕ ਰੌਸ਼ਨੀ ਤੇ ਧਾਰਮਿਕ ਸਮਾਗਮ ਇਸ ਇਤਿਹਾਸਕ ਦਿਹਾੜੇ ਦੀ ਮਹੱਤਤਾ ਨੂੰ ਹੋਰ ਵੀ ਗਹਿਰਾਈ ਪ੍ਰਦਾਨ ਕਰਦੇ ਹਨ। ਜੈਨ ਧਰਮ ਵਿਚ ਦੀਵਾਲੀ ਭਗਵਾਨ ਮਹਾਵੀਰ ਜੀ ਦੇ ਨਿਰਵਾਣ ਦਿਵਸ ਵਜੋਂ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਆਰੀਆ ਸਮਾਜ ਦੇ ਸੰਸਥਾਪਕ ਸੁਆਮੀ ਦਯਾਨੰਦ ਸਰਸਵਤੀ ਜੀ ਦਾ ਨਿਰਵਾਣ ਵੀ ਦੀਵਾਲੀ ਵਾਲੇ ਦਿਨ ਹੀ ਹੋਇਆ ਸੀ। ਇਸ ਤਰ੍ਹਾਂ ਦੀਵਾਲੀ ਵੱਖ-ਵੱਖ ਧਾਰਮਿਕ ਪਰੰਪਰਾਵਾਂ ਦੇ ਇਤਿਹਾਸ ਤੇ ਆਸਥਾ ਨੂੰ ਇਕ ਸਾਂਝੇ ਸੱਭਿਆਚਾਰਕ ਪ੍ਰਵਾਹ ’ਚ ਜੋੜਦੀ ਹੈ।
ਸੱਭਿਆਚਾਰਕ ਚੇਤਨਾ ਤੇ ਸਮਾਜਿਕ ਸਾਂਝ ਦੀ ਰੌਸ਼ਨੀ
ਤਿਉਹਾਰ ਕਿਸੇ ਵੀ ਸਮਾਜ ਦੀ ਸੱਭਿਆਚਾਰਕ ਪਛਾਣ ਦੇ ਪ੍ਰਤੀਕ ਹੁੰਦੇ ਹਨ। ਇਹ ਸਿਰਫ਼ ਰਸਮਾਂ ਦੀ ਦੁਹਰਾਈ ਨਹੀਂ ਕਰਦੇ ਸਗੋਂ ਪੀੜ੍ਹੀ-ਦਰ-ਪੀੜ੍ਹੀ ਚੱਲੀਆਂ ਆ ਰਹੀਆਂ ਕਦਰਾਂ-ਕੀਮਤਾਂ, ਪਰੰਪਰਾਵਾਂ ਅਤੇ ਜੀਵਨ-ਜਾਚ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਮਾਧਿਅਮ ਬਣਦੇ ਹਨ। ਦੀਵਾਲੀ ਵੀ ਇਸੇ ਸੱਭਿਆਚਾਰਕ ਵਿਰਾਸਤ ਦੀ ਅਹਿਮ ਕੜੀ ਹੈ। ਇਸ ਤਿਉਹਾਰ ਦੇ ਆਉਣ ਨਾਲ ਘਰਾਂ ਦੀਆਂ ਦਹਿਲੀਜ਼ਾਂ ਤੋਂ ਲੈ ਕੇ ਗਲੀਆਂ, ਮੁਹੱਲਿਆਂ ਤੇ ਬਾਜ਼ਾਰਾਂ ਤੱਕ ਵਿਸ਼ੇਸ਼ ਰੌਣਕ ਪਸਰ ਜਾਂਦੀ ਹੈ। ਘਰਾਂ ਦੀ ਸਫ਼ਾਈ, ਰੰਗ-ਰੋਗਨ, ਰੰਗੋਲੀਆਂ, ਦੀਪਮਾਲਾ, ਮਠਿਆਈਆਂ ਅਤੇ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਇਸ ਤਿਉਹਾਰ ਦੀਆਂ ਰਵਾਇਤੀ ਵਿਸ਼ੇਸ਼ਤਾਵਾਂ ਹਨ। ਪੁਰਾਤਨ ਪੰਜਾਬੀ ਜੀਵਨ-ਜਾਚ ’ਚ ਤਾਂ ਇਸ ਦਿਨ ਖੇਤੀ ਅਤੇ ਪਸ਼ੂ-ਪਾਲਣ ਨੂੰ ਸਤਿਕਾਰ ਦਿੰਦਿਆਂ ਖੁਰਲੀਆਂ, ਰੂੜੀਆਂ, ਖੂਹਾਂ ਅਤੇ ਟੋਭਿਆਂ ਉੱਤੇ ਵੀ ਦੀਵੇ ਜਗਾਏ ਜਾਂਦੇ ਸਨ, ਜੋ ਕੁਦਰਤ ਅਤੇ ਕਿਰਤ ਨਾਲ ਸਾਡੀ ਡੂੰਘੀ ਸਾਂਝ ਦਾ ਪ੍ਰਤੀਕ ਸੀ ਪਰ ਇਨ੍ਹਾਂ ਬਾਹਰੀ ਰੌਣਕਾਂ ਤੋਂ ਵੀ ਵੱਧ ਕੇ ਇਸ ਦਾ ਅੰਦਰੂਨੀ ਪੱਖ ਮਨੁੱਖੀ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਆਪਸੀ ਸਾਂਝ ਦਾ ਸੰਦੇਸ਼ ਹੈ।
ਅੱਜ ਜਦੋਂ ਮਨੁੱਖੀ ਜੀਵਨ ਦੀ ਰਫ਼ਤਾਰ ਤੇਜ਼ ਹੋ ਚੁੱਕੀ ਹੈ, ਪਰਿਵਾਰਕ ਸਾਂਝ ਘਟ ਰਹੀ ਹੈ ਤੇ ਵਿਅਕਤੀਗਤ ਜੀਵਨਸ਼ੈਲੀ ਸਮਾਜਿਕ ਰਿਸ਼ਤਿਆਂ ਉੱਤੇ ਭਾਰੂ ਪੈ ਰਹੀ ਹੈ, ਤਾਂ ਦੀਵਾਲੀ ਵਰਗੇ ਤਿਉਹਾਰ ਮਨੁੱਖ ਨੂੰ ਆਪਣੇ ਪਰਿਵਾਰ, ਮਿੱਤਰਾਂ, ਰਿਸ਼ਤੇਦਾਰਾਂ ਤੇ ਭਾਈਚਾਰੇ ਨਾਲ ਮੁੜ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ ਪੁਰਾਣੀਆਂ ਨਾਰਾਜ਼ਗੀਆਂ ਨੂੰ ਭੁਲਾ ਕੇ ਨਵੇਂ ਸਿਰੇ ਤੋਂ ਰਿਸ਼ਤਿਆਂ ਦੀ ਸਾਂਝ ਉਸਾਰਨ ਅਤੇ ਸਮਾਜ ’ਚ ਸਦਭਾਵਨਾ ਦਾ ਵਾਤਾਵਰਣ ਸਿਰਜਣ ਦੀ ਪ੍ਰੇਰਣਾ ਦਿੰਦੇ ਹਨ।
ਅਜੋਕੇ ਦੌਰ ’ਚ ਦੀਵਾਲੀ ਦੀ ਪ੍ਰਸੰਗਿਕਤਾ
ਆਧੁਨਿਕ ਯੁੱਗ ਵਿਚ ਦੀਵਾਲੀ ਦਾ ਮਹੱਤਵ ਕੇਵਲ ਧਾਰਮਿਕ ਜਾਂ ਸੱਭਿਆਚਾਰਕ ਦਾਇਰੇ ਤੱਕ ਸੀਮਤ ਨਹੀਂ ਰਿਹਾ। ਇਹ ਤਿਉਹਾਰ ਸਮਾਜਿਕ ਮਨੋਵਿਗਿਆਨ, ਆਰਥਿਕ ਸਰਗਰਮੀ, ਸਥਾਨਕ ਰੁਜ਼ਗਾਰ ਤੇ ਵਪਾਰਕ ਵਿਕਾਸ ਨਾਲ ਵੀ ਡੂੰਘੀ ਤਰ੍ਹਾਂ ਜੁੜ ਗਿਆ ਹੈ। ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਅਸਮਾਨਤਾ ਅਤੇ ਜੀਵਨ ਦੀਆਂ ਵਧਦੀਆਂ ਚੁਣੌਤੀਆਂ ਦੇ ਦੌਰ ’ਚ ਦੀਵਾਲੀ ਲੋਕਾਂ ਦੇ ਜੀਵਨ ਵਿਚ ਉਮੀਦ ਅਤੇ ਉਤਸ਼ਾਹ ਦਾ ਸੰਚਾਰ ਕਰਦੀ ਹੈ। ਇਹ ਮਨੁੱਖ ਨੂੰ ਆਪਣੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਨ, ਕਮੀਆਂ ਨੂੰ ਪਛਾਣਨ ਤੇ ਭਵਿੱਖ ਲਈ ਨਵੇਂ ਸੰਕਲਪ ਕਰਨ ਦਾ ਮੌਕਾ ਵੀ ਦਿੰਦੀ ਹੈ।
