- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਮੰਤਰੀ ਦੇ ਰੂਪ 'ਚ ਉਨ੍ਹਾਂ ਦੇਸ਼ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦਾ ਤੋਹਫ਼ਾ ਦਿੱਤਾ। ਉਹ ਭਾਰਤ ਲਈ ਅਜਿਹਾ ਹਸਪਤਾਲ ਚਾਹੁੰਦੇ ਸਨ, ਜਿੱਥੇ ਦੇਸ਼ ਦੇ ਗਰੀਬਾਂ ਨੂੰ ਮੁਫ਼ਤ ਤੇ ਬਿਹਤਰੀਨ ਇਲਾਜ ਮਿਲ ਸਕੇ। ਨਾਲ ਹੀ, ਦੇਸ਼ ਦੇ ਡਾਕਟਰਾਂ ਨੂੰ ਉੱਚ ਪੱਧਰ ਦੀ ਸਿੱਖਿਆ ਮਿਲ ਸਕੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਜਾਣਦੇ ਹੋ ਭਾਰਤ ਦਾ ਪਹਿਲਾ ਸਿਹਤ ਮੰਤਰੀ ਕੌਣ ਸੀ? ਜਾਂ ਸਭ ਤੋਂ ਪਹਿਲਾ AIIMS ਕਿਸਨੇ ਬਣਵਾਇਆ ਸੀ? ਇਨ੍ਹਾਂ ਸਵਾਲਾਂ ਦਾ ਇੱਕੋ ਜਵਾਬ ਹੈ, ਰਾਜਕੁਮਾਰੀ ਅੰਮ੍ਰਿਤ ਕੌਰ। ਜੀ ਹਾਂ, ਸਾਡੇ ਦੇਸ਼ ਦੀ ਪਹਿਲੀ ਸਿਹਤ ਮੰਤਰੀ ਇਕ ਔਰਤ ਸੀ ਤੇ ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਸਿਰਫ਼ ਇੱਥੋਂ ਤਕ ਹੀ ਸੀਮਤ ਨਹੀਂ ਹੈ।
ਰਾਜਕੁਮਾਰੀ ਅੰਮ੍ਰਿਤ ਕੌਰ ਉਹ ਨਾਂ ਹੈ, ਜੋ ਬੇਸ਼ੱਕ ਇਤਿਹਾਸ ਦੀਆਂ ਕਿਤਾਬਾਂ 'ਚ ਸਾਨੂੰ ਘੱਟ ਸੁਣਨ ਨੂੰ ਮਿਲਦਾ ਹੈ, ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਇੱਕ ਰਾਜਘਰਾਣੇ 'ਚ ਪੈਦਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਾਰੇ ਆਰਾਮ ਤੇ ਸ਼ਾਨੋ-ਸ਼ੌਕਤ ਛੱਡ ਕੇ ਆਪਣਾ ਪੂਰਾ ਜੀਵਨ ਦੇਸ਼ ਸੇਵਾ 'ਚ ਝੋਕ ਦਿੱਤਾ। ਬਿਹਤਰ ਸਿਹਤ ਵਿਵਸਥਾ ਦੀ ਨੀਂਹ ਰੱਖਣ ਤੇ ਔਰਤਾਂ ਦੇ ਅਧਿਕਾਰਾਂ ਦੀ ਲੜਾਈ 'ਚ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲਗਾ ਦਿੱਤਾ। ਆਓ ਅੱਜ ਜਾਣਦੇ ਹਾਂ ਉਨ੍ਹਾਂ ਦੀ ਕਹਾਣੀ।
ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ 2 ਫਰਵਰੀ 1889 'ਚ ਲਖਨਊ ਵਿਖੇ ਹੋਇਆ ਸੀ ਅਤੇ ਉਹ ਕਪੂਰਥਲਾ ਦੇ ਸ਼ਾਹੀ ਪਰਿਵਾਰ ਨਾਲ ਤਾਅੱਲੁਕ ਰੱਖਦੇ ਸਨ। ਉਨ੍ਹਾਂ ਆਪਣੀ ਸ਼ੁਰੂਆਤੀ ਪੜ੍ਹਾਈ ਇੰਗਲੈਂਡ ਦੇ ਸ਼ੇਰਬੋਰਨ ਸਕੂਲ ਫਾਰ ਗਰਲਜ਼ 'ਚ ਕੀਤੀ ਅਤੇ ਬਾਅਦ 'ਚ ਆਕਸਫੋਰਡ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਕੀਤੀ।
ਜਦੋਂ ਉਹ ਪੜ੍ਹਾਈ ਪੂਰੀ ਕਰ ਕੇ ਭਾਰਤ ਪਰਤੇ ਤਾਂ ਦੇਸ਼ ਵਿਚ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਸਿਆਸਤ 'ਚ ਕਦਮ ਰੱਖਿਆ, ਪਰ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਮੋੜ ਉਦੋਂ ਆਇਆ, ਜਦੋਂ ਉਨ੍ਹਾਂ ਦੀ ਮੁਲਾਕਾਤ ਮਹਾਤਮਾ ਗਾਂਧੀ ਨਾਲ ਹੋਈ।
1930 ਦੇ ਨਮਕ ਸਤਿਆਗ੍ਰਹਿ ਦੌਰਾਨ ਰਾਜਕੁਮਾਰੀ ਅੰਮ੍ਰਿਤ ਕੌਰ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਤੇ ਉਹ ਉਸ ਅੰਦੋਲਨ ਨਾਲ ਜੁੜ ਗਏ। ਰਾਜਕੁਮਾਰੀ ਗਾਂਧੀ ਜੀ ਦੇ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਰਾਜਸੀ ਪਹਿਰਾਵਾ ਛੱਡ ਕੇ ਖਾਦੀ ਅਪਣਾ ਲਿਆ ਤੇ ਰਾਜਘਰਾਣੇ ਦੀ ਸ਼ਾਨ ਛੱਡ ਕੇ ਸਾਦਗੀ ਨਾਲ ਜਿਊਣ ਲੱਗੀ।
ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਉਹ ਇੰਨੇ ਪ੍ਰਭਾਵਿਤ ਹੋਈਂ ਕਿ ਲਗਪਗ 16 ਸਾਲਾਂ ਤਕ ਮਹਾਤਮਾ ਗਾਂਧੀ ਦੇ ਸਕੱਤਰ ਰਹੇ। ਇਸ ਦੌਰਾਨ ਉਨ੍ਹਾਂ ਦੇ ਪੱਤਰਾਂ ਦਾ ਜਵਾਬ ਦੇਣ ਤੋਂ ਲੈ ਕੇ ਅੰਦੋਲਨਾਂ ਦੀ ਪਲਾਨਿੰਗ ਕਰਨ ਤਕ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਭਾਰਤ ਛੱਡੋ ਅੰਦੋਲਨ ਤੋਂ ਬਾਅਦ ਉਨ੍ਹਾਂ ਨੂੰ 3 ਸਾਲ ਜੇਲ੍ਹ ਵਿਚ ਵੀ ਰਹਿਣਾ ਪਿਆ, ਪਰ ਦੇਸ਼ ਦੀ ਸੁਤੰਤਰਤਾ ਲਈ ਉਨ੍ਹਾਂ ਦਾ ਜਨੂੰਨ ਘੱਟ ਨਹੀਂ ਹੋਇਆ।
15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਸਾਹਮਣੇ ਭੁੱਖਮਰੀ, ਗਰੀਬੀ ਤੇ ਮਲੇਰੀਆ, ਟੀਬੀ ਵਰਗੀਆਂ ਮਹਾਮਾਰੀਆਂ ਵਰਗੀਆਂ ਗੰਭੀਰ ਚੁਣੌਤੀਆਂ ਸਨ। ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਨ੍ਹਾਂ ਦੇ ਕੰਮ ਤੋਂ ਕਾਫ਼ੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਸਿਹਤ ਮੰਤਰੀ ਦਾ ਅਹੁਦਾ ਸੌਂਪਿਆ। ਇਸ ਅਹੁਦੇ 'ਤੇ ਉਹ 10 ਸਾਲਾਂ ਤਕ ਰਹੇ।
