- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਬਾਜ ਸਿੰਘ ਦੀ ਪਲੇਠੀ ਪੁਸਤਕ ਹੈ ‘ਹੁਣ ਉਹ ਗੱਲਾਂ ਕਿੱਥੇ’ ਪਰ ਇਸ ਦੀ ਵਿਚਾਰਕ ਪ੍ਰਪੱਕਤਾ ਇਸ ਨੂੰ ਕੇਵਲ ਪਹਿਲੀ ਪੁਸਤਕ ਹੋਣ ਦੀ ਸੀਮਾ ਤੋਂ ਉੱਪਰ ਲੈ ਜਾਂਦੀ ਹੈ। ਇਹ ਰਚਨਾ ਬਦਲਦੇ ਪੰਜਾਬ ਦੀ ਸਮਾਜਿਕ ਮਾਨਸਿਕਤਾ, ਖੁਰ ਰਹੀ ਸਾਂਝ, ਵਿਸਰ ਰਹੀ ਵਿਰਾਸਤ ਤੇ ਮਨੁੱਖੀ ਰਿਸ਼ਤਿਆਂ ਦੇ ਬਦਲਦੇ ਸਰੂਪ ਦਾ ਸੰਵੇਦਨਸ਼ੀਲ ਦਸਤਾਵੇਜ਼ ਬਣ ਕੇ ਉੱਭਰਦੀ ਹੈ।

ਪੁਸਤਕ - ‘ਹੁਣ ਉਹ ਗੱਲਾਂ ਕਿੱਥੇ’ ( ਯਾਦਾਂ, ਵਿਰਾਸਤ ਤੇ ਬਦਲਦੇ ਪੰਜਾਬ ਦੀ ਦਾਸਤਾਨ)
ਲੇਖਕ : ਗੁਰਬਾਜ ਸਿੰਘ
ਸਫ਼ੇ - 174 ਮੁੱਲ 350 ਰੁਪਏ
ਪ੍ਰਕਾਸ਼ਕ - ਲੋਕ ਗੀਤ ਪ੍ਰਕਾਸ਼ਨ,
ਗੁਰਬਾਜ ਸਿੰਘ ਦੀ ਪਲੇਠੀ ਪੁਸਤਕ ਹੈ ‘ਹੁਣ ਉਹ ਗੱਲਾਂ ਕਿੱਥੇ’ ਪਰ ਇਸ ਦੀ ਵਿਚਾਰਕ ਪ੍ਰਪੱਕਤਾ ਇਸ ਨੂੰ ਕੇਵਲ ਪਹਿਲੀ ਪੁਸਤਕ ਹੋਣ ਦੀ ਸੀਮਾ ਤੋਂ ਉੱਪਰ ਲੈ ਜਾਂਦੀ ਹੈ। ਇਹ ਰਚਨਾ ਬਦਲਦੇ ਪੰਜਾਬ ਦੀ ਸਮਾਜਿਕ ਮਾਨਸਿਕਤਾ, ਖੁਰ ਰਹੀ ਸਾਂਝ, ਵਿਸਰ ਰਹੀ ਵਿਰਾਸਤ ਤੇ ਮਨੁੱਖੀ ਰਿਸ਼ਤਿਆਂ ਦੇ ਬਦਲਦੇ ਸਰੂਪ ਦਾ ਸੰਵੇਦਨਸ਼ੀਲ ਦਸਤਾਵੇਜ਼ ਬਣ ਕੇ ਉੱਭਰਦੀ ਹੈ। ਸਿਰਲੇਖ ਆਪ ਹੀ ਇਕ ਸੱਭਿਆਚਾਰਕ ਪ੍ਰਸ਼ਨ ਹੈ, ‘ਅਸੀਂ ਵਿਕਾਸ ਦੇ ਰਸਤੇ ਤੁਰਦਿਆਂ ਕੀ ਕੁਝ ਪਿੱਛੇ ਛੱਡ ਆਏ ਹਾਂ’? ਪੁਸਤਕ ਸੱਤ ਭਾਗਾਂ ’ਚ ਵਿਭਾਜਿਤ ਹੈ। ਪਹਿਲੇ ਭਾਗ ਵਿਚ ਯਾਦਾਂ ਤੇ ਵਿਰਾਸਤ ਰਾਹੀਂ ਲੇਖਕ ਪੁਰਾਣੇ ਪੰਜਾਬ ਦੀ ਸਾਂਝੀ ਚੇਤਨਾ ਨੂੰ ਵਰਤਮਾਨ ਨਾਲ ਟਕਰਾਉਂਦਾ ਹੈ। ‘ਉਹ ਗੱਲਾਂ ਕਿੱਥੇ’, ‘ਬਿਖਰਦੇ ਰਿਸ਼ਤੇ’, ‘ਸੁੰਨ੍ਹੇ ਵਿਹੜੇ’ ਤੇ ‘ਵਿਆਹ ਦਾ ਬਦਲਦਾ ਅੰਦਾਜ਼’ ਵਰਗੇ ਲੇਖ ਸਮਾਜਿਕ ਪਰਿਵਰਤਨ ਦੀਆਂ ਅੰਦਰੂਨੀ ਤਹਿਆਂ ਨੂੰ ਉਘਾੜਦੇ ਹਨ। ਪੰਜਾਬ ਨੂੰ ਨਸ਼ਈ ਕਹੇ ਜਾਣ ਦੀ ਪ੍ਰਵਿਰਤੀ ਪ੍ਰਤੀ ਲੇਖਕ ਦੀ ਚਿੰਤਾ ਵੀ ਇੱਥੇ ਸਮਾਜਕ ਆਤਮ-ਪੜਚੋਲ ਦਾ ਰੂਪ ਧਾਰਦੀ ਹੈ।
