- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਬਹੁਤ ਅਜੀਬ ਹੈ। ਅਸੀਂ ਭਵਿੱਖ ਦੀਆਂ ਯੋਜਨਾਵਾਂ ਬਣਾਉਂਦੇ ਹਾਂ, ਕੱਲ੍ਹ ਲਈ ਕੰਮ ਛੱਡ ਦਿੰਦੇ ਹਾਂ ਤੇ ਇਹ ਮੰਨ ਲੈਂਦੇ ਹਾਂ ਕਿ ਸਾਡੇ ਕੋਲ ਹਮੇਸ਼ਾ ਸਮਾਂ ਰਹੇਗਾ ਪਰ ਸੱਚ ਇਹ ਹੈ ਕਿ ਜ਼ਿੰਦਗੀ ਕਿਸੇ ਨੂੰ ਵੀ ਇਹ ਵਾਅਦਾ ਨਹੀਂ ਕਰਦੀ ਕਿ ਅਗਲਾ ਪਲ ਕਿਹੋ ਜਿਹਾ ਹੋਵੇਗਾ। ਕਈ ਵਾਰ ਸਿਰਫ਼ ਇਕ ਪਲ ਹੀ ਸਾਡੀ ਸੋਚ, ਸਾਡੇ ਰਿਸ਼ਤੇ ਤੇ ਸਾਡੀ ਪੂਰੀ ਜ਼ਿੰਦਗੀ ਨੂੰ ਬਦਲਣ ਲਈ ਕਾਫ਼ੀ ਹੁੰਦਾ ਹੈ।

ਜ਼ਿੰਦਗੀ ਬਹੁਤ ਅਜੀਬ ਹੈ। ਅਸੀਂ ਭਵਿੱਖ ਦੀਆਂ ਯੋਜਨਾਵਾਂ ਬਣਾਉਂਦੇ ਹਾਂ, ਕੱਲ੍ਹ ਲਈ ਕੰਮ ਛੱਡ ਦਿੰਦੇ ਹਾਂ ਤੇ ਇਹ ਮੰਨ ਲੈਂਦੇ ਹਾਂ ਕਿ ਸਾਡੇ ਕੋਲ ਹਮੇਸ਼ਾ ਸਮਾਂ ਰਹੇਗਾ ਪਰ ਸੱਚ ਇਹ ਹੈ ਕਿ ਜ਼ਿੰਦਗੀ ਕਿਸੇ ਨੂੰ ਵੀ ਇਹ ਵਾਅਦਾ ਨਹੀਂ ਕਰਦੀ ਕਿ ਅਗਲਾ ਪਲ ਕਿਹੋ ਜਿਹਾ ਹੋਵੇਗਾ। ਕਈ ਵਾਰ ਸਿਰਫ਼ ਇਕ ਪਲ ਹੀ ਸਾਡੀ ਸੋਚ, ਸਾਡੇ ਰਿਸ਼ਤੇ ਤੇ ਸਾਡੀ ਪੂਰੀ ਜ਼ਿੰਦਗੀ ਨੂੰ ਬਦਲਣ ਲਈ ਕਾਫ਼ੀ ਹੁੰਦਾ ਹੈ। ਰਿਸ਼ਤੇ ਸਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਹਨ। ਪਰਿਵਾਰ, ਦੋਸਤ ਤੇ ਸਾਡੇ ਆਪਣੇ ਲੋਕ ਸਾਨੂੰ ਪਿਆਰ, ਸਹਾਰਾ ਅਤੇ ਆਪਣੇਪਣ ਦਾ ਅਹਿਸਾਸ ਦਿੰਦੇ ਹਨ ਪਰ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਅਸੀਂ ਹੌਲੀ-ਹੌਲੀ ਇਨ੍ਹਾਂ ਹੀ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਰੁਝੇਵਿਆਂ ਭਰੀ ਜ਼ਿੰਦਗੀ, ਸੋਸ਼ਲ ਮੀਡੀਆ ਤੇ ਹਰ ਵੇਲੇ ਤਕਨਾਲੋਜੀ ਨਾਲ ਜੁੜੇ ਰਹਿਣ ਦੀ ਆਦਤ ਨੇ ਸਾਡੇ ਵਿਚਕਾਰ ਅਜਿਹੀ ਦੂਰੀ ਪੈਦਾ ਕਰ ਦਿੱਤੀ ਹੈ, ਜੋ ਕਈ ਵਾਰ ਇੱਕੋ ਘਰ ’ਚ ਰਹਿੰਦਿਆਂ ਵੀ ਮਹਿਸੂਸ ਹੁੰਦੀ ਹੈ। ਅਸੀਂ ਮੋਬਾਈਲ ਦੀ ਸਕਰੀਨ ’ਤੇ ਦੂਰ ਬੈਠੇ ਲੋਕਾਂ ਨਾਲ ਜੁੜੇ ਰਹਿੰਦੇ ਹਾਂ ਪਰ ਕੋਲ ਬੈਠੇ ਆਪਣਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ। ਅਸੀਂ ਅਕਸਰ ਇਹ ਸੋਚ ਕੇ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ ਕਿ ਉਹ ਹਮੇਸ਼ਾ ਸਾਡੇ ਨਾਲ ਰਹਿਣਗੇ। ਕਈ ਵਾਰ ਉਹ ‘ਬਾਅਦ ਵਿਚ’ ਕਦੇ ਨਹੀਂ ਆਉਂਦਾ।
