- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਧਾ ਰਾਣੀ ਦਾ ਮੰਦਰ ਪਹਾੜੀ ’ਤੇ ਸਥਿਤ ਹੈ, ਜਿੱਥੇ ਪਹੁੰਚਣ ਲਈ ਬਹੁਤ ਪੌੜੀਆਂ ਚੜ੍ਹਨੀਆ ਪੈਂਦੀਆਂ ਹਨ, ਜੋ ਬਹੁਤ ਉੱਚੀਆਂ ਤੇ ਗਿਣਤੀ ’ਚ ਜ਼ਿਆਦਾ ਹਨ। ਕੁਝ ਸਮੇਂ ਦੇ ਇੰਤਜ਼ਾਰ ਮਗਰੋਂ ਸਵੇਰੇ ਕਰੀਬ 5:10 ਵਜੇ ਮੰਦਰ ਦੇ ਦਰਵਾਜ਼ੇ ਖੁੱਲ੍ਹੇ। ਆਰਤੀ ਸ਼ੁਰੂ ਹੋਈ ਤੇ ਭੀੜ ’ਚ ਕਦੋਂ ਮੈਂ ਆਪਣੇ ਦੋਸਤਾਂ ਤੋਂ ਵੱਖ ਹੋ ਗਈ, ਮੈਨੂੰ ਪਤਾ ਹੀ ਨਾ ਲੱਗਿਆ।

18 ਜੁਲਾਈ 2026 ਮੇਰੀ ਜ਼ਿੰਦਗੀ ਦੀਆਂ ਉਨ੍ਹਾਂ ਤਾਰੀਖਾਂ ’ਚੋਂ ਇਕ ਹੈ, ਜਿਸ ਨੂੰ ਮੈਂ ਸ਼ਾਇਦ ਕਦੇ ਭੁੱਲ ਨਾ ਸਕਾਂ। ਮੈਂ ਤੇ ਮੇਰੇ ਦੋਸਤ 17 ਜੁਲਾਈ ਦੀ ਸ਼ਾਮ ਘਰੋਂ ਉਸ ਸਥਾਨ ਲਈ ਨਿਕਲੇ, ਜਿਸ ਸਥਾਨ ’ਤੇ ਜਾਣ ਲਈ ਮੈਂ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਸਨ। ਮੇਰੇ ਲਈ ਇਹ ਸਿਰਫ਼ ਇਕ ਯਾਤਰਾ ਨਹੀਂ ਸਗੋਂ ਮੇਰੀਆਂ ਅਰਦਾਸਾਂ ਦਾ ਜਵਾਬ ਸੀ। ਮੈਂ ਪਹਿਲੀ ਵਾਰ ਇੰਨਾ ਲੰਬਾ ਸਫ਼ਰ ਤੈਅ ਕਰ ਰਹੀ ਸੀ। ਸੱਚ ਪੁੱਛੋ ਤਾਂ ਇਸ ਤੋਂ ਪਹਿਲਾਂ ਕਦੇ ਇਕੱਲੀ ਘਰ ਤੋਂ ਦੂਰ ਗਈ ਨਹੀਂ ਸੀ। ਇੰਨੇ ਲੰਮੇਰੇ ਸਫ਼ਰ ਲਈ ਤਾਂ ਕਦੇ ਵੀ ਨਹੀਂ। ਰਾਧਾ ਰਾਣੀ ਦਾ ਨਾਂ ਲੈਂਦਿਆਂ ਸਫ਼ਰ ਸ਼ੁਰੂ ਕੀਤਾ ਤਾਂ ਕਦੋਂ ਰਸਤਾ ਮੁੱਕ ਗਿਆ, ਪਤਾ ਹੀ ਨਾ ਲੱਗਿਆ। ਮਨ ’ਚ ਉਤਸ਼ਾਹ ਸੀ ਕਿ ਮੈਂ ਕਦੋਂ ਆਪਣੀ ਰਾਧਾ ਰਾਣੀ ਦੇ ਦਰ ’ਤੇ ਪਹੁੰਚਾਂਗੀ।
