- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1800 ਦੇ ਦਹਾਕੇ ਤਕ ਆਉਂਦੇ-ਆਉਂਦੇ ਟੁਥਪੇਸਟ ਨੇ ਇਕ ਨਵਾਂ ਰੂਪ ਲੈਣਾ ਸ਼ੁਰੂ ਕੀਤਾ। ਇਸ ਸਮੇਂ ਦੇ ਸ਼ੁਰੂਆਤੀ ਉਤਪਾਦਾਂ 'ਚ ਸਾਬਣ ਦਾ ਇਸਤੇਮਾਲ ਹੁੰਦਾ ਸੀ। ਇੰਗਲੈਂਡ 'ਚ ਟੁਥਪੇਸਟ ਦੇ ਅੰਦਰ ਸੁਪਾਰੀ ਮਿਲਾਈ ਜਾਣ ਲੱਗੀ ਅਤੇ 1860 ਦੇ ਦਹਾਕੇ 'ਚ ਘਰਾਂ 'ਚ ਚਾਰਕੋਲ ਪੀਸ ਕੇ ਪੇਸਟ ਬਣਾਉਣ ਦਾ ਜ਼ਿਕਰ ਵੀ ਮਿਲਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਅਸੀਂ ਆਪਣੇ ਦੰਦਾਂ ਨੂੰ ਚਮਕਾਉਣ ਤੇ ਉਨ੍ਹਾਂ ਨੂੰ ਚਿੱਟੇ ਰੱਖਣ ਲਈ ਅੱਜ ਕਈ ਤਰੀਕੇ ਅਪਣਾਉਂਦੇ ਹਾਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਅੱਜ ਵਰਗੇ ਆਧੁਨਿਕ ਰੰਗ-ਬਿਰੰਗੇ ਟੁਥਬ੍ਰੱਸ਼ ਤੇ ਮਿੰਟ ਵਾਲੇ ਟੁਥਪੇਸਟ ਨਹੀਂ ਸਨ, ਤਦ ਲੋਕ ਕੀ ਕਰਦੇ ਸਨ?
ਦੱਸ ਦੇਈਏ, ਦੰਦਾਂ ਦੀ ਸਫ਼ਾਈ ਦਾ ਇਹ ਦਿਲਚਸਪ ਇਤਿਹਾਸ ਕੁਝ ਸੌ ਸਾਲਾਂ ਦਾ ਨਹੀਂ, ਬਲਕਿ ਹਜ਼ਾਰਾਂ ਸਾਲ ਪੁਰਾਣਾ ਹੈ। ਆਓ, ਜਾਣਦੇ ਹਾਂ ਕਿ ਅੱਜ ਵਰਤੇ ਜਾਣ ਵਾਲੇ ਟੁਥਬ੍ਰੱਸ਼ ਦੀ ਸ਼ੁਰੂਆਤ ਆਖ਼ਰ ਕਿਵੇਂ ਹੋਈ ਸੀ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਟੁਥਬ੍ਰੱਸ਼ ਆਧੁਨਿਕ ਯੁੱਗ ਦੀ ਦੇਣ ਹੈ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੀਆਂ ਜੜ੍ਹਾਂ 3500-3000 ਈਸਾ ਪੂਰਵ ਤਕ ਜਾਂਦੀਆਂ ਹਨ। ਉਸ ਦੌਰ 'ਚ ਬੇਬੀਲੋਨ ਤੇ ਮਿਸਰ ਦੇ ਨਿਵਾਸੀ ਰੁੱਖਾਂ ਦੀਆਂ ਟਾਹਣੀਆਂ ਦੇ ਸਿਰਿਆਂ ਨੂੰ ਚਬਾ ਕੇ ਉਨ੍ਹਾਂ ਨੂੰ ਬ੍ਰੱਸ਼ ਵਾਂਗ ਵਰਤਦੇ ਸਨ। ਇਹ ਗੱਲ ਕਿੰਨੀ ਅਹਿਮ ਸੀ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਾਚੀਣ ਮਿਸਰ ਦੀਆਂ ਕਬਰਾਂ 'ਚ ਮ੍ਰਿਤਕਾਂ ਦੇ ਨਾਲ ਇਹ 'ਟੁਥ ਸਟਿਕਸ' ਵੀ ਦਫ਼ਨਾਈਆਂ ਗਈਆਂ ਸਨ। ਇਸ ਦੇ ਕੁਝ ਸਮੇਂ ਬਾਅਦ, ਲਗਪਗ 1600 ਈਸਾ ਪੂਰਵ 'ਚ ਚੀਨ ਦੇ ਲੋਕਾਂ ਨੇ ਖ਼ੁਸ਼ਬੂਦਾਰ ਰੁੱਖਾਂ ਦੀਆਂ ਟਾਹਣੀਆਂ ਤੋਂ 'ਚਿਊਇੰਗ ਸਟਿਕਸ' ਬਣਾਈਆਂ ਤਾਂ ਜੋ ਸਾਹਾਂ ਦੀ ਬਦਬੂ ਦੂਰ ਕੀਤੀ ਜਾ ਸਕੇ।
ਸਹੀ ਮਾਇਨਿਆਂ ਵਿੱਚ ਦੁਨੀਆ ਦਾ ਪਹਿਲਾ ਬ੍ਰਿਸਲ ਟੂਥਬ੍ਰੱਸ਼ 15ਵੀਂ ਸ਼ਤਾਬਦੀ 'ਚ ਚੀਨ 'ਚ ਬਣਿਆ ਸੀ। ਇਸ ਨੂੰ ਬਣਾਉਣ ਲਈ ਸੂਰ ਦੀ ਗਰਦਨ ਦੇ ਵਾਲਾਂ ਨੂੰ ਜਾਨਵਰਾਂ ਦੀ ਹੱਡੀ ਜਾਂ ਬਾਂਸ ਦੇ ਹੈਂਡਲ 'ਤੇ ਲਗਾਇਆ ਜਾਂਦਾ ਸੀ। ਜਦੋਂ ਇਹ ਅਨੋਖੀ ਖੋਜ ਚੀਨ ਤੋਂ ਨਿਕਲ ਕੇ ਯੂਰਪ ਪਹੁੰਚੀ ਤਾਂ ਉੱਥੋਂ ਦੇ ਲੋਕਾਂ ਨੇ ਇਸ ਨੂੰ ਆਪਣੇ ਤਰੀਕੇ ਨਾਲ ਢਾਲਿਆ। ਯੂਰਪੀ ਲੋਕਾਂ ਨੂੰ ਸੂਰ ਦੇ ਵਾਲ ਬਹੁਤ ਸਖ਼ਤ ਲੱਗਦੇ ਸਨ, ਇਸ ਲਈ ਉਨ੍ਹਾਂ ਨੇ ਇਸ ਦੀ ਜਗ੍ਹਾ ਘੋੜਿਆਂ ਦੇ ਮੁਲਾਇਮ ਵਾਲਾਂ ਤੇ ਇੱਥੋਂ ਤੱਕ ਕਿ ਪੰਛੀਆਂ ਦੇ ਖੰਭਾਂ ਦਾ ਵੀ ਇਸਤੇਮਾਲ ਕੀਤਾ।
ਅੱਜ ਅਸੀਂ ਜੋ ਟੁਥਬ੍ਰੱਸ਼ ਦੇਖਦੇ ਹਾਂ, ਉਸ ਦੀ ਸ਼ੁਰੂਆਤੀ ਝਲਕ 1780 ਦੇ ਆਸ-ਪਾਸ ਇੰਗਲੈਂਡ 'ਚ ਵਿਲੀਅਮ ਐਡਿਸ ਦੁਆਰਾ ਬਣਾਏ ਗਏ ਬ੍ਰੱਸ਼ 'ਚ ਮਿਲਦੀ ਹੈ। ਉਨ੍ਹਾਂ ਨੇ ਮਵੇਸ਼ੀਆਂ ਦੀ ਹੱਡੀ ਤੋਂ ਇਕ ਹੈਂਡਲ ਤਿਆਰ ਕੀਤਾ ਅਤੇ ਉਸ ਵਿਚ ਸੂਰ ਦੇ ਵਾਲ ਲਗਾਏ। ਇਸ ਤੋਂ ਬਾਅਦ 1844 ਵਿੱਚ ਇੱਕ ਨਵਾਂ ਬਦਲਾਅ ਆਇਆ ਅਤੇ ਪਹਿਲੀ ਵਾਰ ਤਿੰਨ ਪੰਕਤੀਆਂ ਵਾਲੇ ਬ੍ਰਿਸਲਜ਼ ਦਾ ਡਿਜ਼ਾਈਨ ਸਾਹਮਣੇ ਆਇਆ।
ਟੁਥਬ੍ਰੱਸ਼ ਦੇ ਇਤਿਹਾਸ 'ਚ ਸਭ ਤੋਂ ਵੱਡਾ ਮੋੜ 1938 'ਚ ਆਇਆ, ਜਦੋਂ 'ਡਿਊਪੌਂਟ' ਕੰਪਨੀ ਨੇ ਨਾਇਲੋਨ ਦੀ ਖੋਜ ਕੀਤੀ। ਇਸੇ ਨਾਲ ਸਹੀ ਮਾਅਨਿਆਂ 'ਚ ਆਧੁਨਿਕ ਟੁਥਬ੍ਰੱਸ਼ ਦਾ ਜਨਮ ਹੋਇਆ। ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ 1950 ਦੇ ਦਹਾਕੇ ਤਕ ਨਾਇਲੋਨ ਦੇ ਹੋਰ ਵੀ ਮੁਲਾਇਮ ਬ੍ਰਿਸਲਜ਼ ਬਾਜ਼ਾਰ 'ਚ ਆ ਗਏ।
ਤਕਨਾਲੋਜੀ ਨਾਲ ਕਦਮ ਮਿਲਾਉਂਦੇ ਹੋਏ 1939 'ਚ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਟੁਥਬ੍ਰੱਸ਼ ਬਣਾਇਆ ਗਿਆ। ਉੱਥੇ ਹੀ, ਅਮਰੀਕਾ ਵਿੱਚ 1960 ਦੇ ਦਹਾਕੇ ਵਿੱਚ 'ਬਰੌਕਸੋਡੈਂਟ' ਦੇ ਨਾਂ ਨਾਲ ਪਹਿਲਾ ਇਲੈਕਟ੍ਰਿਕ ਟੂਥਬ੍ਰੱਸ਼ ਲਾਂਚ ਹੋਇਆ। ਅੱਜ ਸਾਡੇ ਕੋਲ ਵੱਖ-ਵੱਖ ਆਕਾਰ, ਰੰਗ ਅਤੇ ਸਿੰਥੈਟਿਕ ਬ੍ਰਿਸਲਜ਼ ਵਾਲੇ ਅਣਗਿਣਤ ਮੈਨੂਅਲ ਅਤੇ ਇਲੈਕਟ੍ਰਿਕ ਟੂਥਬ੍ਰੱਸ਼ ਮੌਜੂਦ ਹਨ। ਹਾਲਾਂਕਿ, ਦਿਲਚਸਪ ਗੱਲ ਇਹ ਹੈ ਕਿ ਇਸ ਦਾ ਮੂਲ ਵਿਗਿਆਨ ਅੱਜ ਵੀ ਮਿਸਰ ਅਤੇ ਬੇਬੀਲੋਨ ਦੇ ਸਮੇਂ ਵਰਗਾ ਹੀ ਹੈ- ਫੜਨ ਲਈ ਇਕ ਹੈਂਡਲ ਅਤੇ ਦੰਦ ਸਾਫ਼ ਕਰਨ ਲਈ ਬ੍ਰਿਸਲਜ਼।
ਟੁਥਬ੍ਰੱਸ਼ ਤੋਂ ਸਦੀਆਂ ਪਹਿਲਾਂ ਬਣ ਗਿਆ ਸੀ ਟੁਥਪੇਸਟ
ਕੀ ਤੁਸੀਂ ਜਾਣਦੇ ਹੋ ਕਿ ਟੁਥਪੇਸਟ ਦੀ ਖੋਜ ਟੁਥਬ੍ਰੱਸ਼ ਤੋਂ ਵੀ ਪਹਿਲਾਂ ਹੋ ਗਈ ਸੀ? ਜੀ ਹਾਂ, ਲਗਪਗ 5000 ਈਸਾ ਪੂਰਵ 'ਚ ਹੀ ਮਿਸਰ ਦੇ ਲੋਕਾਂ ਨੇ ਦੰਦ ਸਾਫ਼ ਕਰਨ ਲਈ ਇਕ ਪ੍ਰਕਾਰ ਦੇ ਪੇਸਟ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ 500 ਈਸਾ ਪੂਰਵ ਦੇ ਆਸ-ਪਾਸ ਚੀਨ ਤੇ ਭਾਰਤ 'ਚ ਵੀ ਇਸ ਦਾ ਇਸਤੇਮਾਲ ਹੋਣ ਲੱਗਾ। ਪ੍ਰਾਚੀਨ ਯੂਨਾਨ ਅਤੇ ਰੋਮ ਦੇ ਲੋਕ ਵੀ ਆਪਣੇ ਦੰਦਾਂ ਨੂੰ ਚਮਕਾਉਣ ਲਈ ਖ਼ਾਸ ਤਰ੍ਹਾਂ ਦੇ ਮਿਸ਼ਰਨ ਬਣਾਉਂਦੇ ਸਨ।
ਪ੍ਰਾਚੀਨ ਸਮੇਂ 'ਚ ਵੀ ਟੁਥਪੇਸਟ ਦਾ ਮਕਸਦ ਉਹੀ ਸੀ ਜੋ ਅੱਜ ਹੈ। ਯਾਨੀ ਦੰਦਾਂ ਨੂੰ ਚਿੱਟਾ ਕਰਨਾ, ਮਸੂੜਿਆਂ ਨੂੰ ਸਾਫ਼ ਰੱਖਣਾ ਤੇ ਸਾਹਾਂ ਨੂੰ ਤਰੋ-ਤਾਜ਼ਾ ਬਣਾਉਣਾ, ਪਰ ਇਸ ਨੂੰ ਬਣਾਉਣ ਦੀ ਸਮੱਗਰੀ ਅੱਜ ਦੇ ਮੁਕਾਬਲੇ ਬੇਹੱਦ ਅਜੀਬ ਸੀ:
ਮਿਸਰ: ਇੱਥੋਂ ਦੇ ਲੋਕ ਬਲਦ ਦੇ ਖੁਰਾਂ ਦੀ ਸੁਆਹ, ਸੜੇ ਹੋਏ ਆਂਡੇ ਦੇ ਛਿਲਕੇ ਤੇ ਪਿਊਮਿਸ ਪੱਥਰ ਨੂੰ ਮਿਲਾ ਕੇ ਪੇਸਟ ਬਣਾਉਂਦੇ ਸਨ।
ਯੂਨਾਨ ਅਤੇ ਰੋਮ: ਇਹ ਲੋਕ ਦੰਦਾਂ ਦੀ ਜ਼ਿਆਦਾ ਡੂੰਘੀ ਸਫ਼ਾਈ ਚਾਹੁੰਦੇ ਸਨ, ਇਸ ਲਈ ਉਹ ਆਪਣੇ ਪੇਸਟ 'ਚ ਪੀਸੀਆਂ ਹੋਈਆਂ ਹੱਡੀਆਂ ਤੇ ਸਿੱਪੀਆਂ ਮਿਲਾਉਂਦੇ ਸਨ। ਸਾਹਾਂ ਦੀ ਬਦਬੂ ਦੂਰ ਕਰਨ ਲਈ ਰੋਮਨ ਲੋਕ ਇਸ ਵਿਚ ਰੁੱਖਾਂ ਦੀ ਛਾਲ, ਸਵਾਦ ਵਧਾਉਣ ਵਾਲੀਆਂ ਚੀਜ਼ਾਂ ਤੇ ਪੀਸਿਆ ਹੋਇਆ ਚਾਰਕੋਲ ਵੀ ਪਾਉਂਦੇ ਸਨ।
ਚੀਨ: ਚੀਨੀ ਲੋਕ ਸਮੇਂ ਦੇ ਨਾਲ ਆਪਣੇ ਪੇਸਟ 'ਚ ਜਿਨਸੈਂਗ, ਹਰਬਲ ਪੁਦੀਨਾ ਅਤੇ ਲੂਣ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਰਹੇ।
