- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਪਰਮਾਤਮਾ ਵੱਲੋਂ ਮਨੁੱਖ ਨੂੰ ਮਿਲਿਆ ਸਭ ਤੋਂ ਅਨਮੋਲ ਤੋਹਫ਼ਾ ਹੈ। ਜ਼ਿੰਦਗੀ ਤੋਂ ਭਾਵ ਕੇਵਲ ਮਨੁੱਖੀ ਸਰੀਰ ਅੰਦਰ ਚੱਲਦੇ ਸਾਹਾਂ ਤੋਂ ਨਹੀਂ ਹੈ ਸਗੋਂ ਸੰਸਾਰ ’ਚ ਆ ਕੇ ਮਿਲੇ ਹਰ ਪਲ ਨੂੰ ਮਹਿਸੂਸ ਕਰਨਾ, ਸਿੱਖਦੇ ਰਹਿਣਾ, ਅੱਗੇ ਵਧਣਾ ਤੇ ਖ਼ੁਸ਼ੀਆਂ ਵੰਡਣ ਦਾ ਕੁਦਰਤ ਵੱਲੋਂ ਮਿਲਿਆ ਇਕ ਮੌਕਾ ਹੈ। ਇਸ ਦੀ ਤੁਲਨਾ ਕਿਸੇ ਸੂਰਤ ’ਚ ਕਿਸੇ ਸੰਸਾਰਕ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ।

ਜ਼ਿੰਦਗੀ ਪਰਮਾਤਮਾ ਵੱਲੋਂ ਮਨੁੱਖ ਨੂੰ ਮਿਲਿਆ ਸਭ ਤੋਂ ਅਨਮੋਲ ਤੋਹਫ਼ਾ ਹੈ। ਜ਼ਿੰਦਗੀ ਤੋਂ ਭਾਵ ਕੇਵਲ ਮਨੁੱਖੀ ਸਰੀਰ ਅੰਦਰ ਚੱਲਦੇ ਸਾਹਾਂ ਤੋਂ ਨਹੀਂ ਹੈ ਸਗੋਂ ਸੰਸਾਰ ’ਚ ਆ ਕੇ ਮਿਲੇ ਹਰ ਪਲ ਨੂੰ ਮਹਿਸੂਸ ਕਰਨਾ, ਸਿੱਖਦੇ ਰਹਿਣਾ, ਅੱਗੇ ਵਧਣਾ ਤੇ ਖ਼ੁਸ਼ੀਆਂ ਵੰਡਣ ਦਾ ਕੁਦਰਤ ਵੱਲੋਂ ਮਿਲਿਆ ਇਕ ਮੌਕਾ ਹੈ। ਇਸ ਦੀ ਤੁਲਨਾ ਕਿਸੇ ਸੂਰਤ ’ਚ ਕਿਸੇ ਸੰਸਾਰਕ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਜੀਵਨ ਨੂੰ ਸਹੀ ਅਰਥਾਂ ’ਚ ਕਿਵੇਂ ਜਿਊਣਾ ਹੈ ਤੇ ਹਰ ਪਲ ਦਾ ਆਨੰਦ ਕਿਵੇਂ ਮਾਣਨਾ ਹੈ, ਇਹ ਗੁੱਝੀ ਕਲਾ ਹੈ। ਇਹ ਕਲਾ ਸਿਖਾਉਣ ਨਾਲ ਨਹੀਂ ਆਉਂਦੀ ਸਗੋਂ ਮਨੁੱਖ ਨੂੰ ਆਪਣੀ ਸਮਝ, ਤਜਰਬਿਆਂ ਤੇ ਸਵੈ-ਪੜਚੋਲ ਨਾਲ ਖ਼ੁਦ ਸਿੱਖਣੀ ਪੈਂਦੀ ਹੈ। ਅਕਸਰ ਲੋਕ ਜ਼ਿੰਦਗੀ ਕੱਟਣ ਤੇ ਜ਼ਿੰਦਗੀ ਜਿਊਣ ਵਿਚਲੇ ਅੰਤਰ ਨੂੰ ਨਹੀਂ ਸਮਝ ਪਾਉਂਦੇ। ਇਸ ਨਾਸਮਝੀ ਕਾਰਨ ਉਹ ਸਾਰੀ ਉਮਰ ਸਿਰਫ਼ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬੇ ਰਹਿ ਕੇ ਪਦਾਰਥਵਾਦੀ ਸੰਸਾਰ ਦੀ ਅੰਨ੍ਹੀ ਦੌੜ ’ਚ ਗੁਜ਼ਾਰ ਦਿੰਦੇ ਹਨ। ਅਸਲ ’ਚ ਪਰਿਵਾਰਕ ਤੇ ਸਮਾਜਿਕ ਝਮੇਲਿਆਂ ’ਚ ਉਲਝੇ ਮਨੁੱਖ ਨੂੰ ਇਹ ਸਮਝਣ ਨੂੰ ਲੰਮਾ ਸਮਾਂ ਲੱਗ ਜਾਂਦਾ ਹੈ ਕਿ ਮਨ ਦੀ ਅੰਦਰੂਨੀ ਸ਼ਾਂਤੀ, ਸੰਤੋਖ ਤੇ ਹਰ ਹਾਲਤ ਨੂੰ ਕੁਦਰਤ ਦੀ ਰਜ਼ਾ ਮੰਨ ਕੇ ਖ਼ੁਸ਼ ਰਹਿਣਾ ਹੀ ਅਸਲ ਜੀਵਨ ਹੈ।
ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ
ਅਕਸਰ ਮਨੁੱਖ ਆਪਣੀ ਜ਼ਿੰਦਗੀ ਦੀ ਦੌੜ, ਚਿੰਤਾਵਾਂ ਤੇ ਇੱਛਾਵਾਂ ’ਚ ਇੰਨਾ ਰੁੱਝ ਜਾਂਦਾ ਹੈ ਕਿ ਉਹ ਜੀਵਨ ਦੇ ਅਸਲ ਮਨੋਰਥ ਤੇ ਇਸ ਦੇ ਸੁੰਦਰ ਰੰਗਾਂ ਨੂੰ ਮਾਣਨਾ ਹੀ ਭੁੱਲ ਜਾਂਦਾ ਹੈ। ਜ਼ਿੰਦਗੀ ਮਾਣਨ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਮਨੁੱਖੀ ਜੀਵਨ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸਗੋਂ ਇਸ ਵਿਚ ਸੁੱਖ-ਦੁੱਖ, ਉਤਰਾਅ-ਚੜ੍ਹਾਅ, ਸਫਲਤਾਵਾਂ ਤੇ ਅਸਫਲਤਾਵਾਂ ਦਾ ਆਉਣਾ-ਜਾਣਾ ਕੁਦਰਤੀ ਨਿਯਮ ਹੈ। ਇਸ ਲਈ ਜੀਵਨ ਦੇ ਹਾਲਾਤ ਚਾਹੇ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ, ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ। ਅਜਿਹੇ ਹਾਲਾਤਾਂ ’ਚ ਵੀ ਹਰ ਚੁਣੌਤੀ ਨੂੰ ਇਕ ਮੌਕਾ ਮੰਨ ਕੇ ਉਸ ਦਾ ਦਲੇਰੀ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਜੀਵਨ ’ਚ ਚੰਗੇ ਤੇ ਮਾੜੇ ਸਮੇਂ ਦਾ ਆਉਣਾ ਸੁਭਾਵਿਕ ਹੈ। ਜੋ ਮਨੁੱਖ ਹਰ ਹਾਲਤ ਨੂੰ ਸਵੀਕਾਰ ਕਰਨਾ ਸਿੱਖ ਲੈਂਦਾ ਹੈ, ਉਹ ਜ਼ਿੰਦਗੀ ਦਾ ਅਸਲ ਆਨੰਦ ਮਾਣ ਸਕਦਾ ਹੈ। ਇਹ ਸਮਝਣਾ ਤੇ ਮੰਨ ਕੇ ਚੱਲਣਾ ਪਵੇਗਾ ਕਿ ਮੁਸ਼ਕਲਾਂ ਸਾਨੂੰ ਕਮਜ਼ੋਰ ਕਰਨ ਲਈ ਨਹੀਂ ਸਗੋਂ ਮਜ਼ਬੂਤ ਬਣਾਉਣ ਲਈ ਆਉਂਦੀਆਂ ਹਨ। ਇਹ ਮੁਸ਼ਕਲਾਂ ਤੇ ਚਣੌਤੀਆਂ ਹੀ ਮਨੁੱਖ ਨੂੰ ਨਵਾਂ ਤਜਰਬਾ ਦਿੰਦੀਆਂ ਹਨ ਤੇ ਜੀਵਨ ਦੀਆਂ ਅਸਲ ਕਦਰਾਂ-ਕੀਮਤਾਂ ਸਿਖਾਉਂਦੀਆਂ ਹਨ।
ਜ਼ਿੰਦਗੀ ਮਾਣਨਾ ਸਿਖਾਉਂਦੀ ਹੈ ਕੁਦਰਤ
ਆਧੁਨਿਕ ਯੁੱਗ ’ਚ ਮਨੁੱਖ ਨੇ ਭਾਵੇਂ ਤਰੱਕੀ ਬਹੁਤ ਕਰ ਲਈ ਹੈ ਪਰ ਤਰੱਕੀ ਦੀ ਇਸ ਦੌੜ ’ਚ ਉਹ ਆਪਣੇ ਆਪ, ਪਰਿਵਾਰਕ ਤੇ ਆਪਣੇ ਦੁਆਲੇ ਜੁੜੇ ਸਮਾਜਿਕ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਈਲ, ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਮਨੁੱਖੀ ਜੀਵਨ ਨੂੰ ਸੌਖਾ ਤਾਂ ਬਣਾਇਆ ਹੈ ਪਰ ਇਸ ਸਭ ਕੁਝ ਨੇ ਸਾਨੂੰ ਪਰਿਵਾਰਕ ਤੇ ਸਮਾਜਿਕ ਸਾਂਝਾਂ ਤੋਂ ਦੂਰ ਵੀ ਕਰ ਦਿੱਤਾ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸਮੇਂ ਦੀ ਰਫ਼ਤਾਰ ਨਾਲ ਦੌੜਦਾ ਮਨੁੱਖ ਜ਼ਿੰਦਗੀ ਨੂੰ ਮਾਣਨਾ ਭੁਲਾ ਚੁੱਕਿਆ ਹੈ ਤੇ ਕੇਵਲ ਜ਼ਿੰਗਦੀ ਕੱਟਣ ਦੇ ਚੱਕਰ ’ਚ ਫਸਿਆ ਹੋਇਆ ਹੈ। ਇਸ ਦੇ ਉਲਟ ਕੁਦਰਤ ਸਾਨੂੰ ਜ਼ਿੰਦਗੀ ਨੂੰ ਮਾਣਨਾ ਸਿਖਾਉਂਦੀ ਹੈ। ਸਵੇਰ ਦੀ ਤਾਜ਼ੀ ਹਵਾ, ਪੰਛੀਆਂ ਦੀ ਚਹਿਚਹਾਟ, ਖਿੜੇ ਹੋਏ ਫੁੱਲ, ਤ੍ਰੇਲ ਦੇ ਤੁਪਕੇ, ਵਰਖਾ ਦੀਆਂ ਬੂੰਦਾਂ ਤੇ ਹਰੇ-ਭਰੇ ਖੇਤ ਮਨੁੱਖ ਦੇ ਮਨ ਨੂੰ ਸ਼ਾਂਤੀ ਤੇ ਤਾਜ਼ਗੀ ਦਿੰਦੇ ਹਨ। ਜਦੋਂ ਅਸੀਂ ਕੁਦਰਤ ਦੇ ਨੇੜੇ ਰਹਿੰਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਖ਼ੁਸ਼ੀ ਲਈ ਬਹੁਤ ਕੁਝ ਹਾਸਿਲ ਕਰਨਾ ਜ਼ਰੂਰੀ ਨਹੀਂ ਸਗੋਂ ਜੋ ਕੁਝ ਸਾਡੇ ਕੋਲ ਹੈ, ਉਸ ਦੀ ਕਦਰ ਕਰਨੀ ਤੇ ਮਾਣਨ ਦਾ ਢੰਗ ਸਿੱਖਣਾ ਹੀ ਕਾਫ਼ੀ ਹੈ।
ਕਦੇ ਵਾਪਸ ਨਹੀਂ ਆਉਂਦਾ ਬੀਤ ਚੁੱਕਿਆ ਸਮਾਂ
ਜ਼ਿੰਦਗੀ ਜਿਊਣ ਦਾ ਸਭ ਤੋਂ ਉੱਤਮ ਤੇ ਪਹਿਲਾ ਨਿਯਮ ਇਹ ਹੈ ਕਿ ਅਸੀਂ ਵਰਤਮਾਨ ਸਮੇਂ ਭਾਵ ਅੱਜ ਦੇ ਹਰ ਪਲ ’ਚ ਜਿਊਣਾ ਸਿੱਖੀਏ ਕਿਉਂਕਿ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਉਹ ਜਾਂ ਤਾਂ ਬੀਤੇ ਹੋਏ ਕੱਲ੍ਹ ਦੇ ਪਛਤਾਵਿਆਂ, ਦੁੱਖਾਂ ਤੇ ਗ਼ਲਤੀਆਂ ’ਚ ਗੁਆਚਿਆ ਰਹਿੰਦਾ ਹੈ ਜਾਂ ਫਿਰ ਆਉਣ ਵਾਲੇ ਭਵਿੱਖ ਦੀਆਂ ਚਿੰਤਾਵਾਂ, ਯੋਜਨਾਵਾਂ ਤੇ ਅਸੁਰੱਖਿਆ ਦੀ ਭਾਵਨਾ ਵਿਚ ਡੁੱਬਾ ਰਹਿੰਦਾ ਹੈ। ਇਸ ਕਾਰਨ ਉਸ ਦੇ ਹੱਥੋਂ ਉਹ ਖ਼ੂਬਸੂਰਤ ਪਲ ਵੀ ਨਿਕਲ ਜਾਂਦਾ ਹੈ, ਜੋ ਇਸ ਸਮੇਂ ਉਸ ਦੇ ਕੋਲ ਮੌਜੂਦ ਹੈ। ਸਾਨੂੰ ਇਹ ਗੱਲ ਹਰ ਹਾਲਤ ’ਚ ਸਮਝਣੀ ਪਵੇਗੀ ਕਿ ਬੀਤ ਚੁੱਕਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ ਤੇ ਆਉਣ ਵਾਲਾ ਸਮਾਂ ਕਿਸੇ ਨੇ ਦੇਖਿਆ ਨਹੀਂ ਹੁੰਦਾ। ਇਸ ਲਈ ਜੋ ਕੁਝ ਵੀ ਸਾਡੇ ਕੋਲ ਹੈ, ਉਹ ਸਿਰਫ਼ ਇਹ ਮੌਜੂਦਾ ਪਲ ਹੀ ਹਨ। ਇਨ੍ਹਾਂ ਪਲਾਂ ਨੂੰ ਜੇ ਅਸੀਂ ਪੂਰੀ ਸ਼ਿੱਦਤ, ਮੁਸਕਾਨ ਤੇ ਸਕਾਰਾਤਮਿਕ ਸੋਚ ਨਾਲ ਜਿਊਣਾ ਸ਼ੁਰੂ ਕਰ ਦੇਈਏ ਤਾਂ ਸਾਡੀ ਅੱਧੀ ਤੋਂ ਵੱਧ ਮਾਨਸਿਕ ਪ੍ਰੇਸ਼ਾਨੀ ਆਪਣੇ ਆਪ ਖ਼ਤਮ ਹੋ ਜਾਵੇਗੀ।
ਸਬਰ-ਸੰਤੋਖ ਦੀ ਭਾਵਨਾ ਦਾ ਹੋਣਾ ਜ਼ਰੂਰੀ
ਜੀਵਨ ਨੂੰ ਸਾਰਥਿਕ ਬਣਾਉਣ ਲਈ ਸਾਡੇ ਅੰਦਰ ਸਬਰ ਤੇ ਸੰਤੋਖ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਦੌਰ ’ਚ ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਤੇ ਜੋ ਸਾਡੇ ਕੋਲ ਨਹੀਂ ਹੈ, ਉਸ ਲਈ ਤੜਫਨਾ ਮਨੁੱਖੀ ਸੁਭਾਅ ਬਣ ਚੁੱਕਿਆ ਹੈ। ਜੀਵਨ ਜਿਊਣ ਦਾ ਸਹੀ ਢੰਗ ਇਹ ਹੈ ਕਿ ਅਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਉਨ੍ਹਾਂ ਅਣਗਿਣਤ ਨਿਆਮਤਾਂ ਵੱਲ ਦੇਖੀਏ, ਜੋ ਕੁਦਰਤ ਨੇ ਸਾਨੂੰ ਬਿਨਾਂ ਮੰਗੇ ਦਿੱਤੀਆਂ ਹਨ। ਸਿਹਤਮੰਦ ਸਰੀਰ, ਸਾਹ ਲੈਂਦੀ ਜ਼ਿੰਦਗੀ, ਪਿਆਰ ਕਰਨ ਵਾਲਾ ਪਰਿਵਾਰ, ਰਹਿਣ ਲਈ ਘਰ ਦੇ ਰੂਪ ’ਚ ਸਿਰ ’ਤੇ ਮਿਲੀ ਛੱਤ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਇਨ੍ਹਾਂ ਕਦਰਤ ਵੱਲੋਂ ਮਿਲੀਆਂ ਨਿਆਮਤਾਂ ਵਿਚ ਸ਼ਾਮਿਲ ਹਨ। ਜਿਸ ਦਿਨ ਮਨੁੱਖ ਲਾਲਸਾ ਤੇ ਈਰਖਾ ਨੂੰ ਛੱਡ ਕੇ ਸ਼ੁਕਰਾਨੇ ਦੇ ਭਾਵ ’ਚ ਆ ਜਾਂਦਾ ਹੈ, ਉਸੇ ਪਲ ਤੋਂ ਉਹ ਜੀਵਨ ਦੀ ਅਸਲੀ ਅਮੀਰੀ ਤੇ ਅਧਿਆਤਮਕ ਸਕੂਨ ਪ੍ਰਾਪਤ ਕਰ ਲੈਂਦਾ ਹੈ।
ਦੂਜਿਆਂ ਦੀ ਮਦਦ ਕਰਨਾ
ਜ਼ਿੰਦਗੀ ਨੂੰ ਮਾਣਨ ਦਾ ਇਕ ਹੋਰ ਸੁੰਦਰ ਤਰੀਕਾ ਹੈ ਦੂਜਿਆਂ ਦੀ ਮਦਦ ਕਰਨਾ। ਜਦੋਂ ਅਸੀਂ ਕਿਸੇ ਲੋੜਵੰਦ ਦੀ ਸਹਾਇਤਾ ਕਰ ਕੇ ਕਿਸੇ ਦੁਖੀ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਦਾ ਕਾਰਨ ਜਾਂ ਕਿਸੇ ਦੀ ਹਿੰਮਤ ਬਣਦੇ ਹਾਂ ਤਾਂ ਸਾਨੂੰ ਅਲੌਕਿਕ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਇਹ ਖ਼ੁਸ਼ੀ ਕਿਸੇ ਵੀ ਧਨ-ਦੌਲਤ ਨਾਲ ਨਹੀਂ ਮਿਲ ਸਕਦੀ। ਮਨੁੱਖਤਾ, ਪਿਆਰ ਤੇ ਸਹਿਯੋਗ ਦੀ ਭਾਵਨਾ ਹੀ ਜੀਵਨ ਨੂੰ ਅਰਥਪੂਰਨ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਦੂਜਿਆਂ ਦੀ ਖ਼ੁਸ਼ੀ ’ਚ ਖ਼ੁਸ਼ ਹੋਣਾ ਤੇ ਦੂਜਿਆਂ ਦੀ ਤਰੱਕੀ ਦੇਖ ਕੇ ਸੜਨ ਦੀ ਥਾਂ ਖ਼ੁਸ਼ ਹੋਣਾ ਵੀ ਜੀਵਨ ਨੂੰ ਆਨੰਦਮਈ ਬਣਾ ਕੇ ਸਕੂਨ ਨਾਲ ਭਰਪੂਰ ਕਰਦਾ ਹੈ।
ਜੀਵਨ ਦੇ ਸੁੰਦਰ ਪਲਾਂ ਨੂੰ ਨਹੀਂ ਚਾਹੀਦਾ ਗੁਆਉਣਾ
ਆਪਣੇ ਸੁਪਨਿਆਂ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰਦਿਆਂ ਵੀ ਸਾਨੂੰ ਜੀਵਨ ਦੇ ਸੁੰਦਰ ਪਲਾਂ ਨੂੰ ਗੁਆਉਣਾ ਨਹੀਂ ਚਾਹੀਦਾ। ਅਕਸਰ ਲੋਕ ਵੱਡੀਆਂ ਲਾਲਸਾਵਾਂ ਕਾਰਨ ਛੋਟੀਆਂ ਪ੍ਰਾਪਤੀਆਂ ਤੇ ਖ਼ੁਸ਼ੀਆਂ ਨੂੰ ਅਣਦੇਖਿਆ ਕਰਦੇ ਹਨ। ਵੱਡੇ ਬਣ ਕੇ ਰਹਿਣ ਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਲਾਲਸਾ ਵੀ ਮਨੁੱਖ ਨੂੰ ਚਿੰਤਾਵਾਂ ਦੇ ਸਮੁੰਦਰ ’ਚ ਡਬੋਈ ਰੱਖਦੀ ਹੈ। ਅਜਿਹੀ ਲਾਲਸਾ ਤੋਂ ਬਚ ਕੇ ਹੀ ਜ਼ਿੰਦਗੀ ਦਾ ਅਸਲ ਆਨੰਦ ਮਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਪਣੇ ਅੰਦਰ ਦੇ ਵਿਦਿਆਰਥੀ ਤੇ ਬਚਪਨੇ ਨੂੰ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ ਕਿਉਂਕਿ ਜਿਸ ਦਿਨ ਅਸੀਂ ਵਿਦਿਆਰਥੀ ਤੇ ਬੱਚੇ ਬਣ ਕੇ ਨਵੀਆਂ ਚੀਜ਼ਾਂ, ਨਵੇਂ ਵਿਚਾਰਾਂ ਤੇ ਨਵੇਂ ਤਜਰਬਿਆਂ ਨੂੰ ਸਿੱਖਣਾ ਬੰਦ ਕਰ ਦਿੰਦੇ ਹਾਂ, ਉਸੇ ਦਿਨ ਸਾਡੀ ਮਾਨਸਿਕ ਤਰੱਕੀ ਰੁਕ ਜਾਂਦੀ ਹੈ।
ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣਨਾ
ਇਸ ਸੰਸਾਰ ’ਚ ਵਿਚਰਦਿਆਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਛਾਣਨਾ ਤੇ ਸਾਰਿਆਂ ਨਾਲ ਪਿਆਰ, ਨਿਮਰਤਾ ਤੇ ਹਮਦਰਦੀ ਵਾਲਾ ਵਿਹਾਰ ਕਰਨਾ ਜੀਵਨ ਦਾ ਇਕ ਹੋਰ ਅਹਿਮ ਪਹਿਲੂ ਹੈ ਕਿਉਂਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਇਸ ਲਈ ਇਕੱਲਤਾ ਕਦੇ ਵੀ ਉਸ ਨੂੰ ਸੱਚੀ ਖ਼ੁਸ਼ੀ ਨਹੀਂ ਦੇ ਸਕਦੀ। ਦੂਜਿਆਂ ਦੇ ਦੁੱਖ-ਦਰਦ ਨੂੰ ਸਮਝਣਾ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ। ਇਹ ਸੋਚ ਤੇ ਰਵੱਈਆ ਸਾਡੀ ਆਤਮਾ ਨੂੰ ਅਜਿਹੀ ਸੰਤੁਸ਼ਟੀ ਦਿੰਦਾ ਹੈ, ਜਿਸ ਦੀ ਕੋਈ ਕੀਮਤ ਨਹੀਂ। ਇਸ ਸੰਤੁਸ਼ਟੀ ਵਾਲੀ ਅਵਸਥਾ ਨੂੰ ਦੁਨੀਆ ਦੀ ਕੋਈ ਵੀ ਦੌਲਤ ਨਾਲ ਖ਼ਰੀਦਿਆ ਨਹੀਂ ਜਾ ਸਕਦਾ। ਲੋੜ ਹੈ ਕਿ ਅਸੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਈਏ, ਆਪਣੇ ਮਿੱਤਰਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰੀਏ ਤੇ ਆਪਣੇ ਵੱਡਿਆਂ ਦੇ ਤਜਰਬਿਆਂ ਤੋਂ ਸਿੱਖੀਏ। ਅਸਲ ਖ਼ੁਸ਼ੀ ਮਹਿੰਗੀਆਂ ਚੀਜ਼ਾਂ ’ਚ ਨਹੀਂ ਸਗੋਂ ਆਪਣੇ ਲੋਕਾਂ ਦੇ ਨਾਲ ਬਿਤਾਏ ਪਲਾਂ ਵਿਚ ਹੁੰਦੀ ਹੈ। ਜੇ ਘੋਖਿਆ ਜਾਵੇ ਤਾਂ ਜ਼ਿੰਦਗੀ ਇਕ ਅਨਮੋਲ ਤੋਹਫ਼ਾ ਹੈ, ਜਿਸ ਨੂੰ ਗਿਲ੍ਹੇ-ਸ਼ਿਕਵਿਆਂ, ਨਫ਼ਰਤਾਂ ਤੇ ਚਿੰਤਾਵਾਂ ਵਿੱਚ ਗੁਜ਼ਾਰਨ ਦੀ ਬਜਾਏ ਪਿਆਰ, ਸਦਭਾਵਨਾ, ਮਿਹਨਤ ਅਤੇ ਖ਼ੁਸ਼ੀ ਨਾਲ ਜਿਊਣਾ ਚਾਹੀਦਾ ਹੈ।
ਹਰ ਦਿਨ ਨੂੰ ਇਕ ਨਵੇਂ ਮੌਕੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਆਪਣੇ ਆਪ ’ਤੇ ਭਰੋਸਾ ਰੱਖਣਾ, ਆਪਣੇ ਅੱਜ ਨੂੰ ਬੀਤੇ ਕੱਲ੍ਹ ਨਾਲੋਂ ਬਿਹਤਰ ਬਣਾਉਣ ਦੇ ਯਤਨ ਕਰਨੇ, ਕੁਦਰਤ ਦੇ ਨਿਯਮਾਂ ਦਾ ਸਤਿਕਾਰ ਕਰਨਾ ਤੇ ਹਰ ਤਰ੍ਹਾਂ ਦੇ ਔਖੇ ਤੇ ਸੌਖੇ ਹਾਲਾਤਾਂ ਵਿਚ ਮਾਨਸਿਕ ਸੰਤੁਲਨ ਬਣਾ ਕੇ ਰੱਖਣਾ ਹੀ ਅਸਲ ਵਿੱਚ ਜ਼ਿੰਦਗੀ ਨੂੰ ਖ਼ੂਬਸੂਰਤੀ ਤੇ ਸ਼ਾਨ ਨਾਲ ਮਾਣਨ ਦਾ ਅਸਲ ਤੇ ਸਾਰਥਕ ਢੰਗ ਹੈ। ਆਓ ਅਸੀਂ ਸਭ ਮਿਲ ਕੇ ਜ਼ਿੰਦਗੀ ਦੀ ਕਦਰ ਕਰੀਏ, ਆਪਣੇ ਰਿਸ਼ਤਿਆਂ ਨੂੰ ਸੰਭਾਲੀਏ, ਕੁਦਰਤ ਨਾਲ ਜੁੜੀਏ ਅਤੇ ਹਰ ਪਲ ਨੂੰ ਖੁੱਲ੍ਹੇ ਦਿਲ ਨਾਲ ਮਾਣੀਏ ਕਿਉਂਕਿ ਇਕ ਵਾਰ ਮਿਲੀ ਜ਼ਿੰਦਗੀ ਦੁਬਾਰਾ ਮਿਲਣੀ ਸੰਭਵ ਨਹੀਂ।
- ਮਨਪ੍ਰੀਤ ਸਿੰਘ ਰੂਬੀ