- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਦੁਨੀਆ ਬੜੀ ਖ਼ੂਬਸੂਰਤ ਹੈ। ਇੱਕੋ ਸੂਰਜ ਸਭ ਲਈ ਚੜ੍ਹਦਾ ਹੈ, ਇੱਕੋ ਚੰਦ ਸਭ ਦੇ ਵਿਹੜਿਆਂ ’ਚ ਚਾਨਣ ਕਰਦਾ ਹੈ ਤੇ ਇੱਕੋ ਹਵਾ ਹਰ ਕਿਸੇ ਨੂੰ ਛੂਹਦੀ ਹੈ ਪਰ ਫਿਰ ਵੀ ਹਰ ਮਨੁੱਖ ਦੀ ਦੁਨੀਆ ਵੱਖਰੀ ਹੁੰਦੀ ਹੈ। ਕਿਸੇ ਨੂੰ ਇਹੀ ਦੁਨੀਆ ਬੜੀ ਸੋਹਣੀ, ਰੰਗੀਨ ਤੇ ਉਮੀਦਾਂ ਨਾਲ ਭਰੀ ਹੋਈ ਨਜ਼ਰ ਆਉਂਦੀ ਹੈ, ਜਦੋਂਕਿ ਕਿਸੇ ਹੋਰ ਨੂੰ ਇਹੀ ਦੁਨੀਆ ਉਦਾਸ, ਬੇਰੰਗ ਤੇ ਮੁਸ਼ਕਲਾਂ ਨਾਲ ਭਰੀ ਹੋਈ ਲੱਗਦੀ ਹੈ।

ਇਹ ਦੁਨੀਆ ਬੜੀ ਖ਼ੂਬਸੂਰਤ ਹੈ। ਇੱਕੋ ਸੂਰਜ ਸਭ ਲਈ ਚੜ੍ਹਦਾ ਹੈ, ਇੱਕੋ ਚੰਦ ਸਭ ਦੇ ਵਿਹੜਿਆਂ ’ਚ ਚਾਨਣ ਕਰਦਾ ਹੈ ਤੇ ਇੱਕੋ ਹਵਾ ਹਰ ਕਿਸੇ ਨੂੰ ਛੂਹਦੀ ਹੈ ਪਰ ਫਿਰ ਵੀ ਹਰ ਮਨੁੱਖ ਦੀ ਦੁਨੀਆ ਵੱਖਰੀ ਹੁੰਦੀ ਹੈ। ਕਿਸੇ ਨੂੰ ਇਹੀ ਦੁਨੀਆ ਬੜੀ ਸੋਹਣੀ, ਰੰਗੀਨ ਤੇ ਉਮੀਦਾਂ ਨਾਲ ਭਰੀ ਹੋਈ ਨਜ਼ਰ ਆਉਂਦੀ ਹੈ, ਜਦੋਂਕਿ ਕਿਸੇ ਹੋਰ ਨੂੰ ਇਹੀ ਦੁਨੀਆ ਉਦਾਸ, ਬੇਰੰਗ ਤੇ ਮੁਸ਼ਕਲਾਂ ਨਾਲ ਭਰੀ ਹੋਈ ਲੱਗਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਦੁਨੀਆ ਵੱਖਰੀ ਹੈ ਜਾਂ ਫਿਰ ਉਸ ਨੂੰ ਵੇਖਣ ਵਾਲੀਆਂ ਸਾਡੀਆਂ ਅੱਖਾਂ ਤੇ ਸਮਝਣ ਵਾਲੇ ਸਾਡੇ ਮਨ ਵੱਖਰੇ ਹਨ?
