ਘੁੰਮਣ-ਫਿਰਨ ਦਾ ਬਦਲਿਆ ਭਾਰਤੀਆਂ ਦਾ ਅੰਦਾਜ਼! ਵੈੱਲਨੈੱਸ ਟ੍ਰੈਵਲ ਦੀ ਭਾਲ 'ਚ 1600% ਉਛਾਲ, ਇਕੱਲੇ ਸਫ਼ਰ ਦਾ ਵੀ ਵਧਿਆ ਕ੍ਰੇਜ਼
ਯਾਤਰਾ ਦੀ ਯੋਜਨਾ ਬਣਾਉਣ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਰਿਪੋਰਟ ਮੁਤਾਬਕ, ‘ਯਾਤਰਾ ਲਈ ਏਆਈ’ ਦੀ ਭਾਲ ਵਿਚ 600 ਫ਼ੀਸਦ ਵਾਧਾ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਅਤੇ ਪ੍ਰੇਰਨਾ ਨੂੰ ਏਆਈ ਦੀ ਮਦਦ ਨਾਲ ਪੱਕੀਆਂ ਯਾਤਰਾ ਯੋਜਨਾਵਾਂ ਵਿਚ ਬਦਲ ਰਹੇ ਹਨ।
Publish Date: Sun, 29 Nov 2026 10:33 AM (IST)
Updated Date: Sun, 29 Nov 2026 10:37 AM (IST)
ਨਵੀਂ ਦਿੱਲੀ, ਏਐਨਆਈ: ਭਾਰਤੀਆਂ ਦੇ ਘੁੰਮਣ-ਫਿਰਨ ਦਾ ਅੰਦਾਜ਼ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਯਾਤਰਾ ਦਾ ਮਕਸਦ ਸਿਰਫ਼ ਨਵੀਆਂ ਥਾਵਾਂ ਦੇਖਣਾ ਜਾਂ ਛੁੱਟੀਆਂ ਮਨਾਉਣਾ ਨਹੀਂ ਰਿਹਾ। ਲੋਕ ਸਿਹਤ ਸੰਵਾਰਨ, ਮਨ ਨੂੰ ਸਕੂਨ ਦੇਣ ਤੇ ਆਪਣੀਆਂ ਰੁਚੀਆਂ ਮੁਤਾਬਕ ਸਮਾਂ ਬਿਤਾਉਣ ਨੂੰ ਵੀ ਤਰਜੀਹ ਦੇ ਰਹੇ ਹਨ। ਗੂਗਲ ਟ੍ਰੈਂਡਜ਼ ਦੀ ਰਿਪੋਰਟ ਮੁਤਾਬਕ, ਪਿਛਲੇ ਇਕ ਸਾਲ ’ਚ ‘ਭਾਰਤ ’ਚ ਵੈੱਲਨੈੱਸ ਟ੍ਰੈਵਲ’ ਦੀ ਭਾਲ 1,600 ਫ਼ੀਸਦ ਤੇ ‘ਫਿਟਨੈੱਸ ਟ੍ਰਿਪ’ ਦੀ ਭਾਲ 950 ਫ਼ੀਸਦ ਵਧੀ ਹੈ।
ਰਿਪੋਰਟ ਅਨੁਸਾਰ, ਤਣਾਅ ਤੋਂ ਦੂਰ ਕੁਝ ਸ਼ਾਂਤ ਪਲ ਬਿਤਾਉਣ ਲਈ ਸੁੰਨੀਆਂ ਤੇ ਸਕੂਨ ਵਾਲੀਆਂ ਥਾਵਾਂ ਦੀ ਭਾਲ ਵੀ ਵਧੀ ਹੈ। ‘ਸ਼ਾਂਤ ਰਿਟਰੀਟ’ ਦੀ ਭਾਲ ’ਚ 150 ਫ਼ੀਸਦ ਉਛਾਲ ਆਇਆ ਹੈ। ਇਸ ਦੇ ਨਾਲ ਹੀ, ਹੌਲੀ ਰਫ਼ਤਾਰ ਨਾਲ ਘੁੰਮਣ-ਫਿਰਨ, ਯਾਨੀ ‘ਸਲੋ ਟ੍ਰੈਵਲ’, ’ਚ ਵੀ ਲੋਕਾਂ ਦੀ ਦਿਲਚਸਪੀ ਵਧ ਰਹੀ ਹੈ। ਇਸ ਰੁਝਾਨ ਤਹਿਤ ਸੈਲਾਨੀ ਘੱਟ ਥਾਵਾਂ ’ਤੇ ਜਾਂਦੇ ਹਨ, ਪਰ ਉੱਥੇ ਵਧੇਰੇ ਸਮਾਂ ਬਿਤਾਉਂਦੇ ਹਨ।
