- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਹਕੀਕਤ ਹੈ ਕਿ ਮਨੁੱਖ ਕੁਦਰਤ ਦੀ ਸੰਤਾਨ ਹੈ ਤੇ ਕੁਦਰਤ ’ਚ ਹੀ ਇਸ ਦੇ ਵਿਕਾਸ, ਸਿਹਤਮੰਦੀ ਤੇ ਖ਼ੁਸ਼ਹਾਲੀ ਦੇ ਸਾਰੇ ਤੱਤ ਮੌਜੂਦ ਹਨ। ਮਨੁੱਖ ਜਦੋਂ ਕੁਦਰਤ ਦੇ ਨੇੜੇ ਰਹਿੰਦਾ ਸੀ ਤੇ ਕੁਦਰਤ ਦੀ ਰਾਖੀ ਕਰਦਾ ਸੀ, ਉਦੋਂ ਕੁਦਰਤ ਵੀ ਇਸ ਦੀ ਰਾਖੀ ਕਰਦੀ ਸੀ ਤੇ ਇਸ ਦਾ ਪੂਰਾ-ਪੂਰਾ ਖ਼ਿਆਲ ਰੱਖਦੀ ਸੀ।

ਇਸ ਧਰਤੀ ’ਤੇ ਜਾਂ ਇਸ ਬ੍ਰਹਿਮੰਡ ਵਿਚ ਮਨੁੱਖ ਨੂੰ ‘ਅਸ਼ਰਫ਼-ਉਲ-ਮਖ਼ਲੂਕਾਤ’ ਯਾਨੀ ਕੁਦਰਤ ਦੀ ਸਰਬੋਤਮ ਰਚਨਾ ਮੰਨਿਆ ਜਾਂਦਾ ਹੈ ਪਰ ਹੰਕਾਰ ਤੇ ਅਗਿਆਨਤਾ ਵੱਸ ਹੋ ਕੇ ਅਜੋਕਾ ਮਨੁੱਖ ਇਹ ਭੁੱਲ ਗਿਆ ਹੈ ਕਿ ਇਸ ਦੁਨੀਆਂ ਦੀ ਸਾਰੀ ਕਾਇਨਾਤ, ਸਾਰੇ ਕੁਦਰਤੀ ਨਜ਼ਾਰੇ ਤੇ ਸਮੂਹ ਕੁਦਰਤੀ ਸਰੋਤ, ਮਨੁੱਖ ਸਮੇਤ ਧਰਤੀ ਤੇ ਵੱਸਦੇ ਸਮੂਹ ਜੀਵ-ਜੰਤੂਆਂ ਦੇ ਉਪਭੋਗ ਤੇ ਸਦਉਪਯੋਗ ਲਈ ਹਨ ਨਾ ਕਿ ਮਨੁੱਖ ਵੱਲੋਂ ਕੁਦਰਤੀ ਸਰੋਤਾਂ ਨੂੰ ਤਬਾਹ-ਬਰਬਾਦ ਕਰ ਕੇ ਆਪਣੀ ਹੀ ਬਰਬਾਦੀ ਦੀ ਇਬਾਰਤ ਲਿਖਣ ਲਈ।
ਕੁਦਰਤ ਦੀ ਸੰਤਾਨ ਹੈ ਮਨੁੱਖ
ਇਹ ਹਕੀਕਤ ਹੈ ਕਿ ਮਨੁੱਖ ਕੁਦਰਤ ਦੀ ਸੰਤਾਨ ਹੈ ਤੇ ਕੁਦਰਤ ’ਚ ਹੀ ਇਸ ਦੇ ਵਿਕਾਸ, ਸਿਹਤਮੰਦੀ ਤੇ ਖ਼ੁਸ਼ਹਾਲੀ ਦੇ ਸਾਰੇ ਤੱਤ ਮੌਜੂਦ ਹਨ। ਮਨੁੱਖ ਜਦੋਂ ਕੁਦਰਤ ਦੇ ਨੇੜੇ ਰਹਿੰਦਾ ਸੀ ਤੇ ਕੁਦਰਤ ਦੀ ਰਾਖੀ ਕਰਦਾ ਸੀ, ਉਦੋਂ ਕੁਦਰਤ ਵੀ ਇਸ ਦੀ ਰਾਖੀ ਕਰਦੀ ਸੀ ਤੇ ਇਸ ਦਾ ਪੂਰਾ-ਪੂਰਾ ਖ਼ਿਆਲ ਰੱਖਦੀ ਸੀ। ਫਿਰ ਮਸ਼ੀਨੀਕਰਨ ਦੇ ਆਉਣ ਨਾਲ ਮਨੁੱਖ ਨੂੰ ਇਹ ਲੱਗਣ ਲੱਗ ਪਿਆ ਕਿ ਉਸ ਦੀ ਤਰੱਕੀ ਪਦਾਰਥਕ ਸੁੱਖਾਂ ’ਚ ਲੁਕੀ ਹੋਈ ਹੈ ਤੇ ਉਹ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਖ਼ਾਤਰ ਸੰਘਰਸ਼ ਕਰਨ ਲੱਗ ਪਿਆ। ਉਸ ਨੇ ਵਿੱਦਿਆ ਦਾ ਭਰਵਾਂ ਪ੍ਰਸਾਰ ਤੇ ਪ੍ਰਚਾਰ ਕੀਤਾ ਤੇ ਗਿਆਨ ਦੇ ਦੀਵੇ ਬਾਲ ਕੇ ਆਪਣੇ ਜੀਵਨ ਵਿਚ ਚਾਨਣ ਭਰਨ ਦੀ ਕੋਸ਼ਿਸ਼ ਕੀਤੀ ਪਰ ਪਦਾਰਥਕ ਸੁੱਖਾਂ ਦੀ ਦੌੜ ਵਿਚ ਉਹ ਬੇਤਹਾਸ਼ਾ ਭੱਜ-ਨੱਸ ਕਰਨ ਲੱਗ ਪਿਆ ਤੇ ਫਿਰ ਉਸ ਨੂੰ ਲੱਗਣ ਲੱਗ ਪਿਆ ਕਿ ਉਹ ਥੱਕਣ ਲੱਗ ਪਿਆ ਹੈ। ਉਸ ਨੇ ਸਰੀਰਕ ਤੇ ਮਾਨਸਿਕ ਥਕਾਵਟ ਉਤਾਰਨ ਲਈ ਆਰਾਮਦਾਇਕ ਸਹੂਲਤਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਤੇ ਉਨ੍ਹਾ ਸਹੂਲਤਾਂ ਲਈ ਸਾਧਨ ਜੁਟਾਉਣ ਹਿੱਤ ਮੁੜ ਤੋਂ ਸੰਘਰਸ਼ਸ਼ੀਲ ਹੋ ਗਿਆ। ਇਸ ਸਾਰੀ ਦੌੜ-ਭੱਜ ’ਚ ਉਹ ਭੁੱਲ ਹੀ ਗਿਆ ਕਿ ਕੁਦਰਤ ਤਾਂ ਉਸ ਦੀ ਮਾਂ ਸੀ ਤੇ ਮਾਂ ਦੀ ਗੋਦ ਤੋਂ ਵੱਧ ਨਿੱਘ, ਆਰਾਮ, ਚੈਨ ਅਤੇ ਸੁੱਖ ਭਲਾ ਉਸ ਨੂੰ ਹੋਰ ਕੌਣ ਦੇ ਸਕਦਾ ਹੈ? ਪਰ ਉਸ ਦਾ ਦੁਖਾਂਤ ਇਹ ਹੈ ਕਿ ਮਾਇਕ ਤੇ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਦੀ ਹੋੜ ਵਿਚ ਬੇ-ਹੋਸ਼ ਭੱਜਦਿਆਂ-ਭੱਜਦਿਆਂ ਉਹ ਕੁਦਰਤ ਤੋਂ ਬਹੁਤ ਦੂਰ ਹੋ ਗਿਆ ਹੈ ਤੇ ਕੁਦਰਤ ਮਾਂ ਦਾ ਘਾਣ ਕਰ ਕੇ ਉਹ ਉਸ ਦਾ ਗੁਨਾਹਗਾਰ ਵੀ ਹੋ ਨਿੱਬੜਿਆ ਹੈ।
ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ ਖ਼ਮਿਆਜ਼ਾ
ਹੁਣ ਸੁਖੀ ਤੇ ਖ਼ੁਸ਼ਹਾਲ ਜੀਵਨ ਦੇ ਤਿੰਨ ਪ੍ਰਮੁੱਖ ਤੱਤ ਕਹੇ ਜਾਂਦੇ ‘ਸ਼ੁੱਧ ਹਵਾ’,‘ਉਪਜਾਊ ਮਿੱਟੀ’ ਤੇ ‘ਨਿਰਮਲ ਜਲ’ ਆਦਿ ਨੂੰ ਹੱਥੀਂ ਬਰਬਾਦ ਕਰਨ ਪਿੱਛੋਂ ਬਿਮਾਰੀ ਤੇ ਨਿਰਾਸ਼ਤਾ ਭਰਪੂਰ ਜੀਵਨ ਜਿਊਣ ਵਾਲਾ ਅਜੋਕਾ ਮਨੁੱਖ ਹੁਣ ਮੁੜ ਕੁਦਰਤ ਵੱਲ ਵਾਪਸ ਪਰਤਣਾ ਲੋਚ ਰਿਹਾ ਹੈ ਪਰ ਹੁਣ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੈ ਤੇ ਵਰਤਮਾਨ ਮਨੁੱਖਾਂ ਵੱਲੋਂ ਕੁਦਰਤ ਅੰਮੜੀ ਨਾਲ ਕਮਾਏ ਧ੍ਰੋਹ ਦਾ ਸਿਲ੍ਹਾ ਹੁਣ ਇਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਹੀ ਪਵੇਗਾ।
ਅਸਲ ਤੇ ਸਫਲ ਜੀਵਨ ਦਾ ਸਾਰ
ਅਜੋਕੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਿਰੇਬਾਨ ’ਚ ਝਾਤੀ ਮਾਰ ਕੇ ਵੇਖੇ ਕਿ ਕੀ ਉਸ ਦੇ ਵੱਡ-ਵਡੇਰੇ ਉਸ ਨੂੰ ਰੁੱਖਾਂ ਵਾਲੇ ਜੰਗਲ ਦੀ ਥਾਂ ਕੰਕਰੀਟ ਦਾ ਜੰਗਲ ਦੇ ਕੇ ਗਏ ਸਨ? ਕੀ ਉਸ ਦੇ ਪੁਰਖੇ ਸ਼ੁੱਧ ਤੇ ਸੀਤਲ ਜਲ ਨਾਲ ਭਰਪੂਰ ਨਦੀਆਂ, ਨਾਲਿਆਂ ਦੀ ਥਾਂ ਉਸ ਨੂੰ ਗੰਦਗੀ ਅਤੇ ਰਸਾਇਣ ਭਰੇ ਗੰਦੇ ਨਾਲੇ ਤੇ ਨਦੀਆਂ ਦੇ ਕੇ ਗਏ ਸਨ? ਕੀ ਉਸ ਦੇ ਅਧਿਆਤਮਿਕ ਰਹਿਬਰਾਂ ਨੇ ਉਸ ਨੂੰ ਪੁਕਾਰ-ਪੁਕਾਰ ਕੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ॥’ ਦਾ ਪਾਠ ਨਹੀਂ ਪੜ੍ਹਾਇਆ ਸੀ? ਕੀ ਉਸ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਉਸ ਨੂੰ ਰੁੱਖਾਂ, ਪਸ਼ੂਆਂ ਤੇ ਪੰਛੀਆਂ ’ਤੇ ਦਇਆ ਕਰਨ ਦੀ ਮੱਤ ਨਹੀਂ ਦਿੱਤੀ ਸੀ? ਜੇ ਉਕਤ ਸਭ ਕੁਝ ਜਾਣਦਿਆਂ-ਬੁਝਦਿਆਂ ਹੋਇਆਂ ਵੀ ਅਜੋਕੇ ਮਨੁੱਖ ਨੇ ਉਕਤ ਸਾਰੇ ਪਾਪ ਖੱਟੇ ਹਨ ਤਾਂ ਫਿਰ ਉਸ ਦੇ ਕੀਤੇ ਪਾਪਾਂ ਦੀ ਸਜ਼ਾ ਤਾਂ ਉਸ ਨੂੰ ਮਿਲਣੀ ਬਣਦੀ ਸੀ ਤੇ ਹੁਣ ਕਦੇ ਕਹਿਰ ਮਚਾਉਂਦੀ ਗਰਮੀ ਤੇ ਕਦੇ ਹੱਡੀਆਂ ਨੂੰ ਕੜਕਾਉਂਦੀ ਸਰਦੀ ਤੇ ਕਦੇ ਬੇਮੌਸਮੇ ਤੇ ਬੇਤਹਾਸ਼ੇ ਹੜ੍ਹ ਉਸ ਨੂੰ ਸਜ਼ਾ ਦੇ ਰੂਪ ਵਿਚ ਮਿਲ ਰਹੇ ਹਨ ਤੇ ਹੁਣ ਸਜ਼ਾ ਦੇ ਪ੍ਰਕੋਪ ਨਾਲ ਚੀਕਾਂ ਮਾਰਦਾ ਮਾਰਦਾ ਮਨੁੱਖ ‘ਰੁੱਖ ਲਗਾਓ’,‘ਜਲ ਬਚਾਓ’ ਤੇ ‘ਪ੍ਰਦੂਸ਼ਣ ਘਟਾਓ’ ਦਾ ਹੋਕਾ ਦਿੰਦਾ ਫਿਰ ਰਿਹਾ ਹੈ। ਜਦੋਂ ਵੇਲ੍ਹਾ ਕੁਦਰਤ ਨੂੰ ਸੰਭਾਲਣ ਦਾ ਸੀ, ਉਦੋਂ ਉਹ ਅਵੇਸਲਾ, ਲਾਪ੍ਰਵਾਹ, ਸਵਾਰਥੀ ਤੇ ਲਾਲਚੀ ਬਣ ਗਿਆ ਤੇ ਹੁਣ ਉਹ ‘ਆਰਗੈਨਿਕ ਖੇਤੀ ਕਰਨ, ਝੋਨੇ ਦੀ ਕਾਸ਼ਤ ਬੰਦ ਕਰਨ, ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਘੱਟ ਕਰਨ, ਘੜੇ ਦਾ ਪਾਣੀ ਪੀਣ, ਰੋਜ਼ਾਨਾ ਸੈਰ, ਕਸਰਤ ਜਾਂ ਯੋਗਾ ਕਰਨ, ਮੋਟੇ ਅਨਾਜ ਖਾਣ, ਤਲੀਆਂ ਤੇ ਮਸਾਲਾ ਭਰਪੂਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਦੀਆਂ ਗੱਲਾਂ ਕਰਦਾ ਫਿਰ ਰਿਹਾ ਹੈ। ‘ਪੱਥਰ ਚੱਟ ਕੇ ਮੁੜੀ ਮੱਛੀ’ ਵਾਂਗ ਉਸ ਨੂੰ ਹੁਣ ਸਮਝ ਆ ਗਈ ਹੈ ਕਿ ਕਈ ਵਰ੍ਹੇ ਪਹਿਲਾਂ ਉਸ ਦੇ ਸਿਆਣੇ ਬਜ਼ੁਰਗਾਂ ਵੱਲੋਂ ਦਿੱਤਾ ‘ਬੈਕ ਟੂ ਨੇਚਰ’ ਯਾਨੀ ‘ਕੁਦਰਤ ਵੱਲ ਨੂੰ ਪਰਤੋ’ ਦਾ ਨਾਅਰਾ ਹੀ ਉਸ ਦੇ ਅਸਲ ਅਤੇ ਸਫਲ ਜੀਵਨ ਦਾ ਸਾਰ ਹੈ। ‘ਬਲਿਹਾਰੀ ਕੁਦਰਤਿ ਵਸਿਆ’ ਦਾ ਸੰਕਲਪ ਉਸ ਨੂੰ ਹੁਣ ਥੋੜ੍ਹਾ-ਥੋੜ੍ਹਾ ਸਮਝ ਲੱਗਣ ਲੱਗ ਗਿਆ ਹੈ। ‘ਜੇ ਨਹੀਂ ਇਹ ਰੁੱਖ ਰਹਿਣਗੇ, ਦੱਸੋ ਕਿੰਜ ਮਨੁੱਖ ਰਹਿਣਗੇ’? ਜਿਹੇ ਭਾਵਪੂਰਤ ਤੇ ਸਮਕਾਲੀ ਸਵਾਲ ਹੁਣ ਉਸ ਦੀ ਅੰਤਰ-ਆਤਮਾ ਨੂੰ ਝੰਜੋੜਨ ਲੱਗ ਪਏ ਹਨ।
ਨੁਕਸਾਨ ਦੀ ਪੂਰਤੀ
ਅਜੋਕਾ ਮਨੁੱਖ ਹੁਣ ਜ਼ਿੰਦਗੀ ਦੀ ਭੱਜ-ਨੱਸ ਨੂੰ ਤਿਆਗ ਕੇ ਕਿਸੇ ਸ਼ਾਂਤ ਤੇ ਨਿਰਮਲ ਵਾਤਾਵਰਣ ਵਿਚ ਬੈਠਣਾ ਲੋਚਦਾ ਹੈ। ਉਸ ਨੂੰ ਸੋਝੀ ਆ ਰਹੀ ਹੈ ਕਿ ਕੁਦਰਤ ਤੋਂ ਵਿੱਛੜ ਕੇ ਉਸ ਨੇ ਪਰੇਸ਼ਾਨੀਆਂ ਤੇ ਦੁੱਖ ਹੀ ਸਹੇੜੇ ਹਨ ਤੇ ਸੁੱਖ ਲੈਣ ਲਈ ਉਸ ਨੂੰ ਹੁਣ ਮੁੜ ਤੋਂ ਕੁਦਰਤ ਦੀ ਹੀ ਸ਼ਰਨ ਵਿਚ ਜਾਣਾ ਪਵੇਗਾ। ਇਸ ਲਈ ਚਿਰੋਕਣੇ ਚਿਰ ਪਿੱਛੋਂ ਜਾਗਿਆ ਮਨੁੱਖ ਕੁਦਰਤ ਅਤੇ ਕੁਦਰਤ ਵਿਚ ਵੱਸੇ ਕਾਦਰ ਦੇ ਨੇੜੇ ਹੋਣ ਦੀ ਚਾਹਤ ਰੱਖਦਾ ਹੈ। ਸੋ ‘ਕੁਦਰਤ ਤੋਂ ਸ਼ੁਰੂ ਹੋਈ ਗੱਲ ਆਖ਼ਰ ਕੁਦਰਤ ’ਤੇ ਹੀ ਆ ਕੇ ਹੀ ਮੁੱਕਣੀ ਹੈ’, ਰੂਪੀ ਗਿਆਨ ਅਜੋਕੇ ਮਨੁੱਖ ਨੂੰ ਹੋ ਗਿਆ ਹੈ ਤੇ ਹੁਣ ਉਹ ਵੇਲ੍ਹਾ ਸੰਭਾਲਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਣ ਲੱਗ ਪਿਆ ਹੈ। ‘ਪਵਣੁ’,‘ਪਾਣੀ’ ਅਤੇ ‘ਧਰਤਿ’ ਦੀ ਰਾਖੀ ਲਈ ਹੰਭਲਾ ਮਾਰਨ ਦਾ ਯਤਨ ਕਰਦਾ ਇਹ ਮਨੁੱਖ ਹੁਣ ‘ਬੂਟਿਆਂ ਦਾ ਪ੍ਰਸ਼ਾਦ’ ਵੰਡਣ ਲੱਗ ਪਿਆ ਹੈ।