ਅਸਲ ’ਚ ਮਨੁੱਖ ਜਿਸ ਦੁਨੀਆ ਵਿਚ ਰਹਿੰਦਾ ਹੈ, ਉਸ ਦੀ ਤਸਵੀਰ ਉਸ ਦੇ ਮਨ ’ਚ ਬਣ ਚੁੱਕੀ ਹੁੰਦੀ ਹੈ। ਅਸੀਂ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਸਾਰੀਆਂ ਚੀਜ਼ਾਂ ਨੂੰ ਸਿਰਫ਼ ਅੱਖਾਂ ਨਾਲ ਨਹੀਂ ਵੇਖਦੇ ਸਗੋਂ ਸਾਡਾ ਮਨ ਉਨ੍ਹਾਂ ਨੂੰ ਆਪਣੇ ਤਜਰਬਿਆਂ, ਵਿਚਾਰਾਂ, ਭਾਵਨਾਵਾਂ ਤੇ ਵਿਸ਼ਵਾਸ ਦੇ ਆਧਾਰ ’ਤੇ ਸਮਝਦਾ ਹੈ। ਮਨੋਵਿਗਿਆਨ ਵਿਚ ਇਸ ਪ੍ਰਕਿਰਿਆ ਨੂੰ Perception ਅਰਥਾਤ ਧਾਰਨਾ ਕਿਹਾ ਜਾਂਦਾ ਹੈ। ਸਧਾਰਨ ਸ਼ਬਦਾਂ ਵਿਚ ਕਹੀਏ ਤਾਂ ਕਿਸੇ ਚੀਜ਼ ਨੂੰ ਦੇਖ ਕੇ ਉਸ ਦਾ ਆਪਣੇ ਮਨ ਵਿਚ ਅਰਥ ਕੱਢਣਾ ਹੀ ਧਾਰਨਾ ਹੈ। ਇਸੇ ਕਰਕੇ ਇੱਕੋ ਘਟਨਾ ਨੂੰ ਦੇਖ ਕੇ ਦੋ ਮਨੁੱਖਾਂ ਦੀ ਸੋਚ ਬਿਲਕੁਲ ਵੱਖਰੀ ਹੋ ਸਕਦੀ ਹੈ।
ਮੰਨ ਲਓ ਕਿ ਇਕ ਵਿਦਿਆਰਥੀ ਇਮਤਿਹਾਨ ’ਚ ਉਮੀਦ ਤੋਂ ਘੱਟ ਅੰਕ ਲੈ ਆਉਂਦਾ ਹੈ। ਉਹ ਸੋਚਦਾ ਹੈ ਕਿ ਉਸ ਦੀ ਸਾਰੀ ਮਿਹਨਤ ਵਿਅਰਥ ਚਲੇ ਗਈ ਤੇ ਹੁਣ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਅਤੇ ਦੂਜਾ ਵਿਦਿਆਰਥੀ ਉਸੇ ਨਤੀਜੇ ਨੂੰ ਆਪਣੀ ਕਮੀ ਪਛਾਣਨ ਤੇ ਅਗਲੀ ਵਾਰ ਹੋਰ ਮਿਹਨਤ ਕਰਨ ਦਾ ਮੌਕਾ ਸਮਝਦਾ ਹੈ। ਇੱਥੇ ਹਾਲਾਤ ਇੱਕੋ ਹਨ, ਨਤੀਜਾ ਵੀ ਇੱਕੋ ਹੈ ਪਰ ਦੋਵਾਂ ਦੀ ਦੁਨੀਆ ਵੱਖਰੀ ਦਿਖਾਈ ਦੇ ਰਹੀ ਹੈ। ਫ਼ਰਕ ਬਾਹਰ ਨਹੀਂ, ਅੰਦਰ ਹੈ, ਅਸਲ ਫ਼ਰਕ ਉਨ੍ਹਾਂ ਦੇ ਨਜ਼ਰੀਏ ਦਾ ਹੈ। ਕਈ ਵਾਰ ਸਾਡੀਆਂ ਭਾਵਨਾਵਾਂ ਵੀ ਸਾਡੀ ਦੁਨੀਆ ਦਾ ਰੰਗ ਬਦਲ ਦਿੰਦੀਆਂ ਹਨ। ਜਦੋਂ ਮਨ ਖ਼ੁਸ਼ ਹੁੰਦਾ ਹੈ ਤਾਂ ਛੋਟੀ ਜਿਹੀ ਗੱਲ ਵੀ ਖ਼ੁਸ਼ੀ ਦੇਣ ਲੱਗਦੀ ਹੈ। ਉਹੀ ਮੌਸਮ, ਉਹੀ ਰਸਤੇ ਤੇ ਉਹੀ ਲੋਕ ਸਾਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ ਪਰ ਜਦੋਂ ਮਨ ਉਦਾਸ ਹੋਵੇ ਤਾਂ ਬਿਨਾਂ ਕਿਸੇ ਵੱਡੇ ਕਾਰਨ ਦੇ ਵੀ ਸਭ ਕੁਝ ਬੇਕਾਰ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੁਨੀਆ ਉਸ ਸਮੇਂ ਬਦਲ ਗਈ ਅਕਸਰ ਬਦਲਾਅ ਸਾਡੇ ਅੰਦਰ ਆਇਆ ਹੁੰਦਾ ਹੈ। ਸਾਡਾ ਮਨ ਜਿਸ ਰੰਗ ਵਿਚ ਹੁੰਦਾ ਹੈ, ਸਾਨੂੰ ਦੁਨੀਆ ਵੀ ਕਈ ਵਾਰ ਉਸੇ ਰੰਗ ’ਚ ਰੰਗੀ ਹੋਈ ਦਿਖਾਈ ਦਿੰਦੀ ਹੈ।
