
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿੱਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਮੈਂ, ਸ੍ਰੀਮਤੀ ਸ਼ਕੀਲਾਂ ਜੋ ਮੈਂਬਰ ਪਾਰਲੀਮੈਂਟ ਹਨ ਤੇ ਹਿੰਦ-ਪਾਕਿ ਦੋਸਤੀ ਮੰਚ ਨਾਲ ਸਬੰਧਿਤ ਹਨ, ਨੂੰ ਜ਼ਰੂਰ ਮਿਲ ਕੇ ਆਵਾਂ। ਲਾਹੌਰ ’ਚ ਮੈਂ ਗੁਰਦੁਆਰੇ ਸਿੰਘ-ਸਿੰਘਣੀਆਂ ਜੋ ਰੇਲਵੇ ਸਟੇਸ਼ਨ ਲਾਹੌਰ ਦੇ ਬਿਲਕੁਲ ਹੀ ਕਰੀਬ ਸੀ, ਉਥੇ ਠਹਿਰਿਆ ਹੋਇਆ ਸੀ।

ਜਦੋਂ ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿੱਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਮੈਂ, ਸ੍ਰੀਮਤੀ ਸ਼ਕੀਲਾਂ ਜੋ ਮੈਂਬਰ ਪਾਰਲੀਮੈਂਟ ਹਨ ਤੇ ਹਿੰਦ-ਪਾਕਿ ਦੋਸਤੀ ਮੰਚ ਨਾਲ ਸਬੰਧਿਤ ਹਨ, ਨੂੰ ਜ਼ਰੂਰ ਮਿਲ ਕੇ ਆਵਾਂ। ਲਾਹੌਰ ’ਚ ਮੈਂ ਗੁਰਦੁਆਰੇ ਸਿੰਘ-ਸਿੰਘਣੀਆਂ ਜੋ ਰੇਲਵੇ ਸਟੇਸ਼ਨ ਲਾਹੌਰ ਦੇ ਬਿਲਕੁਲ ਹੀ ਕਰੀਬ ਸੀ, ਉਥੇ ਠਹਿਰਿਆ ਹੋਇਆ ਸੀ। ਦੋ ਦਿਨਾਂ ਬਾਅਦ ਮੈਂ ਡਾ. ਮਕਬੂਲ, ਜੋ ਸਰਕਾਰੀ ਡਾਕਟਰ ਸੀ ਤੇ ਸ੍ਰੀਮਤੀ ਸ਼ੁਕੀਲਾ ਜੀ ਦਾ ਭਣੇਵਾਂ ਸੀ, ਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਗੁਰਦੁਆਰੇ ਹੀ ਠਹਿਰੋ, ਮੈ ਤੁਹਾਨੂੰ ਆ ਕੇ ਲੈ ਜਾਂਦਾ ਹਾਂ ਤੇ ਸ਼ੁਕੀਲਾ ਜੀ ਤੇ ਹੋਰ ਲੋਕਾਂ ਨੂੰ ਮਿਲਾ ਦਿਆਂਗਾ। ਜਦੋਂ ਅਸੀਂ ਡਾਕਟਰ ਮਕਬੂਲ ਦੇ ਘਰ ਜਾ ਰਹੇ ਸੀ ਤਾਂ ਡਾਕਟਰ ਸਾਹਿਬ ਰਸਤੇ ’ਚ ਆ ਰਹੀਆਂ ਇਮਾਰਤਾਂ ਬਾਰੇ ਮੈਨੂੰ ਦੱਸ ਰਹੇ ਸਨ ਇਹ ਸਕੱਤਰੇਤ ਹੈ, ਇਹ ਹਾਈ ਕੋਰਟ, ਇਹ ਪੰਜਾਬ ਯੂਨੀਵਰਸਟੀ, ਪੰਜਾਬ ਯੂਨੀਵਰਸਟੀ ਦਾ ਆਰਕੀਟੈਕਟ ਮੈਨੂੰ ਥੋੜ੍ਹਾ ਜਿਹਾ ਖ਼ਾਲਸਾ ਕਾਲਜ ਅੰਮ੍ਰਿਤਸਰ ਨਾਲ ਮਿਲਦਾ ਲੱਗਿਆ। ਪੁਰਾਣੇ ਪੰਜਾਬ ਦੀ ਇਹੋ ਇਕ ਯੂਨੀਵਰਸਟੀ ਹੁੰਦੀ ਸੀ, ਜਿਸ ਦਾ ਘੇਰਾ ਜੰਮੂ ਕਸ਼ਮੀਰ ਤੇ ਦਿਲੀ ਤੋਂ ਚੱਲ ਕੇ ਪਿਸ਼ਾਵਰ ਤੇ ਸਿੰਧ ਦੀ ਹੱਦ ਤੱਕ ਲੱਗਦਾ ਸੀ ਤੇ ਪੁਰਾਣੇ ਨੇਤਾਵਾਂ ਤੇ ਅਫ਼ਸਰਾਂ ਵਿੱਚੋਂ ਜ਼ਿਆਦਾਤਰ ਨੇ ਇਸ ਹੀ ਯੂਨੀਵਰਸਟੀ ਤੋਂ ਆਪਣੀਆਂ ਡਿਗਰੀਆਂ ਲਈਆਂ ਸਨ। ਫਿਰ ਚੀਫਸ ਕਾਲਜ ਜਿਸ ਵਿਚ ਉਸ ਵਕਤ ਦੇ ਮਹਾਰਾਜਿਆਂ, ਨਵਾਬਾਂ ਤੇ ਰਾਇਸਾਂ ਦੇ ਲੜਕੇ ਪੜ੍ਹਦੇ ਹੁੰਦੇ ਸਨ। ਇਸ ਕਾਲਜ ਦਾ ਆਲਾ-ਦੁਆਲਾ ਬਹੁਤ ਉੱਚੇ-ਉੱਚੇ ਦਰੱਖ਼ਤਾਂ ਨਾਲ ਘਿਰਿਆ ਹੋਇਆ ਸੀ, ਜਿਸ ਵਿਚ ਬਹੁਤ ਖ਼ੂਬਸੂਰਤ ਪਰ ਪੁਰਾਣੀ ਇਮਾਰਤ ਵਾਲਾ ਹੋਸਟਲ ਸੀ। ਮੈਂ ਉਸ ਵੇਲੇ ਉਸ ਸਾਂਝੇ ਪੰਜਾਬ ਦੀ ਕਲਪਨਾ ਕਰ ਰਿਹਾ ਸੀ, ਉਸ ਵਕਤ ਦੇ ਮਹਾਰਾਜਿਆਂ ਦੀ ਔਲਾਦ, ਕਸ਼ਮੀਰ, ਪੰਜਾਬ, ਸਿੰਧ, ਪਿਸ਼ਾਵਰ ਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਤੋਂ ਇੱਥੇ ਆ ਕੇ ਪੜ੍ਹਦੀ ਹੁੰਦੀ ਸੀ ਤੇ ਉਨ੍ਹਾਂ ਦੀ ਦੂਰ-ਅੰਦੇਸ਼ੀ ਵਿਚ ਵੀ ਇਸ ਤਰ੍ਹਾਂ ਦੀ ਵਾਹਗੇ ਵਾਲੀ ਲਕੀਰ ਦਾ ਕਦੇ ਖ਼ਿਆਲ ਵੀ ਨਹੀਂ ਆਇਆ ਹੋਵੇਗਾ।
