ਭਾਰਤੀ ਵਿਆਹਾਂ ਵਿਚ ਅੱਜ ਵੀ ਬਾਹਰੀ ਰੰਗ-ਰੂਪ ਬਾਰੇ ਵੱਡੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਕਈ ਮਾਮਲਿਆਂ ਵਿਚ ਰਿਸ਼ਤੇ ਤੈਅ ਕਰਦੇ ਸਮੇਂ ਵੀ ਸਰੀਰ ਅਤੇ ਦਿੱਖ ਨੂੰ ਮਹੱਤਵ ਦਿੱਤਾ ਜਾਂਦਾ ਹੈ। ਮੁੰਬਈ ਦੀ 26 ਸਾਲਾ ਅਦਿਤੀ ਨੇ ਵਿਆਹ ਤੋਂ ਪਹਿਲਾਂ 10 ਕਿੱਲੋ ਵਜ਼ਨ ਘਟਾਇਆ। ਉਹ ਕਹਿੰਦੀ ਹੈ ਕਿ ਜੇਕਰ ਉਹ ਆਪਣੇ ਆਪ ਤੋਂ ਖੁਸ਼ ਨਹੀਂ ਹੁੰਦੀ ਤਾਂ ਵਿਆਹ ਵਾਲੇ ਦਿਨ ਆਤਮ-ਵਿਸ਼ਵਾਸ ਨਾਲ ਭਰੀ ਨਹੀਂ ਹੋ ਸਕਦੀ ਸੀ।

ਹੈਦਰਾਬਾਦ (ਰਾਇਟਰ) : ਭਾਰਤ ਵਿਚ ਵਿਆਹ ਹੁਣ ਸਿਰਫ਼ ਰੀਤੀ-ਰਿਵਾਜਾਂ ਤੇ ਪਰੰਪਰਾਵਾਂ ਤੱਕ ਸੀਮਤ ਨਹੀਂ ਰਿਹਾ ਸਗੋਂ ਪਰਫੈਕਟ ਦਿਖਾਈ ਦੇਣ ਦੀ ਦੌੜ ਦਾ ਮੈਦਾਨ ਬਣ ਚੁੱਕਾ ਹੈ। ਇਸ ਬਦਲਦੇ ਦੌਰ ’ਚ ਇਕ ਨਵਾਂ ਟ੍ਰੈਂਡ ਤੇਜ਼ੀ ਨਾਲ ਉੱਭਰਿਆ ਹੈ ਤੇ ਉਹ ਹੈ ਮੌਨਜਾਰੋ ਬ੍ਰਾਈਡਸ। ਦਰਅਸਲ ਹੁਣ ਬਣਨ ਵਾਲੀਆਂ ਲਾੜੀਆਂ ਅਤੇ ਕੁਝ ਲਾੜੇ ਵੀ ਵਿਆਹ ਤੋਂ ਪਹਿਲਾਂ ਵਜ਼ਨ ਘਟਾਉਣ ਲਈ ਜਿਮ ਜਾਂ ਡਾਈਟ ਦੀ ਬਜਾਏ ਇੰਜੈਕਸ਼ਨਾਂ ਦਾ ਸਹਾਰਾ ਲੈ ਰਹੇ ਹਨ। ਦਿੱਲੀ, ਮੁੰਬਈ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਦੇ ਵੈੱਲਨੈੱਸ ਕਲੀਨਿਕ ਪ੍ਰੀ-ਵੈਡਿੰਗ ਟ੍ਰਾਂਸਫਾਰਮੇਸ਼ਨ ਪੈਕੇਜ ਵਿਚ ਮੌਨਜਾਰੋ ਅਤੇ ਵੇਗੋਵੀ ਵਰਗੇ ਇੰਜੈਕਸ਼ਨ ਸ਼ਾਮਲ ਕਰ ਰਹੇ ਹਨ ਜਿਨ੍ਹਾਂ ਵਿਚ ਨਿਊਟ੍ਰੀਸ਼ਨ ਗਾਇਡੈਂਸ ਤੇ ਹਲਕੇ ਵਰਕਆਊਟ ਵੀ ਸ਼ਾਮਲ ਕੀਤੇ ਜਾ ਰਹੇ ਹਨ।