ਸਿਹਤ ਮੰਤਰੀ ਦੇ ਰੂਪ 'ਚ ਉਨ੍ਹਾਂ ਦੇਸ਼ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦਾ ਤੋਹਫ਼ਾ ਦਿੱਤਾ। ਉਹ ਭਾਰਤ ਲਈ ਅਜਿਹਾ ਹਸਪਤਾਲ ਚਾਹੁੰਦੇ ਸਨ, ਜਿੱਥੇ ਦੇਸ਼ ਦੇ ਗਰੀਬਾਂ ਨੂੰ ਮੁਫ਼ਤ ਤੇ ਬਿਹਤਰੀਨ ਇਲਾਜ ਮਿਲ ਸਕੇ। ਨਾਲ ਹੀ, ਦੇਸ਼ ਦੇ ਡਾਕਟਰਾਂ ਨੂੰ ਉੱਚ ਪੱਧਰ ਦੀ ਸਿੱਖਿਆ ਮਿਲ ਸਕੇ।
ਜਦੋਂ ਸਰਕਾਰ ਕੋਲ ਏਮਜ਼ ਵਰਗਾ ਅਦਾਰਾ ਬਣਾਉਣ ਲਈ ਲੋੜੀਂਦਾ ਬਜਟ ਨਹੀਂ ਸੀ ਤਾਂ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਗਲੋਬਲ ਪੱਧਰ 'ਤੇ ਫੰਡ ਜੁਟਾਉਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਕਈ ਦੇਸ਼ਾਂ ਤੇ ਕੌਮਾਂਤਰੀ ਫਾਊਂਡੇਸ਼ਨਾਂ ਤੋਂ ਮਦਦ ਮੰਗੀ। ਇੱਥੋਂ ਤੱਕ ਕਿ ਉਨ੍ਹਾਂ ਸ਼ਿਮਲਾ 'ਚ ਸਥਿਤ ਆਪਣਾ ਜੱਦੀ ਘਰ 'ਮੈਨਰਵਿਲ' ਵੀ ਏਮਜ਼ ਦੇ ਡਾਕਟਰਾਂ ਤੇ ਨਰਸਾਂ ਲਈ ਦਾਨ ਕਰ ਦਿੱਤਾ। ਸਾਲ 1956 'ਚ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ ਨਵੀਂ ਦਿੱਲੀ 'ਚ ਏਮਜ਼ ਦੀ ਨੀਂਹ ਪਈ।
ਰਾਜਕੁਮਾਰੀ ਅੰਮ੍ਰਿਤ ਕੌਰ ਨੇ ਸਿਹਤ ਦੇ ਖੇਤਰ ਦੇ ਨਾਲ-ਨਾਲ ਔਰਤਾਂ ਦੇ ਅਧਿਕਾਰ ਤੇ ਸਮਾਜਿਕ ਸੁਧਾਰਾਂ ਲਈ ਵੀ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਔਰਤਾਂ ਨੂੰ ਸਮਾਨ ਅਧਿਕਾਰ ਦਿਵਾਉਣ ਅਤੇ ਬਾਲ ਵਿਆਹ ਨੂੰ ਰੋਕਣ ਲਈ ਆਵਾਜ਼ ਉਠਾਈ। ਉਨ੍ਹਾਂ ਆਲ ਇੰਡੀਆ ਵਿਮੈਂਸ ਕਾਨਫਰੰਸ (AIWC) ਦੀ ਸਥਾਪਨਾ 'ਚ ਵੀ ਅਹਿਮ ਭੂਮਿਕਾ ਨਿਭਾਈ।
ਸਾਲ 1964 'ਚ 6 ਫਰਵਰੀ ਨੂੰ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਕਦੇ ਵਿਆਹ ਨਹੀਂ ਕੀਤਾ ਅਤੇ ਆਪਣਾ ਪੂਰਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ।