- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਜੀਵਨ ਖ਼ੁਸ਼ੀਆਂ ਤੇ ਗਮੀਆਂ ਦਾ ਸੁਮੇਲ ਹੈ। ਜਿਹੜੇ ਲੋਕ ਖ਼ੁਸ਼ਦਿਲ, ਹੌਂਸਲੇ ਵਾਲੇ ਤੇ ਸਕਾਰਾਤਮਿਕ ਸੋਚ ਵਾਲੇ ਹੋਣ ਉਨ੍ਹਾਂ ਦੇ ਜੀਵਨ ਵਿਚ ਰੌਣਕ, ਸਾਂਝ ਤੇ ਤਰੱਕੀ ਦੇ ਮੌਕੇ ਵਧਦੇ ਰਹਿੰਦੇ ਹਨ, ਜਦੋਂਕਿ ਹਰ ਵੇਲੇ ਨਿਰਾਸ਼, ਸ਼ਿਕਾਇਤਾਂ ਤੇ ਰੋਣ-ਧੋਣ ਵਿਚ ਡੁੱਬੇ ਰਹਿਣ ਵਾਲੇ ਮਨੁੱਖ ਦਾ ਜੀਵਨ ਹਮੇਸ਼ਾ ਮੁਸ਼ਕਲਾਂ ’ਚ ਹੀ ਉਲਝਿਆ ਰਹਿੰਦਾ ਹੈ।

ਮਨੁੱਖੀ ਜੀਵਨ ਖ਼ੁਸ਼ੀਆਂ ਤੇ ਗਮੀਆਂ ਦਾ ਸੁਮੇਲ ਹੈ। ਜਿਹੜੇ ਲੋਕ ਖ਼ੁਸ਼ਦਿਲ, ਹੌਂਸਲੇ ਵਾਲੇ ਤੇ ਸਕਾਰਾਤਮਿਕ ਸੋਚ ਵਾਲੇ ਹੋਣ ਉਨ੍ਹਾਂ ਦੇ ਜੀਵਨ ਵਿਚ ਰੌਣਕ, ਸਾਂਝ ਤੇ ਤਰੱਕੀ ਦੇ ਮੌਕੇ ਵਧਦੇ ਰਹਿੰਦੇ ਹਨ, ਜਦੋਂਕਿ ਹਰ ਵੇਲੇ ਨਿਰਾਸ਼, ਸ਼ਿਕਾਇਤਾਂ ਤੇ ਰੋਣ-ਧੋਣ ਵਿਚ ਡੁੱਬੇ ਰਹਿਣ ਵਾਲੇ ਮਨੁੱਖ ਦਾ ਜੀਵਨ ਹਮੇਸ਼ਾ ਮੁਸ਼ਕਲਾਂ ’ਚ ਹੀ ਉਲਝਿਆ ਰਹਿੰਦਾ ਹੈ। ਮਨੁੱਖੀ ਜੀਵਨ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਕਦੇ ਸੁੱਖ ਆਉਂਦਾ ਹੈ ਤੇ ਕਦੇ ਦੁੱਖ, ਕਦੇ ਜਿੱਤ ਮਿਲਦੀ ਹੈ ਤੇ ਕਦੇ ਹਾਰ, ਕਦੇ ਰਾਹ ਪੱਧਰਾ ਹੁੰਦਾ ਹੈ ਤੇ ਕਦੇ ਕੰਡਿਆਂ ਨਾਲ ਭਰਪੂਰ। ਜੇ ਜ਼ਿੰਦਗੀ ਵਿਚ ਸਿਰਫ਼ ਸੁੱਖ ਹੀ ਟੱਕਰਦੇ ਤਾਂ ਸ਼ਾਇਦ ਮਨੁੱਖ ਨੂੰ ਸੁੱਖ ਦੀ ਕੀਮਤ ਦਾ ਪਤਾ ਹੀ ਨਾ ਲੱਗਦਾ। ਦੁੱਖ ਵੀ ਜੀਵਨ ਦਾ ਅਟੁੱਟ ਹਿੱਸਾ ਹਨ ਪਰ ਅਸਲ ਫ਼ਰਕ ਇਸ ਗੱਲ ਨਾਲ ਪੈਂਦਾ ਹੈ ਕਿ ਅਸੀਂ ਦੁੱਖਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹਾਂ। ਕੋਈ ਵਿਅਕਤੀ ਔਖੀ ਘੜੀ ’ਚ ਟੁੱਟ ਜਾਂਦਾ ਹੈ ਅਤੇ ਕੋਈ ਉਸੇ ਔਖੀ ਘੜੀ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਵਧਣ ਦਾ ਤਰੀਕਾ ਲੱਭ ਲੈਂਦਾ ਹੈ।
ਆਖ਼ਰ ਕੀ ਹੈ ਖ਼ੁਸ਼ ਰਹਿਣਾ?
ਖ਼ੁਸ਼ ਰਹਿਣ ਦਾ ਅਰਥ ਇਹ ਨਹੀਂ ਕਿ ਮਨੁੱਖ ਨੂੰ ਜੀਵਨ ਦੀਆਂ ਹਕੀਕਤਾਂ ਤੋਂ ਅਣਜਾਣ ਹੋਣਾ ਚਾਹੀਦਾ ਹੈ। ਜ਼ਿੰਦਗੀ ’ਚ ਜਦੋਂ ਕੋਈ ਨੁਕਸਾਨ ਹੋਵੇ, ਰਿਸ਼ਤਾ ਟੁੱਟੇ, ਆਰਥਿਕ ਮੁਸ਼ਕਲ ਆਵੇ ਜਾਂ ਕੋਈ ਸੁਪਨਾ ਪੂਰਾ ਨਾ ਹੋਵੇ ਤਾਂ ਦੁੱਖ ਮਹਿਸੂਸ ਹੋਣਾ ਸੁਭਾਵਿਕ ਹੈ। ਅੱਖਾਂ ਵਿਚ ਹੰਝੂਆਂ ਦਾ ਆ ਜਾਣਾ ਵੀ ਮਨੁੱਖੀ ਸੁਭਾਅ ਦਾ ਹਿੱਸਾ ਹੈ ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਨਿਰਾਸ਼ਾ ਤੇ ਹੰਝੂ ਸਾਡੀ ਸੋਚ ਉੱਤੇ ਕਬਜ਼ਾ ਕਰ ਲੈਂਦੇ ਹਨ ਤੇ ਅਸੀਂ ਹਰ ਗੱਲ ’ਚ ਨਕਾਰਾਤਮਕਤਾ ਦੇਖਣ ਲੱਗ ਪੈਂਦੇ ਹਾਂ। ਦੁੱਖ ਨੂੰ ਮਹਿਸੂਸ ਕਰਨਾ ਗ਼ਲਤ ਨਹੀਂ ਪਰ ਦੁੱਖ ਨੂੰ ਹੀ ਆਪਣੀ ਜ਼ਿੰਦਗੀ ਬਣਾ ਲੈਣਾ ਜ਼ਰੂਰ ਨੁਕਸਾਨਦਾਇਕ ਹੈ।
ਅੱਜ ਦੇ ਸਮੇਂ ਵਿਚ ਮਨੁੱਖ ਕੋਲ ਜਿਵੇਂ-ਜਿਵੇਂ ਸੁੱਖ-ਸਹੂਲਤਾਂ ਵਧਦੀਆਂ ਜਾ ਰਹੀਆਂ ਹਨ, ਉਵੇਂ ਹੀ ਮਨ ਦੀ ਸ਼ਾਂਤੀ ਤੇ ਖ਼ੁਸ਼ ਰਹਿਣ ਦੀ ਪ੍ਰਵਿਰਤੀ ਮਨਫ਼ੀ ਹੁੰਦੀ ਜਾ ਰਹੀ ਹੈ। ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਮੁੱਠੀ ਵਿਚ ਬੰਦ ਕਰ ਦਿੱਤਾ ਹੈ। ਅਸੀਂ ਪਲ-ਪਲ ਦੂਜਿਆਂ ਦੀ ਜ਼ਿੰਦਗੀ ਦੇਖਦੇ ਹਾਂ। ਦੂਜਿਆਂ ਦੀ ਖ਼ੁਸ਼ੀ ਨੂੰ ਦੇਖ ਕੇ ਕਈ ਲੋਕ ਆਪਣੀ ਜ਼ਿੰਦਗੀ ਤੋਂ ਅਸੰਤੁਸ਼ਟ ਹੋਣ ਲੱਗ ਪੈਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਹਮੇਸ਼ਾ ਅਸਲੀ ਨਹੀਂ ਹੁੰਦੀ। ਇਸ ਲਈ ਦੂਜਿਆਂ ਨਾਲ ਤੁਲਨਾ ਕਰ ਕੇ ਆਪਣੀ ਖ਼ੁਸ਼ੀ ਨੂੰ ਖ਼ਤਮ ਕਰਨਾ ਸਿਆਣਪ ਨਹੀਂ ਸਮਝੀ ਜਾ ਸਕਦੀ।
ਧਨ-ਦੌਲਤ ਨਾਲ ਨਹੀਂ ਹੁੰਦਾ ਖ਼ੁਸ਼ੀ ਦਾ ਸਬੰਧ