ਡਾਕਟਰ ਮਕਬੂਲ ਮੈਨੂੰ ਖ਼ਾਸ ਤੌਰ ’ਤੇ ਦਿਆਲ ਸਿੰਘ ਕਾਲਜ ਲੈ ਗਿਆ, ਜਿਸ ਦਾ ਨਾਂ ਅਜੇ ਵੀ ਦਿਆਲ ਸਿੰਘ ਕਾਲਜ ਸੀ ਤੇ ਉਸ ਦੇ ਨਾਲ ਹੀ ਦਿਆਲ ਸਿੰਘ ਲਾਇਬ੍ਰੇਰੀ ਸੀ ਅਤੇ ਇਸ ਦਾ ਨਾਂ ਵੀ ਨਹੀਂ ਸੀ ਬਦਲਿਆ ਗਿਆ| ਮੈਂ ਦਿਆਲ ਸਿੰਘ ਕਾਲਜ ਬਾਰੇ ਸੁਣਿਆ ਤਾਂ ਬਹੁਤ ਸੀ ਅਤੇ ਮਹਿਸੂਸ ਕਰਦਾ ਸਾਂ ਕਿ ਸ਼ਾਇਦ ਇਹ ਕਾਲਜ ਵੀ ਖ਼ਾਲਸਾ ਕਾਲਜ ਅੰਮ੍ਰਿਤਸਰ ਵਾਂਗ ਵਿਸ਼ਾਲ ਕਾਲਜ ਹੋਵੇਗਾ ਪਰ ਇਹ ਇਸ ਤਰ੍ਹਾਂ ਨਹੀਂ ਸੀ। ਇਹ ਇਕ ਛੋਟਾ ਕਾਲਜ ਸੀ, ਭਾਵੇਂ ਖਾਲਸਾ ਕਾਲਜ ਅੰਮ੍ਰਿਤਸਰ ਨਾਲ ਜੁੜੀ ਹੋਈ ਇਸ ਕਾਲਜ ਦੀ ਇਕ ਇਤਹਾਸਕ ਸਾਂਝ ਸੀ। ਕਹਿੰਦੇ ਹਨ ਕਿ ਜਦੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਬਣਾਉਣ ਦਾ ਫ਼ੈਸਲਾ ਹੋ ਗਿਆ ਤਾਂ ਦਿਆਲ ਸਿੰਘ ਮਜੀਠੀਆ, ਜਿਸ ਦੀ ਔਲਾਦ ਨਹੀਂ ਸੀ ਤੇ ਜਿਸ ਨੇ ਲਾਹੌਰ ਵਿਚ ਟ੍ਰਿਬਿਊਨ ਅਖ਼ਬਾਰ ਕਢੀ ਸੀ ਅਤੇ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕੀਤਾ ਸੀ, ਉਸ ਦੇ ਖ਼ਾਲਸਾ ਕਾਲਜ ਸਥਾਪਿਤ ਕਰਨ ਵਾਲੀ ਕਮੇਟੀ ਦੇ ਸਾਹਮਣੇ ਆ ਕੇ ਇਹ ਪੇਸ਼ਕਸ਼ ਕੀਤੀ ਕਿ ਜੇ ਤੁਸੀ ਤਜਵੀਜ਼ ਕੀਤੇ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਰੱਖ ਦਿਉ ਤਾਂ ਇਸ ਲਈ ਕੀਤਾ ਜਾਣ ਵਾਲਾ ਸਾਰੇ ਦਾ ਸਾਰਾ ਖ਼ਰਚ ਉਹ ਕਰੇਗਾ ਪਰ ਕਮੇਟੀ ਨੇ ਕੁਝ ਸੋਚਣ ਦਾ ਸਮਾਂ ਲੈ ਲਿਆ ਤੇ ਬਾਅਦ ’ਚ ਇਹ ਪੇਸ਼ਕਸ਼ ਠੁਕਰਾ ਦਿੱਤੀ ਕਿਉਂ ਜੋ ਉਸ ਤਜਵੀਜ਼ ਕੀਤੇ ਕਾਲਜ ਵਿਚ ਕਿਸੇ ਦਾ ਵੀ ਨਾਂ ਨਹੀਂ ਹੋਵੇਗਾ ਤੇ ਇਸ ਦਾ ਨਾਂ ਸਿਰਫ਼ ‘ਖ਼ਾਲਸਾ ਕਾਲਜ’ ਹੀ ਹੋਵੇਗਾ। ਬਾਅਦ ਵਿਚ ਦਿਆਲ ਸਿੰਘ ਮਜੀਠੀਆ ਨੇ ਲਾਹੌਰ ਵਿਚ ਦਿਆਲ ਸਿੰਘ ਕਾਲਜ ਸਥਾਪਿਤ ਕੀਤਾ। ਇਹ ਗੱਲ ਡਾਕਟਰ ਮਕਬੂਲ ਲਈ ਨਵੀਂ ਸੀ ਤੇ ਉਹ ਦੱਸਣ ਲੱਗਿਆ ਕਿ ਇਸ ਕਾਲਜ ਬਾਰੇ ਮੈ ਇੰਨਾ ਹੀ ਜਾਣਦਾ ਹਾਂ ਕਿ ਇਹ ਕਾਲਜ ਕਿਸੇ ਸਿੱਖ ਰਾਈਸ ਨੇ ਬਣਵਾਇਆ ਸੀ ਤੇ ਇਸ ਕਾਲਜ ਦਾ ਨਾਂ ਵੰਡ ਤੋਂ ਬਾਅਦ ਵੀ ਨਹੀਂ ਬਦਲਿਆ ਗਿਆ, ਕਿਉਕਿ ਇਸ ਕਾਲਜ ਦਾ ਲੰਮਾ ਇਤਿਹਾਸ ਸੀ।
ਥੋੜ੍ਹੇ ਹੀ ਚਿਰ ਬਾਅਦ ਅਸੀ ਡਾਕਟਰ ਮਕਬੂਲ ਦੇ ਘਰ ਦੇ ਬਾਹਰ ਖੜ੍ਹੇ ਸੀ। ਘਰ ਦੇ ਬਾਹਰ ਜਿੰਦਰਾ ਲਗਾ ਹੋਇਆ ਸੀ, ਡਾਕਟਰ ਮਕਬੂਲ ਉਤਰਿਆ ਤੇ ਮੈਂ ਸੋਚਿਆ ਕਿ ਸ਼ਾਇਦ ਉਹ ਗੁਆਂਢ ਤੋਂ ਚਾਬੀ ਲੈਣ ਗਿਆ ਹੈ ਪਰ ਉਹ ਕੁਝ ਚਿਰ ਬਾਅਦ ਦੂਸਰੀ ਤਰਫ਼ ਤੋਂ ਚਾਬੀ ਲੈ ਕੇ ਆ ਰਿਹਾ ਸੀ। ਘਰ ਵਿਚ ਜਾ ਕੇ ਮੈਂ ਵੇਖਿਆ ਕਿ ਉਸ ਦੀ ਪਤਨੀ ਤੇ ਬੱਚੇ ਸਾਨੂੰ ਉਡੀਕ ਰਹੇ ਸਨ। ਸਾਰਾ ਪਰਿਵਾਰ ਘਰ ਤੇ ਬਾਹਰ ਤੋਂ ਜਿੰਦਰਾ, ਮੈਂ ਇਸ ਬਾਰੇ ਹੈਰਾਨ ਸੀ ਪਰ ਡਾ. ਮਕਬੂਲ ਆਪ ਹੀ ਦੱਸਣ ਲੱਗ ਪਿਆ ਕਿ ਉਸ ਦੀ ਪਤਨੀ ਵੀ ਲੇਡੀ ਡਾਕਟਰ ਹੈ। ਪਾਕਿਸਤਾਨ ਵਿਚ ਲੇਡੀ ਡਾਕਟਰਾਂ ਦੀ ਕਮੀ ਹੈ। ਪਾਕਿਸਤਾਨ ਦੇ ਸਮਾਜਿਕ ਢਾਂਚੇ ਅਨੁਸਾਰ ਔਰਤਾਂ ਨੂੰ ਔਰਤ ਡਾਕਟਰ ਹੀ ਵੇਖਦੀਆਂ ਹਨ, ਜਿਸ ਕਰਕੇ ਉਸ ਦੀ ਪਤਨੀ ਕੰਮ ਵਿਚ ਇੰਨੀ ਰੁੱਝੀ ਰਹਿੰਦੀ ਹੈ ਕਿ ਕਈ ਵਾਰ ਤਾਂ ਉਹ ਦੋ-ਦੋ ਰਾਤਾਂ ਵੀ ਨਹੀਂ ਸੌਂ ਸਕਦੀ। ਇਸ ਲਈ ਮਜਬੂਰ ਹੋ ਕੇ ਅਸੀਂ ਇਕ ਇਹ ਢੰਗ ਵੀ ਅਪਣਾਇਆ ਹੋਇਆ ਹੈ ਤੇ ਪ੍ਰਭਾਵ ਦਿੰਦੇ ਹਾਂ ਕਿ ਘਰ ਵਿਚ ਹੀ ਕੋਈ ਨਹੀਂ।