ਜਦੋਂ ਵੀ ਕੋਈ ਜਾਣ-ਪਛਾਣ ਵਾਲਾ ਵ੍ਰਿੰਦਾਵਨ ਜਾਂਦਾ ਤਾਂ ਮਨ ’ਚ ਇਹੀ ਹੁੰਦਾ ਕਿ ਮੈਨੂੰ ਕਦੋਂ ਸੱਦਾ ਮਿਲੇਗਾ ਪਰ ਇਹ ਯਕੀਨ ਨਹੀਂ ਸੀ ਕਿ ਮੇਰੀ ਅਰਦਾਸ ਇੰਨੀ ਜਲਦੀ ਸੁਣ ਲਈ ਜਾਵੇਗੀ। ਜੇ ਗੱਲ ਯਾਤਰਾ ਦੀ ਸ਼ੁਰੂਆਤ ਦੀ ਕਰੀਏ ਤਾਂ ਸਾਡੀ ਯਾਤਰਾ ਸਿੱਧੇ ਬਰਸਾਨਾ ਤੋਂ ਸ਼ੁਰੂ ਹੋਈ। ਆਮ ਤੌਰ ’ਤੇ ਲੋਕ ਪਹਿਲਾਂ ਵ੍ਰਿੰਦਾਵਨ ਜਾਂਦੇ ਹਨ ਪਰ ਸਾਨੂੰ ਸਭ ਤੋਂ ਪਹਿਲਾਂ ਰਾਧਾ ਰਾਣੀ ਨੇ ਆਪਣੇ ਦਰ ’ਤੇ ਬੁਲਾਇਆ। ਜਦੋਂ ਮੈਂ ਰਾਧਾ ਰਾਣੀ ਮੰਦਰ ਦੀਆਂ ਪੌੜੀਆਂ ਚੜ੍ਹ ਰਹੀ ਸੀ ਤਾਂ ਹਰ ਕਦਮ ਨਾਲ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ। ਅੱਜ ਤੱਕ ਇਹੀ ਸੁਣਿਆ ਸੀ ਤੇ ਮਨ ’ਚ ਵੀ ਇਹੀ ਭਾਵ ਸੀ ਕਿ ਇੱਥੇ ਤੱਕ ਉਹੀ ਪਹੁੰਚਦਾ ਹੈ, ਜਿਸ ਦਾ ਹੱਥ ਕ੍ਰਿਸ਼ਨ ਜੀ ਆਪ ਫੜ ਕੇ ਲਿਆਉਂਦੇ ਹਨ ।
ਰਾਧਾ ਰਾਣੀ ਦਾ ਮੰਦਰ ਪਹਾੜੀ ’ਤੇ ਸਥਿਤ ਹੈ, ਜਿੱਥੇ ਪਹੁੰਚਣ ਲਈ ਬਹੁਤ ਪੌੜੀਆਂ ਚੜ੍ਹਨੀਆ ਪੈਂਦੀਆਂ ਹਨ, ਜੋ ਬਹੁਤ ਉੱਚੀਆਂ ਤੇ ਗਿਣਤੀ ’ਚ ਜ਼ਿਆਦਾ ਹਨ। ਕੁਝ ਸਮੇਂ ਦੇ ਇੰਤਜ਼ਾਰ ਮਗਰੋਂ ਸਵੇਰੇ ਕਰੀਬ 5:10 ਵਜੇ ਮੰਦਰ ਦੇ ਦਰਵਾਜ਼ੇ ਖੁੱਲ੍ਹੇ। ਆਰਤੀ ਸ਼ੁਰੂ ਹੋਈ ਤੇ ਭੀੜ ’ਚ ਕਦੋਂ ਮੈਂ ਆਪਣੇ ਦੋਸਤਾਂ ਤੋਂ ਵੱਖ ਹੋ ਗਈ, ਮੈਨੂੰ ਪਤਾ ਹੀ ਨਾ ਲੱਗਿਆ। ਇਕ ਪਲ ਲਈ ਡਰ ਲੱਗਿਆ ਕਿ ਕਿਤੇ ਗੁਆਚ ਤਾਂ ਨਹੀਂ ਜਾਵਾਂਗੀ ਪਰ ਫਿਰ ਮਨ ’ਚ ਜਿਵੇਂ ਕੋਈ ਆਵਾਜ਼ ਆਈ ‘ਤੂੰ ਆਪਣੀ ਰਾਧਾ ਰਾਣੀ ਕੋਲ ਆਈ ਹੈਂ, ਜਿਨ੍ਹਾਂ ਨੂੰ ਮਿਲਣ ਲਈ ਤਰਸਦੀ ਸੀ।’ ਫਿਰ ਉਹ ਡਰ, ਚਿੰਤਾ ਕਦੋਂ ਤੇ ਕਿੱਥੇ ਅਲੋਪ ਹੋ ਗਈ, ਕੁਝ ਚੇਤੇ ਹੀ ਨਾ ਰਿਹਾ। ਕੁਝ ਮਿੰਟਾਂ ਦੀ ਭੀੜ ਤੇ ਧੱਕਿਆਂ ਤੋਂ ਬਾਅਦ ਜਦੋਂ ਦਰਸ਼ਨ ਨਸੀਬ ਹੋਏ, ਉਹ ਮੇਰੀ ਕਲਪਨਾ ਤੋਂ ਵੀ ਪਰ੍ਹੇ ਸਨ। ਰਾਧਾ ਰਾਣੀ ਨੂੰ ਦੇਖਦਿਆਂ ਹੀ ਅੱਖਾਂ ਭਰ ਆਈਆਂ। ਦਿਲ, ਦਿਮਾਗ਼ ’ਚ ਜੋ ਕੁਝ ਵੀ ਸੀ, ਸਭ ਭੁੱਲ ਗਈ। ਮੈਂ ਸਿਰਫ਼ ਉਨ੍ਹਾਂ ਦੇ ਸਾਹਮਣੇ ਖੜ੍ਹੀ ਰੋ ਰਹੀ ਸੀ। ਸਮਾਂ ਕਿਵੇਂ ਲੰਘਿਆ, ਇਸ ਦਾ ਅਹਿਸਾਸ ਹੀ ਨਹੀਂ ਹੋਇਆ। ਉਸ ਵੇਲੇ ਮੇਰੇ ਚੇਤੇ ਕੁਝ ਵੀ ਨਹੀਂ ਸੀ, ਇਸ ਵੀ ਨਹੀਂ ਕਿ ਮੈਂ ਬਰਸਾਨਾ ਪਹੁੰਚ ਚੁੱਕੀ ਹਾਂ ਤੇ ਇਹ ਚੀਜ਼ ਅਸਲੀਅਤ ਵਿਚ ਮੇਰੇ ਨਾਲ ਹੋ ਰਹੀ ਹੈ ਕਿ ਮੈਂ ਉਸ ਪਵਿੱਤਰ ਅਸਥਾਨ ’ਤੇ ਮੌਜੂਦ ਹਾਂ, ਜਿਸ ਬਾਰੇ ਅੱਜ ਤੱਕ ਸਿਰਫ਼ ਸੁਣਿਆ ਜਾਂ ਤਸਵੀਰਾਂ ’ਚ ਵੇਖਿਆ ਸੀ। ਉਸ ਖ਼ੂਬਸੂਰਤ ਪਲ ਨੂੰ ਕੁਝ ਸ਼ਬਦਾਂ ਵਿਚ ਬਿਆਨ ਕਰਨਾ ਸੌਖਾ ਤਾਂ ਨਹੀਂ ਪਰ ਇਹ ਲਿਖਦਿਆਂ ਮੈਂ ਉਨ੍ਹਾਂ ਪਲਾਂ ਨੂੰ ਦੁਬਾਰਾ ਜ਼ਰੂਰ ਮਹਿਸੂਸ ਕਰ ਰਹੀ ਹਾਂ, ਜਿਹੜੇ ਮੇਰੇ ਲਈ ਕਦੇ ਨਾ ਭੁੱਲਣ ਵਾਲੀ ਯਾਦ ਬਣ ਗਏ।
ਬਰਸਾਨਾ ਤੋਂ ਵ੍ਰਿੰਦਾਵਨ ਲਈ ਨਿਕਲੇ ਤਾਂ ਗੱਡੀ ਅਚਾਨਕ ਖ਼ਰਾਬ ਹੋ ਗਈ। ਸਵੇਰ ਦਾ ਸਮਾਂ ਸੀ, ਆਸ-ਪਾਸ ਕੋਈ ਮਦਦ ਲਈ ਨਹੀਂ ਸੀ। ਉਸ ਵੇਲੇ ਚਿੰਤਾ ਤਾਂ ਬਹੁਤ ਹੋਈ ਪਰ ਬਾਅਦ ’ਚ ਸਮਝ ਆਇਆ ਕਿ ਇਹ ਬਿਹਾਰੀ ਜੀ ਦੀ ਲੀਲ੍ਹਾ ਸੀ। ਗਲ ਇੰਜ ਹੈ ਕਿ ਅਸੀਂ ਸੋਚਿਆ ਸੀ ਕਿ ਸਿੱਧੇ ਬਰਸਾਨਾ ਦਰਸ਼ਨ ਕਰ ਫਿਰ ਵ੍ਰਿੰਦਾਵਨ ਪਹੁੰਚ ਜਾਵਾਂਗੇ ਤੇ ਦੋ ਦਿਨ ਆਰਾਮ ਨਾਲ ਦਰਸ਼ਨ ਕਰਾਂਗੇ ਪਰ ਸ਼ਾਇਦ ਬਿਹਾਰੀ ਜੀ ਨੂੰ ਇਹ ਮਨਜ਼ੂਰ ਨਹੀਂ ਸੀ। ਉਹਨਾਂ ਆਪਣੀ ਲੀਲ੍ਹਾ ਵੀ ਵਿਖਾਈ ਤੇ ਆਪਣੇ ਨਾਲ ਹੋਣ ਦਾ ਅਹਿਸਾਸ ਵੀ ਕਰਵਾਇਆ। ਉਸ ਸਮੇਂ ਚਿੰਤਾ ਦੇ ਮਹੌਲ ਵਿਚ ਪਹਿਲਾਂ ਤਾਂ ਕੁਝ ਸਮਝ ਨਾ ਆਇਆ ਪਰ ਠਾਕੁਰ ਜੀ ਨੇ ਆਪਣੀ ਮੌਜੂਦਗੀ ਦਿਖਾਉਂਦਿਆਂ ਬਰਸਾਨਾ ਦੀਆ ਗਲੀਆਂ ਵਿੱਚੋਂ ਜਿਵੇਂ-ਕਿਵੇਂ ਗੱਡੀ ਕੱਢਵਾ ਸਾਨੂੰ ਇੱਕ ਮਕੈਨਿਕ ਕੋਲ ਪਹੁੰਚ ਦਿੱਤਾ। ਅਸਲ ਚਿੰਤਾ ਤਾਂ ਉਦੋਂ ਹੋਈ ਜਦੋਂ ਗੱਡੀ ਠੀਕ ਕਰਨ ਵਾਲੇ ਨੇ ਕਿਹਾ ਕਿ ਇਸ ਨੂੰ ਠੀਕ ਹੋਣ ’ਚ ਸਮਾਂ ਲੱਗੇਗਾ। ਸਵੇਰ ਦੇ ਕਰੀਬ 7 ਵੱਜ ਗਏ ਸਨ। ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੀਏ ਤੇ ਕਿੱਥੇ ਜਾਈਏ। ਆਖ਼ਰ ਸਭ ਇਸ ਨਤੀਜੇ ’ਤੇ ਪਹੁੰਚੇ ਕਿ ਥ੍ਰੀ-ਵ੍ਹੀਲਰ ਦੀ ਮਦਦ ਨਾਲ ਸਭ ਵ੍ਰਿੰਦਾਵਨ ਜਾਂਦੇ ਹਾਂ। ਸਾਡੇ ’ਚੋਂ 2 ਜਣੇ ਗੱਡੀ ਠੀਕ ਕਰਵਾਉਣ ਲਈ ਉਥੇ ਹੀ ਰੁਕ ਗਏ। ਦਿਮਾਗ਼ ਵਿਚ ਚਿੰਤਾ ਸੀ ਪਰ ਦਿਲ ਵਿਚ ਠਾਕੁਰ ਜੀ ਤੇ ਰਾਧਾ ਰਾਣੀ ਦੇ ਨਾਲ ਹੋਣ ਦਾ ਅਹਿਸਾਸ। ਅਸੀਂ ਬਰਸਾਨਾ ਤੋ 11 ਵਜੇ ਦੇ ਕਰੀਬ ਵ੍ਰਿੰਦਾਵਨ ਲਈ ਰਵਾਨਾ ਤਾਂ ਹੋ ਗਏ ਪਰ ਧਿਆਨ ਉਥੇ ਹੀ ਸੀ ਕਿ ਕਦੋਂ ਗੱਡੀ ਠੀਕ ਹੋਵੇਗੀ।
