- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦੈ ਕੁਮਾਰ ਨੇ ਆਪਣੇ ਡਿਜ਼ਾਈਨ 'ਚ ਕਮਾਲ ਦੀ ਰਚਨਾਤਮਕਤਾ ਤੇ ਸਾਦਗੀ ਦਿਖਾਈ। ਉਨ੍ਹਾਂ ਨੇ ਸਾਡੀ ਰਵਾਇਤੀ ਦੇਵਨਾਗਰੀ ਲਿਪੀ ਦੇ ਅੱਖਰ ‘ਰ’ ਅਤੇ ਅੰਗਰੇਜ਼ੀ ਦੇ ਰੋਮਨ ਅੱਖਰ ‘R’ ਨੂੰ ਆਪਸ 'ਚ ਜੋੜ ਦਿੱਤਾ। ਇਸ ਨੂੰ ਇਕ ਵਿਲੱਖਣ ਰੂਪ ਦੇਣ ਲਈ ਉਨ੍ਹਾਂ ਨੇ ਰੋਮਨ ਅੱਖਰ ਦੀ ਸਿੱਧੀ ਖੜ੍ਹੀ ਲਾਈਨ ਨੂੰ ਹਟਾ ਦਿੱਤਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਵੇਰੇ ਚਾਹ ਦੀ ਟੱਪਰੀ ਹੋਵੇ, ਟਰੇਨ ਦੀ ਟਿਕਟ ਜਾਂ ਮੋਬਾਈਲ ਤੋਂ ਕੀਤਾ ਗਿਆ ਕੋਈ ਝਟਪਟ ਆਨਲਾਈਨ ਪੇਮੈਂਟ, ਹਰ ਥਾਂ ਸਾਡੀ ਨਜ਼ਰ ਇਕ ਖਾਸ ਨਿਸ਼ਾਨ 'ਤੇ ਪੈਂਦੀ ਹੈ ਅਤੇ ਉਹ ਹੈ ‘₹’। ਅਸੀਂ ਇਸ ਨਿਸ਼ਾਨ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਲੱਗਦਾ ਹੈ ਜਿਵੇਂ ਇਹ ਸਦੀਆਂ ਤੋਂ ਸਾਡੇ ਨਾਲ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਭਾਰਤੀ ਕਰੰਸੀ ਨੂੰ ਮਿਲੀ ਇਹ ਖਾਸ ਪਛਾਣ ਬਹੁਤ ਪੁਰਾਣੀ ਨਹੀਂ ਹੈ। ਇਸ ਛੋਟੇ ਜਿਹੇ ਚਿੰਨ੍ਹ ਦੇ ਪਿੱਛੇ ਇਕ ਆਮ ਨੌਜਵਾਨ ਦੀ ਅਸਾਧਾਰਣ ਸੋਚ ਛੁਪੀ ਹੋਈ ਹੈ। ਆਓ, ਵਿਸਥਾਰ ਨਾਲ ਜਾਣਦੇ ਹਾਂ ਇਸ ਬਾਰੇ।
ਆਜ਼ਾਦੀ ਤੋਂ ਕਈ ਦਹਾਕਿਆਂ ਬਾਅਦ ਤੱਕ ਅਸੀਂ ਆਪਣੇ ਪੈਸਿਆਂ ਦੀ ਕੀਮਤ ਨੂੰ ਸਿਰਫ਼ ‘Rs’ ਜਾਂ ‘Re’ ਲਿਖ ਕੇ ਦਰਸਾਉਂਦੇ ਸੀ। ਇਕ ਪਾਸੇ ਜਿੱਥੇ ਦੁਨੀਆ ਦੇ ਬਾਜ਼ਾਰਾਂ 'ਚ ਅਮਰੀਕੀ ਡਾਲਰ ($), ਬ੍ਰਿਟਿਸ਼ ਪਾਊਂਡ (£), ਯੂਰਪੀ ਯੂਰੋ (€) ਅਤੇ ਜਾਪਾਨੀ ਯੇਨ (¥) ਵਰਗੇ ਚਿੰਨ੍ਹਾਂ ਦੀ ਆਪਣੀ ਵੱਖਰੀ ਪਛਾਣ ਸੀ, ਉੱਥੇ ਤੇਜ਼ੀ ਨਾਲ ਵਧ ਰਹੀ ਭਾਰਤੀ ਅਰਥਵਿਵਸਥਾ ਕੋਲ ਆਪਣਾ ਕੋਈ ਗਲੋਬਲ ਸਿੰਬਲ ਨਹੀਂ ਸੀ। ਜਿਵੇਂ-ਜਿਵੇਂ ਭਾਰਤ ਦਾ ਵਪਾਰ ਦੁਨੀਆ ਭਰ 'ਚ ਫੈਲ ਰਿਹਾ ਸੀ, ਇਹ ਮਹਿਸੂਸ ਹੋਣ ਲੱਗਾ ਕਿ ਸਾਡੀ ਕਰੰਸੀ ਦੀ ਵੀ ਆਪਣੀ ਸੁਤੰਤਰ ਅਤੇ ਮਜ਼ਬੂਤ ਵਿਜ਼ੂਅਲ ਪਛਾਣ ਹੋਣੀ ਚਾਹੀਦੀ ਹੈ।
ਇਸ ਵੱਡੀ ਲੋੜ ਨੂੰ ਪੂਰਾ ਕਰਨ ਲਈ ਸਾਲ 2009 'ਚ ਭਾਰਤ ਸਰਕਾਰ ਨੇ ਕੌਮੀ ਪੱਧਰ 'ਤੇ ਇਕ ਮੁਕਾਬਲਾ ਕਰਵਾਇਆ। ਦੇਸ਼ ਦੇ ਕੋਨੇ-ਕੋਨੇ ਤੋਂ ਡਿਜ਼ਾਈਨਾਂ ਦੀ ਝੜੀ ਲੱਗ ਗਈ ਅਤੇ ਸਰਕਾਰ ਕੋਲ ਕਰੀਬ 3,000 ਐਂਟਰੀਆਂ ਪਹੁੰਚੀਆਂ।
ਇਨ੍ਹਾਂ ਡਿਜ਼ਾਈਨਾਂ 'ਚੋਂ ਇਕ ਅਜਿਹਾ ਵਿਚਾਰ ਸੀ, ਜਿਸ ਨੇ ਜੱਜਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵਿਚਾਰ ਤਾਮਿਲਨਾਡੂ ਦੇ ਕੱਲਾਕੁਰਿਚੀ ਜ਼ਿਲ੍ਹੇ ਦੇ ਰਹਿਣ ਵਾਲੇ ਡੀ. ਉਦੈ ਕੁਮਾਰ ਦਾ ਸੀ। ਉਦੈ ਕੁਮਾਰ ਪੇਸ਼ੇ ਵਜੋਂ ਆਰਕੀਟੈਕਟ ਸਨ ਅਤੇ ਉਸ ਸਮੇਂ ਪ੍ਰਸਿੱਧ ਆਈਆਈਟੀ ਬੰਬੇ 'ਚ ਪੀਐੱਚਡੀ ਦੀ ਪੜ੍ਹਾਈ ਕਰ ਰਹੇ ਸਨ। ਡਿਜ਼ਾਈਨ ਅਤੇ ਵਿਜ਼ੂਅਲ ਕਮਿਊਨੀਕੇਸ਼ਨ ਨੂੰ ਲੈ ਕੇ ਉਨ੍ਹਾਂ ਦੀ ਸਮਝ ਕਾਫ਼ੀ ਡੂੰਘੀ ਸੀ। ਉਨ੍ਹਾਂ ਦਾ ਟੀਚਾ ਸਪੱਸ਼ਟ ਸੀ—ਅਜਿਹਾ ਨਿਸ਼ਾਨ ਤਿਆਰ ਕਰਨਾ, ਜੋ ਭਾਰਤ ਦੀਆਂ ਜੜ੍ਹਾਂ ਨਾਲ ਵੀ ਜੁੜਿਆ ਹੋਵੇ ਅਤੇ ਜਿਸ ਨੂੰ ਪੂਰੀ ਦੁਨੀਆ ਆਸਾਨੀ ਨਾਲ ਸਮਝ ਸਕੇ।