1800 ਦੇ ਦਹਾਕੇ ਤਕ ਆਉਂਦੇ-ਆਉਂਦੇ ਟੁਥਪੇਸਟ ਨੇ ਇਕ ਨਵਾਂ ਰੂਪ ਲੈਣਾ ਸ਼ੁਰੂ ਕੀਤਾ। ਇਸ ਸਮੇਂ ਦੇ ਸ਼ੁਰੂਆਤੀ ਉਤਪਾਦਾਂ 'ਚ ਸਾਬਣ ਦਾ ਇਸਤੇਮਾਲ ਹੁੰਦਾ ਸੀ। ਇੰਗਲੈਂਡ 'ਚ ਟੁਥਪੇਸਟ ਦੇ ਅੰਦਰ ਸੁਪਾਰੀ ਮਿਲਾਈ ਜਾਣ ਲੱਗੀ ਅਤੇ 1860 ਦੇ ਦਹਾਕੇ 'ਚ ਘਰਾਂ 'ਚ ਚਾਰਕੋਲ ਪੀਸ ਕੇ ਪੇਸਟ ਬਣਾਉਣ ਦਾ ਜ਼ਿਕਰ ਵੀ ਮਿਲਦਾ ਹੈ। 1850 ਦੇ ਦਹਾਕੇ 'ਚ ਇਸ ਵਿਚ ਚਾਕ ਮਿਲਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ 1850 ਤੋਂ ਪਹਿਲਾਂ ਤਕ ਟੁਥਪੇਸਟ ਮੁੱਖ ਰੂਪ 'ਚ 'ਪਾਊਡਰ' ਦੇ ਰੂਪ 'ਚ ਹੀ ਮਿਲਦਾ ਸੀ।
1850 ਦੇ ਦਹਾਕੇ 'ਚ ਇਕ ਵੱਡਾ ਬਦਲਾਅ ਤਦ ਆਇਆ ਜਦੋਂ ਜਾਰ ਪੈਕ 'ਕ੍ਰੇਮ ਡੈਂਟੀਫ੍ਰਾਈਸ' ਨਾਂ ਦਾ ਨਵਾਂ ਟੁਥਪੇਸਟ ਬਾਜ਼ਾਰ ਵਿਚ ਆਇਆ। ਇਸ ਤੋਂ ਬਾਅਦ 1873 'ਚ ਕੋਲਗੇਟ ਨੇ ਵੱਡੇ ਪੱਧਰ 'ਤੇ ਜਾਰ ਵਾਲੇ ਟੂਥਪੇਸਟ ਦਾ ਉਤਪਾਦਨ ਸ਼ੁਰੂ ਕੀਤਾ, ਪਰ ਅਸਲੀ ਕ੍ਰਾਂਤੀ 1890 ਦੇ ਦਹਾਕੇ 'ਚ ਆਈ, ਜਦੋਂ ਕੋਲਗੇਟ ਨੇ ਦੁਨੀਆ ਦੇ ਸਾਹਮਣੇ ਟੂਥਪੇਸਟ ਨੂੰ 'ਟਿਊਬ' 'ਚ ਪੇਸ਼ ਕੀਤਾ। ਇਹ ਆਈਡੀਆ ਇੰਨਾ ਸਫ਼ਲ ਹੋਇਆ ਕਿ ਅੱਜ ਪੂਰੀ ਦੁਨੀਆ ਇਸੇ ਦਾ ਇਸਤੇਮਾਲ ਕਰਦੀ ਹੈ।
ਦੱਸ ਦੇਈਏ, ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਲਈ 1914 'ਚ ਪਹਿਲੀ ਵਾਰ ਫਲੋਰਾਈਡ ਯੁਕਤ ਟੁਥਪੇਸਟ ਪੇਸ਼ ਕੀਤਾ ਗਿਆ। 1945 ਤਕ ਟੁਥਪੇਸਟ 'ਚ ਝੱਗ ਲਈ ਸਾਬਣ ਹੀ ਪਾਇਆ ਜਾਂਦਾ ਸੀ, ਪਰ ਬਾਅਦ 'ਚ ਇਸ ਨੂੰ ਹਟਾ ਕੇ 'ਸੋਡੀਅਮ ਲੌਰਿਲ ਸਲਫੇਟ' ਵਰਗੇ ਰਸਾਇਣਾਂ ਦਾ ਇਸਤੇਮਾਲ ਸ਼ੁਰੂ ਹੋਇਆ, ਜਿਸ ਨਾਲ ਪੇਸਟ ਜ਼ਿਆਦਾ ਸਮੂਦ ਤੇ ਬਿਹਤਰ ਬਣ ਸਕਿਆ।