ਡਾਕਟਰਾਂ ਮੁਤਾਬਕ, ਪਿਛਲੇ ਕੁਝ ਮਹੀਨਿਆਂ ਵਿਚ ਵਜ਼ਨ ਘਟਾਉਣ ਵਾਲੇ ਇੰਜੈਕਸ਼ਨਾਂ ਬਾਰੇ ਹੋਣ ਵਾਲੀ ਪੁੱਛਗਿੱਛ ਵਿਚ ਵੱਡਾ ਬਦਲਾਅ ਦੇਖਿਆ ਗਿਆ ਹੈ। ਲਗਪਗ 20 ਫ਼ੀਸਦੀ ਲੋਕ ਅਜਿਹੇ ਹਨ ਜਿਹੜੇ ਸਿੱਧਾ ਦੱਸਦੇ ਹਨ ਕਿ ਉਨ੍ਹਾਂ ਦੀ ਵਿਆਹ ਕਦੋਂ ਹੈ ਅਤੇ ਉਨ੍ਹਾਂ ਨੇ ਕਿੰਨੇ ਸਮੇਂ ’ਚ ਵਜ਼ਨ ਘੱਟ ਕਰਨਾ ਹੈ। ਖਾਸ ਗੱਲ ਇਹ ਹੈ ਕਿ ਐਲੀ ਲਿਲੀ ਦੀ ਦਵਾਈ ਮੌਨਜਾਰੋ ਦੀ ਮੰਗ ਸਭ ਤੋਂ ਵੱਧ ਹੈ, ਜਦਕਿ ਨੋਵੋ ਨਾਰਡਿਸਕ ਦੀ ਵੇਗੋਵੀ ਵੀ ਤੇਜ਼ੀ ਨਾਲ ਹਰਮਨ ਪਿਆਰੀ ਹੋ ਰਹੀ ਹੈ।
ਭਾਰਤ ਵਿਚ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਬਾਜ਼ਾਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਨੁਮਾਨ ਹੈ ਕਿ 2030 ਤੱਕ ਇਹ ਲਗਪਗ 86 ਕਰੋੜ ਤੱਕ ਪਹੁੰਚ ਜਾਵੇਗਾ। ਮੌਨਜਾਰੋ ਦੀ ਵਿਕਰੀ ਲਾਂਚ ਦੇ ਕੁਝ ਹੀ ਮਹੀਨਿਆਂ ਵਿਚ ਦੁੱਗਣੀ ਹੋ ਗਈ ਜਿਸ ਨਾਲ ਇਹ ਦੇਸ਼ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਦਵਾਈਆਂ ਵਿਚ ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਹੀ ਸਸਤੇ ਜੈਨਰਿਕ ਬਦਲ ਵੀ ਬਾਜ਼ਾਰ ਵਿਚ ਆਉਣ ਲੱਗੇ ਹਨ ਜਿਸ ਨਾਲ ਇਨ੍ਹਾਂ ਦਵਾਈਆਂ ਤੱਕ ਪਹੁੰਚ ਹੋਰ ਆਸਾਨ ਹੋ ਗਈ ਹੈ।
ਇਨ੍ਹਾਂ ਇੰਜੈਕਸ਼ਨਾਂ ਦੀ ਕੀਮਤ ਵੀ ਘੱਟ ਨਹੀਂ ਹੈ। ਮੌਨਜਾਰੋ ਦੀ ਮਹੀਨਾਵਾਰ ਲਾਗਤ ਲਗਪਗ 13,125 ਰੁਪਏ ਤੋਂ ਸ਼ੁਰੂ ਹੋ ਕੇ 25,781 ਰੁਪਏ ਤੱਕ ਜਾਂਦੀ ਹੈ ਜਦਕਿ ਵੇਗੋਵੀ 5,660 ਰੁਪਏ ਤੋਂ 16,400 ਰੁਪਏ ਪ੍ਰਤੀ ਮਹੀਨਾ ਤੱਕ ਮਿਲਦੀ ਹੈ। ਇਸ ਦੇ ਬਾਵਜੂਦ ਲੋਕ ਇਸ ਨੂੰ ਵਿਆਹ ਦੇ ਖਰਚ ਦਾ ਹਿੱਸਾ ਸਮਝ ਕੇ ਅਪਣਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਘੱਟ ਸਮੇਂ ਵਿਚ ਪਰਫੈਕਸ ਲੁਕ ਚਾਹੀਦੀ ਹੈ।
