ਜਿਸ ਨੂੰ ਤੁਸੀਂ ਦਿੱਲੀ ਸਮਝਦੇ ਹੋ, ਉਹ ਪੂਰੀ ਦਿੱਲੀ ਨਹੀਂ! ਜਾਣੋ ਦਿੱਲੀ, ਨਵੀਂ ਦਿੱਲੀ ਤੇ NCR 'ਚ ਕੀ ਹੈ ਅਸਲ ਫਰਕ
ਤੁਸੀਂ ਸੋਚ ਰਹੇ ਹੋਵੋਗੇ ਕਿ ਦਿੱਲੀ ਅਤੇ ਨਵੀਂ ਦਿੱਲੀ ਇੱਕੋ ਜਿਹੇ ਹਨ ਤਾਂ ਦੱਸ ਦੇਈਏ ਕਿ ਇਨ੍ਹਾਂ 'ਚ ਵੀ ਮੂਲ ਫਰਕ ਹੈ। ਨਵੀਂ ਦਿੱਲੀ 11 ਜ਼ਿਲ੍ਹਿਆਂ 'ਚੋਂ ਸਿਰਫ਼ ਇੱਕ ਜ਼ਿਲ੍ਹਾ ਹੈ। ਇਸ ਦਾ ਖੇਤਰਫਲ ਕਰੀਬ 42.7 ਵਰਗ ਕਿਲੋਮੀਟਰ ਹੈ ਅਤੇ ਇਸ 'ਚ ਰਾਜਧਾਨੀ ਦਾ ਲਗਭਗ 3 ਫ਼ੀਸਦੀ ਹਿੱਸਾ ਆਉਂਦਾ ਹੈ। ਭਾਰਤ ਦੇ ਪ੍ਰਮੁੱਖ ਪ੍ਰਸ਼ਾਸਨਿਕ ਕੇਂਦਰ ਜਿਵੇਂ ਰਾਸ਼ਟਰਪਤੀ ਭਵਨ, ਸੰਸਦ ਭਵਨ, ਇੰਡੀਆ ਗੇਟ ਅਤੇ ਸਾਰੇ ਮੰਤਰਾਲੇ ਇਸੇ ਖੇਤਰ 'ਚ ਆਉਂਦੇ ਹਨ।
Publish Date: Fri, 02 Oct 2026 04:23 PM (IST)
Updated Date: Fri, 02 Oct 2026 04:26 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿੱਲੀ 'ਚ ਰਹਿਣ ਵਾਲੇ ਲੋਕ ਦਿੱਲੀ, ਨਵੀਂ ਦਿੱਲੀ, ਦਿੱਲੀ NCT ਅਤੇ ਦਿੱਲੀ NCR ਦਾ ਨਾਮ ਕਈ ਵਾਰ ਸੁਣਦੇ ਹਨ, ਪਰ ਅਕਸਰ ਇਨ੍ਹਾਂ ਸਾਰਿਆਂ ਨੂੰ ਇੱਕੋ ਹੀ ਸਮਝ ਲੈਂਦੇ ਹਨ। ਜਦਕਿ ਇਨ੍ਹਾਂ ਚਾਰਾਂ ਨਾਵਾਂ 'ਚ ਕਾਫ਼ੀ ਵੱਡਾ ਫਰਕ ਹੈ। ਆਓ ਜਾਣਦੇ ਹਾਂ ਦਿੱਲੀ, ਨਵੀਂ ਦਿੱਲੀ, ਦਿੱਲੀ NCT ਤੇ ਦਿੱਲੀ NCR 'ਚ ਕੀ ਅੰਤਰ ਹੈ।
ਦਿੱਲੀ