ਡਾ. ਸਾਹਿਬ ਦੇ ਬਚੇ ਮੇਰੇ ਕੋਲ ਬੈਠ ਗਏ ਤੇ ਡਾ. ਸਾਹਿਬ ਦੀ ਪਤਨੀ ਮੇਰੇ ਲਈ ਚਾਹ ਬਣਾ ਲਿਆਈ। ਡਾ. ਮਕਬੂਲ ਜਿਸ ਤਰ੍ਹਾਂ ਅੰਮ੍ਰਿਤਸਰ, ਜਲੰਧਰ ਦਿੱਲੀ ਆਦਿ ਬਾਰੇ ਪੁੱਛ ਰਿਹਾ ਸੀ, ਉਸ ਤੋਂ ਲੱਗਦਾ ਸੀ ਕਿ ਉਸ ਨੂੰ ਚੜ੍ਹਦੇ ਪੰਜਾਬ ਬਾਰੇ ਜਾਣਨ ਦੀ ਬਹੁਤ ਵੱਡੀ ਖ਼ਾਹਿਸ਼ ਸੀ। ਦਰਿਆ ਬਿਆਸ, ਸਤਲੁਜ ਕਿੱਥੋਂ ਨਿਕਲਦੇ ਹਨ, ਪੰਜਾਬ ਵਿਚ ਕੁਝ ਖੇਤਰ ਪਹਾੜੀ ਵੀ ਹੋਵੇਗਾ, ਬਾਰਿਸ਼ਾਂ ਦੇ ਦਿਨਾਂ ਵਿਚ ਇਹ ਦਰਿਆ ਬਹੁਤ ਭਰ ਜਾਂਦੇ ਹੋਣਗੇ, ਹੜ੍ਹ ਵੀ ਆਉਂਦੇ ਹੋਣਗੇ, ਪਿੰਡਾਂ ਵਿਚ ਵਿੱਦਿਆ ਦੀ ਕੀ ਸਥਿਤੀ ਹੈ ਤੇ ਉਹ ਅਨੇਕਾਂ ਹੀ ਸੁਆਲ ਪੁੱਛ ਰਿਹਾ ਸੀ ਪਰ ਸ਼ੁਕੀਲਾ ਜੀ ਦਾ ਫੋਨ ਆਇਆ ਕਿ ਉਹ ਤਾਂ ਕਦੋਂ ਦੇ ਉਡੀਕ ਰਹੇ ਹਨ।
ਸ਼ੁਕੀਲਾ ਜੀ ਦਾ ਘਰ ਬਹੁਤ ਹੀ ਖ਼ੂਬਸੂਰਤ ਕੋਠੀ ਸੀ, ਜਿਸ ਦੇ ਬਾਹਰ ਖ਼ੂਬਸੂਰਤ ਫਲਾਂ ਤੇ ਫੁੱਲਾਂ ਦੇ ਪੌਦੇ ਸਨ। ਉਨ੍ਹਾਂ ਦੇ ਡਰਾਇੰਗ ਰੂਮ ਵਿਚ ਇਕ ਵੱਡੇ ਸਾਈਜ਼ ਦੀ ਉਨ੍ਹਾਂ ਦੇ ਪਤੀ ਦੀ ਫੋਟੋ ਲੱਗੀ ਹੋਈ ਸੀ, ਜੋ ਸ੍ਰੀ ਭੁੱਟੋ ਦੇ ਸਮੇਂ ਕੇਂਦਰੀ ਮੰਤਰੀ ਰਹੇ ਸਨ ਤੇ ਸਮਾਜਵਾਦੀ ਵਿਚਾਰਧਾਰਾ ਦੇ ਸਨ। ‘ਫਿਰੋਜ਼ਪੁਰ ਵੀ ਜਾਂਦੇ ਹੋਵੋਗੇ’, ਸ਼ੁਕੀਲਾਂ ਜੀ ਨੇ ਮੈਨੂੰ ਪੁੱਛਿਆ। ‘ਹਾਂ ਅਨੇਕਾਂ-ਵਾਰ ਗਿਆ ਹਾਂ’, ਮੈ ਜੁਆਬ ਦਿੱਤਾ । ਮੈ ਫਿਰੋਜ਼ਪੁਰ ਨੂੰ ਨਹੀਂ ਭੁੱਲ ਸਕਦੀ, ਮੇਰਾ ਜਨਮ ਉਥੋਂ ਦਾ ਹੈ, ਦਿੱਲੀ ਦਰਵਾਜ਼ੇ ਵਾਲੀ ਗਲੀ, ਗਲੀ ਵਿਚ ਜ਼ਿਆਦਾ ਘਰ ਮੁਸਲਮਾਨਾਂ ਦੇ ਸਨ ਪਰ ਕੁਝ ਕੁ ਹਿੰਦੂ, ਸਿੱਖਾਂ ਦੇ ਸਨ। ਚਾਚਾ ਚਾਨਣ ਸਿੰਘ ਮੇਰੇ ਅੱਬਾ ਦਾ ਪੱਗ-ਵੱਟ ਭਰਾ ਸੀ। ਸਾਨੂੰ ਉਹ ਕਾਫਲੇ ਨਾਲ ਮਿਲਾ ਕੇ ਗਿਆ ਸੀ। ਉਸ ਵਕਤ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ ਪਰ ਚਾਚਾ ਚਾਨਣ ਸਿੰਘ ਅਤੇ ਉਸ ਦੇ ਵੱਡੇ ਭਰਾ ਨੇ ਆਪਣੀਆਂ ਜਾਨਾਂ ਤਲੀ ’ਤੇ ਰੱਖ ਕੇ ਸਾਨੂੰ ਕਾਫਲੇ ਨਾਲ ਮਿਲਾਇਆ ਸੀ। ਰਸਤੇ ਵਿਚ ਹਿੰਦੂ ਸਿੱਖਾਂ ਦੇ ਕੁਝ ਟੋਲਿਆਂ ਨੇ ਉਨ੍ਹਾਂ ਨੂੰ ਲਲਕਾਰਿਆ ਸੀ। ਮੈਂ ਛੋਟੀ ਜਿਹੀ ਸੀ, ਚਾਚੇ ਚਾਨਣ ਸਿੰਘ ਨੇ ਮੈਨੂੰ ਚੁੱਕਿਆ ਹੋਇਆ ਸੀ। ਮੈ ਚਾਚੇ ਚਾਨਣ ਸਿੰਘ ਨੂੰ ਨਹੀਂ ਭੁੱਲ ਸਕੀ, ਉਹ ਮੈਨੂੰ ਚੁੱਕ ਕੇ ਮੇਲੇ ਵਿਚ ਲੈ ਜਾਂਦਾ ਹੁੰਦਾ ਸੀ। ਜਲੇਬੀਆਂ, ਆਈਸਕ੍ਰੀਮ ਖਵਾਉਣੀ ਤੇ ਵਾਪਸੀ ’ਤੇ ਛੋਟੇ-ਛੋਟੇ ਖਿਡੌਣੇ ਲੈ ਕੇ ਦੇਣੇ ਪਰ ਮੈਂ ਜ਼ਿੱਦ ਕਰ ਕੇ ਉਹ ਖਿਡੌਣੇ ਲੈਂਦੀ ਸੀ, ਜਿਹੜੇ ਮੈਨੂੰ ਪਸੰਦ ਹੁੰਦੇ ਸਨ ਅਤੇ ਉਹ ਦੱਸਦੀ ਜਾ ਰਹੀ ਸੀ ਅਤੇ ਮੈਂ ਵੇਖ ਰਿਹਾ ਸੀ ਕਿ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵੱਗ ਰਹੇ ਸਨ। 59 ਸਾਲਾਂ ਬਾਅਦ ਵੀ ਅੱਖਾਂ ਵਿੱਚੋਂ ਅੱਥਰੂ, ਇਹ ਕਿਸ ਤਰ੍ਹਾਂ ਦੀਆਂ ਡੂੰਘੀਆ ਸਾਂਝਾਂ ਸਨ?
‘ਬਾਅਦ ਵਿਚ ਤੁਸੀਂ ਕਦੇ ਫਿਰੋਜ਼ਪੁਰ ਗਏ ਨਹੀਂ’, ਮੈਂ ਪੁੱਛਿਆ। ਸਿਰਫ਼ ਇਕ ਵਾਰ, ਕੋਈ ਦੋ ਸਾਲ ਪਹਿਲਾਂ। ਉਥੇ ਤਾਂ ਹੁਣ ਕੋਈ ਇਹ ਵੀ ਨਹੀਂ ਸੀ ਜਾਣਦਾ ਕਿ ਅਸੀ ਉੱਥੇ ਰਹਿੰਦੇ ਰਹੇ ਸੀ, ਉਹ ਟੂਟੀ ਜਿਸ ਤੋਂ ਪਾਣੀ ਪੀਂਦੇ ਹੁੰਦੇ ਸੀ ਉਹ ਤਾਂ ਅਜੇ ਵੀ ਹੈ ਤੇ ਮੈਂ ਵੇਖ ਆਈ ਹਾਂ ਪਰ ਉਸ ਟੂਟੀ ਦੇ ਇਰਦ-ਗਿਰਦ ਜਿਹੜੇ ਮਰਦ-ਔਰਤਾਂ ਉਦੋਂ ਹੁੰਦੇ ਸਨ, ਉਨ੍ਹਾਂ ਵਿੱਚੋਂ ਤਾਂ ਇਕ ਵੀ ਨਹੀ ਮਿਲਿਆ। ਚਾਨਣ ਸਿੰਘ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਪੋਤਰੇ ਮਿਲੇ ਤਾਂ ਸਨ ਪਰ ਮੇਰੀਆਂ ਕਈ ਗੱਲਾਂ ਜਿਹੜੀਆਂ ਉਸ ਪਰਿਵਾਰ ਬਾਰੇ ਮੈਂ ਜਾਣਦੀ ਸੀ, ਉਹ ਤਾਂ ਉਹ ਵੀ ਨਹੀਂ ਸਨ ਜਾਣਦੇ ਪਰ ਫਿਰ ਵੀ ਉਨ੍ਹਾਂ ਬੱਚਿਆਂ ਵਿੱਚੋਂ ਉਨ੍ਹਾਂ ਦੇ ਦਾਦੇ, ਦਾਦੀ ਦੇ ਦਰਸ਼ਨ ਕੀਤੇ ਮੈਨੂੰ ਸਕੂਨ ਮਿਲਿਆ| ਮੈਂ ਉਸ ਧਰਤੀ ਨੂੰ ਸਲਾਮ ਕੀਤੀ, ਉਸ ਧਰਤੀ ਤੇ ਉਨ੍ਹਾਂ ਲੋਕਾਂ ਦੀ ਸੁੱਖ ਮੰਗੀ। ਆਪਣੇ ਬਾਪ ਵੱਲੋਂ ਮਰਨ ਤੱਕ ਫਿਰੋਜ਼ਪੁਰ ਨੂੰ ਯਾਦ ਕਰਨ ਤੇ ਲਗਾਤਾਰ ਇਸ ਤਰ੍ਹਾਂ ਕਹਿਣਾ ਕਿ ਸੁਪਨੇ ਵਿਚ ਮੈਂ ਤੇ ਚਾਨਣ ਸਿੰਘ ਸਾਈਕਲਾਂ ’ਤੇ ਮੱਲ੍ਹਾਂਵਾਲੇ ਨੂੰ ਜਾਂਦੇ ਰਹੇ ਹਾਂ। ਅਸੀਂ ਸੁਪਨੇ ਵਿਚ ਫਿਰੋਜ਼ਪੁਰ ਤੋਂ ਸੋਡਾ ਪੀਂਦੇ ਰਹੇ ਹਾਂ ਪਰ ਇਹ ਵੀ ਅਜੀਬ ਵੰਡ ਸੀ। ਜਿਨ੍ਹਾਂ ਲੋਕਾਂ ਨੇ ਜਾਨਾ ਹੀਲ ਕੇ ਉਧਰੋਂ ਲੋਕਾਂ ਨੂੰ ਇਧਰ ਭੇਜਿਆ, ਜਿਹੜੇ ਰਿਸ਼ਤੇਦਾਰਾਂ ਤੋਂ ਕਿਤੇ ਉੱਤੇ ਸਨ, ਉਹ ਤਾਂ ਰਿਸ਼ਤੇਦਾਰ ਗਿਣੇ ਨਾ ਗਏ, ਉਨ੍ਹਾਂ ਦੇ ਸੱਦੇ ’ਤੇ ਤਾਂ ਸਾਨੂੰ ਵੀਜ਼ਾ ਨਹੀਂ ਮਿਲ ਸਕਦਾ ਪਰ ਜੋ ਜ਼ਿੰਦਗੀ ਵਿਚ ਇਕ ਵਾਰ ਵੀ ਨਹੀਂ ਮਿਲੇ, ਜੇ ਉਹ ਰਿਸ਼ਤੇਦਾਰ ਹਨ ਤਾਂ ਉਨ੍ਹਾਂ ਦੇ ਨਾਂ ’ਤੇ ਵੀਜ਼ਾ ਮਿਲ ਸਕਦਾ ਹੈ। ਇਹ ਕਿਹੋ ਜਿਹਾ ਕਨੂੰਨ ਹੈ। ਮੈਂ ਪਾਰਲੀਮੈਂਟ ਦੀ ਮੈਂਬਰ ਹੋਣ ਕਰਕੇ ਫਿਰੋਜ਼ਪੁਰ ਤਾਂ ਵੇਖ ਆਈ ਹਾਂ ਪਰ ਲੱਖਾਂ ਉਹ ਲੋਕ ਜਿਹੜੇ ਆਪਣੇ ਪੁਰਾਣੇ ਘਰਾਂ ਤੇ ਸਾਥੀਆਂ ਨੂੰ ਵੇਖਣ ਲਈ ਤਰਸਦੇ ਰਹੇ ਤੇ ਪੁਰਾਣੇ ਸਾਥੀਆਂ ਨੂੰ ਮਿਲਣ ਦੀ ਖ਼ਾਹਿਸ਼ ਨਾਲ ਹੀ ਲੈ ਕੇ ਇਸ ਦੁਨੀਆ ਤੋਂ ਚਲੇ ਗਏ।
ਮੈਂ ਸ਼ੁਕੀਲਾ ਜੀ ਨੂੰ ਬਹੁਤ ਕੁਝ ਪੁੱਛਣਾ ਚਾਹੁੰਦਾ ਸਾਂ ਪਰ ਉਹ ਤਾਂ ਮੌਕਾ ਹੀ ਨਹੀਂ ਸਨ ਦੇ ਰਹੇ ਪਰ ਉਸ ਵਕਤ ਮੈਂ ਇਹ ਕਲਪਨਾ ਜ਼ਰੂਰ ਕਰ ਸਕਦਾ ਸੀ ਕਿ ਭਾਪਾ ਜੀ ਵੀ ਤਾਂ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਹਨ ਕਿ ਸੁਪਨੇ ਵਿਚ ਅੱਜ ਮੈਂ ਸਾਰੀ ਰਾਤ ਆਪਣੀ ਪੈਲੀ ਨੂੰ ਪਾਣੀ ਲਾਉਂਦਾ ਰਿਹਾ ਹਾਂ। ਅੱਜ ਮੈਂ ਬਾਗ਼ ਦੇ ਦੁਆਲੇ ਘੁੰਮਦਾ ਰਿਹਾ ਹਾਂ, ਅੱਜ ਮੈਂ ਸਰਗੋਧੇ ਸ਼ਹਿਰ ਵਿਚ ਸਾਈਕਲ ਚਲਾਉਂਦਾ ਰਿਹਾ ਹਾਂ। ਉਨ੍ਹਾਂ ਨੂੰ ਆਪਣਾ ਪਿਛਲਾ ਪਿੰਡ ਵੇਖਣ ਦੀ ਕਿੰਨੀ ਖ਼ਾਹਿਸ਼ ਸੀ, ਹੁਣ ਤਾਂ ਮਹੌਲ ਠੀਕ ਹੈ, ਉਨ੍ਹਾਂ ਨੂੰ ਉਨ੍ਹਾਂ ਦਾ ਪਿੰਡ ਜ਼ਰੂਰ ਵਿਖਾਵਾਂਗੇ। ਸਮਾਂ ਕਾਫ਼ੀ ਹੋ ਗਿਆ ਸੀ, ਡਾ. ਮਕਬੂਲ ਨੇ ਆਪਣੇ ਦੋਸਤ ਮਿਸਟਰ ਇਕਬਾਲ ਜੋ ਲਾਹੌਰ ਦੇ ਮਾਡਲ ਟਾਊਨ ਵਿਚ ਰਹਿੰਦੇ ਸਨ ਅਤੇ ਵੱਡੇ ਉਦਯੋਗਪਤੀ ਹਨ ਅਤੇ ਜੋ ਪਿੱਛੋਂ ਜਲੰਧਰ ਤੋਂ ਗਏ ਹੋਏ ਸਨ, ਨਾਲ 4 ਵਜੇ ਮਿਲਣ ਦਾ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ। ਅਸੀਂ ਉੱਠਣ ਲੱਗੇ ਤਾਂ ਸ਼ੁਕੀਲਾਂ ਜੀ ਨੇ ਕਿਹਾ ਕਿ ਪੰਜ ਮਿੰਟ ਹੋਰ ਬੈਠ ਜਾਓ। ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਪੁੱਛਿਆ। ਹਾਂ ਮੈ ਹੁਣ ਫਿਰ ਭਾਰਤ ਆਉਣਾ ਹੈ, ਮੇਰੇ ਨਾਲ ਫਿਰੋਜ਼ਪੁਰ ਚੱਲਿਓ। ਮੈਂ ਫਿਰੋਜ਼ਪੁਰ ਆਪਣਾ ਘਰ ਇਕ ਵਾਰ ਫਿਰ ਵੇਖਣਾ ਚਾਹੁੰਦੀ ਹਾਂ। ਉੱਥੇ ਜਾ ਕੇ ਮੈਨੂੰ ਅਜੀਬ ਸਕੂਨ ਮਿਲਿਆ ਸੀ, ਜਦੋਂ ਵਾਪਸ ਆ ਕੇ ਆਪਣੀ ਮਾਂ ਤੇ ਭੂਆ ਨੂੰ ਉਥੇ ਜਾਣ ਬਾਰੇ ਦੱਸਿਆ ਸੀ ਤਾਂ ਉਹ ਕਿੰਨਾ ਚਿਰ ਮੈਨੂੰ ਇਕ-ਇਕ ਗੱਲ ਦੁਹਰਾ ਕੇ ਪੁੱਛਦੀਆਂ ਰਹੀਆਂ ਸਨ, ਉਹ ਤਾਂ ਆਪਣਾ ਘਰ ਵੇਖਣ ਲਈ ਤਰਸਦੀਆਂ ਹੀ ਰਹੀਆਂ ਸਨ। ਮੈ ਵੇਖਿਆ ਕਿ ਡਾ. ਮਕਬੂਲ ਉਠ ਖੜ੍ਹਾ ਹੋਇਆ ਸੀ ਤੇ ਮੈਂ ਸਮਝ ਗਿਆ ਕਿ ਉਹ ਲੇਟ ਹੋ ਰਿਹਾ ਹੈ। ਜਦੋਂ ਅਸੀਂ ਬਾਹਰ ਆ ਰਹੇ ਸੀ ਤਾਂ ਮੈਂ ਸੋਚਿਆ ਕਿ ਸ਼ੁਕੀਲਾਂ ਜੀ ਨੂੰ ਉਸ ਮਿੱਟੀ ਨਾਲ ਕਿੰਨਾ ਮੋਹ ਹੈ। ਉਨ੍ਹਾਂ ਕਿਹਾ ਸੀ ਕਿ ਮੈ ਤਾਂ ਤੁਹਾਡੇ ਬਾਰੇ ਕੁਝ ਵੀ ਨਹੀ ਪੁੱਛਿਆ ਪਰ ਗੱਲ ਉਨ੍ਹਾਂ ਫਿਰ ਆਪਣੀ ਹੀ ਸ਼ੁਰੂ ਕਰ ਦਿੱਤੀ। ਮੇਰੇ ਕੋਲੋਂ ਤਾਂ ਉਨ੍ਹਾਂ ਕੁਝ ਵੀ ਨਹੀ ਪੁੱਛਿਆ। ਭਾਵੇਂ ਉਨ੍ਹਾਂ ਦੇ ਪਤੀ, ਕੇਂਦਰੀ ਸਰਕਾਰ ਦੇ ਮੰਤਰੀ ਰਹੇ ਹਨ। ਉਹ ਪਾਰਲੀਮੈਂਟ ਦੇ ਮੈਂਬਰ ਹਨ ਤੇ ਵਿਦੇਸ਼ਾਂ ਵਿਚ ਘੁੰਮਦੇ ਹਨ ਪਰ ਫਿਰੋਜ਼ਪੁਰ ਦੀ ਉਸ ਗਲੀ ਨੂੰ ਉਹ ਕਿਸ ਸ਼ਿੱਦਤ ਨਾਲ ਯਾਦ ਕਰਦੇ ਹਨ।
ਅਸੀਂ ਕੋਈ 4.30 ਵਜੇ ਮਿਸਟਰ ਇਕਬਾਲ ਦੇ ਘਰ ਪਹੁੰਚ ਗਏ। ਉਹ ਤੇ ਉਸ ਦਾ ਦੋਸਤ ਸਾਨੂੰ ਕਾਫ਼ੀ ਸਮੇਂ ਤੋਂ ਉਡੀਕ ਰਹੇ ਸਨ। ਜਦੋਂ ਅਸੀਂ ਉਨ੍ਹਾਂ ਦੇ ਡਰਾਇੰਗ ਰੂਮ ਵਿਚ ਬੈਠੇ ਤਾਂ ਉਸ ਦੇ ਦੋ ਲੜਕੇ ਵੀ ਉੱਥੇ ਆ ਗਏ ਤੇ ਸਾਡੇ ਕੋਲ ਬੈਠ ਗਏ। ਡਾ. ਮਕਬੂਲ ਨੇ ਮੇਰੀ ਵਾਕਫ਼ੀ ਕਰਾਉਂਦਿਆਂ ਦੱਸਿਆ ਕਿ ਡਾ. ਛੀਨਾ ਭਾਰਤ ਦੇ ਨਾਮਵਾਰ ਕਾਲਜ, ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਇਕਨਾਮਿਕਸ ਪੜ੍ਹਾਉਂਦੇ ਰਹੇ ਹਨ ਤੇ ਮੇਰੇ ਮਾਸੀ ਜੀ ਸ੍ਰੀਮਤੀ ਸ਼ੁਕੀਲਾਂ ਦੇ ਜਾਣਕਾਰਾਂ ਦੇ ਵਾਕਿਫ਼ ਹਨ ਪਰ ਮਿਸਟਰ ਇਕਬਾਲ ਨੂੰ ਜਿਵੇਂ ਬਹੁਤ ਕੁਝ ਪੁਛਣ ਦੀ ਕਾਹਲ ਸੀ, ‘ਸਰਦਾਰ ਜੀ ਤੁਸੀ ਜਲੰਧਰ ਤਾਂ ਕਈ ਵਾਰ ਜਾਂਦੇ ਹੋਵੇਗੇ। ਜਲੰਧਰ ਦੀ ਬਸਤੀ ਸ਼ੇਖ ਵਿਚ ਸਾਡਾ ਘਰ ਸੀ, ਮੇਰਾ ਜਨਮ ਵੀ ਉੱਥੇ ਹੀ ਹੋਇਆ ਸੀ। ਮੇਰੇ ਅੱਬਾ ਜੀ ਦੀ ਉਥੇ ਛੋਟੀ ਜਹੀ ਫੌਂਡਰੀ ਸੀ, ਭਾਵੇਂ ਮੈਂ ਉਦੋਂ 4 ਸਾਲ ਦਾ ਸੀ, ਜਦੋਂ ਪਾਕਿਸਤਾਨ ਬਣਿਆ ਸੀ ਪਰ ਮੈਨੂੰ ਅੱਜ ਤੱਕ ਵੀ ਜਲੰਧਰ ਵਾਲਾ ਆਪਣਾ ਘਰ ਯਾਦ ਹੈ। ਮੇਰੇ ਅੱਬਾ ਤਾਂ ਆਪਣੇ ਜਲੰਧਰ ਨੂੰ ਯਾਦ ਕਰਦੇ-ਕਰਦੇ ਫੌਤ ਹੋ ਗਏ। ਉਨ੍ਹਾਂ ਨੇ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਵੀ ਕੀਤੀ, ਕਦੇ ਮੈਚ ਵੇਖਣ ਲਈ, ਕਦੀ ਧਾਰਮਿਕ ਜਗ੍ਹਾ ’ਤੇ ਜਾਣ ਲਈ ਪਰ ਇਨ੍ਹਾਂ ਦੋਵਾਂ ਦੇਸ਼ਾਂ ਦਾ ਅਜੀਬ ਦਸਤੂਰ ਹੈ, ਉਨ੍ਹਾਂ ਨੂੰ ਸਾਰੀ ਜ਼ਿੰਦਗੀ ਵੀਜ਼ਾ ਹੀ ਨਹੀਂ ਸੀ ਮਿਲ ਸਕਿਆ। ਭਾਵੇਂ ਜ਼ਿੰਦਗੀ ਭਰ ਉਨ੍ਹਾਂ ਨੂੰ ਜਲੰਧਰ ਦੀਆਂ ਵੱਖ-ਵੱਖ ਥਾਵਾਂ ਤੇ ਜਲੰਧਰ ਵਾਲੇ ਸਾਥੀਆਂ ਦੇ ਸੁਪਨੇ ਆਉਂਦੇ ਰਹੇ। ਉਹ ਬਾਵਾ ਸਿੰਘ ਦੇ ਪਰਿਵਾਰ ਨੂੰ ਤਾਂ ਮਰਨ ਤੱਕ ਯਾਦ ਕਰਦੇ ਰਹੇ, ਅਸਲ ਵਿਚ ਬਾਵਾ ਸਿੰਘ ਦੇ ਅੱਬਾ ਨਾਲ ਭਰਾਵਾਂ ਤੋਂ ਵੀ ਵੱਧ ਸਬੰਧ ਸਨ, ਇੱਥੋਂ ਤਕ ਕਿ ਮੇਰੀਆਂ ਭੂਆਂ ਦੇ ਵਿਆਹ ਵੀ ਬਾਵਾ ਸਿੰਘ ਦੀ ਸਲਾਹ ਨਾਲ ਕੀਤੇ ਸਨ। ਬਾਵਾ ਸਿੰਘ ਦੇ ਭਰਾ ਤੇ ਲੜਕੇ ਸਾਨੂੰ ਕਰਤਾਰਪੁਰ ਤੱਕ ਛਡ ਕੇ ਗਏ ਸਨ ਤੇ ਜਦੋਂ ਅਖ਼ੀਰ ਕਰਤਾਰਪੁਰ ਕੈਂਪ ਵਿਚ ਛਡ ਕੇ ਵਾਪਸ ਜਾਣ ਲੱਗੇ ਸਨ ਤਾਂ ਭੁੱਬਾਂ ਮਾਰ ਕੇ ਰੋਏ ਸਨ। ਉਨ੍ਹਾਂ ਇਕ ਗੱਲ ਹੀ ਕਹੀ ਸੀ ਕਿ ਛੇਤੀ ਖਤ ਲਿਖ ਕੇ ਆਪਣੀ ਸੁੱਖ-ਸਾਂਦ ਦੱਸਿਓ। ਇਧਰ ਆ ਕੇ ਬਹੁਤ ਚਿਰ ਤੱਕ ਤਾਂ ਕੋਈ ਪੱਕਾ ਘਰ ਹੀ ਨਹੀਂ ਸੀ ਮਿਲਿਆ। ਕਦੇ ਕਿਸੇ ਜਗ੍ਹਾ, ਕਦੇ ਕਿਸੇ ਜਗ੍ਹਾਂ ਤੇ ਅਖ਼ੀਰ ਜਦੋਂ 1952-53 ਵਿਚ ਪੱਕੇ ਘਰ ਵਿਚ ਟਿਕੇ ਤਾਂ ਅੱਬਾ ਨੇ ਬਾਵਾ ਸਿੰਘ ਨੂੰ ਚਿਠੀ ਲਿਖੀ। ਕੁਝ ਦਿਨਾਂ ਬਾਅਦ ਹੀ ਬਾਵਾ ਸਿੰਘ ਦੀ ਕੋਈ 6 ਸਫ਼ਿਆਂ ਦੀ ਬੜੀ ਲੰਮੀ ਚਿੱਠੀ ਆਈ, ਜਿਸ ਵਿਚ ਉਸ ਨੇ ਵਾਰ-ਵਾਰ ਤਾਕੀਦ ਕੀਤੀ ਕਿ ਉਹ ਉਸ ਕੋਲ ਮਿਲਣ ਲਈ ਆਉਣ। ਫਿਰ ਛੇ ਕੁ ਮਹੀਨੇ ਬਾਦ ਬਾਵਾ ਨੇ ਇਕ ਹੋਰ ਚਿੱਠੀ ਲਿਖੀ ਪਰ ਉਧਰੋਂ ਉਸ ਦੇ ਲੜਕੇ ਦਾ ਜਵਾਬ ਆਇਆ ਕਿ ਬਾਵਾ ਸਿੰਘ ਫੌਤ ਹੋ ਗਿਆ ਹੈ। ਫਿਰ ਇਕ-ਦੋ ਚਿੱਠੀਆਂ ਹੋਰ ਲਿਖੀਆਂ ਵੀ ਤੇ ਆਈਆਂ ਵੀ ਪਰ ਉਸ ਤੋਂ ਬਾਅਦ ਇਹ ਸਿਲਸਲਾ ਬੰਦ ਹੋ ਗਿਆ। ਅੱਬਾ ਤਾਂ ਅਖ਼ੀਰ ਤੱਕ ਕਹਿੰਦੇ ਰਹੇ, ਰਾਤੀ ਸੁਪਨੇ ਵਿਚ ਮੈਂ ਤੇ ਬਾਵਾ ਸਿੰਘ ਸਾਈਕਲਾਂ ’ਤੇ ਨਕੋਦਰ ਜਾ ਰਹੇ ਸਾਂ, ਅੱਜ ਅਸੀਂ ਇਕ ਦੁਕਾਨ ਵਿਚ ਪਕੌੜੇ ਖਾ ਰਹੇ ਸੀ।’ ਮੈਂ ਵੇਖਿਆ ਕਿ ਉਨ੍ਹਾਂ ਦੇ ਲੜਕੇ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੇ ਸਨ, ਜਿਵੇਂ ਕੋਈ ਕਹਾਣੀ ਸੁਣ ਰਹੇ ਹੋਣ। ਮਿਸਟਰ ਇਕਬਾਲ ਕਹਿਣ ਲੱਗੇ,‘ਬੱਚੇ ਭਾਵੇਂ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੇ ਹਨ ਪਰ ਇਨ੍ਹਾਂ ਗੱਲਾਂ ਨੂੰ ਅਜੀਬ ਜਿਹਾ ਸਮਝਦੇ ਹਨ, ਕਿਉਂ ਜੋ ਉਨ੍ਹਾਂ ਨੇ ਨਾਂ ਤਾਂ ਉਹ ਜਗ੍ਹਾਂ ਵੇਖੀਆਂ ਹਨ ਤੇ ਨਾ ਹੀ ਉਹਨਾਂ ਹਾਲਤਾਂ ਵਿੱਚੋਂ ਗੁਜ਼ਰੇ ਹਨ, ਨਾ ਉਹ ਲੋਕ ਵੇਖੇ ਹਨ।’