ਇਸ ਤਿਉਹਾਰ ਦਾ ਇਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇਹ ਸਮਾਜ ਵਿਚ ਦਾਨ, ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਸਕਦਾ ਹੈ। ਜੇ ਦੀਵਾਲੀ ਦੀਆਂ ਖ਼ੁਸ਼ੀਆਂ ਸਮਾਜ ਦੇ ਆਖ਼ਰੀ ਕਤਾਰ ਵਿਚ ਖੜ੍ਹੇ ਵਿਅਕਤੀ ਤੱਕ ਵੀ ਪਹੁੰਚਣ, ਤਾਂ ਇਸ ਤਿਉਹਾਰ ਦੀ ਸਮਾਜਿਕ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ।
ਆਮ ਲੋਕਾਂ ਦੀ ਆਰਥਿਕਤਾ ਤੇ ਰੁਜ਼ਗਾਰ ਦੇ ਮੌਕਿਆਂ ਦਾ ਤਿਉਹਾਰ
ਦੀਵਾਲੀ ਨੂੰ ਆਮ ਲੋਕਾਂ ਦੀ ਆਰਥਿਕਤਾ ਨਾਲ ਜੋੜ ਕੇ ਦੇਖਣਾ ਵੀ ਬਹੁਤ ਜ਼ਰੂਰੀ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਦੀਵਾਲੀ ਦਾ ਸਿੱਧਾ ਸਬੰਧ ਕਿਸਾਨੀ ਆਰਥਿਕਤਾ ਨਾਲ ਵੀ ਹੈ। ਸਾਉਣੀ ਦੀ ਮੁੱਖ ਫ਼ਸਲ, ਖ਼ਾਸ ਕਰਕੇ ਝੋਨੇ ਦੇ ਮੰਡੀਆਂ ਵਿਚ ਵਿਕਣ ਅਤੇ ਘਰਾਂ ’ਚ ਨਵੀਂ ਆਮਦਨ ਆਉਣ ਨਾਲ ਪਿੰਡਾਂ ਦੀ ਆਰਥਿਕਤਾ ਨੂੰ ਨਵਾਂ ਹੁਲਾਰਾ ਮਿਲਦਾ ਹੈ। ਤਿਉਹਾਰਾਂ ਦੇ ਇਸ ਮੌਸਮ ਵਿਚ ਹੋਣ ਵਾਲੀ ਖ਼ਰੀਦਦਾਰੀ ਸਿਰਫ਼ ਖ਼ਪਤਕਾਰ ਦੀਆਂ ਲੋੜਾਂ ਪੂਰੀਆਂ ਨਹੀਂ ਕਰਦੀ ਸਗੋਂ ਸਮਾਜ ਦੇ ਅਨੇਕਾਂ ਮਿਹਨਤਕਸ਼ ਵਰਗਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਬਣਦੀ ਹੈ।
ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਘੁਮਿਆਰ, ਮੋਮਬੱਤੀਆਂ ਬਣਾਉਣ ਵਾਲੇ ਕਾਰੀਗਰ, ਫੁੱਲਾਂ ਦੇ ਵਪਾਰੀ, ਹਲਵਾਈ, ਦਰਜੀ, ਬਿਜਲੀ ਦੀ ਸਜਾਵਟ ਕਰਨ ਵਾਲੇ ਕਾਮੇ, ਸਫ਼ਾਈ ਕਰਮਚਾਰੀ, ਪੇਂਟਰ ਅਤੇ ਛੋਟੇ ਦੁਕਾਨਦਾਰ ਇਸ ਤਿਉਹਾਰ ਨਾਲ ਜੁੜੀ ਆਰਥਿਕ ਸਰਗਰਮੀ ਦੇ ਅਹਿਮ ਹਿੱਸੇਦਾਰ ਹਨ। ਇਨ੍ਹਾਂ ਵਰਗਾਂ ਲਈ ਦੀਵਾਲੀ ਦਾ ਸਮਾਂ ਵਾਧੂ ਕੰਮ ਅਤੇ ਆਮਦਨ ਦੇ ਮੌਕੇ ਲੈ ਕੇ ਆਉਂਦਾ ਹੈ।ਖ਼ਾਸ ਕਰਕੇ ਘਰੇਲੂ ਉਦਯੋਗਾਂ ਨਾਲ ਜੁੜੀਆਂ ਔਰਤਾਂ ਲਈ ਇਹ ਤਿਉਹਾਰ ਆਰਥਿਕ ਸਵੈ-ਨਿਰਭਰਤਾ ਦਾ ਮਾਧਿਅਮ ਬਣ ਸਕਦਾ ਹੈ। ਘਰਾਂ ਵਿਚ ਤਿਆਰ ਕੀਤੀਆਂ ਸਜਾਵਟੀ ਵਸਤਾਂ, ਦੀਵੇ, ਮੋਮਬੱਤੀਆਂ, ਤੋਹਫ਼ਿਆਂ ਦੀ ਪੈਕਿੰਗ ਤੇ ਰਵਾਇਤੀ ਖਾਣ-ਪੀਣ ਦੀਆਂ ਚੀਜ਼ਾਂ ਦੀ ਵਿਕਰੀ ਰਾਹੀਂ ਉਹ ਪਰਿਵਾਰ ਦੀ ਆਮਦਨ ’ਚ ਯੋਗਦਾਨ ਪਾਉਂਦੀਆਂ ਹਨ।
ਇਸ ਤੋਂ ਇਲਾਵਾ ਤਿਉਹਾਰੀ ਮੰਗ ਕਾਰਨ ਅਸਥਾਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ। ਦੁਕਾਨਾਂ, ਗੋਦਾਮਾਂ, ਪੈਕੇਜਿੰਗ ਇਕਾਈਆਂ, ਆਵਾਜਾਈ ਸੇਵਾਵਾਂ ਤੇ ਡਿਲਿਵਰੀ ਖੇਤਰ ਵਿਚ ਵਾਧੂ ਕਾਮਿਆਂ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਦੀਵਾਲੀ ਦੀ ਰੌਣਕ ਦੇ ਪਿੱਛੇ ਅਨੇਕਾਂ ਅਣਦਿਸਦੇ ਹੱਥਾਂ ਦੀ ਮਿਹਨਤ ਕੰਮ ਕਰਦੀ ਹੈ।
ਵਪਾਰੀ ਵਰਗ ਲਈ ਆਰਥਿਕ ਖ਼ੁਸ਼ਹਾਲੀ ਦੇ ਨਵੇਂ ਮੌਕੇ
ਭਾਰਤੀ ਅਰਥ-ਵਿਵਸਥਾ ਵਿਚ ਤਿਉਹਾਰੀ ਸੀਜ਼ਨ ਦਾ ਵਿਸ਼ੇਸ਼ ਮਹੱਤਵ ਹੈ ਤੇ ਦੀਵਾਲੀ ਇਸ ਦਾ ਪ੍ਰਮੁੱਖ ਕੇਂਦਰ ਹੈ। ਇਸ ਮੌਕੇ ਬਾਜ਼ਾਰਾਂ ’ਚ ਖ਼ਰੀਦਦਾਰੀ ਦੀ ਗਤੀ ਤੇਜ਼ ਹੋ ਜਾਂਦੀ ਹੈ। ਕੱਪੜਿਆਂ, ਗਹਿਣਿਆਂ, ਇਲੈਕਟ੍ਰਾਨਿਕ ਵਸਤਾਂ, ਵਾਹਨਾਂ, ਫਰਨੀਚਰ, ਘਰੇਲੂ ਉਪਕਰਨਾਂ, ਮਠਿਆਈਆਂ ਤੇ ਤੋਹਫ਼ਿਆਂ ਦੀ ਮੰਗ ਵਿਚ ਆਮ ਤੌਰ ’ਤੇ ਵਾਧਾ ਦੇਖਣ ਨੂੰ ਮਿਲਦਾ ਹੈ। ਵਪਾਰੀ ਇਸ ਮੌਕੇ ਗਾਹਕਾਂ ਦੀਆਂ ਲੋੜਾਂ ਅਨੁਸਾਰ ਨਵਾਂ ਸਟਾਕ ਮੰਗਵਾਉਂਦੇ ਹਨ, ਵਿਸ਼ੇਸ਼ ਪੇਸ਼ਕਸ਼ਾਂ ਲਿਆਉਂਦੇ ਹਨ ਤੇ ਆਪਣੀਆਂ ਵਪਾਰਕ ਰਣਨੀਤੀਆਂ ਵਿਚ ਤਬਦੀਲੀਆਂ ਕਰਦੇ ਹਨ। ਇਸ ਨਾਲ ਪ੍ਰਚੂਨ ਤੇ ਥੋਕ ਵਪਾਰ ਦੋਵਾਂ ਨੂੰ ਗਤੀ ਮਿਲਦੀ ਹੈ। ਇਸ ਆਰਥਿਕ ਸਰਗਰਮੀ ਦਾ ਪ੍ਰਭਾਵ ਸਿਰਫ਼ ਦੁਕਾਨਦਾਰਾਂ ਤੱਕ ਸੀਮਤ ਨਹੀਂ ਰਹਿੰਦਾ। ਉਤਪਾਦਨ ਇਕਾਈਆਂ, ਸਪਲਾਈ ਚੇਨ, ਆਵਾਜਾਈ, ਪੈਕੇਜਿੰਗ, ਗੋਦਾਮ ਪ੍ਰਬੰਧਨ, ਇਸ਼ਤਿਹਾਰਬਾਜ਼ੀ ਤੇ ਆਨਲਾਈਨ ਵਪਾਰ ਨਾਲ ਜੁੜੇ ਖੇਤਰਾਂ ਵਿਚ ਵੀ ਸਰਗਰਮੀ ਵਧਦੀ ਹੈ। ਇਸ ਤਰ੍ਹਾਂ ਦੀਵਾਲੀ ਇਕ ਵਿਆਪਕ ਆਰਥਿਕ ਚੱਕਰ ਨੂੰ ਗਤੀਸ਼ੀਲ ਕਰਦੀ ਹੈ।
ਵਪਾਰਕ ਪਰੰਪਰਾ ਵਿਚ ਦੀਵਾਲੀ ਦਾ ਇਕ ਹੋਰ ਵਿਸ਼ੇਸ਼ ਸਥਾਨ ਹੈ। ਕਈ ਵਪਾਰੀ ਭਾਈਚਾਰਿਆਂ ਵਿਚ ਇਸ ਮੌਕੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦੇ ਨਾਲ ਨਵੇਂ ਬਹੀ-ਖਾਤੇ ਸ਼ੁਰੂ ਕਰਨ ਦੀ ਰਵਾਇਤ ਹੈ। ਇਹ ਨਵੀਂ ਵਪਾਰਕ ਸ਼ੁਰੂਆਤ, ਆਰਥਿਕ ਅਨੁਸ਼ਾਸਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਪ੍ਰਤੀ ਆਸ ਦਾ ਪ੍ਰਤੀਕ ਮੰਨੀ ਜਾਂਦੀ ਹੈ। ਹਾਲਾਂਕਿ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਵਧਦੀ ਵਿਕਰੀ ਹਮੇਸ਼ਾ ਵਧਦੇ ਮੁਨਾਫ਼ੇ ਦੀ ਗਾਰੰਟੀ ਨਹੀਂ ਹੁੰਦੀ। ਵਧੇਰੇ ਮੁਕਾਬਲਾ, ਭਾਰੀ ਛੋਟਾਂ, ਸਟਾਕ ਦੀ ਲਾਗਤ ਤੇ ਉਧਾਰ ਵਿਕਰੀ ਕਾਰਨ ਛੋਟੇ ਵਪਾਰੀਆਂ ਦੇ ਮੁਨਾਫ਼ੇ ਉੱਤੇ ਦਬਾਅ ਵੀ ਪੈ ਸਕਦਾ ਹੈ। ਇਸ ਲਈ ਤਿਉਹਾਰੀ ਕਾਰੋਬਾਰ ਦੀ ਅਸਲ ਸਫ਼ਲਤਾ ਸਿਰਫ਼ ਵਿਕਰੀ ਦੇ ਅੰਕੜਿਆਂ ਵਿਚ ਨਹੀਂ ਸਗੋਂ ਵਪਾਰਕ ਸੰਤੁਲਨ ਤੇ ਟਿਕਾਊ ਮੁਨਾਫ਼ੇ ’ਚ ਸਮਾਈ ਹੈ।
ਸਥਾਨਕ ਬਾਜ਼ਾਰ, ਸਵਦੇਸ਼ੀ ਉਤਪਾਦ ਤੇ ਆਤਮ-ਨਿਰਭਰਤਾ