ਦੂਜੇ ਭਾਗ ਵਿਚ ‘ਸਮਾਜ ਅਤੇ ਰਿਸ਼ਤੇ’ ਕੇਂਦਰ ਵਿੱਚ ਹਨ। ‘ਮਾਵਾਂ’, ‘ਠੰਢੀਆਂ ਸ਼ਾਮਾਂ’, ‘ਇਮਾਰਤ ਨੂੰ ਘਰ ਬਣਾਉਣ ਦੀ ਔਰਤ’, ‘ਸਟੇਸ਼ਨ ਤੱਕ ਦੀ ਮਹਿਮਾਨੀ’ ਆਦਿ ਲੇਖ ਮਨੁੱਖੀ ਸਬੰਧਾਂ ਦੀ ਗਰਮੀ ਅਤੇ ਉਨ੍ਹਾਂ ਵਿਚ ਆ ਰਹੀ ਖਲਾਅ ਨੂੰ ਰੇਖਾਂਕਿਤ ਕਰਦੇ ਹਨ। ਤੀਜਾ ਭਾਗ ਯਾਤਰਾ ਤੇ ਅਨੁਭਵਾਂ ਰਾਹੀਂ ਜੀਵਨ ਨੂੰ ਦੇਖਣ ਦੀ ਦ੍ਰਿਸ਼ਟੀ ਦਿੰਦਾ ਹੈ, ਜਦੋਂਕਿ ਚੌਥਾ ਭਾਗ ਪ੍ਰੇਰਣਾ ਤੇ ਸੰਘਰਸ਼ ਦੀ ਜੀਵਨ-ਦਰਸ਼ਨਕ ਪੜਚੋਲ ਕਰਦਾ ਹੈ।
ਪੰਜਵੇਂ ਭਾਗ ਵਿਚ ਸਮਕਾਲੀ ਜੀਵਨ-ਸ਼ੈਲੀ ਦੇ ਵਿਡੰਬਨਾਤਮਕ ਪੱਖ ਹਨ। ਛੇਵਾਂ ਭਾਗ ਤੰਦਰੁਸਤ ਸਰੀਰ ਨੂੰ ਕੁਦਰਤ ਨਾਲ ਜੋੜਦਾ ਹੈ ਤੇ ਸੱਤਵਾਂ ਭਾਗ ਜੀਵਨ-ਕਲਾ ਨੂੰ ਸਲੀਕੇ, ਸੰਤੁਲਨ ਤੇ ਸਾਰਥਿਕਤਾ ਨਾਲ ਜਿਊਣ ਦੀ ਦਿਸ਼ਾ ਦਿੰਦਾ ਹੈ।
ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਇਸ ਦੀ ਸਿਧਾਂਤਵਾਦੀ ਚੇਤਨਾ, ਸੁੰਦਰ ਭਾਸ਼ਾ ਤੇ ਸੰਖੇਪ ਵਿੱਚ ਡੂੰਘੀ ਗੱਲ ਕਹਿਣ ਦੀ ਸਮਰੱਥਾ ਹੈ। ਲੇਖਕ ਹਰ ਲੇਖ ਵਿਚ ਸ਼ਿਅਰ, ਸੂਕਤੀ ਜਾਂ ਪਾਏਦਾਰ ਵਿਚਾਰ ਰਾਹੀਂ ਪਾਠਕ ਦੀ ਚੇਤਨਾ ਨੂੰ ਝੰਜੋੜਦਾ ਹੈ। ਇਸ ਲਈ ‘ਹੁਣ ਉਹ ਗੱਲਾਂ ਕਿੱਥੇ’ ਸਿਰਫ਼ ਯਾਦਾਂ ਦੀ ਕਿਤਾਬ ਨਹੀਂ ਸਗੋਂ ਬੀਤੇ ਪੰਜਾਬ ਦੀ ਸਮੂਹਿਕ ਯਾਦ ਤੇ ਵਰਤਮਾਨ ਪੰਜਾਬ ਦੀ ਆਤਮ-ਪੜਤਾਲ ਵਿਚਕਾਰ ਬਣਿਆ ਬੌਧਿਕ ਪੁਲ ਹੈ। ਇਸ ਸੁੰਦਰ ਪੁਸਤਕ ਲਈ ਲੇਖਕ ਗੁਰਬਾਜ ਸਿੰਘ ਵਧਾਈ ਦੇ ਹੱਕਦਾਰ ਹਨ।
- ਅੰਮ੍ਰਿਤਪਾਲ ਕਲੇਰ