ਕਿਤਾਬਾਂ ਪੜ੍ਹ ਕੇ ਗਿਆਨ ਨਹੀਂ, ਹੁਣ ਲੋਕ ਕੱਢ ਰਹੇ ਨੇ ਭੜਾਸ! ਸੋਸ਼ਲ ਮੀਡੀਆ 'ਤੇ ਛਾਇਆ ‘ਹੇਟ ਰੀਡਿੰਗ’ ਦਾ ਨਵਾਂ ਟ੍ਰੈਂਡ
ਹੇਟ ਰੀਡਿੰਗ ਟ੍ਰੈਂਡ ਦਾ ਮਤਲਬ ਹੈ ਕਿਸੇ ਕਿਤਾਬ ਨੂੰ ਦਿਲਚਸਪੀ ਨਾਲ ਪੜ੍ਹਨ ਦੀ ਬਜਾਏ ਇਸ ਲਈ ਪੜ੍ਹਨਾ ਕਿ ਉਸ 'ਚ ਲਿਖੀਆਂ ਗੱਲਾਂ ਦੀ ਬੁਰਾਈ ਕੀਤੀ ਜਾ ਸਕੇ ਅਤੇ ਦੱਸਿਆ ਜਾ ਸਕੇ ਕਿ ਉਹ ਕਿਤਾਬ ਪੜ੍ਹਨ ਦੇ ਲਾਇਕ ਨਹੀਂ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕਿਤਾਬਾਂ ਸਾਡੇ ਗਿਆਨ, ਸੋਚਣ-ਸਮਝਣ ਦੀ ਸਮਰੱਥਾ ਅਤੇ ਲਿਖਣ ਦੇ ਹੁਨਰ ਨੂੰ ਵਧਾਉਂਦੀਆਂ ਹਨ।
Publish Date: Mon, 26 Oct 2026 03:58 PM (IST)
Updated Date: Mon, 26 Oct 2026 04:00 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬਚਪਨ ਤੋਂ ਹੀ ਮਾਪੇ ਅਤੇ ਅਧਿਆਪਕ ਕਹਿੰਦੇ ਆਏ ਹਨ ਕਿ ਕਿਤਾਬਾਂ ਜ਼ਿੰਦਗੀ ਬਣਾਉਂਦੀਆਂ ਹਨ ਅਤੇ ਇਨ੍ਹਾਂ ਨੂੰ ਰੋਜ਼ ਪੜ੍ਹਨਾ ਚਾਹੀਦਾ ਹੈ। ਪਰ ਹਾਲ ਹੀ 'ਚ ਪੜ੍ਹਨ ਦਾ ਇਹ ਰੁਝਾਨ ਨਫ਼ਰਤ ਨਾਲ ਜੁੜ ਗਿਆ ਹੈ। ਸੋਚ ਕੇ ਦੇਖੋ ਕਿ ਤੁਸੀਂ ਕੋਈ ਕਿਤਾਬ ਉਸ 'ਚ ਲਿਖੀਆਂ ਗੱਲਾਂ ਜਾਣਨ ਦੀ ਦਿਲਚਸਪੀ ਨਾਲ ਨਹੀਂ, ਸਗੋਂ ਉਸ ਦੀ ਬੁਰਾਈ ਕਰਨ ਲਈ ਪੜ੍ਹ ਰਹੇ ਹੋ। ਇਹ ਗੱਲ ਭਾਵੇਂ ਅਜੀਬ ਲੱਗ ਸਕਦੀ ਹੈ, ਪਰ ਅੱਜਕੱਲ੍ਹ ਦੀ ਨਵੀਂ ਪੀੜ੍ਹੀ 'ਚ ਇਹ ਇੱਕ ਟ੍ਰੈਂਡ ਬਣ ਗਿਆ ਹੈ।
ਕੀ ਹੈ ‘ਹੇਟ ਰੀਡਿੰਗ’ ਟ੍ਰੈਂਡ?