ਇਕੱਲੇ ਸਫ਼ਰ ਤੇ ਨਵੇਂ ਤਜਰਬਿਆਂ ਦਾ ਵਧਿਆ ਰੁਝਾਨ
ਇਕੱਲੇ ਯਾਤਰਾ ਕਰਨ ਦਾ ਰੁਝਾਨ ਵੀ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਸਾਲ ‘ਸੋਲੋ ਟ੍ਰੈਵਲ ਗਾਈਡ’ ਤੇ ਇਕੱਲੇ ਘੁੰਮਣ ਲਈ ਵਧੀਆ ਥਾਵਾਂ ਬਾਰੇ ਖੋਜਾਂ ਵੱਡੀ ਗਿਣਤੀ ਵਿਚ ਹੋਈਆਂ। ਹਾਲਾਂਕਿ, ਇਕੱਲੇ ਸਫ਼ਰ ਕਰਨ ਵਾਲੇ ਲੋਕ ਸਮਾਜਿਕ ਮੇਲ-ਜੋਲ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ। ਇਸੇ ਕਰਕੇ ‘ਟ੍ਰੈਵਲ ਕਮਿਊਨਿਟੀ’ ਦੀ ਭਾਲ ਵਿਚ 400 ਫ਼ੀਸਦ ਵਾਧਾ ਦਰਜ ਕੀਤਾ ਗਿਆ।
ਕੁਦਰਤ ਤੇ ਮਨੋਰੰਜਨ ਨਾਲ ਜੁੜੀਆਂ ਸਰਗਰਮੀਆਂ ਵੀ ਯਾਤਰਾ ਦੀਆਂ ਯੋਜਨਾਵਾਂ ਦਾ ਹਿੱਸਾ ਬਣ ਰਹੀਆਂ ਹਨ। ਲੋਕਾਂ ’ਚ ਹਾਈਕਿੰਗ ਦੇ ਰਸਤਿਆਂ ਤੇ ਸੰਗੀਤ ਸਮਾਗਮਾਂ ਲਈ ਯਾਤਰਾ ਕਰਨ ਦੀ ਦਿਲਚਸਪੀ ਵਧੀ ਹੈ। ਭਾਰਤ ਦੀਆਂ ਘੱਟ ਜਾਣੀਆਂ, ਪਰ ਖ਼ੂਬਸੂਰਤ ਥਾਵਾਂ (ਜਿਨ੍ਹਾਂ ਨੂੰ ‘ਹਿਡਨ ਜੈਮਜ਼’ ਕਿਹਾ ਜਾਂਦਾ ਹੈ) ਦੀ ਭਾਲ ’ਚ ਵੀ 400 ਫ਼ੀਸਦ ਉਛਾਲ ਆਇਆ ਹੈ।
ਛੋਟੀਆਂ ਛੁੱਟੀਆਂ ਦਾ ਖਿੱਚ ਵੀ ਕਾਇਮ ਹੈ। ‘ਮੇਰੇ ਨੇੜੇ ਇਕ ਦਿਨ ਦੀ ਯਾਤਰਾ’ ਦੀ ਭਾਲ 130 ਫ਼ੀਸਦ ਵਧੀ, ਜਿਸ ’ਚ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ। ਰਹਿਣ ਲਈ ਲੋਕ ਪਾਲਤੂ ਜਾਨਵਰਾਂ ਨੂੰ ਨਾਲ ਰੱਖਣ ਦੀ ਸਹੂਲਤ ਵਾਲੇ ਹੋਟਲ, ਕਿਫ਼ਾਇਤੀ ਹੋਮਸਟੇ ਤੇ ਪਰਿਵਾਰਾਂ ਲਈ ਸੁਵਿਧਾਜਨਕ ਥਾਵਾਂ ਲੱਭ ਰਹੇ ਹਨ।
ਯਾਤਰਾ ਦੀ ਯੋਜਨਾ ਬਣਾਉਣ ਵਿਚ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਰਿਪੋਰਟ ਮੁਤਾਬਕ, ‘ਯਾਤਰਾ ਲਈ ਏਆਈ’ ਦੀ ਭਾਲ ਵਿਚ 600 ਫ਼ੀਸਦ ਵਾਧਾ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਅਤੇ ਪ੍ਰੇਰਨਾ ਨੂੰ ਏਆਈ ਦੀ ਮਦਦ ਨਾਲ ਪੱਕੀਆਂ ਯਾਤਰਾ ਯੋਜਨਾਵਾਂ ਵਿਚ ਬਦਲ ਰਹੇ ਹਨ।