‘ਜਲ ਬਚਾਓ’ ਦੇ ਨਾਅਰੇ ਹੁਣ ਗਾਹੇ-ਬਗਾਹੇ ਚੌਗਿਰਦੇ ਵਿਚ ਗੂੰਜਣ ਲੱਗ ਪਏ ਹਨ। ਕੁਦਰਤ ਨੂੰ ਬਚਾਉਣ ਤੇ ਕੁਦਰਤ ਨੂੰ ਸਾਂਭਣ ਦੀ ਗੱਲ ਹੁਣ ਤੁਰ ਪਈ ਹੈ ਤੇ ਆਸ ਹੈ ਕਿ ਚਾਹੇ ਦੇਰ ਨਾਲ ਹੀ ਸਹੀ ਪਰ ‘ਡੈਮੇਜ ਕੰਟ੍ਰੋਲ’ ਭਾਵ ਹੋ ਚੁੱਕੇ ਨੁਕਸਾਨ ਦੀ ਪੂਰਤੀ ਖ਼ਾਤਰ ਇਹ ਸ਼ੁਰੂ ਹੋ ਚੁੱਕੀ ਕਵਾਇਦ ਸ਼ਾਇਦ ਕੁਝ ਰੰਗ ਜ਼ਰੂਰ ਲਿਆਏਗੀ।
ਹਰ ਵਰਗ ਨੂੰ ਪਾਉਣਾ ਪਵੇਗਾ ਆਪਣਾ ਯੋਗਦਾਨ
ਹੁਣ ਸਚਮੁੱਚ ਹੀ ਵੇਲਾ ਆ ਗਿਆ ਹੈ ਕਿ ਹਵਾ, ਪਾਣੀ ਤੇ ਮਿੱਟੀ ਦਾ ਪ੍ਰਦੂਸ਼ਣ ਖ਼ਤਮ ਕਰਨ ਲਈ ਇਕ ਵੱਡੀ ਤੇ ਜ਼ਬਰਦਸਤ ਲਹਿਰ ਸਾਡੇ ਮੁਲਕ ਤੇ ਸਾਡੇ ਚੌਗਿਰਦੇ ’ਚ ਉੱਠ ਪਵੇ ਤੇ ਆਪਣੇ ਅਸਲ ਮਾਰਗ ਤੋਂ ਭਟਕਣ ਦੇ ਫਲਸਰੂਪ ਕੁਦਰਤ ਤੋਂ ਦੂਰ ਚਲਾ ਗਿਆ ਮਨੁੱਖ ਇਕ ਵਾਰ ਮੁੜ ਤੋਂ ਕੁਦਰਤ ਦੇ ਚਰਨੀਂ ਲੱਗ ਕੇ ਆਪਣਾ ਪਾਰ ਉਤਾਰਾ ਕਰ ਲਏ। ਇਸ ਵੱਡਆਕਾਰੀ ਕਾਰਜ ਲਈ ਸਮਾਜ ਦੇ ਹਰ ਵਰਗ ਨੂੰ ਤੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਹੀ ਪਵੇਗਾ। ਆਓ ਸੁਆਮੀ ਵਿਵੇਕਾਨੰਦ ਦੇ ਕਹੇ ਬੋਲਾਂ ਨੂੰ ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਰਾਖੀ ਹਿੱਤ ਵਰਤੀਏ। ਉਨ੍ਹਾ ਆਖਿਆ ਸੀ, ‘ਉਠੋ, ਜਾਗੋ ਤੇ ਓਨਾ ਚਿਰ ਨਾ ਰੁਕੋ ਜਦੋਂ ਤੱਕ ਤੁਹਾਡਾ ਉਦੇਸ਼ ਹਾਸਿਲ ਨਾ ਹੋ ਜਾਵੇ।’
- ਪਰਮਜੀਤ ਸਿੰਘ ਨਿੱਕੇ ਘੁੰਮਣ