ਖ਼ੁਸ਼ੀ ਦਾ ਸਬੰਧ ਧਨ-ਦੌਲਤ ਜਾਂ ਵੱਡੀਆਂ ਪ੍ਰਾਪਤੀਆਂ ਨਾਲ ਨਹੀਂ ਹੁੰਦਾ। ਕਈ ਵਾਰ ਪਰਿਵਾਰ ਨਾਲ ਬੈਠ ਕੇ ਕੀਤੀ ਸਧਾਰਨ ਗੱਲਬਾਤ, ਦੋਸਤ ਦੀ ਪਿਆਰ ਭਰੀ ਫੋਨ ਕਾਲ, ਬੱਚੇ ਦੀ ਮੁਸਕਰਾਹਟ, ਮਾਂ-ਬਾਪ ਦੀ ਦੁਆ, ਸਵੇਰ ਦੀ ਸੈਰ ਜਾਂ ਕੁਦਰਤ ਦੇ ਸੁਹੱਪਣ ਨੂੰ ਮਾਣਨਾ ਵੀ ਮਨੁੱਖ ਨੂੰ ਅੰਦਰੋਂ ਖ਼ੁਸ਼ੀ ਦੇ ਸਕਦਾ ਹੈ ਪਰ ਅਸੀਂ ਵੱਡੀਆਂ ਖ਼ੁਸ਼ੀਆਂ ਦੀ ਭਾਲ ਵਿਚ ਇਨ੍ਹਾਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਅਣਡਿੱਠ ਕਰ ਦਿੰਦੇ ਹਾਂ। ਘਰ ਦੀ ਖ਼ੁਸ਼ਹਾਲੀ ’ਚ ਹੱਸਮੁੱਖ ਸੁਭਾਅ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਜਿਸ ਘਰ ਵਿਚ ਪਰਿਵਾਰ ਦੇ ਮੈਂਬਰ ਇਕ-ਦੂਜੇ ਨਾਲ ਪਿਆਰ ਨਾਲ ਗੱਲ ਕਰਦੇ ਹਨ, ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਤੇ ਮੁਸ਼ਕਲ ਸਮੇਂ ’ਚ ਸਾਥ ਦਿੰਦੇ ਹਨ, ਉਸ ਘਰ ਵਿਚ ਘੱਟ ਸਾਧਨਾਂ ਦੇ ਬਾਵਜੂਦ ਸਕੂਨ, ਖ਼ੁਸ਼ੀ ਤੇ ਸੁੱਖ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਜੇ ਘਰ ਵਿਚ ਹਰ ਸਮੇਂ ਤਕਰਾਰ, ਤਾਅਨੇ, ਸ਼ਿਕਾਇਤਾਂ ਤੇ ਗੁੱਸਾ ਹੋਵੇ ਤਾਂ ਵੱਡੇ ਤੋਂ ਵੱਡਾ ਮਕਾਨ ਤੇ ਸਹੂਲਤਾਂ ਵੀ ਸਕੂਨ ਨਹੀਂ ਦੇ ਸਕਦਾ।
ਰਿਸ਼ਤਿਆਂ ਵਿਚਲੀ ਦੂਰੀ ਚਿੰਤਾ ਦਾ ਵਿਸ਼ਾ
ਅੱਜ ਪਰਿਵਾਰਕ ਰਿਸ਼ਤਿਆਂ ’ਚ ਵਧ ਰਹੀ ਦੂਰੀ ਵੀ ਚਿੰਤਾ ਦਾ ਵਿਸ਼ਾ ਹੈ। ਇੱਕੋ ਘਰ ਵਿਚ ਰਹਿੰਦਿਆਂ ਵੀ ਕਈ ਵਾਰ ਪਰਿਵਾਰਕ ਮੈਂਬਰ ਇਕ-ਦੂਜੇ ਨਾਲ ਗੱਲ ਕਰਨ ਲਈ ਸਮਾਂ ਨਹੀਂ ਕੱਢਦੇ। ਹਰ ਕੋਈ ਆਪਣੇ ਮੋਬਾਈਲ ਜਾਂ ਆਪਣੀ ਹੀ ਦੁਨੀਆ ’ਚ ਰੁੱਝਿਆ ਹੋਇਆ ਹੈ। ਅਜਿਹੇ ਮਹੌਲ ਵਿਚ ਆਪਸੀ ਸਾਂਝ ਘਟਦੀ ਜਾਂਦੀ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਘਰ ਇੱਟਾਂ, ਸੀਮਿੰਟ ਤੇ ਮਹਿੰਗੇ ਸਾਮਾਨ ਨਾਲ ਨਹੀਂ ਬਣਦਾ ਸਗੋਂ ਘਰ ਪਿਆਰ, ਵਿਸ਼ਵਾਸ, ਸਤਿਕਾਰ ਅਤੇ ਸੁਖਾਵੇਂ ਮਹੌਲ ਨਾਲ ਬਣਦਾ ਹੈ। ਜਿਹੜਾ ਇਨਸਾਨ ਹਰ ਵੇਲੇ ਦੂਜਿਆਂ ਦੀਆਂ ਕਮੀਆਂ ਲੱਭਦਾ ਰਹਿੰਦਾ ਹੈ, ਉਸ ਦੀ ਸੰਗਤ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੀ। ਇਸ ਦੇ ਉਲਟ ਹੱਸਮੁੱਖ, ਮਿਲਣਸਾਰ ਤੇ ਮਦਦਗਾਰ ਵਿਅਕਤੀ ਜਿੱਥੇ ਜਾਂਦਾ ਹੈ, ਉੱਥੇ ਆਪਣਾਪਣ ਪੈਦਾ ਕਰ ਲੈਂਦਾ ਹੈ। ਉਸ ਦੀ ਮੌਜੂਦਗੀ ਮਹੌਲ ਨੂੰ ਹਲਕਾ-ਫੁਲਕਾ ਬਣਾ ਕੇ ਖ਼ੁਸ਼ਗਵਾਰ ਬਣਾ ਦਿੰਦੀ ਹੈ ਤੇ ਇਹ ਮਾਹੌਲ ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੈ। ਅਸਲ ਵਿਚ ਚੰਗਾ ਤੇ ਹੱਸਮੁੱਖ ਸੁਭਾਅ ਕੁਦਰਤ ਵੱਲੋਂ ਮਿਲੀ ਵਡਮੁੱਲੀ ਦਾਤ ਹੈ।
ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇਣ ਦੀ ਲੋੜ
ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਸਫਲਤਾ ਤੋਂ ਭਾਵ ਸਿਰਫ਼ ਵੱਡੀ ਨੌਕਰੀ, ਵੱਡਾ ਕਾਰੋਬਾਰ, ਚੰਗੀ ਆਮਦਨ ਜਾਂ ਵਿਦੇਸ਼ ਜਾਣਾ ਨਹੀਂ ਹੈ ਸਗੋਂ ਅਸਲ ਸਫਲਤਾ ਤਾਂ ਉਸ ਹਾਲਤ ’ਚ ਹੈ, ਜਦੋਂ ਮਨੁੱਖ ਆਪਣੇ ਪਰਿਵਾਰ ਨੂੰ ਸਮਾਂ ਦੇ ਸਕੇ, ਰਿਸ਼ਤਿਆਂ ਨੂੰ ਸੰਭਾਲ ਸਕੇ, ਕਿਸੇ ਲੋੜਵੰਦ ਦੇ ਕੰਮ ਆ ਸਕੇ, ਸਮਾਜ ਲਈ ਕੁਝ ਚੰਗਾ ਕਰ ਸਕੇ ਤੇ ਉਲਟ ਹਾਲਾਤਾਂ ਵਿਚ ਵੀ ਆਪਣੇ ਅੰਦਰ ਸ਼ਾਂਤੀ ਕਾਇਮ ਰੱਖ ਸਕੇ। ਇਹੋ ਨਹੀਂ ਸਗੋਂ ਜੇ ਧਨ, ਜ਼ਮੀਨ, ਜਾਇਦਾਦ ਤੇ ਕੁਦਰਤ ਵੱਲੋਂ ਮਿਲੀਆਂ ਦਾਤਾਂ ਦੇ ਬਾਵਜੂਦ ਮਨ ਹਰ ਵੇਲੇ ਬੇਚੈਨ ਰਹੇ ਤਾਂ ਇਨ੍ਹਾਂ ਪ੍ਰਾਪਤੀਆਂ ਦੀ ਖ਼ੁਸ਼ੀ ਵੀ ਅਧੂਰੀ ਹੀ ਰਹਿ ਜਾਂਦੀ ਹੈ ਤੇ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਹੀ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਲਈ ਕਾਫ਼ੀ ਨਹੀਂ ਹਨ।
ਹੱਸਮੁੱਖ ਸੁਭਾਅ ਦਾ ਹੋਣਾ ਮਨੁੱਖ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ। ਜਦੋਂ ਮਨੁੱਖ ਖ਼ੁਸ਼ ਰਹਿੰਦਾ ਹੈ ਤਾਂ ਉਸ ਦੀ ਸੋਚ ਵਿਚ ਵੀ ਸਕਾਰਾਤਮਕਤਾ ਤੇ ਤਾਜ਼ਗੀ ਆਉਂਦੀ ਹੈ। ਉਹ ਸਮੱਸਿਆਵਾਂ ਨੂੰ ਵਧੇਰੇ ਦੂਰਅੰਦੇਸ਼ੀ ਨਾਲ ਦੇਖ ਸਕਦਾ ਹੈ। ਇਸ ਦੇ ਉਲਟ ਹਰ ਵੇਲੇ ਤਣਾਅ ਤੇ ਨਿਰਾਸ਼ਾ ਵਿਚ ਰਹਿਣ ਵਾਲਾ ਵਿਅਕਤੀ ਛੋਟੀ ਸਮੱਸਿਆ ਨੂੰ ਵੀ ਵੱਡੀ ਮੁਸੀਬਤ ਸਮਝ ਲੈਂਦਾ ਹੈ। ਇਸ ਲਈ ਜੀਵਨ ’ਚ ਕੰਮ ਤੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਰਿਵਾਰ ਨਾਲ ਸਮਾਂ ਬਿਤਾਉਣਾ, ਸਵੈ-ਪੜਚੋਲ ਤੇ ਆਪਣੇ ਮਨ ਨੂੰ ਆਰਾਮ ਦੇਣ ਲਈ ਵੀ ਸਮਾਂ ਕੱਢਣਾ ਜ਼ਰੂਰੀ ਹੈ। ਜੇ ਅਸੀਂ ਦਿਨ ਦੀ ਸ਼ੁਰੂਆਤ ਹੱਸ ਕੇ ਕਰਦੇ ਹਾਂ ਤਾਂ ਪੂਰਾ ਦਿਨ ਚੰਗਾ ਤੇ ਸਕਾਰਾਤਮਕਤਾ ਨਾਲ ਭਰਪੂਰ ਰਹਿੰਦਾ ਹੈ। ਹੱਸਣਾ ਰਾਤ ਨੂੰ ਚੰਗੀ ਨੀਂਦ ਲੈਣ ਵਿਚ ਮਦਦ ਕਰਦਾ ਹੈ।
ਖ਼ੁਸ਼ ਹੋਣਾ ਤੇ ਹੱਸਣਾ ਵੱਖੋ-ਵੱਖਰੀਆਂ ਅਵਸਥਾਵਾਂ
ਇੱਥੇ ਇਹ ਸਮਝਣ ਦੀ ਵੀ ਲੋੜ ਹੈ ਕਿ ਖ਼ੁਸ਼ ਹੋਣਾ ਤੇ ਹੱਸਣਾ ਦੋ ਵੱਖ-ਵੱਖ ਅਵਸਥਾਵਾਂ ਹਨ। ਖ਼ੁਸ਼ ਹੋਣਾ ਇਨਸਾਨ ਦੀ ਉਸਾਰੂ ਮਾਨਸਿਕ ਅਵਸਥਾ ਨੂੰ ਦਰਸਾਉਂਦਾ ਹੈ, ਜਦੋਂਕਿ ਹਾਸਾ ਕਈ ਵਾਰ ਬਣਾਵਟੀ, ਵਿਅੰਗਮਈ ਤੇ ਕੂਟਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ। ਫਿਰ ਵੀ ਮੰਨਿਆ ਜਾਂਦਾ ਹੈ ਕਿ ਖੁੱਲ੍ਹ ਕੇ ਹੱਸਣ ਨਾਲ ਖ਼ੂਨ ਦਾ ਸੰਚਾਰ ਵਧੀਆ ਹੁੰਦਾ ਹੈ ਤੇ ਆਕਸੀਜਨ ਸਹੀ ਢੰਗ ਨਾਲ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦੀ ਹੈ। ਹਾਸਾ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦਾ ਹੈ। ਇਸੇ ਲਈ ਯੋਗਾ ਕਲਾਸਾਂ ਵਿਚ ਉੱਚੀ ਹੱਸਣ ’ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਹਸਾਉਣ ਲਈ ਹੀ ਵਿਸ਼ੇਸ਼ ਤੌਰ ’ਤੇ ਫਿਲਮਾਂ ਤੇ ਕਾਮੇਡੀ ਸ਼ੋਅ ਬਣ ਰਹੇ ਹਨ। ਇਹੋ ਨਹੀਂ ਸਗੋਂ ਮਈ ਦੇ ਪਹਿਲੇ ਐਤਵਾਰ ਨੂੰ ‘ਵਿਸ਼ਵ ਹਾਸਾ ਦਿਵਸ’ ਵਜੋਂ ਮਨਾਇਆ ਜਾਣ ਲੱਗਿਆ ਹੈ ਪਰ ਇੱਥੇ ਇਹ ਸਮਝਣ ਦੀ ਜ਼ਰੂਰ ਲੋੜ ਹੈ ਕਿ ਹੱਸਣਾ ਤੇ ਮਨ ਦਾ ਖ਼ੁਸ਼ ਹੋਣਾ ਦੋ ਵੱਖੋ-ਵੱਖਰੀਆਂ ਗੱਲਾਂ ਹਨ। ਕੁਝ ਸਮੇਂ ਲਈ ਹੱਸ ਲੈਣਾ ਤੇ ਆਪਣੇ ਮਨ ਨੂੰ ਖ਼ੁਸ਼ ਰਹਿ ਸਕਣ ਦੇ ਕਾਬਲ ਬਣਾਉਣਾ ਵੱਖ-ਵੱਖ ਅਵਸਥਾਵਾਂ ਹਨ। ਇਸ ਲਈ ਖ਼ੁਸ਼ ਰਹਿਣਾ ਹੱਸਣ ਤੋਂ ਵਧੇਰੇ ਅਹਿਮ ਹੋ ਜਾਂਦਾ ਹੈ। ਜਿਸ ਮਨੁੱਖ ਨੇ ਹਰ ਤਰ੍ਹਾਂ ਦੇ ਹਲਾਤਾਂ ਵਿੱਚੋਂ ਖ਼ੁਸ਼ ਰਹਿਣ ਦਾ ਢੰਗ ਲੱਭ ਲਿਆ, ਉਸ ਨੂੰ ਫਿਰ ਉੱਚੀ ਹੱਸ ਕੇ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ।
ਮੁਸ਼ਕਲਾਂ ਨਾਲ ਸਾਹਮਣਾ ਕਰਨਾ ਹੀ ਅਸਲੀ ਜਿੱਤ
ਇਸ ਤੋਂ ਇਲਾਵਾ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਦਾ ਹੌਸਲੇ ਨਾਲ ਸਾਹਮਣਾ ਕਰਨਾ ਹੀ ਜ਼ਿੰਦਗੀ ਦੀ ਅਸਲ ਜਿੱਤ ਹੈ। ਇਤਿਹਾਸ ਵਿਚ ਅਜਿਹੇ ਅਨੇਕਾਂ ਵਿਅਕਤੀ ਹੋਏ ਹਨ, ਜਿਨ੍ਹਾਂ ਨੇ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਹਾਲਾਤਾਂ ਨੂੰ ਆਪਣੀ ਕਿਸਮਤ ਮੰਨ ਕੇ ਬੈਠਣ ਦੀ ਬਜਾਏ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ। ਮਨੁੱਖ ਦੀ ਇਹੋ ਜੁਝਾਰੂ ਸੋਚ ਉਸ ਨੂੰ ਹੋਰਾਂ ਜੀਵਾਂ ਤੋਂ ਵੱਖਰਾ ਕਰਦੀ ਹੈ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਹਰ ਵੇਲੇ ਹੱਸਣ ਤੇ ਖ਼ੁਸ਼ ਰਹਿਣ ਦਾ ਦਿਖਾਵਾ ਕਰਨਾ ਜ਼ਰੂਰੀ ਨਹੀਂ। ਜੇ ਕੋਈ ਮਨੁੱਖ ਦੁੱਖ ਵਿਚ ਹੈ ਤਾਂ ਉਸ ਦੇ ਦੁੱਖ ਨੂੰ ਸਮਝਣਾ ਅਤੇ ਉਸ ਨੂੰ ਸਮਾਂ ਦੇਣਾ ਵੀ ਮਨੁੱਖਤਾ ਹੈ। ਉਲਝਣ ਵਿਚ ਫਸੇ ਵਿਅਕਤੀ ਦੀ ਗੱਲ ਸੁਣਨਾ ਤੇ ਉਸ ਦਾ ਹੌਸਲਾ ਵਧਾਉਣ ਲਈ ਦਿੱਤਾ ਸਾਥ ਮਨੁੱਖ ਨੂੰ ਮੁੜ ਖੜ੍ਹਾ ਹੋਣ ਦੀ ਤਾਕਤ ਦਿੰਦਾ ਹੈ।
ਦੂਜਿਆਂ ਦੀ ਖੁਸ਼ੀ ’ਚ ਸ਼ਾਮਲ ਹੋਣਾ ਸਿੱਖੀਏ
ਇਹ ਵੀ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੀ ਖ਼ੁਸ਼ੀ ਨਾਲ ਈਰਖਾ ਕਰਨ ਦੀ ਥਾਂ ਹੋਰਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੋਣਾ ਸਿੱਖੀਏ। ਕਿਸੇ ਦੀ ਤਰੱਕੀ ਦੇਖ ਕੇ ਜਦੋਂ ਅਸੀਂ ਸੜਨ ਲੱਗ ਪਈਏ ਤਾਂ ਸਾਡੇ ਮਨ ਦੀ ਸ਼ਾਂਤੀ ਖ਼ਤਮ ਹੋ ਜਾਂਦੀ ਹੈ। ਇਸ ਦੇ ਉਲਟ ਜੇ ਅਸੀਂ ਦੂਜੇ ਦੀ ਸਫਲਤਾ ਉੱਤੇ ਖ਼ੁਸ਼ ਹੋਈਏ ਤੇ ਉਸ ਤੋਂ ਪ੍ਰੇਰਣਾ ਲਈਏ ਤਾਂ ਸਾਡੀ ਆਪਣੀ ਜ਼ਿੰਦਗੀ ਵੀ ਬਿਹਤਰ ਬਣ ਸਕਦੀ ਹੈ। ਅਸਲ ਵਿਚ ਹੱਸਦੇ ਰਹਿਣ ਤੋਂ ਭਾਵ ਜੀਵਨ ’ਚੋਂ ਦੁੱਖ ਨੂੰ ਖ਼ਤਮ ਕਰਨਾ ਨਹੀਂ ਸਗੋਂ ਦੁੱਖਾਂ ਦੇ ਬਾਵਜੂਦ ਜੀਵਨ ਨੂੰ ਸਕਾਰਾਤਮਕ ਸੋਚ ਨਾਲ ਜਿਊਣ ਦਾ ਢੰਗ ਅਪਣਾਉਣਾ ਹੈ। ਬਹੁਤੀ ਵਾਰ ਪ੍ਰਸਥਿਤੀਆਂ ਨੂੰ ਬਦਲਣਾ ਹਰ ਸਮੇਂ ਮਨੁੱਖ ਦੇ ਹੱਥ ਵਿਚ ਨਹੀਂ ਹੁੰਦਾ ਪਰ ਉਨ੍ਹਾਂ ਪ੍ਰਸਥਿਤੀਆਂ ਪ੍ਰਤੀ ਆਪਣਾ ਰਵੱਈਆ ਬਦਲਣਾ ਮਨੁੱਖ ਦੇ ਹੱਥ ਵਿਚ ਜ਼ਰੂਰ ਹੁੰਦਾ ਹੈ। ਜੇ ਸੋਚ ਵਿਚ ਸਕਾਰਾਤਮਕਤਾ, ਦਿਲ ’ਚ ਹੌਸਲਾ ਤੇ ਚਿਹਰੇ ਉੱਤੇ ਮੁਸਕਰਾਹਟ ਹੋਵੇ ਤਾਂ ਔਖੇ ਰਸਤੇ ਵੀ ਸੌਖੇ ਲੱਗਣ ਲੱਗਦੇ ਹਨ।
ਅੱਜ ਸਾਨੂੰ ਆਪਣੇ ਘਰਾਂ, ਸਕੂਲਾਂ, ਦਫ਼ਤਰਾਂ ਤੇ ਸਮਾਜ ਵਿਚ ਹਾਸੇ, ਸਾਂਝ, ਸਹਿਯੋਗ ਤੇ ਪਿਆਰ ਦਾ ਮਾਹੌਲ ਸਿਰਜਣ ਦੀ ਲੋੜ ਹੈ। ਇਕ-ਦੂਜੇ ਦੀਆਂ ਕਮੀਆਂ ਗਿਣਾਉਣ ਦੀ ਬਜਾਏ ਹੌਸਲਾ ਦੇਈਏ, ਨਿਰਾਸ਼ ਕਰਨ ਦੀ ਬਜਾਏ ਆਸ ਜਗਾਈਏ ਤੇ ਰਿਸ਼ਤਿਆਂ ਵਿਚ ਕੰਧਾਂ ਖੜ੍ਹੀਆਂ ਕਰਨ ਦੀ ਬਜਾਏ ਪੁਲ ਬਣੀਏ ਕਿਉਂਕਿ ਛੋਟੀ ਜਿਹੀ ਜ਼ਿੰਦਗੀ ਨੂੰ ਗਿਲਿਆਂ-ਸ਼ਿਕਵਿਆਂ ਵਿਚ ਗੁਆਉਣਾ ਸਿਆਣਪ ਨਹੀਂ ਮੰਨਿਆ ਜਾ ਸਕਦਾ।
ਜੀਵਨ ’ਚ ਖ਼ੁਸ਼ੀ ਸਿਰਫ਼ ਹਾਲਾਤਾਂ ਨਾਲ ਨਹੀਂ ਸਗੋਂ ਸਾਡੀ ਸੋਚ ਨਾਲ ਵੀ ਪੈਦਾ ਹੁੰਦੀ ਹੈ। ਜਿਹੜਾ ਮਨੁੱਖ ਥੋੜ੍ਹੇ ਵਿਚ ਖ਼ੁਸ਼ ਰਹਿਣਾ, ਔਖੇ ਵੇਲੇ ਹੌਸਲਾ ਰੱਖਣਾ ਤੇ ਦੂਜਿਆਂ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਨਾ ਸਿੱਖ ਲੈਂਦਾ ਹੈ, ਉਸ ਦੀ ਜ਼ਿੰਦਗੀ ਅਸਲ ਅਰਥਾਂ ਵਿਚ ਸੁਖਾਲੀ ਤੇ ਖ਼ੁਸ਼ਗਵਾਰ ਹੋ ਜਾਂਦੀ ਹੈ। ਇਸ ਲਈ ਆਓ ਦੁੱਖਾਂ ਨੂੰ ਸਮਝੀਏ ਪਰ ਉਨ੍ਹਾਂ ਦੇ ਗ਼ੁਲਾਮ ਨਾ ਬਣੀਏ, ਮੁਸ਼ਕਲਾਂ ਦਾ ਸਾਹਮਣਾ ਕਰੀਏ ਪਰ ਆਸ ਨਾ ਛੱਡੀਏ ਤੇ ਆਪਣੇ ਘਰਾਂ ਵਿਚ ਅਜਿਹੀ ਰੌਣਕ ਪੈਦਾ ਕਰੀਏ ਕਿ ‘ਹੱਸਦਿਆਂ ਦੇ ਘਰ ਵਸਦੇ, ਰੋਂਦਿਆਂ ਦੇ ਖਾਨੇ ਖ਼ਰਾਬ’ ਕਹਾਵਤ ਅੱਜ ਦੇ ਸਮੇਂ ਵੀ ਸੱਚ ਹੋ ਨਿੱਬੜੇ।
- ਮਨਪ੍ਰੀਤ ਸਿੰਘ ਰੂਬੀ