ਹੇਟ ਰੀਡਿੰਗ ਟ੍ਰੈਂਡ ਦਾ ਮਤਲਬ ਹੈ ਕਿਸੇ ਕਿਤਾਬ ਨੂੰ ਦਿਲਚਸਪੀ ਨਾਲ ਪੜ੍ਹਨ ਦੀ ਬਜਾਏ ਇਸ ਲਈ ਪੜ੍ਹਨਾ ਕਿ ਉਸ 'ਚ ਲਿਖੀਆਂ ਗੱਲਾਂ ਦੀ ਬੁਰਾਈ ਕੀਤੀ ਜਾ ਸਕੇ ਅਤੇ ਦੱਸਿਆ ਜਾ ਸਕੇ ਕਿ ਉਹ ਕਿਤਾਬ ਪੜ੍ਹਨ ਦੇ ਲਾਇਕ ਨਹੀਂ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕਿਤਾਬਾਂ ਸਾਡੇ ਗਿਆਨ, ਸੋਚਣ-ਸਮਝਣ ਦੀ ਸਮਰੱਥਾ ਅਤੇ ਲਿਖਣ ਦੇ ਹੁਨਰ ਨੂੰ ਵਧਾਉਂਦੀਆਂ ਹਨ।
ਮਾੜੀਆਂ ਕਿਤਾਬਾਂ ਪੜ੍ਹਨਾ ਬੋਰੀਅਤ ਦੂਰ ਕਰਨ ਦਾ ਤਰੀਕਾ
ਕੁਝ ਲੋਕਾਂ ਲਈ ਕਿਤਾਬਾਂ ਪੜ੍ਹਨਾ ਵਿਹਲੇ ਸਮੇਂ 'ਚ ਮਨੋਰੰਜਨ ਦਾ ਸਾਧਨ ਵੀ ਹੈ। ਪਰ ਹਾਲ ਹੀ ਦਾ ਹੇਟ ਰੀਡਿੰਗ ਟ੍ਰੈਂਡ ਦੱਸਦਾ ਹੈ ਕਿ ਪਾਠਕ ਜਾਣਬੁੱਝ ਕੇ ਅਜਿਹੀਆਂ ਕਿਤਾਬਾਂ ਲੱਭ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਚਿੜ੍ਹ ਹੁੰਦੀ ਹੈ। ਇਹ ਲੋਕਾਂ ਲਈ ਆਪਣੀ ਬੋਰੀਅਤ ਦੂਰ ਕਰਨ ਦਾ ਇੱਕ ਬੇਹੱਦ ਅਨੋਖਾ ਤਰੀਕਾ ਬਣ ਗਿਆ ਹੈ।
ਇਹ ਕੁਝ ਹੱਦ ਤੱਕ ਮਸ਼ਹੂਰ ਲੇਖਿਕਾ ਵਰਜੀਨੀਆ ਵੁਲਫ਼ ਵੱਲੋਂ ਆਪਣੀ ਸਹੇਲੀ ਨੂੰ ਲਿਖੀ ਇੱਕ ਚਿੱਠੀ ਨਾਲ ਮੇਲ ਖਾਂਦਾ ਹੈ। ਇਸ ਚਿੱਠੀ 'ਚ ਉਹ ਮਸ਼ਹੂਰ ਕਿਤਾਬ ‘ਯੂਲਿਸਿਸ’ ਦੇ 100 ਤੋਂ 200 ਪੰਨੇ ਪੜ੍ਹਨ ਤੋਂ ਬਾਅਦ ਉਸ ਨੂੰ ਬਕਵਾਸ ਕਹਿੰਦੀ ਨਜ਼ਰ ਆਈ ਸੀ।
‘ਰੇਜ-ਬੇਟ ਲਿਟਰੇਚਰ’ ਦਾ ਰੁਝਾਨ ਵੀ ਵਧਿਆ
ਜਿਸ ਤਰ੍ਹਾਂ ਲੋਕ ਕਿਤਾਬਾਂ ਪੜ੍ਹਨ ਨੂੰ ਆਪਣੀ ਭੜਾਸ ਕੱਢਣ ਦਾ ਸਾਧਨ ਬਣਾ ਰਹੇ ਹਨ, ਉਸੇ ਤਰ੍ਹਾਂ ਸਾਹਿਤ 'ਚ ਵੀ ਅਜਿਹਾ ਹੀ ਰੁਝਾਨ ਦੇਖਣ ਨੂੰ ਮਿਲਿਆ ਹੈ। ਹੁਣ ਲੇਖਕ ਜਾਣਬੁੱਝ ਕੇ ਅਜਿਹੀਆਂ ਕਿਤਾਬਾਂ ਲਿਖ ਰਹੇ ਹਨ, ਜਿਨ੍ਹਾਂ ਰਾਹੀਂ ਲੋਕਾਂ 'ਚ ਵਿਵਾਦ ਅਤੇ ਗੁੱਸਾ ਭੜਕਾਇਆ ਜਾ ਸਕੇ।
ਇਸ ਦੀ ਇੱਕ ਵੱਡੀ ਉਦਾਹਰਨ ਇਸੇ ਸਾਲ ਅਪ੍ਰੈਲ 2026 'ਚ ਪ੍ਰਕਾਸ਼ਿਤ ਕੈਰੋ ਕਲੇਅਰ ਬਰਕ ਦੇ ਨਾਵਲ ‘ਯੈਸਟਰਇਅਰ’ ਨੂੰ ਮੰਨਿਆ ਜਾ ਸਕਦਾ ਹੈ। ਇਸ 'ਚ ਟ੍ਰੈਡਵਾਈਫ਼ (ਰਵਾਇਤੀ ਘਰੇਲੂ ਪਤਨੀ ਦੀ ਭੂਮਿਕਾ ਨੂੰ ਤਰਜੀਹ ਦੇਣ ਵਾਲੀਆਂ ਔਰਤਾਂ) 'ਤੇ ਤਿੱਖਾ ਵਿਅੰਗ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਇਸ ਨਾਵਲ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਆਲੋਚਨਾ ਵੀ ਹੋਈ।
ਐਲਗੋਰਿਦਮ ਵੀ ਕਰ ਰਿਹਾ ਹੈ ਇਸ ਟ੍ਰੈਂਡ ਦਾ ਸਮਰਥਨ
ਹੇਟ ਰੀਡਿੰਗ ਦਾ ਤੀਜਾ ਅਤੇ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਸੋਸ਼ਲ ਮੀਡੀਆ ਵੀ ਲੋਕਾਂ ਦੇ ਇਸ ਰੁਝਾਨ ਨੂੰ ਸਮਝ ਕੇ ਇਸ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਅਜਿਹੇ 'ਚ ਡਿਜੀਟਲ ਪਲੇਟਫਾਰਮਾਂ 'ਤੇ ਬਹਿਸ ਦਾ ਹਿੱਸਾ ਬਣਨ ਲਈ ਵਿਵਾਦਤ ਕਿਤਾਬਾਂ ਹੀ ਖਰੀਦੀਆਂ ਅਤੇ ਪੜ੍ਹੀਆਂ ਜਾ ਰਹੀਆਂ ਹਨ।