ਉਦੈ ਕੁਮਾਰ ਨੇ ਆਪਣੇ ਡਿਜ਼ਾਈਨ 'ਚ ਕਮਾਲ ਦੀ ਰਚਨਾਤਮਕਤਾ ਤੇ ਸਾਦਗੀ ਦਿਖਾਈ। ਉਨ੍ਹਾਂ ਨੇ ਸਾਡੀ ਰਵਾਇਤੀ ਦੇਵਨਾਗਰੀ ਲਿਪੀ ਦੇ ਅੱਖਰ ‘ਰ’ ਅਤੇ ਅੰਗਰੇਜ਼ੀ ਦੇ ਰੋਮਨ ਅੱਖਰ ‘R’ ਨੂੰ ਆਪਸ 'ਚ ਜੋੜ ਦਿੱਤਾ। ਇਸ ਨੂੰ ਇਕ ਵਿਲੱਖਣ ਰੂਪ ਦੇਣ ਲਈ ਉਨ੍ਹਾਂ ਨੇ ਰੋਮਨ ਅੱਖਰ ਦੀ ਸਿੱਧੀ ਖੜ੍ਹੀ ਲਾਈਨ ਨੂੰ ਹਟਾ ਦਿੱਤਾ।
ਜੇ ਤੁਸੀਂ ਇਸ ਚਿੰਨ੍ਹ ਨੂੰ ਧਿਆਨ ਨਾਲ ਦੇਖੋਗੇ ਤਾਂ ਇਸ ਦੇ ਸਭ ਤੋਂ ਉੱਪਰ ਤੁਹਾਨੂੰ ਦੋ ਸਮਾਨਾਂਤਰ ਲਾਈਨਾਂ ਨਜ਼ਰ ਆਉਣਗੀਆਂ। ਇਹ ਲਾਈਨਾਂ ਸਿਰਫ਼ ਸਜਾਵਟ ਲਈ ਨਹੀਂ ਹਨ। ਇਨ੍ਹਾਂ ਨੂੰ ਸਾਡੇ ਰਾਸ਼ਟਰੀ ਝੰਡੇ ‘ਤਿਰੰਗੇ’ ਦੇ ਪ੍ਰਤੀਕ ਵਜੋਂ ਡਿਜ਼ਾਈਨ ਕੀਤਾ ਗਿਆ ਸੀ। ਨਾਲ ਹੀ, ਇਹ ਲਾਈਨਾਂ ਬਰਾਬਰੀ ਅਤੇ ਆਰਥਿਕ ਸੰਤੁਲਨ ਦਾ ਵੀ ਡੂੰਘਾ ਸੰਦੇਸ਼ ਦਿੰਦੀਆਂ ਹਨ, ਜੋ ਭਾਰਤ ਦੀ ਤਰੱਕੀ ਦੀਆਂ ਖਾਹਸ਼ਾਂ ਨਾਲ ਮੇਲ ਖਾਂਦਾ ਹੈ।
ਉਦੈ ਕੁਮਾਰ ਦੀ ਇਹ ਬੇਮਿਸਾਲ ਸੋਚ ਰੰਗ ਲਿਆਈ ਅਤੇ ਜੁਲਾਈ 2010 'ਚ ਉਨ੍ਹਾਂ ਵੱਲੋਂ ਬਣਾਏ ਗਏ ਇਸ ਡਿਜ਼ਾਈਨ ਨੂੰ ਜੇਤੂ ਐਲਾਨ ਦਿੱਤਾ ਗਿਆ। ਉਨ੍ਹਾਂ ਦਾ ਮਕਸਦ ਸਿਰਫ਼ ਇਕ ਖੂਬਸੂਰਤ ਡਿਜ਼ਾਈਨ ਬਣਾਉਣਾ ਨਹੀਂ ਸੀ, ਸਗੋਂ ਕੁਝ ਅਜਿਹਾ ਤਿਆਰ ਕਰਨਾ ਸੀ ਜੋ ਸਮੇਂ ਦੀ ਕਸੌਟੀ 'ਤੇ ਖਰਾ ਉਤਰੇ।
ਅੱਜ ਉਹ ਇਸ 'ਚ ਪੂਰੀ ਤਰ੍ਹਾਂ ਸਫਲ ਨਜ਼ਰ ਆਉਂਦੇ ਹਨ। ਇਕ ਰਾਸ਼ਟਰੀ ਮੁਕਾਬਲੇ 'ਚੋਂ ਨਿਕਲ ਕੇ ਇਹ ਨਿਸ਼ਾਨ ਅੱਜ ਸਾਡੀ ਚੈੱਕਬੁੱਕ, ਕੀਬੋਰਡ, ਰੈਸਟੋਰੈਂਟ ਦੇ ਮੈਨਿਊ ਕਾਰਡ, ਸ਼ੇਅਰ ਬਾਜ਼ਾਰ ਅਤੇ ਡਿਜ਼ੀਟਲ ਵਾਲੈਟ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਉਦਯ ਕੁਮਾਰ ਵੱਲੋਂ ਬਣਾਇਆ ਇਹ ਚਿੰਨ੍ਹ ਅੱਜ ਦੁਨੀਆ ਭਰ 'ਚ ਭਾਰਤ ਦੀ ਆਰਥਿਕ ਤਾਕਤ ਦੀ ਪਛਾਣ ਬਣ ਚੁੱਕਾ ਹੈ।