ਭਾਰਤ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ 'ਚ ਕੁੱਲ 11 ਜ਼ਿਲ੍ਹੇ ਹਨ, ਜਿਸ ਨੂੰ ਸਾਲ 1993 'ਚ ਨੈਸ਼ਨਲ ਕੈਪੀਟਲ ਟੈਰਿਟਰੀ ਵਜੋਂ ਦਰਜਾ ਦਿੱਤਾ ਗਿਆ। ਜਦੋਂ ਵੀ ਕੋਈ ਦਿੱਲੀ ਕਹਿੰਦਾ ਹੈ ਤਾਂ ਇਸ 'ਚ ਦਿੱਲੀ ਦੇ ਸਾਰੇ ਜ਼ਿਲ੍ਹੇ, ਪੇਂਡੂ ਅਤੇ ਸ਼ਹਿਰੀ ਇਲਾਕਿਆਂ ਸਮੇਤ ਪੂਰੀ ਦਿੱਲੀ ਸ਼ਾਮਲ ਹੁੰਦੀ ਹੈ।
ਨਵੀਂ ਦਿੱਲੀ
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਦਿੱਲੀ ਅਤੇ ਨਵੀਂ ਦਿੱਲੀ ਇੱਕੋ ਜਿਹੇ ਹਨ ਤਾਂ ਦੱਸ ਦੇਈਏ ਕਿ ਇਨ੍ਹਾਂ 'ਚ ਵੀ ਮੂਲ ਫਰਕ ਹੈ। ਨਵੀਂ ਦਿੱਲੀ 11 ਜ਼ਿਲ੍ਹਿਆਂ 'ਚੋਂ ਸਿਰਫ਼ ਇੱਕ ਜ਼ਿਲ੍ਹਾ ਹੈ। ਇਸ ਦਾ ਖੇਤਰਫਲ ਕਰੀਬ 42.7 ਵਰਗ ਕਿਲੋਮੀਟਰ ਹੈ ਅਤੇ ਇਸ 'ਚ ਰਾਜਧਾਨੀ ਦਾ ਲਗਭਗ 3 ਫ਼ੀਸਦੀ ਹਿੱਸਾ ਆਉਂਦਾ ਹੈ। ਭਾਰਤ ਦੇ ਪ੍ਰਮੁੱਖ ਪ੍ਰਸ਼ਾਸਨਿਕ ਕੇਂਦਰ ਜਿਵੇਂ ਰਾਸ਼ਟਰਪਤੀ ਭਵਨ, ਸੰਸਦ ਭਵਨ, ਇੰਡੀਆ ਗੇਟ ਅਤੇ ਸਾਰੇ ਮੰਤਰਾਲੇ ਇਸੇ ਖੇਤਰ 'ਚ ਆਉਂਦੇ ਹਨ।
ਹਾਂ, ਇਹ ਉਹੀ ਇਲਾਕਾ ਹੈ ਜਿਸ ਨੂੰ 20ਵੀਂ ਸਦੀ 'ਚ ਐਡਵਿਨ ਲੁਟਿਅਨਜ਼ ਅਤੇ ਸਰ ਹਰਬਰਟ ਬੇਕਰ ਨੇ ਖ਼ਾਸ ਤੌਰ 'ਤੇ ਡਿਜ਼ਾਈਨ ਕੀਤਾ ਸੀ। ਅੱਜ ਇਸ ਇਲਾਕੇ 'ਚ ਜਾਣ 'ਤੇ ਸੜਕਾਂ ਦੇ ਕਿਨਾਰੇ ਜੋ ਪੀਲੀਆਂ ਅਤੇ ਕਾਲੀਆਂ ਲਾਈਨਾਂ ਦਿਖਾਈ ਦਿੰਦੀਆਂ ਹਨ, ਉਹ ਨਵੀਂ ਦਿੱਲੀ ਦੀ ਪਛਾਣ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਹ ਖੇਤਰ ਨਿਊ ਦਿੱਲੀ ਮਿਊਂਸਪਲ ਕੌਂਸਲ (NDMC) ਦੇ ਅਧੀਨ ਆਉਂਦਾ ਹੈ।
ਦਿੱਲੀ NCT
ਹੁਣ ਗੱਲ ਕਰਦੇ ਹਾਂ ਦਿੱਲੀ NCT ਯਾਨੀ ਨੈਸ਼ਨਲ ਕੈਪੀਟਲ ਟੈਰਿਟਰੀ ਆਫ਼ ਦਿੱਲੀ ਦੀ। ਇਹ ਦਿੱਲੀ ਤੋਂ ਕੁਝ ਵੱਖ ਨਹੀਂ ਹੈ। ਦਰਅਸਲ, ਇਹ ਦਿੱਲੀ ਦਾ ਹੀ ਕਾਨੂੰਨੀ ਨਾਮ ਹੈ। ਇਸ 'ਚ ਦਿੱਲੀ ਦੇ ਸਾਰੇ ਖੇਤਰ ਜਿਵੇਂ ਨਵੀਂ ਦਿੱਲੀ, ਨੌਰਥ ਦਿੱਲੀ, ਸਾਊਥ ਦਿੱਲੀ ਅਤੇ ਈਸਟ ਦਿੱਲੀ ਸ਼ਾਮਲ ਹਨ।
ਦਿੱਲੀ NCR
ਜਦੋਂ ਵੀ ਕੋਈ ਕਹੇ ਕਿ ਉਹ ਦਿੱਲੀ NCR 'ਚ ਰਹਿੰਦਾ ਹੈ ਤਾਂ ਇਸ ਦਾ ਮਤਲਬ ਸਿਰਫ਼ ਗੁਰੂਗ੍ਰਾਮ, ਫਰੀਦਾਬਾਦ ਜਾਂ ਨੋਇਡਾ ਨਹੀਂ ਹੈ। NCR 'ਚ ਦਿੱਲੀ ਦੇ 11 ਜ਼ਿਲ੍ਹਿਆਂ ਦੇ ਨਾਲ ਹਰਿਆਣਾ ਦੇ 14, ਉੱਤਰ ਪ੍ਰਦੇਸ਼ ਦੇ 8 ਜ਼ਿਲ੍ਹੇ ਤੇ ਰਾਜਸਥਾਨ ਦੇ 2 ਜ਼ਿਲ੍ਹੇ ਮਿਲਾ ਕੇ ਕੁੱਲ 35 ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ 'ਚ ਹਰਿਆਣਾ ਦੇ ਫਰੀਦਾਬਾਦ, ਗੁਰੂਗ੍ਰਾਮ, ਨੂਹ, ਰੋਹਤਕ, ਸੋਨੀਪਤ, ਰੇਵਾੜੀ, ਝੱਜਰ, ਪਾਣੀਪਤ, ਪਲਵਲ, ਭਿਵਾਨੀ, ਚਰਖੀ ਦਾਦਰੀ, ਮਹੇਂਦਰਗੜ੍ਹ, ਜੀੰਦ ਅਤੇ ਕਰਨਾਲ ਜ਼ਿਲ੍ਹੇ ਆਉਂਦੇ ਹਨ।
ਉੱਥੇ ਹੀ ਉੱਤਰ ਪ੍ਰਦੇਸ਼ ਦੇ ਮੇਰਠ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਹਾਪੁੜ, ਬਾਗਪਤ, ਸ਼ਾਮਲੀ ਅਤੇ ਮੁਜ਼ੱਫਰਨਗਰ ਦੇ ਨਾਲ ਰਾਜਸਥਾਨ ਦੇ ਅਲਵਰ ਅਤੇ ਭਰਤਪੁਰ ਜ਼ਿਲ੍ਹੇ ਵੀ NCR 'ਚ ਗਿਣੇ ਜਾਂਦੇ ਹਨ।
ਇਕ ਲਾਈਨ 'ਚ ਸਮਝੋ ਫਰਕ
ਦਿੱਲੀ = ਪੂਰਾ ਕੇਂਦਰ ਸ਼ਾਸਿਤ ਪ੍ਰਦੇਸ਼
ਨਵੀਂ ਦਿੱਲੀ = ਦਿੱਲੀ ਦਾ ਇੱਕ ਖ਼ਾਸ ਜ਼ਿਲ੍ਹਾ/ਪ੍ਰਸ਼ਾਸਨਿਕ ਖੇਤਰ
ਦਿੱਲੀ NCT = ਦਿੱਲੀ ਦਾ ਕਾਨੂੰਨੀ ਨਾਮ
NCR = ਦਿੱਲੀ ਦੇ ਨਾਲ ਆਸ-ਪਾਸ ਦੇ ਸੂਬਿਆਂ ਦੇ ਸ਼ਾਮਲ ਖੇਤਰ