- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਸਮੇਂ ਜਦੋਂ ਮਨੁੱਖ ਇਕ ਪਦਾਰਥਵਾਦੀ ਸੋਚ ਨੂੰ ਲੈ ਕੇ ਚੱਲ ਰਿਹਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਕੀਨਨ ਸਾਡੇ ’ਤੇ ਪਦਾਰਥਵਾਦੀ ਸੋਚ ਭਾਰੂ ਹੈ, ਅਸੀਂ ਬਾਜ਼ਾਰ ਦੇ ਮੁਤਾਬਿਕ ਜੀ ਰਹੇ ਹਾਂ ਜਾਂ ਕਹਿ ਸਕਦੇ ਹੋ ਕਿ ਸਾਨੂੰ ਬਾਜ਼ਾਰ ਚਲਾ ਰਿਹਾ ਹੈ।

ਅੱਜ ਦੇ ਸਮੇਂ ਜਦੋਂ ਮਨੁੱਖ ਇਕ ਪਦਾਰਥਵਾਦੀ ਸੋਚ ਨੂੰ ਲੈ ਕੇ ਚੱਲ ਰਿਹਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਕੀਨਨ ਸਾਡੇ ’ਤੇ ਪਦਾਰਥਵਾਦੀ ਸੋਚ ਭਾਰੂ ਹੈ, ਅਸੀਂ ਬਾਜ਼ਾਰ ਦੇ ਮੁਤਾਬਿਕ ਜੀ ਰਹੇ ਹਾਂ ਜਾਂ ਕਹਿ ਸਕਦੇ ਹੋ ਕਿ ਸਾਨੂੰ ਬਾਜ਼ਾਰ ਚਲਾ ਰਿਹਾ ਹੈ। ਅਜਿਹੇ ਸਮੇਂ ’ਚ ਮਨੁੱਖ ਅੰਦਰ ਕਿਤੇ ਇਹ ਸੋਚ ਚੱਲਦੀ ਹੈ ਕਿ ਉਹ ਜੋ ਕਰ ਰਿਹਾ ਹੈ, ਕੀ ਉਹ ਸਹੀ ਹੈ? ਇਸ ਨੂੰ ਸੋਚਣ ਦੀ ਘੁਸਪੈਠ ਵੀ ਕਹਿ ਸਕਦੇ ਹਾਂ। ਅਸੀਂ ਸਾਰੇ ਹੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹਾਂ ਕਿ ਸਮੇਂ ਦੇ ਮੁਤਾਬਿਕ ਚੱਲਣ ’ਚ ਹੀ ਸਮਝਦਾਰੀ ਹੁੰਦੀ ਹੈ। ਅੱਜ ਸਮਾਂ ਉਹ ਨਹੀਂ ਰਿਹਾ, ਜਿੱਥੇ ਭਾਵਨਾਵਾਂ ਨੂੰ ਪਹਿਲ ਦਿੱਤੀ ਜਾ ਸਕੇ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਜ਼ਿੰਦਗੀ ਦੀ ਦੌੜ ’ਚ ਪਿੱਛੇ ਰਹਿ ਜਾਂਦਾ ਹੈ। ਇਸ ਲਈ ਜ਼ਿਆਦਾਤਰ ਮਨੁੱਖ ਮਸ਼ੀਨ ਵਾਂਗ ਜੀਅ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਇਕ ਘੜੀ ਨਾਲ ਬੱਝੀ ਹੋਈ ਹੈ। ਉਨ੍ਹਾਂ ਦੇ ਹਰ ਕੰਮ ਦਾ ਸਮਾਂ ਨਿਸ਼ਚਿਤ ਹੈ।
ਇਕੱਲੇਪਣ ਦਾ ਹੁੰਦੇ ਸ਼ਿਕਾਰ
ਅੱਜ ਜਦੋਂ ਸਾਡੇ ਕੋਲ ਪਰਿਵਾਰ ’ਚ ਵੀ ਇਕ-ਦੂਜੇ ਨਾਲ ਬਹਿ ਕੇ ਗੱਲਾਂ ਕਰਨ ਦਾ ਸਮਾਂ ਨਹੀਂ ਹੈ ਤਾਂ ਅਕਸਰ ਅਸੀਂ ਇਕੱਲੇਪਣ ਦੇ ਸ਼ਿਕਾਰ ਹੁੰਦੇ ਹਾਂ। ਇਕੱਲਾਪਣ ਸਿਰਫ ਉਹ ਨਹੀਂ ਹੁੰਦਾ ਜਦੋਂ ਅਸੀਂ ਇਕੱਲੇ ਬੈਠੇ ਹੋਈਏ ਸਗੋਂ ਉਹ ਹੁੰਦਾ ਹੈ ਜਦੋਂ ਅਸੀਂ ਮਾਨਸਿਕ ਤੌਰ ’ਤੇ ਇਕੱਲੇ ਮਹਿਸੂਸ ਕਰੀਏ। ਅਜਿਹੇ ਸਮੇਂ ਬਹੁਤ ਵਾਰੀ ਇਹ ਖ਼ਿਆਲ ਸਾਡੇ ਮਨ ’ਚ ਆਉਂਦੇ ਹਨ ਕਿ ਕੀ ਸਾਡਾ ਦੂਜੇ ਨਾਲ ਵਿਹਾਰ ਸਹੀ ਹੈ? ਕੀ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਅਸੀਂ ਅਜਿਹਾ ਕੁਝ ਤਾਂ ਨਹੀਂ ਕਰ ਰਹੇ, ਜੋ ਸਾਡੇ ਆਪਣਿਆਂ ਨੂੰ ਤਕਲੀਫ਼ ਦਿੰਦਾ ਹੈ? ਕੀ ਕੋਈ ਅਜਿਹੀ ਗੱਲ ਸਾਡੇ ਤੋਂ ਕਿਸੇ ਪ੍ਰਤੀ ਕਹੀ ਤਾਂ ਨਹੀਂ ਗਈ, ਜੋ ਉਸ ਨੂੰ ਦੁੱਖ ਦੇਵੇ? ਅਜਿਹੀਆਂ ਸੋਚਾਂ ਨਿਰੰਤਰ ਮਨ ਵਿੱਚ ਚਲਦੀਆਂ ਹਨ। ਇਨ੍ਹਾਂ ਸੋਚਾਂ ਦਾ ਹੋਣ ਗ਼ੈਰ- ਵਾਜਿਬ ਨਹੀਂ। ਆਖ਼ਰਕਾਰ ਅਸੀਂ ਮਨੁੱਖ ਹਾਂ ਪਰ ਸਮੱਸਿਆ ਉਦੋਂ ਆਉਂਦੀ ਹੈ, ਜਦੋਂ ਇਹ ਸੋਚਾਂ ਸਾਡੇ ਤੇ ਭਾਰੂ ਹੋ ਜਾਣ। ਅਜਿਹੇ ’ਚ ਮਨੁੱਖ ਤਣਾਅ ਵੱਲ ਚਲਾ ਜਾਂਦਾ ਹੈ। ਉਸ ਨੂੰ ਆਪਣੇ ਆਪ ’ਤੇ ਸ਼ੰਕਾ ਹੋਣ ਲੱਗਦਾ ਹੈ। ਉਸ ਨੂੰ ਜਾਪਦਾ ਹੈ ਕਿ ਉਸ ਦਾ ਵਿਹਾਰ ਸਹੀ ਨਹੀਂ ਹੈ। ਉਹ ਵਾਰ-ਵਾਰ ਆਪਣੇ ਦੁਆਰਾ ਕੀਤੀ ਗੱਲ ਨੂੰ ਸੋਚਦਾ ਹੈ ਤੇ ਉਸ ਨੂੰ ਅਨੇਕ ਪੱਖਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੀਆਂ ਸੋਚਾਂ ਜੇ ਮਨ ’ਤੇ ਭਾਰੂ ਹੋ ਜਾਣ ਤਾਂ ਮਨੁੱਖ ਕਿਸੇ ਨਾ ਕਿਸੇ ਮਾਨਸਿਕ ਗੁੰਝਲ ’ਚ ਫਸ ਜਾਂਦਾ ਹੈ। ਅਜਿਹੀ ਸਥਿਤੀ ਵਿਚ ਉਹ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ।
ਮਨ ਦਾ ਸਕੂਨ ਹੋ ਜਾਂਦਾ ਗਾਇਬ
ਤੇਜ਼ ਰਫ਼ਤਾਰ ਜ਼ਿੰਦਗੀ ’ਚ ਕਈ ਵਾਰ ਥਕਾਵਟ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਸਾਨੂੰ ਨੀਂਦ ਵੀ ਨਹੀਂ ਆਉਂਦੀ। ਮਾਹੌਲ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਮਨ ਦਾ ਸਕੂਨ ਗਾਇਬ ਹੋ ਜਾਂਦਾ ਹੈ। ਅਸੀਂ ਆਪਣਿਆਂ ਨਾਲ ਜਦੋਂ ਖੁੱਲ੍ਹ ਕੇ ਦਿਲ ਦੀ ਗੱਲ ਨਹੀਂ ਕਰ ਸਕਦੇ ਤਾਂ ਸਾਡੇ ਮਨ ’ਤੇ ਬੋਝ ਵੱਧਦਾ ਹੈ। ਅੱਜ ਦੇ ਸਮੇਂ ਵਿਚ ਕਿਸੇ ’ਤੇ ਭਰੋਸਾ ਕਰ ਕੇ ਦਿਲ ਦੀ ਗੱਲ ਕਰਨਾ ਵੀ ਖ਼ਤਰਾ ਮੁੱਲ ਲੈਣ ਵਾਲੀ ਗੱਲ ਹੈ। ਕੋਈ ਪਤਾ ਨਹੀਂ ਕਿ ਉਹ ਸਾਡੀ ਗੱਲ ਦਾ ਤਮਾਸ਼ਾ ਬਣਾ ਦੇਵੇ। ਇਸੇ ਡਰ ਤੋਂ ਕੋਈ ਕਿਸੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰਦਾ। ਬਹੁਤ ਨਜ਼ਦੀਕੀ ਰਿਸ਼ਤਿਆਂ ’ਚ ਵੀ ਬਹੁਤ ਦੂਰੀਆਂ ਹਨ। ਦਿਲਾਂ ਦੀ ਦੂਰੀ ਅਕਸਰ ਬਹੁਤ ਪਰੇਸ਼ਾਨ ਕਰਦੀ ਹੈ। ਜਦੋਂ ਤੁਸੀਂ ਕਿਸੇ ਵਾਰਤਾਲਾਪ ਜਾਂ ਕਿਸੇ ਬਹਿਸ ਤੋਂ ਬਾਅਦ ਇਹ ਸੋਚਦੇ ਹੋ ਕਿ ਮੈਂ ਗ਼ਲਤ ਤਾਂ ਨਹੀਂ ਬਜਾਏ ਇਸ ਦੇ ਕਿ ਤੁਸੀਂ ਉਸ ਵਿਅਕਤੀ ਕੋਲ ਜਾ ਕੇ ਆਪਣੀ ਗ਼ਲਤੀ ਦੀ ਮਾਫ਼ੀ ਮੰਗੋ, ਆਪਣੇ ਮਨ ’ਚ ਇਕ ਗੰਢ ਬਣਾ ਲੈਂਦੇ ਹੋ। ਤੁਹਾਡੇ ਮਨ ਦੀ ਇਹ ਗੰਢ ਉਸ ਵਿਅਕਤੀ ਨਾਲੋਂ ਜ਼ਿਆਦਾ ਤੁਹਾਨੂੰ ਪਰੇਸ਼ਾਨ ਕਰਦੀ ਹੈ। ਇਸੇ ਤਰ੍ਹਾਂ ਇਹ ਤਾਣਾ-ਬਾਣਾ ਉਲਝਦਾ ਜਾਂਦਾ ਹੈ।