ਵਿਸ਼ਵੀਕਰਨ ਅਤੇ ਡਿਜੀਟਲ ਵਪਾਰ ਦੇ ਇਸ ਦੌਰ ਵਿਚ ਦੀਵਾਲੀ ਸਥਾਨਕ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਮੌਕਾ ਵੀ ਬਣ ਸਕਦੀ ਹੈ। ਵੱਡੀਆਂ ਕੰਪਨੀਆਂ ਤੇ ਆਨਲਾਈਨ ਪਲੇਟਫਾਰਮਾਂ ਦੇ ਵਧਦੇ ਪ੍ਰਭਾਵ ਕਾਰਨ ਛੋਟੇ ਦੁਕਾਨਦਾਰਾਂ ਅਤੇ ਰਵਾਇਤੀ ਕਾਰੀਗਰਾਂ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਅਜਿਹੇ ਸਮੇਂ ਵਿਚ ਸਥਾਨਕ ਉਤਪਾਦਕਾਂ ਤੇ ਛੋਟੇ ਕਾਰੋਬਾਰੀਆਂ ਤੋਂ ਖ਼ਰੀਦਦਾਰੀ ਕਰਨਾ ਸਮਾਜਿਕ ਜ਼ਿੰਮੇਵਾਰੀ ਦੇ ਨਾਲ-ਨਾਲ ਆਰਥਿਕ ਸੂਝ-ਬੂਝ ਦਾ ਵੀ ਪ੍ਰਗਟਾਵਾ ਹੈ। ਜਦੋਂ ਅਸੀਂ ਘੁਮਿਆਰ ਤੋਂ ਮਿੱਟੀ ਦੇ ਦੀਵੇ, ਸਥਾਨਕ ਹਲਵਾਈ ਤੋਂ ਮਠਿਆਈਆਂ ਅਤੇ ਛੋਟੇ ਕਾਰੀਗਰਾਂ ਤੋਂ ਸਜਾਵਟੀ ਵਸਤਾਂ ਖ਼ਰੀਦਦੇ ਹਾਂ, ਤਾਂ ਅਸੀਂ ਅਸਲ ਵਿਚ ਉਨ੍ਹਾਂ ਦੀ ਮਿਹਨਤ, ਹੁਨਰ ਅਤੇ ਰੋਜ਼ੀ-ਰੋਟੀ ਨੂੰ ਸਹਾਰਾ ਦੇ ਰਹੇ ਹੁੰਦੇ ਹਾਂ। ਇਸ ਨਾਲ ਸਥਾਨਕ ਪੂੰਜੀ ਦਾ ਸੰਚਾਰ ਸਥਾਨਕ ਅਰਥ-ਵਿਵਸਥਾ ਵਿਚ ਹੁੰਦਾ ਹੈ, ਰਵਾਇਤੀ ਕਿੱਤਿਆਂ ਨੂੰ ਜੀਵਨ ਮਿਲਦਾ ਹੈ ਤੇ ਛੋਟੇ ਉੱਦਮੀਆਂ ਲਈ ਨਵੇਂ ਮੌਕੇ ਪੈਦਾ ਹੁੰਦੇ ਹਨ। ਇਸੇ ਭਾਵਨਾ ਨਾਲ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ ਦਾ ਸੰਦੇਸ਼ ਦੀਵਾਲੀ ਦੇ ਸਮਾਜਿਕ ਤੇ ਆਰਥਿਕ ਸੰਦਰਭ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ।
ਵਾਤਾਵਰਣ ਦੀ ਸੰਭਾਲ ਤੇ ਜ਼ਿੰਮੇਵਾਰ ਤਿਉਹਾਰ ਮਨਾਉਣ ਦੀ ਲੋੜ
ਦੀਵਾਲੀ ਦੀ ਅਸਲ ਰੌਸ਼ਨੀ ਉਦੋਂ ਹੀ ਸਾਰਥਕ ਹੋ ਸਕਦੀ ਹੈ, ਜਦੋਂ ਇਸ ਦੀ ਖ਼ੁਸ਼ੀ ਕਿਸੇ ਹੋਰ ਦੇ ਜੀਵਨ ਵਿਚ ਤਕਲੀਫ਼ ਦਾ ਕਾਰਨ ਨਾ ਬਣੇ। ਪਟਾਕਿਆਂ ਤੋਂ ਪੈਦਾ ਹੋਣ ਸ਼ੋਰ ਪ੍ਰਦੂਸ਼ਣ ਤੇ ਹਵਾ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ ਅਤੇ ਪਸ਼ੂ-ਪੰਛੀਆਂ ਦੀ ਪਰੇਸ਼ਾਨੀ ਗੰਭੀਰ ਚਿੰਤਾ ਦੇ ਵਿਸ਼ੇ ਹਨ। ਇਸ ਤੋਂ ਇਲਾਵਾ ਤਿਉਹਾਰਾਂ ਦੌਰਾਨ ਵਧਦੀ ਫ਼ਜ਼ੂਲਖ਼ਰਚੀ ਅਤੇ ਦਿਖਾਵੇ ਦੀ ਪ੍ਰਵਿਰਤੀ ਵੀ ਸਮਾਜਿਕ ਅਸਮਾਨਤਾ ਨੂੰ ਉਭਾਰਦੀ ਹੈ। ਮਹਿੰਗੇ ਤੋਹਫ਼ਿਆਂ ਅਤੇ ਬੇਲੋੜੀ ਖ਼ਰੀਦਦਾਰੀ ਦੀ ਦੌੜ ਵਿਚ ਕਈ ਪਰਿਵਾਰ ਆਪਣੀ ਆਰਥਿਕ ਸਮਰੱਥਾ ਤੋਂ ਵੱਧ ਖ਼ਰਚ ਕਰ ਬੈਠਦੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਦੀਵਾਲੀ ਨੂੰ ਸਾਦਗੀ, ਸੰਜਮ ਅਤੇ ਵਾਤਾਵਰਣਿਕ ਜ਼ਿੰਮੇਵਾਰੀ ਨਾਲ ਮਨਾਇਆ ਜਾਵੇ। ਮਿੱਟੀ ਦੇ ਦੀਵਿਆਂ ਦੀ ਵਰਤੋਂ, ਸਥਾਨਕ ਉਤਪਾਦਾਂ ਨੂੰ ਤਰਜੀਹ, ਬੇਲੋੜੇ ਪਟਾਕਿਆਂ ਤੋਂ ਪਰਹੇਜ਼ ਅਤੇ ਲੋੜਵੰਦਾਂ ਦੀ ਸਹਾਇਤਾ ਵਰਗੇ ਕਦਮ ਇਸ ਤਿਉਹਾਰ ਦੀ ਮੂਲ ਭਾਵਨਾ ਨੂੰ ਹੋਰ ਅਰਥਪੂਰਨ ਬਣਾ ਸਕਦੇ ਹਨ।
ਸਮਾਜਿਕ ਜ਼ਿੰਮੇਵਾਰੀਆਂ
ਕਿਸੇ ਵੀ ਤਿਉਹਾਰ ਦੀ ਅਸਲ ਮਹਾਨਤਾ ਉਸ ਦੀ ਬਾਹਰੀ ਚਮਕ-ਦਮਕ ਵਿਚ ਨਹੀਂ ਸਗੋਂ ਉਸ ਵੱਲੋਂ ਸਮਾਜ ਨੂੰ ਦਿੱਤੇ ਜਾਣ ਵਾਲੇ ਜੀਵਨ-ਮੁੱਲਾਂ ਵਿਚ ਲੁਕੀ ਹੁੰਦੀ ਹੈ। ਦੀਵਾਲੀ ਸਾਨੂੰ ਸਿਖਾਉਂਦੀ ਹੈ ਕਿ ਰੌਸ਼ਨੀ ਦਾ ਅਰਥ ਕੇਵਲ ਹਨੇਰੇ ਨੂੰ ਦੂਰ ਕਰਨਾ ਨਹੀਂ ਸਗੋਂ ਅਗਿਆਨਤਾ, ਅਨਿਆਂ, ਨਫ਼ਰਤ, ਭੇਦਭਾਵ ਤੇ ਅਸਮਾਨਤਾ ਦੇ ਹਨੇਰੇ ਵਿਰੁੱਧ ਵੀ ਸੰਘਰਸ਼ ਕਰਨਾ ਹੈ। ਅੱਜ ਜਦੋਂ ਸਮਾਜ ਕਈ ਤਰ੍ਹਾਂ ਦੀਆਂ ਆਰਥਿਕ ਅਤੇ ਨੈਤਿਕ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ, ਤਾਂ ਦੀਵਾਲੀ ਦੇ ਸੰਦੇਸ਼ ਨੂੰ ਜੀਵਨ ਦੇ ਅਮਲ ਵਿਚ ਉਤਾਰਨ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਸਾਨੂੰ ਅਜਿਹਾ ਸਮਾਜ ਸਿਰਜਣ ਦਾ ਯਤਨ ਕਰਨਾ ਚਾਹੀਦਾ ਹੈ, ਜਿੱਥੇ ਤਿਉਹਾਰਾਂ ਦੀ ਖ਼ੁਸ਼ੀ ਸਿਰਫ਼ ਸਮਰੱਥ ਵਰਗ ਤੱਕ ਸੀਮਤ ਨਾ ਰਹੇ ਸਗੋਂ ਮਜ਼ਦੂਰ, ਕਿਸਾਨ, ਕਾਰੀਗਰ, ਛੋਟਾ ਵਪਾਰੀ ਅਤੇ ਸਮਾਜ ਦਾ ਹਰ ਕਮਜ਼ੋਰ ਵਰਗ ਵੀ ਇਸ ਖ਼ੁਸ਼ੀ ਦਾ ਹਿੱਸੇਦਾਰ ਬਣੇ।
ਹਰ ਮਨ ’ਚ ਜਗੇ ਮਨੁੱਖਤਾ ਦਾ ਦੀਪ
ਦੀਵਾਲੀ ਸਾਡੀ ਇਤਿਹਾਸਕ ਵਿਰਾਸਤ ਦੀ ਯਾਦ, ਧਾਰਮਿਕ ਆਸਥਾ ਦੀ ਅਭਿਵਿਅਕਤੀ, ਸੱਭਿਆਚਾਰਕ ਪਛਾਣ ਦਾ ਪ੍ਰਤੀਕ ਅਤੇ ਆਰਥਿਕ ਸਰਗਰਮੀ ਦਾ ਮਹੱਤਵਪੂਰਨ ਮੌਕਾ ਹੈ। ਇਸ ਦੀ ਮਹੱਤਤਾ ਨੂੰ ਸਿਰਫ਼ ਇਕ ਦਿਨ ਦੇ ਜਸ਼ਨ ਜਾਂ ਰੌਸ਼ਨੀਆਂ ਦੀ ਸਜਾਵਟ ਤੱਕ ਸੀਮਤ ਕਰਨਾ ਇਸ ਦੇ ਵਿਸ਼ਾਲ ਜੀਵਨ-ਦਰਸ਼ਨ ਨੂੰ ਸੰਕੀਰਨ ਕਰਨਾ ਹੋਵੇਗਾ। ਸਮੇਂ ਦੀ ਮੰਗ ਹੈ ਕਿ ਅਸੀਂ ਦੀਵਾਲੀ ਨੂੰ ਮਨਾਉਣ ਦੇ ਨਾਲ-ਨਾਲ ਇਸ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਵੀ ਅਪਣਾਈਏ। ਸਥਾਨਕ ਵਪਾਰ ਨੂੰ ਉਤਸ਼ਾਹਿਤ ਕਰੀਏ, ਮਿਹਨਤਕਸ਼ ਵਰਗ ਦੀ ਕਦਰ ਕਰੀਏ, ਸਮਾਜਿਕ ਸਾਂਝ ਨੂੰ ਮਜ਼ਬੂਤ ਬਣਾਈਏ, ਵਾਤਾਵਰਣ ਦੀ ਰੱਖਿਆ ਕਰੀਏ ਅਤੇ ਆਪਣੀਆਂ ਖ਼ੁਸ਼ੀਆਂ ਵਿਚ ਲੋੜਵੰਦਾਂ ਨੂੰ ਵੀ ਸ਼ਾਮਲ ਕਰੀਏ। ਦੀਵਿਆਂ ਦੀ ਅਸਲ ਲੋਅ ਉਦੋਂ ਹੀ ਸਾਰਥਕ ਹੋਵੇਗੀ, ਜਦੋਂ ਕਿਸੇ ਗ਼ਰੀਬ ਦੇ ਘਰ ਦਾ ਚੁੱਲ੍ਹਾ ਬਲਦਾ ਰਹੇ, ਕਿਸੇ ਮਿਹਨਤਕਸ਼ ਦੇ ਚਿਹਰੇ ਉੱਤੇ ਮੁਸਕਾਨ ਖਿੜੇ, ਕਿਸੇ ਕਾਰੀਗਰ ਦੀ ਕਲਾ ਨੂੰ ਸਨਮਾਨ ਮਿਲੇ ਅਤੇ ਸਮਾਜ ਦਾ ਕੋਈ ਵੀ ਵਿਅਕਤੀ ਖ਼ੁਸ਼ੀਆਂ ਦੀ ਰੌਸ਼ਨੀ ਤੋਂ ਵਾਂਝਾ ਨਾ ਰਹੇ। ਕਿਉਂਕਿ ਦਿਵਾਲੀ ਦਾ ਅਸਲ ਸੁਹਜ ਦੀਵਿਆਂ ਦੀ ਗਿਣਤੀ ਵਿਚ ਨਹੀਂ ਸਗੋਂ ਉਨ੍ਹਾਂ ਦਿਲਾਂ ਦੀ ਗਿਣਤੀ ’ਚ ਹੈ, ਜਿਨ੍ਹਾਂ ਤੱਕ ਇਸ ਦੀ ਰੌਸ਼ਨੀ ਪਹੁੰਚਦੀ ਹੈ।
- ਨਵਦੀਪ ਸਿੰਘ ਝੁਨੀਰ