ਲੰਮਾ ਸਮਾਂ ਗੱਲਾਂ ਕਰਨ ਤੋਂ ਬਾਦ ਜਦੋਂ ਮੈਂ ਮਿਸਟਰ ਇਕਬਾਲ ਕੋਲੋਂ ਛੁਟੀ ਮੰਗੀ ਤਾਂ ਉਹ ਕਹਿਣ ਲੱਗਾ ‘ਸਰਦਾਰ ਜੀ ਮੈਂ ਤੁਹਾਡੇ ਬਾਰੇ ਤਾਂ ਕੁਝ ਪੁੱਛਿਆ ਹੀ ਨਹੀ, ਆਪਣੇ ਬਾਰੇ ਹੀ ਦੱਸਦਾ ਰਿਹਾ ਹਾਂ।’ ਅਸੀਂ ਫਿਰ ਬੈਠੇ ਤਾਂ ਕਾਫ਼ੀ ਚਿਰ ਰਹੇ ਪਰ ਉਹ ਆਪਣੀਆਂ ਹੀ ਗੱਲਾਂ ਦਸ ਰਿਹਾ ਸੀ ਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਰ ਕੋਈ ਬੜੀ ਹੀ ਸ਼ਿੱਦਤ ਨਾਲ ਆਪਣੇ ਪਿਛੋਕੜ ਨੂੰ ਯਾਦ ਕਰਦਾ ਹੈ ਅਤੇ ਇਸ ਪਿਛੋਕੜ ਸਬੰਧੀ ਹਰ ਕੋਈ ਇਹੋ ਜਿਹੇ ਜਜ਼ਬਾਤ ਰੱਖਦਾ ਹੈ। ਅੰਮ੍ਰਿਤਸਰ ਆ ਕੇ ਕੋਈ 4 ਕੁ ਮਹੀਨੇ ਬਾਅਦ ਬਬੀਤਾ ਜੀ ਦਾ ਮੈਨੂੰ ਫੋਨ ਆਇਆ ਕਿ ਸ਼ੁਕੀਲਾ ਜੀ ਨੇ ਭਾਰਤ ਆਉਣਾ ਹੈ ਤੇ ਇਸ ਵਾਰ ਉਹ ਫਿਰੋਜ਼ਪੁਰ ਆਪਣਾ ਘਰ ਵੇਖਣਾ ਚਾਹੁੰਦੇ ਹਨ, ਜੇ ਹੋ ਸਕਿਆ ਤਾਂ ਤੁਸੀਂ ਉਨ੍ਹਾਂ ਦੇ ਨਾਲ ਜਾਇਓ। ਮੈਂ ਸ਼ੁਕੀਲਾ ਜੀ ਨੂੰ ਲੈਣ ਵਾਹਗੇ ਬਾਰਡਰ ਚਲਾ ਗਿਆ ਤੇ ਤਕਰੀਬਨ ਅਧੇ ਘੰਟੇ ਬਾਅਦ ਹੀ ਉਹ ਤੇ ਇਕ ਹੋਰ ਔਰਤ ਕਸਟਮ ਦੀ ਇਮਾਰਤ ਤੋਂ ਬਾਹਰ ਆ ਰਹੀਆਂ ਸਨ। ਅਸੀਂ 2 ਕੁ ਵਜੇ ਅੰਮ੍ਰਿਤਸਰ ਪਹੁੰਚ ਕੇ ਖਾਣਾ ਖਾਧਾ ਤੇ ਮੈਂ ਉਨ੍ਹਾਂ ਨੂੰ ਫਿਰੋਜ਼ਪੁਰ ਜਾਣ ਬਾਰੇ ਪੁੱਛਿਆ ਪਰ ਉਨ੍ਹਾਂ ਜਵਾਬ ਦਿੱਤਾ ਕਿ ਉਹ ਦਿੱਲੀ ਤੋਂ ਚਾਰ ਕੁ ਦਿਨਾਂ ਬਾਅਦ ਜਦ ਵਾਪਸ ਆਉਣਗੇ ਤਾਂ ਫਿਰ ਫਿਰੋਜ਼ਪੁਰ ਚੱਲਾਂਗੇ ਪਰ ਜਦੋਂ 4 ਦਿਨਾਂ ਬਾਅਦ ਉਹ ਦਿੱਲੀ ਤੋਂ ਵਾਪਿਸ ਆਈ ਤਾਂ ਮੈਂ ਉਨ੍ਹਾਂ ਨੂੰ ਫਿਰ ਫਿਰੋਜ਼ਪੁਰ ਜਾਣ ਬਾਰੇ ਪੁੱਛਿਆ ਤਾਂ ਉਹ ਚੁੱਪ ਹੋ ਗਈ ਤੇ ਫਿਰ ਕਹਿਣ ਲੱਗੀ ‘ਅੱਗੇ ਜਦੋਂ ਮੈਂ ਵਾਪਿਸ ਲਾਹੌਰ ਜਾਂਦੀ ਹੁੰਦੀ ਸਾਂ ਤਾਂ ਮੇਰੀ ਅੰਮਾ ਤੇ ਭੂਆ ਮੈਨੂੰ ਉਡੀਕਦੀਆਂ ਰਹਿੰਦੀਆਂ ਸਨ। ਉਹ ਮੈਨੂੰ ਭਾਰਤ ਫੇਰੀ ਬਾਰੇ ਸੈਂਕੜੇ ਸੁਆਲ ਕਰਦੀਆਂ ਸਨ, ਔਰਤਾਂ ਦੇ ਪਹਿਰਾਵੇ ਤੋਂ ਲੈ ਕੇ ਬੋਲੀ, ਸ਼ਹਿਰਾਂ ਦੀਆਂ ਸੜਕਾਂ, ਇਮਾਰਤਾਂ ਆਦਿ ਬਾਰੇ ਕਈ-ਕਈ ਸੁਆਲ ਪੁੱਛਦੀਆਂ ਸਨ। ਫਿਰੋਜ਼ਪੁਰ ਨੂੰ ਬੇਹੱਦ ਯਾਦ ਕਰਦੀਆਂ ਸਨ ਪਰ ਹੁਣ ਉਹ ਦੋਵੇਂ ਹੀ ਨਹੀਂ ਰਹੀਆ। ਫਿਰੋਜ਼ਪੁਰ ਜਿਹੜੇ ਲੋਕ ਮੈਨੂੰ ਮਾੜਾ-ਮੋਟਾ ਪਛਾਣਦੇ ਸਨ ਉਹ ਵੀ ਨਹੀਂ ਰਹੇ। ਹੁਣ ਮੈਂ ਸੋਚਦੀ ਹਾਂ ਕਿ ਜਦ ਮੈਂ ਲਾਹੌਰ ਵਾਪਸ ਜਾਂਦੀ ਹਾਂ ਤਾਂ ਮੈਨੂੰ ਭਾਰਤ ਬਾਰੇ ਕੋਈ ਵੀ ਨਹੀਂ ਪੁੱਛਦਾ। ਕਈ ਵਾਰ ਜੇ ਮੈਂ ਆਪ ਹੀ ਦੱਸਣ ਲੱਗਦੀ ਹਾਂ ਤਾ ਸੁਣਨ ਵਾਲਿਆਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ ਪਰ ਫਿਰ ਵੀ ਅਗਲੀ ਵਾਰ ਫਿਰੋਜ਼ਪੁਰ ਚੱਲਾਂਗੀ।’
ਕੁਝ ਚਿਰ ਬਾਦ ਮੈਨੂੰ ਫਿਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸ਼ੁਕੀਲਾ ਜੀ ਨੂੰ ਕਿਹਾ ਕਿ ਇਸ ਵਾਰ ਮੈਂ ਫਿਰ ਆਪਣਾ ਪਿੰਡ ਵੇਖਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਰਗੋਧੇ ਤੁਹਾਡੇ ਪਿੰਡ ਜਾਣ ਦਾ ਪ੍ਰੋਗਰਾਮ ਵੀ ਬਣਾ ਦਿਆਂਗੀ ਤੇ ਤੁਹਾਡੇ ਨਾਲ ਚੱਲਾਂਗੀ।’ ਰਾਤ ਨੂੰ ਮੈਂ ਪਿਛਲੀ ਵਾਰ ਸਰਗੋਧੇ ਦੀ ਫੇਰੀ ਨੂੰ ਯਾਦ ਕਰਦਾ ਰਿਹਾ, ਜਿੰਨਾ ਲੋਕਾਂ ਦੇ ਭਾਪਾ ਜੀ ਨੇ ਨਾਂ ਲਿਖ ਕੇ ਦਿੱਤੇ ਸਨ, ਉਨ੍ਹਾਂ ਵਿੱਚੋਂ ਤਾਂ ਕੋਈ ਵੀ ਨਹੀਂ ਸੀ ਮਿਲਿਆ, ਜਿਸ ਬਾਰੇ ਵੀ ਮੈਂ ਪੁੱਛਦਾ ਸੀ, ਜਵਾਬ ਮਿਲਦਾ ਸੀ ਕਿ ਦੋ ਸਾਲ ਹੋਏ ਫੌਤ ਹੋ ਗਿਆ, 10 ਸਾਲ ਹੋਏ ਫੋਤ ਹੋ ਗਿਆ। ਇਹ ਤਾਂ ਅਜੇ 6 ਮਹੀਨੇ ਪਹਿਲਾਂ ਫੋਤ ਹੋਇਆ ਪਰ ਫਿਰ ਵੀ ਜਦ ਮੈਂ ਵਾਪਿਸ ਅੰਮ੍ਰਿਤਸਰ ਗਿਆ ਸੀ ਤਾਂ ਭਾਪਾ ਜੀ ਨੇ ਫੋਨ ਤੇ ਕਿਹਾ ਸੀ, ਉੱਡ ਕੇ ਆ ਜਾ ਅਤੇ ਮੇਰੇ ਕੋਲੋਂ ਪਿੰਡ ਦੀਆਂ ਗੱਲਾਂ ਦੁਹਰਾ-ਦੁਹਰਾ ਕੇ ਸੁਣਦੇ ਰਹੇ ਸਨ। ਜਦੋਂ ਮੈਂ ਉਨ੍ਹਾਂ ਵੱਲੋਂ ਦੱਸੇ ਹੋਏ ਲੋਕਾਂ ਬਾਰੇ ਦੱਸਿਆ ਸੀ ਕਿ ਉਹ ਸਵਰਗਵਾਸ ਹੋ ਗਏ ਸਨ ਤਾਂ ਉਹ ਚੁੱਪ ਹੋ ਜਾਂਦੇ ਸਨ ਤੇ ਪੁੱਛਦੇ ਸਨ ਕਿ ਕੀ ਹੋਇਆ ਸੀ ਉਸਨੂੰ। ਜਿਵੇਂ ਉਹ ਮੇਰੀਆਂ ਗੱਲਾਂ ਨਾਲ ਹੀ ਪਿੰਡ ਬਾਰੇ ਸਭ ਕੁਝ ਜਾਣ ਲੈਣਾ ਚਾਹੁੰਦੇ ਸਨ। ਬਾਅਦ ’ਚ ਉਨ੍ਹਾਂ ਨੇ ਕਦੇ ਆਦਮੀਆਂ ਨੂੰ ਉਹਨਾਂ ਦੇ ਪੁੱਛਣ ਦੇ ਬਗ਼ੈਰ ਵੀ ਦੱਸਿਆ। ‘ਸਰਬਜੀਤ ਆਪਣੇ ਪਿੰਡ ਹੋ ਕੇ ਆਇਆ ਹੈ’, ਫਿਰ ਮੇਰਾ ਧਿਆਨ ਮੇਰੀ ਕੈਨੇਡਾ ਫੇਰੀ ’ਤੇ ਗਿਆ।
ਜਿੱਥੇ ਮੈਂ ਵੇਖਦਾ ਹੁੰਦਾ ਸੀ ਕਿ ਚਾਚਾ ਜੀ ਅਤੇ ਮੇਰੇ ਕਜਨ ਬੜਾ ਚਿਰ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹੁੰਦੇ ਸਨ ਪਰ ਉਨ੍ਹਾਂ ਦੇ ਲੜਕਿਆਂ ਦੀ ਉਨ੍ਹਾਂ ਗੱਲਾਂ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਹੁੰਦੀ। ਮੈਂ ਇਹ ਸਾਰਾ ਕੁਝ ਸੋਚਦਿਆਂ ਰਾਤ ਲੰਘਾ ਦਿਤੀ, ਮੈਂ ਹੁਣ ਜਾ ਕੇ ਫਿਰ ਉਨ੍ਹਾਂ ਲੋਕਾਂ ਨੂੰ ਹੀ ਮਿਲਾਂਗਾ ਤੇ ਫਿਰ ਉਨ੍ਹਾਂ ਵਿੱਚੋਂ ਸਾਡੇ ਪਰਿਵਾਰ ਬਾਰੇ ਪੁੱਛਣ ਵਾਲੇ ਲੋਕ ਥੋੜ੍ਹੇ ਜਿਹੇ ਹੀ ਹੋਣਗੇ, ਫਿਰ ਜਦ ਵਾਪਸ ਜਾਵਾਂਗਾ ਤਾਂ ਭਾਪਾ ਜੀ ਵੀ ਹੁਣ ਨਹੀਂ ਰਹੇ, ਚਾਚੇ-ਤਾਏ ਵੀ ਨਹੀਂ, ਜਿਨ੍ਹਾਂ ਨੂੰ ਆਪਣੇ ਪਿੰਡ ਦੇ ਸੁਪਨੇ ਆਉਂਦੇ ਹੁੰਦੇ ਸਨ। ਮੈਨੂੰ ਲੱਗਿਆ, ਜਿਵੇਂ ਇਹ ਗੱਲਾਂ ਸੁਣਨ ਵਾਲੇ ਅਤੇ ਇਹ ਗੱਲਾਂ ਸੁਣਾਉਣ ਵਾਲੇ ਘਟਦੇ ਜਾ ਰਹੇ ਹਨ। ਮੇਰੇ ਤੇ ਸ਼ਕੀਲਾ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਰਿਸ਼ਤੇ ਟੁੱਟ ਜਾਣਗੇ। ਮੈਨੂੰ ਰਾਤ ਵਿਚ ਹੀ ਇਕ ਯੁੱਗ ਬੀਤ ਗਿਆ ਜਾਪਿਆ ਤੇ ਮੈਂ ਸੋਚਿਆ ਕਿ ਮੈਂ ਆਪਣੇ ਪਿੰਡ ਨਹੀਂ ਜਾਣਾ। ਸਵੇਰੇ ਕੋਈ 11 ਕੁ ਵਜੇ ਸ਼ਕੀਲਾ ਜੀ ਦਾ ਫੋਨ ਆਇਆ, ‘ਮੈ ਤੁਹਾਡਾ ਪਿੰਡ ਵੇਖਣ ਦਾ ਇੰਤਜ਼ਮ ਵੀ ਕਰ ਦਿੱਤਾ ਹੈ ਤੇ ਮੈਂ ਵੀ ਤੁਹਾਡੇ ਨਾਲ ਜਾਵਾਂਗੀ।’ ਮੈਂ ਦੁਚਿੱਤੀ ’ਚ ਸਾਂ ਪਰ ਫਿਰ ਮੈਂ ਕਹਿ ਹੀ ਦਿੱਤਾ, ‘ਸ਼ਕੀਲਾ ਜੀ, ਮੈਂ ਪਿੰਡ ਵੇਖਣ ਜਾਣ ਦਾ ਪ੍ਰੋਗਰਾਮ ਹਟਾ ਦਿੱਤਾ ਹੈ।’ ‘ਪਰ ਕਿਉਂ, ਸ਼ਕੀਲਾਂ ਜੀ ਨੇ ਪੁੱਛਿਆ। ਸ਼ਕੀਲਾਂ ਜੀ ਹੁਣ ਕੀਹਨੂੰ ਜਾ ਕੇ ਮਿਲਾਂਗਾ ਤੇ ਵਾਪਸ ਜਾਂ ਕੇ ਉਹ ਗੱਲਾਂ ਕੀਹਨੂੰ ਦੱਸਾਂਗਾ।
- ਸ.ਸ.ਛੀਨਾ