- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਸੁਭਾਅ ਦੀ ਕੌੜੀ ਸੱਚਾਈ ਹੈ ਕਿ ਇਸ ਦੁਨੀਆ ਵਿਚ ਕਿਸੇ ਦੀਆਂ ਕਮੀਆਂ ਕੱਢਣਾ, ਉਸ ਦਾ ਮਜ਼ਾਕ ਉਡਾਉਣਾ ਤੇ ਉਸ ਦੇ ਸੁਪਨਿਆਂ ਉੱਤੇ ਹੱਸਣਾ ਬਹੁਤ ਸੌਖਾ ਹੈ ਪਰ ਖ਼ੁਦ ਮੈਦਾਨ ਵਿਚ ਉਤਰ ਕੇ ਕੁਝ ਨਵਾਂ ਕਰਨਾ ਬਹੁਤ ਔਖਾ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ’ਚ ਕੋਈ ਨਵਾਂ ਕਦਮ ਚੁੱਕਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਮਾਜ ਦੇ ਤਾਅਨਿਆਂ, ਮਖੌਲ ਤੇ ਨਕਾਰਾਤਮਕ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਨੁੱਖੀ ਸੁਭਾਅ ਦੀ ਕੌੜੀ ਸੱਚਾਈ ਹੈ ਕਿ ਇਸ ਦੁਨੀਆ ਵਿਚ ਕਿਸੇ ਦੀਆਂ ਕਮੀਆਂ ਕੱਢਣਾ, ਉਸ ਦਾ ਮਜ਼ਾਕ ਉਡਾਉਣਾ ਤੇ ਉਸ ਦੇ ਸੁਪਨਿਆਂ ਉੱਤੇ ਹੱਸਣਾ ਬਹੁਤ ਸੌਖਾ ਹੈ ਪਰ ਖ਼ੁਦ ਮੈਦਾਨ ਵਿਚ ਉਤਰ ਕੇ ਕੁਝ ਨਵਾਂ ਕਰਨਾ ਬਹੁਤ ਔਖਾ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ’ਚ ਕੋਈ ਨਵਾਂ ਕਦਮ ਚੁੱਕਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਮਾਜ ਦੇ ਤਾਅਨਿਆਂ, ਮਖੌਲ ਤੇ ਨਕਾਰਾਤਮਕ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਸੋਚ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਉਸ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਬਜਾਏ ਉਸ ਉੱਤੇ ਹੱਸਣਾ ਸ਼ੁਰੂ ਕਰ ਦਿੰਦੇ ਹਨ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰੇ, ਕੋਈ ਕਲਾ ਸਿੱਖੇ ਜਾਂ ਸਮਾਜ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸਭ ਤੋਂ ਪਹਿਲਾਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਇਹ ਤੇਰੇ ਵੱਸ ਦੀ ਗੱਲ ਨਹੀਂ।
ਅਸਲ ਵਿਚ ਮਜ਼ਾਕ ਉਡਾਉਣ ਲਈ ਨਾ ਕੋਈ ਪੂੰਜੀ ਚਾਹੀਦੀ ਹੈ, ਨਾ ਕੋਈ ਹੁਨਰ ਤੇ ਨਾ ਹੀ ਕੋਈ ਹਿੰਮਤ ਪਰ ਕਿਸੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਮਿਹਨਤ, ਸਬਰ, ਸਮਾਂ, ਹੌਸਲਾ ਚਾਹੀਦਾ ਹੈ। ਆਲੋਚਨਾ ਕਰਨ ਵਾਲੇ ਲੋਕ ਅਕਸਰ ਕਿਨਾਰੇ ਬੈਠ ਕੇ ਤਮਾਸ਼ਾ ਦੇਖਦੇ ਹਨ, ਜਦੋਂਕਿ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹਰ ਰੋਜ਼ ਨਵੀਆਂ ਚੁਣੌਤੀਆਂ ਨਾਲ ਲੜ ਰਿਹਾ ਹੁੰਦਾ ਹੈ। ਇੱਥੇ ਇਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਵਿਅਕਤੀ ਕੁਝ ਨਹੀਂ ਕਰਦਾ, ਉਸ ਦੀਆਂ ਗ਼ਲਤੀਆਂ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਪਰ ਜਿਹੜਾ ਕੁਝ ਕਰਨ ਦੀ ਹਿੰਮਤ ਕਰਦਾ ਹੈ, ਉਸ ਦੀ ਹਰ ਛੋਟੀ-ਵੱਡੀ ਗ਼ਲਤੀ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਜਾਂਦਾ ਹੈ। ਲੋਕ ਉਸ ਦੀਆਂ ਦਸ ਕੋਸ਼ਿਸ਼ਾਂ ਨੂੰ ਭੁੱਲ ਕੇ ਇਕ ਅਸਫਲਤਾ ਦਾ ਮਜ਼ਾਕ ਬਣਾਉਂਦੇ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਹਰ ਅਸਫਲਤਾ ਆਪਣੇ ਨਾਲ ਇਕ ਨਵਾਂ ਤਜਰਬਾ ਲਿਆਉਂਦੀ ਹੈ।
ਸਮਾਜ ਦਾ ਇਕ ਹੋਰ ਕੌੜਾ ਪਹਿਲੂ ਇਹ ਵੀ ਹੈ ਕਿ ਜਦੋਂ ਤੱਕ ਕੋਈ ਵਿਅਕਤੀ ਸੰਘਰਸ਼ ਕਰ ਰਿਹਾ ਹੁੰਦਾ ਹੈ, ਉਸ ਨੂੰ ਕੋਈ ਪੁੱਛਦਾ ਤੱਕ ਨਹੀਂ ਪਰ ਜਦੋਂ ਉਹੀ ਵਿਅਕਤੀ ਆਪਣੀ ਮਿਹਨਤ ਨਾਲ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਸ ਦੀਆਂ ਤਾਰੀਫ਼ਾਂ ਹੁੰਦੀਆਂ ਹਨ ਤੇ ਲੋਕ ਉਸ ਨਾਲ ਆਪਣਾ ਰਿਸ਼ਤਾ ਜੋੜਨ ਵਿਚ ਮਾਣ ਮਹਿਸੂਸ ਕਰਦੇ ਹਨ। ਜਿਹੜੇ ਕੱਲ੍ਹ ਤੱਕ ਉਸ ਦੇ ਸੁਪਨਿਆਂ ਉੱਤੇ ਹੱਸਦੇ ਸਨ, ਅੱਜ ਉਸ ਦੀ ਕਾਮਯਾਬੀ ਦੀਆਂ ਮਿਸਾਲਾਂ ਦਿੰਦੇ ਹਨ।
ਸੋਚਣ ਵਾਲੀ ਗੱਲ ਇਹ ਹੈ ਕਿ ਜੇ ਹਰ ਇਨਸਾਨ ਲੋਕਾਂ ਦੇ ਡਰ ਤੇ ਮਜ਼ਾਕ ਕਰ ਕੇ ਆਪਣੇ ਕਦਮ ਰੋਕ ਲਵੇ ਤਾ ਦੁਨੀਆਂ ਵਿਚ ਕੋਈ ਨਵੀਂ ਕਾਢ, ਨਵੀਂ ਸੋਚ ਜਾਂ ਨਵੀਂ ਤਬਦੀਲੀ ਕਦੇ ਵੀ ਸੰਭਵ ਨਾ ਹੋਵੇ। ਇਤਿਹਾਸ ਵਿਚ ਹਰ ਵੱਡੀ ਪ੍ਰਾਪਤੀ ਦੇ ਪਿੱਛੇ ਕਿਸੇ ਨਾ ਕਿਸੇ ਇਨਸਾਨ ਦੀ ਉਹ ਹਿੰਮਤ ਰਹੀ ਹੈ, ਜਿਸ ਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਰਾਹ ਚੁਣਿਆ। ਇਸ ਲਈ ਸਾਨੂੰ ਦੋ ਗੱਲਾਂ ਆਪਣੇ ਜੀਵਨ ਵਿਚ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ। ਪਹਿਲੀ ਜੇ ਅਸੀਂ ਖ਼ੁਦ ਕੁਝ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਘੱਟੋ-ਘੱਟ ਕਿਸੇ ਹੋਰ ਦੀ ਕੋਸ਼ਿਸ਼ ਦਾ ਮਜ਼ਾਕ ਨਾ ਉਡਾਈਏ। ਦੂਜੀ ਜੇ ਅਸੀਂ ਕੋਈ ਸੁਪਨਾ ਦੇਖਿਆ ਹੈ ਤਾਂ ਲੋਕਾਂ ਦੇ ਹਾਸੇ ਤੋਂ ਡਰ ਕੇ ਉਸ ਨੂੰ ਅਧੂਰਾ ਨਾ ਛੱਡੀਏ।
ਯਾਦ ਰੱਖੋ ਕਿ ਭੀੜ ਵਿਚ ਖੜ੍ਹ ਕੇ ਕਿਸੇ ਉੱਤੇ ਹੱਸਣਾ ਕੋਈ ਪ੍ਰਾਪਤੀ ਨਹੀਂ, ਅਸਲ ਪ੍ਰਾਪਤੀ ਤਾਂ ਉਸ ਭੀੜ ਤੋਂ ਵੱਖਰਾ ਖੜ੍ਹ ਕੇ ਕੁਝ ਕਰ ਕੇ ਦਿਖਾਉਣਾ ਹੈ ਕਿਉਂਕਿ ਦੁਨੀਆ ਹਮੇਸ਼ਾ ਤਮਾਸ਼ਾ ਦੇਖਣ ਵਾਲਿਆਂ ਨੂੰ ਨਹੀਂ ਸਗੋਂ ਇਤਿਹਾਸ ਬਣਾਉਣ ਵਾਲਿਆਂ ਨੂੰ ਯਾਦ ਰੱਖਦੀ ਹੈ।
ਚਾਨਣਦੀਪ ਸਿੰਘ ਔਲਖ