- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜ ਅਨੁਸਾਰ, ਧਰਤੀ ਦੇ ਕੁੱਲ ਮਾਸ ਦਾ ਘੱਟੋ-ਘੱਟ 75 ਫੀਸਦ ਹਿੱਸਾ ਦੋ ਨੌਜਵਾਨ ਗ੍ਰਹਿਆਂ ਜਾਂ ਪ੍ਰੋਟੋਪਲੈਨੇਟ ਤੋਂ ਆਏ ਪਦਾਰਥਾਂ ਨਾਲ ਬਣਿਆ। ਇਹ ਪ੍ਰੋਟੋਪਲੈਨੇਟ ਛੋਟੇ ਠੋਸ ਕਣਾਂ ਅਤੇ ਕੰਕਰਾਂ ਵਰਗੇ ਪਦਾਰਥਾਂ ਨੂੰ ਆਪਣੇ ਗੁਰੂਤਾਕਰਸ਼ਨ ਨਾਲ ਇਕੱਠਾ ਕਰ ਕੇ ਵੱਡੇ ਹੋਏ।

ਨਵੀਂ ਦਿੱਲੀ (ਪੀਟੀਆਈ) : ਧਰਤੀ ਅਤੇ ਮੰਗਲ ਕਰੀਬ 4.5 ਅਰਬ ਸਾਲ ਪਹਿਲਾਂ ਇਕ ਹੀ ਵਿਸ਼ਾਲ ਗੈਸ ਅਤੇ ਧੂੜ ਦੇ ਘੁੰਮਦੇ ਬੱਦਲ ਤੋਂ ਬਣੇ, ਪਰ ਦੋਵਾਂ ਗ੍ਰਹਿਆਂ ਦੇ ਨਿਰਮਾਣ ਦੀ ਪ੍ਰਕਿਰਿਆ ਇਕ ਜਿਹੀ ਨਹੀਂ ਸੀ। ਕੋਪੇਨਹੇਗਨ ਯੂਨੀਵਰਸਿਟੀ ਦੇ ਗਲੋਬ ਇੰਸਟੀਟਿਊਟ ਦੇ ਖੋਜਕਰਤਾਵਾਂ ਦੇ ਨਵੇਂ ਅਧਿਐਨ ਨੇ ਦਰਸਾਇਆ ਹੈ ਕਿ ਦੋਵਾਂ ਗ੍ਰਹਿਆਂ ਨੇ ਸ਼ੁਰੂਆਤੀ ਦੌਰ ਵਿਚ ਵੱਖ-ਵੱਖ ਕਿਸਮ ਦੇ ਪਦਾਰਥਾਂ ਨੂੰ ਆਪਣੇ ਵਿਚ ਸਮੇਟਿਆ। ਇਹ ਅਧਿਐਨ ਨੇਚਰ ਐਸਟਰੋਨੋਮੀ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।
ਖੋਜ ਅਨੁਸਾਰ, ਧਰਤੀ ਦੇ ਕੁੱਲ ਮਾਸ ਦਾ ਘੱਟੋ-ਘੱਟ 75 ਫੀਸਦ ਹਿੱਸਾ ਦੋ ਨੌਜਵਾਨ ਗ੍ਰਹਿਆਂ ਜਾਂ ਪ੍ਰੋਟੋਪਲੈਨੇਟ ਤੋਂ ਆਏ ਪਦਾਰਥਾਂ ਨਾਲ ਬਣਿਆ। ਇਹ ਪ੍ਰੋਟੋਪਲੈਨੇਟ ਛੋਟੇ ਠੋਸ ਕਣਾਂ ਅਤੇ ਕੰਕਰਾਂ ਵਰਗੇ ਪਦਾਰਥਾਂ ਨੂੰ ਆਪਣੇ ਗੁਰੂਤਾਕਰਸ਼ਨ ਨਾਲ ਇਕੱਠਾ ਕਰ ਕੇ ਵੱਡੇ ਹੋਏ। ਇਸ ਪ੍ਰਕਿਰਿਆ ਨੂੰ ‘ਪੇਬਲ ਏਕ੍ਰੀਸ਼ਨ’ ਕਿਹਾ ਜਾਂਦਾ ਹੈ। ਧਰਤੀ ਦੇ ਬਾਕੀ ਕਰੀਬ 25 ਫੀਸਦ ਹਿੱਸੇ ਦੇ ਨਿਰਮਾਣ ਵਿਚ ਪਲੈਨੇਟੇਸਿਮਲਜ਼ ਦੀ ਭੂਮਿਕਾ ਰਹੀ। ਇਸ ਦੇ ਵਿਰੁੱਧ, ਮੰਗਲ ਦੇ ਕੁੱਲ ਮਾਸ ਦਾ ਕਰੀਬ 75 ਫੀਸਦ ਹਿੱਸਾ ਪਲੈਨੇਟੇਸਿਮਲਜ਼ ਤੋਂ ਆਇਆ, ਜਦਕਿ ਕਰੀਬ 25 ਫੀਸਦ ਹਿੱਸਾ ਛੋਟੇ ਕਣਾਂ ਦੇ ਇਕੱਠੇ ਹੋਣ ਦੀ ਪ੍ਰਕਿਰਿਆ ਨਾਲ ਬਣਿਆ। ਇਸ ਨਾਲ ਇਹ ਸੂਚਨਾ ਮਿਲਦੀ ਹੈ ਕਿ ਇਕ ਹੀ ਸੌਰਮੰਡਲੀ ਸਮੱਗਰੀ ਤੋਂ ਬਣਨ ਦੇ ਬਾਵਜੂਦ ਦੋਵਾਂ ਗ੍ਰਹਿਆਂ ਦਾ ਸ਼ੁਰੂਆਤੀ ਵਿਕਾਸ ਵੱਖਰਾ ਰਿਹਾ।
ਵਿਗਿਆਨੀਆਂ ਨੇ ਧਰਤੀ ਅਤੇ ਮੰਗਲ ਦੀ ਕ੍ਰਸਟ ਅਤੇ ਮੈਨਟਲ ਵਿਚ ਮੌਜੂਦ ਸੋਡੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਵਾਸ਼ਪਿਕ ਤੱਤਾਂ ਦਾ ਅਧਿਐਨ ਕੀਤਾ। ਇਹ ਤੱਤ ਗ੍ਰਹਿਆਂ ਦੇ ਨਿਰਮਾਣ ਦੌਰਾਨ ਹੋਈਆਂ ਪ੍ਰਕਿਰਿਆਵਾਂ ਦੇ ਰਸਾਇਣਿਕ ਸੰਕੇਤਾਂ ਨੂੰ ਸੁਰੱਖਿਅਤ ਰੱਖ ਸਕਦੇ ਹਨ। ਕੰਪਿਊਟਰ ਮਾਡਲ ਦੇ ਜ਼ਰੀਏ ਵੱਖ-ਵੱਖ ਸੰਭਾਵਿਤ ਹਾਲਾਤਾਂ ਦਾ ਪ੍ਰੀਖਣ ਕਰਕੇ ਵਿਗਿਆਨੀਆਂ ਨੇ ਦੋਵਾਂ ਗ੍ਰਹਿਆਂ ਦੇ ਨਿਰਮਾਣ ਦੀਆਂ ਪ੍ਰਕਿਰਿਆਵਾਂ ਦਾ ਅਨੁਮਾਨ ਲਗਾਇਆ। ਖੋਜਕਰਤਾਵਾਂ ਅਨੁਸਾਰ, ਅਰਬਾਂ ਸਾਲ ਪੁਰਾਣੀਆਂ ਘਟਨਾਵਾਂ ਦੇ ਪ੍ਰਤੱਖ ਪ੍ਰਮਾਣ ਕਰੀਬ ਖਤਮ ਹੋ ਚੁੱਕੇ ਹਨ, ਪਰ ਗ੍ਰਹਿਆਂ ਦੇ ਮੈਨਟਲ ਦੀ ਰਸਾਇਣਿਕ ਸੰਰਚਨਾ ਅਜੇ ਵੀ ਉਨ੍ਹਾਂ ਦੇ ਸ਼ੁਰੂਆਤੀ ਨਿਰਮਾਣ ਦੀ ਜਾਣਕਾਰੀ ਸੁਰੱਖਿਅਤ ਰੱਖਦੀ ਹੈ। ਇਹ ਅਧਿਐਨ ਸੌਰਮੰਡਲ ਦੇ ਸ਼ੁਰੂਆਤੀ ਇਤਿਹਾਸ ਅਤੇ ਚੱਟਾਨੀ ਗ੍ਰਹਿਆਂ ਦੇ ਵਿਕਾਸ ਨੂੰ ਸਮਝਣ ਵਿਚ ਨਵੀਂ ਜਾਣਕਾਰੀ ਪ੍ਰਦਾਨ ਕਰਦਾ ਹੈ।