ਕਈ ਵਾਰ ਇਨਸਾਨ ਦੇ ਪਿਛਲੇ ਤਜਰਬੇ ਵੀ ਉਸ ਦੀ ਧਾਰਨਾ ਬਣਾਉਣ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਜਿਸ ਵਿਅਕਤੀ ਨਾਲ ਉਸ ਦੇ ਅਤੀਤ ਵਿਚ ਧੋਖਾ ਹੋਇਆ ਹੋਵੇ, ਉਹ ਨਵੇਂ ਰਿਸ਼ਤੇ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਸਕਦਾ ਹੈ ਤੇ ਜਿਸਨੇ ਅਕਸਰ ਪਿਆਰ ਤੇ ਵਿਸ਼ਵਾਸ ਦਾ ਅਨੁਭਵ ਕੀਤਾ ਹੋਵੇ, ਉਹੀ ਦੁਨੀਆ ਉਸ ਨੂੰ ਵਧੇਰੇ ਭਰੋਸੇਯੋਗ ਲੱਗ ਸਕਦੀ ਹੈ। ਇਸੇ ਲਈ ਕਈ ਵਾਰ ਅਸੀਂ ਕਿਸੇ ਵਿਅਕਤੀ ਨੂੰ ਉਸ ਦੇ ਅਸਲ ਰੂਪ ਨਾਲੋਂ ਪਹਿਲਾਂ ਆਪਣੇ ਪਿਛਲੇ ਤਜਰਬਿਆਂ ਦੇ ਆਧਾਰ ’ਤੇ ਸਮਝਣ ਲੱਗ ਪੈਂਦੇ ਹਾਂ।
ਜ਼ਿੰਦਗੀ ’ਚ ਬਹੁਤ ਸਾਰੇ ਦੁੱਖ ਸ਼ਾਇਦ ਹਾਲਾਤਾਂ ਤੋਂ ਨਹੀਂ ਸਗੋਂ ਉਨ੍ਹਾਂ ਹਾਲਾਤਾਂ ਬਾਰੇ ਬਣਾਈਆਂ ਸਾਡੀਆਂ ਧਾਰਨਾਵਾਂ ਤੋਂ ਵੀ ਪੈਦਾ ਹੁੰਦੇ ਹਨ। ਇਸ ਲਈ ਆਪਣੇ ਮਨ ਨੂੰ ਸਮਝਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਦੁਨੀਆ ਨੂੰ ਸਮਝਣਾ। ਜੇ ਅਸੀਂ ਹਰ ਗੱਲ ਨੂੰ ਨਕਾਰਾਤਮਿਕ ਨਜ਼ਰੀਏ ਨਾਲ ਦੇਖਾਂਗੇ ਤਾਂ ਖ਼ੁਸ਼ੀਆਂ ਦੇ ਵਿਚਕਾਰ ਵੀ ਕਮੀਆਂ ਮਿਲ ਜਾਣਗੀਆਂ ਤੇ ਜੇ ਅਸੀਂ ਸੰਤੁਲਿਤ ਨਜ਼ਰੀਏ ਨਾਲ ਦੇਖਾਂਗੇ ਤਾਂ ਮੁਸ਼ਕਲਾਂ ਦੇ ਵਿਚਕਾਰ ਵੀ ਉਮੀਦ ਦੀ ਕੋਈ ਨਾ ਕੋਈ ਕਿਰਣ ਨਜ਼ਰ ਆ ਸਕਦੀ ਹੈ। ਦੁਨੀਆ ’ਚ ਬਹੁਤ ਕੁਝ ਹੈ ਚੰਗਾ, ਮਾੜਾ, ਸੌਖਾ ਤੇ ਔਖਾ ਵੀ ਪਰ ਸਾਡਾ ਮਨ ਉਨ੍ਹਾਂ ਵਿੱਚੋਂ ਕੀ ਚੁਣਦਾ ਹੈ, ਇਹ ਸਾਡੀ ਧਾਰਨਾ ਤੇ ਸਾਡੇ ਨਜ਼ਰੀਏ ’ਤੇ ਨਿਰਭਰ ਕਰਦਾ ਹੈ। ਇਸ ਲਈ ਕਈ ਵਾਰ ਦੁਨੀਆ ਨੂੰ ਬਦਲਣ ਤੋਂ ਪਹਿਲਾਂ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਸਮੱਸਿਆ ਦੁਨੀਆ ਵਿਚ ਹੈ ਜਾਂ ਉਸ ਨੂੰ ਵੇਖਣ ਵਾਲੇ ਨਜ਼ਰੀਏ ਵਿਚ? ਹੋ ਸਕਦਾ ਹੈ ਕਿ ਦੁਨੀਆ ਪਹਿਲਾਂ ਤੋਂ ਹੀ ਉਹੀ ਹੋਵੇ, ਸਾਨੂੰ ਸਿਰਫ਼ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੋਵੇ।
- ਪਲਕਪ੍ਰੀਤ ਕੌਰ ਬੇਦੀ