ਜ਼ਿੰਦਗੀ ਸਾਨੂੰ ਹਰ ਕੰਮ ਲਈ ਦੂਜਾ ਮੌਕਾ ਨਹੀਂ ਦਿੰਦੀ। ਨੇਪਾਲ ਤ੍ਰਾਸਦੀ ਵੀ ਸਾਨੂੰ ਇਹੀ ਅਹਿਸਾਸ ਕਰਵਾਉਂਦੀ ਹੈ ਕਿ ਹਾਲਾਤ ਕਿੰਨੀ ਤੇਜ਼ੀ ਨਾਲ ਬਦਲ ਸਕਦੇ ਹਨ। ਜਿਹੜੇ ਲੋਕ ਇਕ ਆਮ ਦਿਨ ਵਾਂਗ ਆਪਣੀ ਜ਼ਿੰਦਗੀ ਜੀਅ ਰਹੇ ਸਨ, ਉਨ੍ਹਾਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਗਲਾ ਪਲ ਉਨ੍ਹਾਂ ਲਈ ਇੰਨਾ ਵੱਖਰਾ ਹੋ ਸਕਦਾ ਹੈ। ਅਜਿਹੀਆਂ ਘਟਨਾਵਾਂ ਸਾਨੂੰ ਡਰਾਉਣ ਲਈ ਨਹੀਂ ਸਗੋਂ ਜ਼ਿੰਦਗੀ ਦੀ ਅਨਿਸ਼ਚਿਤਤਾ ਨੂੰ ਸਮਝਣ ਲਈ ਸਬਕ ਦਿੰਦੀਆਂ ਹਨ। ਇਹ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਜ਼ਿੰਦਗੀ ਬਦਲਣ ਤੋਂ ਪਹਿਲਾਂ ਹਮੇਸ਼ਾ ਕੋਈ ਚੇਤਾਵਨੀ ਨਹੀਂ ਦਿੰਦੀ। ਇਸ ਲਈ ਜੇ ਕਿਸੇ ਆਪਣੇ ਨਾਲ ਗੱਲ ਕਰਨ ਦੀ ਇੱਛਾ ਹੈ, ਤਾਂ ਅੱਜ ਹੀ ਕਰੋ। ਜੇ ਕਿਸੇ ਤੋਂ ਮਾਫ਼ੀ ਮੰਗਣੀ ਹੈ ਤਾਂ ਦੇਰ ਨਾ ਕਰੋ। ਜੇ ਕਿਸੇ ਦਾ ਧੰਨਵਾਦ ਕਰਨਾ ਹੈ, ਤਾਂ ਉਹ ਸ਼ਬਦ ਆਪਣੇ ਦਿਲ ’ਚ ਨਾ ਰੱਖੋ ਕਿਉਂਕਿ ਕਈ ਵਾਰ ਛੋਟੀ ਜਿਹੀ ਗੱਲਬਾਤ ਕਿਸੇ ਦੇ ਦਿਲ ਵਿਚ ਸਾਰੀ ਉਮਰ ਲਈ ਥਾਂ ਬਣਾ ਲੈਂਦੀ ਹੈ।
ਕਈ ਵਾਰ ਰਸਤੇ ’ਚ ਹੋਈ ਇੱਕ ਛੋਟੀ ਜਿਹੀ ਗੱਲਬਾਤ, ਇਕੱਠਿਆਂ ਪੀਤੀ ਚਾਹ ਜਾਂ ਬਿਨਾਂ ਕਿਸੇ ਕਾਰਨ ਕੀਤੀ ਫੋਨ ਕਾਲ ਹੀ ਬਾਅਦ ’ਚ ਜ਼ਿੰਦਗੀ ਦੀ ਸਭ ਤੋਂ ਸੋਹਣੀ ਯਾਦ ਬਣ ਜਾਂਦੀ ਹੈ। ਜ਼ਿੰਦਗੀ ਇਕ ਪਲ ਵਿੱਚ ਬਦਲ ਸਕਦੀ ਹੈ ਪਰ ਉਸ ਇਕ ਪਲ ਤੋਂ ਪਹਿਲਾਂ ਸਾਡੇ ਕੋਲ ਅਣਗਿਣਤ ਪਲ ਹੁੰਦੇ ਹਨ ਆਪਣਿਆਂ ਨੂੰ ਪਿਆਰ ਦੇਣ ਦੇ, ਰਿਸ਼ਤੇ ਸੰਭਾਲਣ ਤੇ ਆਪਣੀਆਂ ਗੱਲਾਂ ਕਹਿ ਦੇਣ ਦੇ। ਇਸ ਲਈ ਸਮਾਂ ਸਭ ਕੁਝ ਬਦਲਣ ਤੋਂ ਪਹਿਲਾਂ ਇਕ ਪਲ ਰੁਕੋ। ਆਪਣੇ ਆਲੇ-ਦੁਆਲੇ ਦੇਖੋ। ਆਪਣੇ ਲੋਕਾਂ ਨੂੰ ਮਹਿਸੂਸ ਕਰੋ ਤੇ ਉਨ੍ਹਾਂ ਦੀ ਕਦਰ ਕਰੋ ਕਿਉਂਕਿ ਕਈ ਵਾਰ ਜ਼ਿੰਦਗੀ ਸਾਨੂੰ ਦੂਜਾ ਮੌਕਾ ਨਹੀਂ ਦਿੰਦੀ ਪਰ ਅੱਜ ਦਾ ਛੋਟਾ ਜਿਹਾ ਪਿਆਰ ਭਰਿਆ ਪਲ ਆਉਣ ਵਾਲੇ ਕੱਲ੍ਹ ਦੀ ਸਭ ਤੋਂ ਖ਼ੂਬਸੂਰਤ ਯਾਦ ਬਣ ਸਕਦਾ ਹੈ।
- ਤਰਨਜੀਤ ਕੌਰ