- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੇ-ਵੱਡੇ ਦਾਰਸ਼ਨਿਕਾਂ, ਸੰਤਾਂ-ਮਹਾਤਮਾਵਾਂ ਤੇ ਵਿਦਵਾਨਾਂ ਨੇ ਸਦੀਆਂ ਤੋਂ ਜ਼ਿੰਦਗੀ ਦੇ ਅਣਗਿਣਤ ਮਤਲਬ ਤੇ ਪਰਿਭਾਸ਼ਾਵਾਂ ਦਿੱਤੀਆਂ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜ਼ਿੰਦਗੀ ਦਾ ਕੋਈ ਇੱਕੋ ਇਕ ਨਿਸ਼ਚਿਤ ਮਤਲਬ ਹੋ ਸਕਦਾ ਹੈ? ਕੀ ਜਿਊਣ ਦੇ ਬਹੁਤ ਸਾਰੇ ਵੱਖ-ਵੱਖ ਢੰਗ ਨਹੀਂ ਹੋ ਸਕਦੇ? ਯਕੀਨਨ ਹੋ ਸਕਦੇ ਹਨ ਪਰ ਇਨ੍ਹਾਂ ਵੱਖ-ਵੱਖ ਢੰਗਾਂ ’ਚ ਅਜਿਹਾ ਕਿਹੜਾ ਸਾਂਝਾ ਤੱਤ ਹੈ, ਜਿਸ ਦਾ ਹਰ ਢੰਗ ’ਚ ਹੋਣਾ ਲਾਜ਼ਮੀ ਹੈ।

ਵੱਡੇ-ਵੱਡੇ ਦਾਰਸ਼ਨਿਕਾਂ, ਸੰਤਾਂ-ਮਹਾਤਮਾਵਾਂ ਤੇ ਵਿਦਵਾਨਾਂ ਨੇ ਸਦੀਆਂ ਤੋਂ ਜ਼ਿੰਦਗੀ ਦੇ ਅਣਗਿਣਤ ਮਤਲਬ ਤੇ ਪਰਿਭਾਸ਼ਾਵਾਂ ਦਿੱਤੀਆਂ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜ਼ਿੰਦਗੀ ਦਾ ਕੋਈ ਇੱਕੋ ਇਕ ਨਿਸ਼ਚਿਤ ਮਤਲਬ ਹੋ ਸਕਦਾ ਹੈ? ਕੀ ਜਿਊਣ ਦੇ ਬਹੁਤ ਸਾਰੇ ਵੱਖ-ਵੱਖ ਢੰਗ ਨਹੀਂ ਹੋ ਸਕਦੇ? ਯਕੀਨਨ ਹੋ ਸਕਦੇ ਹਨ ਪਰ ਇਨ੍ਹਾਂ ਵੱਖ-ਵੱਖ ਢੰਗਾਂ ’ਚ ਅਜਿਹਾ ਕਿਹੜਾ ਸਾਂਝਾ ਤੱਤ ਹੈ, ਜਿਸ ਦਾ ਹਰ ਢੰਗ ’ਚ ਹੋਣਾ ਲਾਜ਼ਮੀ ਹੈ।
ਆਪਣੀਆਂ ਚੀਜ਼ਾਂ ਦਾ ਗ਼ੁਲਾਮ ਬਣ ਜਾਂਦਾ ਇਨਸਾਨ
ਮਸ਼ਹੂਰ ਵਿਚਾਰਕ ਓਸ਼ੋ ਕਹਿੰਦੇ ਹਨ ਕਿ ‘ਜ਼ਿੰਦਗੀ ਦਾ ਹਰ ਦਿਨ ਉਤਸਵ ਹੋਣਾ ਚਾਹੀਦਾ ਹੈ’ ਪਰ ਅਜੋਕੇ ਮਨੁੱਖ ਨੂੰ ਇਹ ਅੰਦਾਜ਼ਾ ਹੀ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਉਤਸਵਮਈ ਜ਼ਿੰਦਗੀ ਕਿਵੇਂ ਹਾਸਿਲ ਕੀਤੀ ਜਾਵੇ। ਅਸੀਂ ਅਕਸਰ ਇਹ ਜਾਣਨ ਤੋਂ ਵਾਂਝੇ ਰਹਿ ਜਾਂਦੇ ਹਾਂ ਕਿ ਹਰ ਦਿਨ ਨੂੰ ਜਸ਼ਨ ਕਿਵੇਂ ਬਣਾਇਆ ਜਾਵੇ। ਇਸ ਦਾ ਕਾਰਨ ਸਾਡੀ ਮਾਨਸਿਕ ਗ਼ੁਲਾਮੀ ਹੈ। ਜਿਵੇਂ ਛੋਟੇ ਬੱਚੇ ਨੂੰ ਖਿਡੌਣਿਆਂ ਦਾ ਲਾਲਚ ਹੁੰਦਾ ਹੈ, ਥੋੜ੍ਹਾ ਵੱਡਾ ਹੋਣ ’ਤੇ ਉਸ ਨੂੰ ਨੌਕਰੀ ਦੀ ਚਾਹਤ ਹੁੰਦੀ ਹੈ ਤੇ ਉਸ ਤੋਂ ਬਾਅਦ ਧਨ-ਜਾਇਦਾਦ ਇਕੱਠੀ ਕਰਨ ਦਾ ਅਜਿਹਾ ਭੂਤ ਸਵਾਰ ਹੁੰਦਾ ਹੈ ਕਿ ਇਨਸਾਨ ਆਪਣੀਆਂ ਹੀ ਬਣਾਈਆਂ ਚੀਜ਼ਾਂ ਦਾ ਆਪ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ। ਇੱਥੇ ਆ ਕੇ ਧਨ-ਦੌਲਤ ਮਹਿਜ਼ ਇਕ ਸੰਖਿਆ (ਨੰਬਰ ਗੇਮ) ਬਣ ਕੇ ਰਹਿ ਜਾਂਦੀ ਹੈ ਤੇ ਨੌਕਰੀ ਜਾਂ ਰੁਤਬਾ ਅੰਦਰੂਨੀ ਗਰੂਰ (ਹੰਕਾਰ) ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਅੰਨ੍ਹੀ ਦੌੜ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਬਿਨਾਂ ਰੁਕਿਆਂ ਚੱਲਦੀ ਰਹਿੰਦੀ ਹੈ।
ਸੋਚ-ਸਮਝ ਕੇ ਕਰੋ ਖ਼ੁਦ ਨੂੰ ਪੇਸ਼
ਤਾਂ ਫਿਰ ਸਵਾਲ ਉੱਠਦਾ ਹੈ ਕਿ ਹਰ ਰੋਜ਼ ਉਤਸਵ ਕਿਵੇਂ ਮਨਾਇਆ ਜਾਵੇ? ਇਸ ਦੇ ਉੱਤਰ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਇਨਸਾਨ ਦਾ ਬਾਕੀ ਪ੍ਰਜਾਤੀਆਂ (ਜੀਵ-ਜੰਤੂਆਂ) ਨਾਲੋਂ ਮੂਲ ਅੰਤਰ ਕੀ ਹੈ? ਸਭ ਤੋਂ ਵੱਡਾ ਫ਼ਰਕ ਹੈ 'ਵਿਵੇਕ ਦੀ ਤਾਕਤ', ਜੋ ਸਾਨੂੰ ਚੰਗੇ ਤੇ ਮੰਦੇ ’ਚ ਨਿਖੇੜਾ ਕਰਨਾ ਸਿਖਾਉਂਦੀ ਹੈ। ਇਸ ਤੋਂ ਵੀ ਅੱਗੇ 'ਸੰਵੇਦਨਸ਼ੀਲਤਾ' ਅਜੋਕੇ ਯੁੱਗ ’ਚ ਇਨਸਾਨੀਅਤ ਨੂੰ ਉਜਾਗਰ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਤੱਤ ਹੈ। ਇਸ ਸੰਵੇਦਨਸ਼ੀਲਤਾ ਦਾ ਹੋਣਾ ਹੀ ਉਤਸਵ ਮਨਾਉਣ ਵਾਲੇ ਜੀਵਨ ਦੀ ਪਹਿਲੀ ਪੌੜੀ ਹੈ। ਆਮ ਤੌਰ 'ਤੇ ਇਨਸਾਨ ਉਮਰ ਦੇ ਨਾਲ-ਨਾਲ ਸੂਝਵਾਨ ਹੁੰਦਾ ਜਾਂਦਾ ਹੈ ਪ੍ਰੰਤੂ ਜਦੋਂ ਇਹ ਸਮਝਦਾਰੀ ਤੇ ਸਿਆਣਪ ਇਕ ਹੱਦ ਤੋਂ ਜ਼ਿਆਦਾ ਵੱਧ ਜਾਂਦੀ ਹੈ ਤਾਂ ਸਾਡੀ ਅੰਦਰੂਨੀ ਸੰਵੇਦਨਸ਼ੀਲਤਾ ਘਟਣ ਲੱਗਦੀ ਹੈ। ਜ਼ਿੰਦਗੀ ਨੂੰ ਜਿਉਂਦਾ-ਜਾਗਦਾ ਰੱਖਣ ਲਈ ਇਸ ’ਚ ਗ਼ਲਤੀਆਂ ਕਰਦੇ ਰਹਿਣਾ ਅਤੇ ਥੋੜ੍ਹਾ ਜਿਹਾ ਬਚਪਨਾ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਜੇ ਸਾਡੀ ਹਰ ਛੋਟੀ ਤੋਂ ਛੋਟੀ ਕਿਰਿਆ ’ਚ ਵੀ ਜ਼ਰੂਰਤ ਤੋਂ ਵੱਧ ਤਰਕ ਆ ਜਾਵੇਗਾ ਤਾਂ ਸੁਆਰਥ ਵੱਲ ਸਾਡਾ ਰੁਝਾਨ ਕੁਦਰਤੀ ਤੌਰ ’ਤੇ ਵਧੇਗਾ। ਇਹ ਸੱਚ ਹੈ ਕਿ ਸਮਾਜ ’ਚ ਬਹੁਤ ਜਗ੍ਹਾ ਸਾਨੂੰ ਸੋਚ-ਸਮਝ ਕੇ ਖ਼ੁਦ ਨੂੰ ਪੇਸ਼ ਕਰਨਾ ਪੈਂਦਾ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਸਾਡੀ ਜ਼ੁਬਾਨ ਉੱਤੇ ਹਰ ਵੇਲੇ ਤੱਕੜੀ ਰੱਖੀ ਹੋਵੇ ਤੇ ਸਾਡੇ ਦਿਲ ਦੀ ਜਗ੍ਹਾ ਕੈਲਕੁਲੇਟਰ ਫਿੱਟ ਹੋਇਆ ਪਿਆ ਹੋਵੇ।
ਜ਼ਿੰਦਗੀ ਦਾ ਉਦੇਸ਼