ਪਰਿਵਾਰ ’ਚ ਬਣਾਉਣਾ ਪੈਂਦਾ ਸੁਹਿਰਦ ਮਾਹੌਲ
ਅੱਜ ਦੇ ਸਮੇਂ ਸਾਨੂੰ ਸਰੀਰਕ ਰੋਗਾਂ ਦੇ ਨਾਲ-ਨਾਲ ਮਾਨਸਿਕ ਰੋਗਾਂ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਮਾਨਸਿਕ ਰੋਗੀ ਪਾਗਲ ਨਹੀਂ ਹੁੰਦੇ। ਮਾਨਸਿਕ ਰੋਗਾਂ ਦੀਆਂ ਅਨੇਕਾਂ ਕਿਸਮਾਂ ਹਨ। ਇਨ੍ਹਾਂ ਦਾ ਇਲਾਜ ਸੰਭਵ ਹੈ। ਇਲਾਜ ਲਈ ਸਾਨੂੰ ਆਪਣੇ ਪਰਿਵਾਰ ਵਿਚ ਸੁਹਿਰਦ ਮਾਹੌਲ ਬਣਾਉਣਾ ਪੈਂਦਾ ਹੈ। ਇਕ-ਦੂਜੇ ਦੀ ਗੱਲ ਨੂੰ ਸਮਝਣਾ ਤੇ ਸੁਣਨਾ ਪੈਂਦਾ ਹੈ। ਜੇ ਤੁਸੀਂ ਆਪਣੇ ਦੋਸਤ ਦੀ ਮਾਨਸਿਕ ਪਰੇਸ਼ਾਨੀ ਵਿਚ ਮਦਦ ਕਰਦੇ ਹੋ ਤੇ ਉਸ ਨੂੰ ਇਲਾਜ ਲਈ ਉਤਸ਼ਾਹਿਤ ਕਰਦੇ ਹੋ ਤਾਂ ਹੀ ਤੁਸੀਂ ਸਹੀ ਮਾਅਨਿਆਂ ’ਚ ਦੋਸਤ ਹੋ। ਬਹੁਤ ਜ਼ਰੂਰੀ ਹੈ ਕਿ ਮਾਨਸਿਕ ਸਿਹਤ ਪ੍ਰਤੀ ਸੁਚੇਤ ਹੋਇਆ ਜਾਵੇ।
ਅੱਜ ਦਾ ਮਨੁੱਖ ਸਹੂਲਤਾਂ ਨਾਲ ਭਰੀ ਪਰੇਸ਼ਾਨੀ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਇਸ ਵਿਚ ਉਸ ਨੂੰ ਸਭ ਤੋਂ ਵੱਧ ਜ਼ਰੂਰਤ ਸਕੂਨ ਦੀ ਹੈ। ਇਕ-ਦੂਜੇ ਪ੍ਰਤੀ ਸੁਹਿਰਦ ਹੋਣਾ ਹੀ ਮਾਨਸਿਕ ਸਿਹਤ ਦਾ ਪਹਿਲਾ ਕਦਮ ਹੈ। ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗੱਲਾਂ ਕਰ ਕੇ ਹੀ ਗੱਲਾਂ ਵਿੱਚੋਂ ਨਿਕਲਿਆ ਜਾਂਦਾ ਹੈ।
- ਹਰਪ੍ਰੀਤ ਕੌਰ ਸੰਧੂ