ਦੁਪਹਿਰ ਕਰੀਬ 12:30 ਵਜੇ ਅਸੀਂ ਵ੍ਰਿੰਦਾਵਨ ਪਹੁੰਚੇ। ਉੱਥੋਂ ਦੀ ਹਵਾ, ਊਰਜਾ ਤੇ ਮਾਹੌਲ ਕੁਝ ਵੱਖਰਾ ਹੀ ਸੀ। ਵ੍ਰਿੰਦਾਵਨ ਧਾਮ ਦੀ ਹਵਾ ’ਚ ਵੱਖਰਾ ਹੀ ਸੁਕੂਨ ਸੀ। ਲੱਗਦਾ ਸੀ ਜਿਵੇਂ ਮੈਂ ਇੱਥੇ ਪਹਿਲੀ ਵਾਰ ਨਹੀਂ ਆਈ ਸਗੋਂ ਆਪਣੇ ਹੀ ਘਰ ਵਾਪਸ ਮੁੜ ਆਈ ਹਾਂ। ਸ਼ਾਮ ਨੂੰ ਗੱਡੀ ਠੀਕ ਹੋਣ ਮਗਰੋਂ ਜਦੋਂ ਸਾਡੇ ਸਾਥੀ ਵ੍ਰਿੰਦਾਵਨ ਪਹੁੰਚੇ ਤਾਂ ਸੁੱਖ ਦਾ ਸਾਹ ਆਇਆ ਕਿ ਸਭ ਠੀਕ ਹੋ ਗਿਆ ਹੈ। ਸ਼ਾਮ ਕਰੀਬ 5:30 ਵਜੇ ਦਾ ਸਮਾਂ ਸੀ, ਮੰਦਰ ਖੁੱਲ੍ਹਣ ਦਾ ਸਮਾਂ ਵੀ ਹੋ ਗਿਆ ਤੇ ਅਸੀਂ ਬਾਂਕੇ ਬਿਹਾਰੀ ਦੇ ਦਰਸ਼ਨਾਂ ਲਈ ਮੰਦਰ ਪਹੁੰਚੇ। ਭੀੜ ਜ਼ਿਆਦਾ ਹੋਣ ਕਰਕੇ ਇਹੀ ਚਿੰਤਾ ਸੀ ਕਿ ਏਨੀ ਭੀੜ ’ਚ ਕੀ ਮੈਨੂੰ ਖੁੱਲ੍ਹੇ ਦਰਸ਼ਨ ਹੋ ਵੀ ਜਾਣਗੇ? ਦਰਸ਼ਨ ਇੰਨੇ ਵਧੀਆ ਹੋਏ ਕਿ ਮਨ ਜਿਵੇਂ ਓਥੇ ਹੀ ਖੋਹ ਗਿਆ। ਬਿਹਾਰੀ ਜੀ ਦੇ ਮੰਦਰ ਤੋਂ ਕੁਝ ਦੂਰੀ ’ਤੇ ਹੀ ਸ਼੍ਰੀ ਰਾਧਾਵੱਲਭ ਲਾਲ ਦਾ ਮੰਦਰ ਹੈ। ਬਿਹਾਰੀ ਜੀ ਦੇ ਦੀਦਾਰ ਤੋਂ ਬਾਅਦ ਸਾਨੂੰ ਸ਼੍ਰੀ ਰਾਧਾਵੱਲਭ ਲਾਲ ਜੀ ਦੇ ਦਰਸ਼ਨ ਵੀ ਨਸੀਬ ਹੋਏ। ਕਹਿੰਦੇ ਹਨ ਕਿ ਰਾਧਾਵੱਲਭ ਲਾਲ ਜਲਦੀ ਜਲਦੀ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ ਪਰ ਪਹਿਲੀ ਹੀ ਯਾਤਰਾ ’ਚ ਉਨ੍ਹਾਂ ਦੇ ਦਰਸ਼ਨ ਹੋ ਜਾਣਾ ਮੇਰੇ ਲਈ ਅਸੀਮ ਕਿਰਪਾ ਤੋਂ ਘੱਟ ਨਹੀਂ ਸੀ। ਜਿਸ ਮਗਰੋਂ ਪ੍ਰੇਮ ਮੰਦਰ ਤੱਕ ਪਹੁੰਚਣ ਲਈ ਸਾਨੂੰ ਕਾਫ਼ੀ ਪੈਦਲ ਤੁਰਨਾ ਪਿਆ। ਗਰਮੀ, ਭੀੜ ਤੇ ਥਕਾਵਟ ਦੇ ਬਾਵਜੂਦ ਮਨ ਵਿਚ ਕੋਈ ਸ਼ਿਕਾਇਤ ਨਹੀਂ ਸੀ। ਸਿਰਫ਼ ਇਕ ਹੀ ਚਾਹ ਸੀ ਆਪਣੇ ਕ੍ਰਿਸ਼ਨ ਦੀ ਝਲਕ। ਪ੍ਰੇਮ ਮੰਦਰ ਸਿਰਫ ਨਾਂ ਦਾ ਪ੍ਰੇਮ ਮੰਦਰ ਨਹੀਂ ਹੈ। ਉਸ ਅਸਥਾਨ ’ਤੇ ਸੱਚਮੁੱਚ ਅਥਾਹ ਪ੍ਰੇਮ ਦਾ ਅਹਿਸਾਸ ਹੁੰਦਾ ਹੈ। ਸਰੀਰ ਥਕਾਵਟ ਕਾਰਨ ਆਰਾਮ ਭਾਲ ਰਿਹਾ ਸੀ ਪਰ ਦਿਲ ਨੂੰ ਮੰਨੋ ਜਿਵੇਂ ਪਹਿਲਾਂ ਤੋਂ ਹੀ ਸੁਕੂਨ ਸੀ।
ਅਗਲੇ ਦਿਨ ਐਤਵਾਰ ਸਵੇਰੇ ਸਾਨੂੰ ਦੁਬਾਰਾ ਬਿਹਾਰੀ ਜੀ ਦੇ ਦਰਸ਼ਨਾਂ ਦਾ ਸੁਭਾਗ ਮਿਲਿਆ। ਭਾਵੇਂ ਰਮਨ ਮੇਰਾ ਕਾਲਜ ਦਾ ਜੂਨੀਅਰ ਹੈ ਪਰ ਉਸ ਨਾਲ ਰਿਸ਼ਤਾ ਪਰਿਵਾਰ ਵਰਗਾ ਹੈ। ਇਕ ਭਰਾ ਦੇ ਰੂਪ ਵਿਚ ਮੇਰੀ ਰਾਧਾ ਰਾਣੀ ਨੇ ਮੈਨੂੰ ਬਹੁਤ ਹੀ ਸੋਹਣਾ ਦੋਸਤ ਦਿੱਤਾ ਹੈ ਜਿਸ ਦੀ ਵਜ੍ਹਾ ਨਾਲ ਮੇਰੀ ਵ੍ਰਿੰਦਾਵਨ ਜਾਣ ਦੀ ਇਹ ਯਾਤਰਾ ਸਫਲ ਹੋ ਸਕੀ। ਇਸ ਤੋਂ ਬਾਅਦ ਅਸੀਂ ਨਿਧਿਵਨ ਪਹੁੰਚੇ। ਲੋਕ ਕਹਿੰਦੇ ਨੇ ਨਿਧਿਵਨ ਓਹ ਅਸਥਾਨ ਹੈ ਜਿੱਥੇ ਅੱਜ ਵੀ ਰਾਧਾ ਕ੍ਰਿਸ਼ਨ ਆਉਂਦੇ ਤੇ ਰਾਸ ਕਰਦੇ ਹਨ। ਰਾਤ ਦੇ ਸਮੇਂ ਇਸ ਅਸਥਾਨ ਉਤੇ ਰੁਕਣ ਦੀ ਮਨਾਹੀ ਹੈ। ਕਹਿੰਦੇ ਹਨ ਇਸ ਵਣ ਦੇ ਰੁੱਖਾਂ ਦੀਆਂ ਟਾਹਣੀਆਂ ਆਪਸ ਵਿਚ ਇੰਜ ਉਲਝੀਆਂ ਹਨ, ਜਿਵੇਂ ਨ੍ਰਿਤ ਕਰਦੇ ਮਨੁੱਖ ਦੀਆਂ ਬਾਹਾਂ। ਇਹ ਗੱਲਾਂ ਅੱਜ ਤੱਕ ਸਿਰਫ ਸੁਣੀਆਂ ਸਨ ਪਰ ਜਦੋਂ ਆਪਣੀਆਂ ਅੱਖਾਂ ਨਾਲ ਵੇਖਿਆ ਤਾਂ ਯਕੀਨ ਹੋਇਆ। ਉਸ ਜਗ੍ਹਾ ਵਿਚ ਅਲੱਗ ਹੀ ਅਹਿਸਾਸ ਹੈ। ਇਸ ਮਗਰੋਂ ਅਸੀਂ ਮੀਰਾਬਾਈ ਜੀ ਦੇ ਸਥਾਨ ਤੇ ਗੋਪੇਸ਼ਵਰ ਮਹਾਦੇਵ ਮੰਦਰ ਦੇ ਦਰਸ਼ਨ ਕੀਤੇ। ਕਹਿੰਦੇ ਹਨ ਕਿ ਰਾਧਾ ਕ੍ਰਿਸ਼ਨ ਜੋ ਰਾਸ ਕਰਦੇ ਹਨ,ਉਸ ਨੂੰ ਵੇਖਣ ਮਹਾਦੇਵ ਗੋਪੀ ਦਾ ਰੂਪ ਧਾਰਨ ਕਰ ਕੇ ਨਿਧਿਵਨ ਆਏ ਸਨ ਇਸ ਕਾਰਨ ਇਸ ਮੰਦਰ ਦਾ ਨਾਂ ਗੋਪੇਸ਼ਵਰ ਮਹਾਦੇਵ ਪਿਆ।
ਸ਼ਾਮ ਕਰੀਬ 4 ਵਜੇ ਅਸੀਂ ਵ੍ਰਿੰਦਾਵਨ ਦੀਆਂ ਗਲੀਆਂ ਨੂੰ ਪ੍ਰਣਾਮ ਕਰ ਕੇ ਅਤੇ ਜਲਦੀ ਮੁੜ ਆਉਣ ਦੀ ਉਮੀਦ ਨਾਲ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ। ਵ੍ਰਿੰਦਾਵਨ ਵਿਚ ਚਾਰਧਾਮ ਮੰਦਰ ਵੀ ਹੈ। ਜਿਹੜਾ ਵ੍ਰਿੰਦਾਵਨ ਦੇ ਮੁੱਖ ਮਾਰਗ ’ਤੇ ਸਥਿਤ ਹੈ। ਸਾਨੂੰ ਉਥੇ ਦਰਸ਼ਨ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਮੰਦਰ ’ਚ ਚਾਰ ਧਾਮ, ਮਾਤਾ ਵੈਸ਼ਣੋ ਦੇਵੀ ਧਾਮ, ਸ਼ਿਵ ਧਾਮ, ਰਾਧਾ ਕ੍ਰਿਸ਼ਨ ਧਾਮ ਤੇ ਸ਼ਨੀ ਧਾਮ ਹੈ। ਇਸ ਮੰਦਰ ਦੀ ਵਿਸ਼ਾਲਤਾ ਤੇ ਸ਼ਾਂਤੀ ਨੇ ਸਾਡੀ ਇਸ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਇੰਝ ਹੀ ਪ੍ਰਤੀਤ ਹੁੰਦਾ ਹੈ ਕਿ ਮੈਂ ਉਥੇ ਹੀ ਹਾਂ। ਦਿਲ, ਦਿਮਾਗ਼ ਉਥੇ ਹੀ ਘੁੰਮ ਰਿਹਾ ਹੈ ਕਿਉਂਕਿ ਵ੍ਰਿੰਦਾਵਨ ਸਿਰਫ਼ ਇਕ ਅਸਥਾਨ ਨਹੀਂ ਸਗੋਂ ਅਹਿਸਾਸ ਹੈ। ਮੈਂ ਖ਼ੁਦ ਨੂੰ ਖ਼ੁਸ਼ਨਸੀਬ ਸਮਝਦੀ ਹਾਂ ਕਿ ਇਸ ਜਨਮ ਵਿਚ ਮੈਨੂੰ ਉਸ ਅਹਿਸਾਸ ’ਚ ਜਿਊਣ ਦਾ ਮੌਕਾ ਮਿਲਿਆ ਹੈ।
- ਲਵਨੀਤ ਵਸ਼ਿਸ਼ਠ