ਕਿਸੇ ਦੇ ਕੰਮ ਆਉਣਾ, ਕਿਸੇ ਦੀ ਗੱਲ ਨੂੰ ਹਮਦਰਦੀ ਨਾਲ ਸੁਣਨਾ, ਕਿਸੇ ਕੋਲ ਦੋ ਪਲ ਸਕੂਨ ਦੇ ਬੈਠਣਾ ਜਾਂ ਕਿਸੇ ਦਾ ਦੁੱਖ ਸਾਂਝਾ ਕਰਨਾ ਹੀ ਸਾਡੇ ਵਿਵੇਕ ਦਾ ਅਸਲ ਮੰਤਵ ਹੋਣਾ ਚਾਹੀਦਾ ਹੈ। ਕੁਦਰਤ ਵੱਲੋਂ ਮਿਲੇ ਇਹ ਹੱਥ, ਅੱਖਾਂ ਤੇ ਜ਼ੁਬਾਨ ਸਾਨੂੰ ਇਨਸਾਨ ਬਣਨ ਲਈ ਮਿਲੇ ਸਨ, ਨਾ ਕਿ ਕੋਈ ਮਸ਼ੀਨ ਬਣਨ ਲਈ। ਖ਼ੁਸ਼ੀਆਂ ਵੰਡਣੀਆਂ ਤੇ ਬਿਨਾਂ ਸ਼ਰਤ ਪਿਆਰ ਕਰਨਾ ਹੀ ਇਸ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਹੋਣਾ ਚਾਹੀਦਾ ਹੈ। ਜੇ ਕੋਈ ਇਨਸਾਨ ਕਿਸੇ ਦੀ ਖੁਸ਼ੀ ਦੇ ਮੌਕੇ ਉਤੇਜਿਤ (ਆਨੰਦਿਤ) ਨਹੀਂ ਹੁੰਦਾ ਤੇ ਦੁੱਖ ਦੀ ਘੜੀ ਵਿਚ ਉਸ ਦੇ ਦਿਲ ਨੂੰ ਢਾਹ ਨਹੀਂ ਵੱਜਦੀ ਤਾਂ ਸਮਝੋ ਕਿ ਉਹ ਕੋਈ ਜਿਉਂਦਾ ਮਨੁੱਖ ਨਹੀਂ ਸਗੋਂ ਹੱਡ-ਮਾਸ ਦਾ ਤੁਰਿਆ-ਫਿਰਦਾ ਰੋਬੋਟ ਹੈ। ਮਹਾਨ ਚਿੰਤਕ ਮੀਰਦਾਦ ਕਹਿੰਦਾ ਹੈ, ‘ਪ੍ਰੇਮ ਹੀ ਰੱਬ ਹੈ।’ ਇਸ ਲਈ ਰੱਜ ਕੇ ਹੱਸੋ, ਖੁੱਲ੍ਹ ਕੇ ਪਿਆਰ ਕਰੋ ਤੇ ਜੇ ਕਿਸੇ ਦੀ ਕੋਈ ਗੱਲ ਚੰਗੀ ਲੱਗੇ ਤਾਂ ਉਸ ਨੂੰ ਬੇਝਿਜਕ ਹੋ ਕੇ ਦੱਸੋ। ਇਸ ਸੰਸਾਰ ਵਿਚ ਕਿਸੇ ਲਈ ਮੁਹੱਬਤ ਦਾ ਪੁਲ ਬਣੋ, ਕਿਸੇ ਦੇ ਰਾਹਾਂ ਦੇ ਫੁੱਲ ਬਣੋ, ਕਿਸੇ ਲਈ ਸੰਘਣੀ ਛਾਂ ਵਾਲਾ ਦਰੱਖ਼ਤ ਬਣੋ ਜਾਂ ਹਨੇਰੇ ’ਚ ਚਿਰਾਗ਼ ਬਣੋ ਕਿਉਂਕਿ ਦੁਨੀਆਂ ਵਿਚ ਸਭ ਤੋਂ ਸੌਖਾ ਤੇ ਖ਼ੂਬਸੂਰਤ ਕੰਮ ਹੀ ਪਿਆਰ ਕਰਨਾ ਹੈ। ਜਿਸ ਦਿਨ ਅਸੀਂ ਇਸ ਸਮਰਪਣ, ਸੰਵੇਦਨਸ਼ੀਲਤਾ ਤੇ ਬਚਪਨ ਨੂੰ ਮੁੜ ਅਪਣਾ ਲਿਆ, ਉਸੇ ਦਿਨ ਤੋਂ ਜ਼ਿੰਦਗੀ ਦਾ ਹਰ ਦਿਨ ਮਹਾਨ ਉਤਸਵ ਬਣ ਜਾਵੇਗਾ।
- ਯੋਗੇਸ਼ ਗਰਗ