ਜਿਉਂ ਹੀ ਇਨ੍ਹਾਂ ਦਵਾਈਆਂ ਦੇ ਸਸਤੇ ਐਡੀਸ਼ਨ ਬਾਜ਼ਾਰ ਵਿਚ ਆਏ, ਭਾਰਤ ਦੇ ਡਰੱਗ ਰੈਗੂਲੇਟਰ ਨੇ ਇਨ੍ਹਾਂ ਦੇ ਗਲਤ ਇਸਤੇਮਾਲ ਬਾਰੇ ਚਿੰਤਾ ਪ੍ਰਗਟਾਈ ਹੈ। ਬਿਨਾਂ ਡਾਕਟਰੀ ਜ਼ਰੂਰਤ ਦੇ ਲੋਕ ਸਿਰਫ ਵਿਆਹ ਵਿਚ ਚੰਗਾ ਦਿਖਾਈ ਦੇਣ ਲਈ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ ਅਤੇ ਵਿਆਹ ਤੋਂ ਬਾਅਦ ਇਨ੍ਹਾਂ ਨੂੰ ਛੱਡ ਵੀ ਰਹੇ ਹਨ ਜਿਸ ਨਾਲ ਸਿਹਤ ’ਤੇ ਲੰਬੇ ਸਮੇਂ ਲਈ ਅਸਰ ਪੈ ਸਕਦਾ ਹੈ।
ਇਹ ਰੁਝਾਨ ਇਕ ਵੱਡੇ ਸਵਾਲ ਨੂੰ ਜਨਮ ਦਿੰਦਾ ਹੈ ਕਿ ਕੀ ਇਹ ਆਤਮ-ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਹੈ ਜਾਂ ਸਮਾਜ ਦਾ ਦਬਾਅ ਜੋ ਨੌਜਵਾਨਾਂ ਨੂੰ ਪਰਫੈਕਟ ਬਾਡੀ ਵੱਲ ਧੱਕ ਰਿਹਾ ਹੈ? ਅੱਜ ਦੀ ਪੀੜ੍ਹੀ ਤੇਜ਼ੀ ਨਾਲ ਨਤੀਜੇ ਚਾਹੁੰਦੀ ਹੈ ਪਰ ਕੀ ਇਹ ਸ਼ਾਰਟਕੱਟ ਅਸਲ ਵਿਚ ਸਹੀ ਰਸਤਾ ਹੈ? ਵਿਆਹ ਜੀਵਨ ਦਾ ਸਭ ਤੋਂ ਖਾਸ ਦਿਨ ਹੁੰਦਾ ਹੈ, ਪਰ ਕੀ ਉਸ ਇਕ ਦਿਨ ਲਈ ਸਰੀਰ ਨਾਲ ਇਸ ਤਰ੍ਹਾਂ ਦਾ ਪ੍ਰਯੋਗ ਜ਼ਰੂਰੀ ਹੈ ਜਾਂ ਇਹ ਸਿਰਫ਼ ਦਿਖਾਵੇ ਦੀ ਦੌੜ ਬਣਦੀ ਜਾ ਰਹੀ ਹੈ।
ਸਮਾਜ ਦਾ ਦਬਾਅ, ਕਿਹੋ ਜਿਹੀ ਦਿਸੇਗੀ ਲਾੜੀ
ਭਾਰਤੀ ਵਿਆਹਾਂ ਵਿਚ ਅੱਜ ਵੀ ਬਾਹਰੀ ਰੰਗ-ਰੂਪ ਬਾਰੇ ਵੱਡੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਕਈ ਮਾਮਲਿਆਂ ਵਿਚ ਰਿਸ਼ਤੇ ਤੈਅ ਕਰਦੇ ਸਮੇਂ ਵੀ ਸਰੀਰ ਅਤੇ ਦਿੱਖ ਨੂੰ ਮਹੱਤਵ ਦਿੱਤਾ ਜਾਂਦਾ ਹੈ। ਮੁੰਬਈ ਦੀ 26 ਸਾਲਾ ਅਦਿਤੀ ਨੇ ਵਿਆਹ ਤੋਂ ਪਹਿਲਾਂ 10 ਕਿੱਲੋ ਵਜ਼ਨ ਘਟਾਇਆ। ਉਹ ਕਹਿੰਦੀ ਹੈ ਕਿ ਜੇਕਰ ਉਹ ਆਪਣੇ ਆਪ ਤੋਂ ਖੁਸ਼ ਨਹੀਂ ਹੁੰਦੀ ਤਾਂ ਵਿਆਹ ਵਾਲੇ ਦਿਨ ਆਤਮ-ਵਿਸ਼ਵਾਸ ਨਾਲ ਭਰੀ ਨਹੀਂ ਹੋ ਸਕਦੀ ਸੀ। ਦੂਜੇ ਪਾਸੇ, ਬੈਂਗਲੁਰੂ ਦੀ ਪ੍ਰੀਆ ਨੂੰ ਕਈ ਵਾਰ ਸਿਰਫ ਵਜ਼ਨ ਕਾਰਨ ਰਿਜੈਕਟ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੇ ਦਵਾਈਆਂ ਦਾ ਸਹਾਰਾ ਲਿਆ ਅਤੇ 12 ਕਿੱਲੋ ਵਜ਼ਨ ਘਟਾਇਆ ਪਰ ਉਸ ਦੇ ਲਈ ਰਿਸ਼ਤੇ ਦੀ ਤਲਾਸ਼ ਹੁਣ ਵੀ ਜਾਰੀ ਹੈ।
ਡਾਕਟਰਾਂ ਦੀ ਚਿਤਾਵਨੀ, ਇਲਾਜ ਨੂੰ ਫੈਸ਼ਨ ਨਾ ਬਣਾਓ
ਡਾਕਟਰਾਂ ਦਾ ਸਪੱਸ਼ਟ ਤੌਰ ’ਤੇ ਕਹਿਣਾ ਹੈ ਕਿ ਇਹ ਦਵਾਈਆਂ ਸਿਰਫ਼ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਮੋਟਾਪੇ ਜਾਂ ਇਸ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਜਾਂ ਸਲੀਪ ਐਪਨੀਆ ਤੋਂ ਪੀੜਤ ਹਨ। ਐਲੀ ਲਿਲੀ ਅਤੇ ਨੋਵੋ ਨਾਰਡਿਸਕ ਦੋਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਦੀ ਵਰਤੋਂ ਸਿਰਫ ਮਾਹਰ ਡਾਕਟਰ ਦੀ ਨਿਗਰਾਨੀ ਵਿਚ ਹੀ ਹੋਣੀ ਚਾਹੀਦੀ ਹੈ। ਬਿਨਾਂ ਜ਼ਰੂਰਤ ਜਾਂ ਸਿਰਫ ਕਾਸਮੈਟਿਕ ਕਾਰਨਾਂ ਲਈ ਇਨ੍ਹਾਂ ਦੀ ਵਰਤੋਂ ਖ਼ਤਰਨਾਕ ਹੋ ਸਕਦੀ ਹੈ। ‘ਦਿ ਲੈਂਸੇਟ’ ਮੁਤਾਬਕ, 2050 ਤੱਕ ਭਾਰਤ ਵਿਚ 44 ਕਰੋੜ ਤੋਂ ਵੱਧ ਲੋਕ ਓਵਰਵੇਟ ਜਾਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ ਜਿਹੜੇ ਦੁਨੀਆ ਦੇ ਸਭ ਤੋਂ ਵੱਧ ਅੰਕੜਿਆਂ ਵਿਚੋਂ ਇਕ ਹੈ।