ਬੈਂਕਾਕ ਦੇ ਇਸ ਹਵਾਈ ਅੱਡੇ 'ਚ ਬਿਰਾਜਮਾਨ ਹਨ ਦੇਵਤੇ ਤੇ ਅਸੁਰ! ਸਮੁੰਦਰ ਮੰਥਨ ਦੀ ਮੂਰਤੀ ਤੋਂ ਲੈ ਕੇ ਗਰੁੜ ਤਕ, ਭਾਰਤ ਨਾਲ ਹੈ ਡੂੰਘਾ ਨਾਤਾ
Thailand 'ਚ ਲੋਕ ਬੁੱਧ ਧਰਮ ਨੂੰ ਮੰਨਦੇ ਹਨ, ਪਰ ਇੱਥੋਂ ਦੇ ਸੱਭਿਆਚਾਰ 'ਤੇ ਹਿੰਦੂ ਧਰਮ ਦਾ ਡੂੰਘਾ ਪ੍ਰਭਾਵ ਹੈ। ਇਹੀ ਵਜ੍ਹਾ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਦੇ ਵਿਚਕਾਰ ਬਣੀ ਇਕ ਵਿਸ਼ਾਲ ਮੂਰਤੀ ਸਮੁੰਦਰ ਮੰਥਨ ਦੀ ਕਹਾਣੀ ਬਿਆਨ ਕਰਦੀ ਹੈ। ਇਸ 'ਚ ਦੇਵਤੇ ਅਤੇ ਅਸੁਰ ਖੀਰ ਸਾਗਰ ਦਾ ਮੰਥਨ ਕਰਦੇ ਦਿਖਾਈ ਦਿੰਦੇ ਹਨ।
Publish Date: Fri, 27 Nov 2026 04:33 PM (IST)
Updated Date: Fri, 27 Nov 2026 04:35 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਥਾਈਲੈਂਡ ਦੀ ਖ਼ੂਬਸੂਰਤੀ ਉੱਥੋਂ ਦੇ ਅਮੀਰ ਸੱਭਿਆਚਾਰ ਅਤੇ ਮਿਲਣਸਾਰ ਜੀਵਨਸ਼ੈਲੀ 'ਚ ਵੱਸਦੀ ਹੈ। ਇੱਥੋਂ ਦੇ ਸ਼ਾਂਤ ਸਮੁੰਦਰੀ ਤੱਟ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਪਰ ਇੱਥੇ ਇਕ ਅਜਿਹੀ ਜਗ੍ਹਾ ਵੀ ਹੈ, ਜੋ ਅਕਸਰ ਭਾਰਤੀਆਂ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਹ ਕੋਈ ਅਜਾਇਬਘਰ, ਇਤਿਹਾਸਕ ਇਮਾਰਤ ਜਾਂ ਬੀਚ ਨਹੀਂ, ਸਗੋਂ ਇਕ ਹਵਾਈ ਅੱਡਾ ਹੈ।
ਜੀ ਹਾਂ, ਥਾਈ ਭਾਸ਼ਾ ਵਾਲੇ ਇਸ ਦੇਸ਼ 'ਚ ਬੈਂਕਾਕ ਦੇ ਹਵਾਈ ਅੱਡੇ ਦਾ ਨਾਂ ਸੰਸਕ੍ਰਿਤ 'ਚ ਰੱਖਿਆ ਗਿਆ ਹੈ। ਆਓ ਤੁਹਾਨੂੰ ਇਸ ਹਵਾਈ ਅੱਡੇ ਦੀ ਦਿਲਚਸਪ ਕਹਾਣੀ ਦੱਸਦੇ ਹਾਂ।
ਬੈਂਕਾਕ ਦੇ ਹਵਾਈ ਅੱਡੇ ਦਾ ਨਾਂ ਸੰਸਕ੍ਰਿਤ 'ਚ ਕਿਉਂ?
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ ਦਾ ਨਾਂ 'ਸੁਵਰਨਭੂਮੀ' ਹੈ, ਜਿਸ ਦਾ ਅੰਗਰੇਜ਼ੀ ਅਨੁਵਾਦ 'ਗੋਲਡਨ ਲੈਂਡ' ਹੁੰਦਾ ਹੈ। ਇਹ ਦੱਖਣ-ਪੂਰਬੀ ਏਸ਼ੀਆ ਦੇ ਸਭ ਤੋਂ ਵੱਡੇ ਕੌਮਾਂਤਰੀ ਹਵਾਈ ਅੱਡਿਆਂ 'ਚੋਂ ਇਕ ਹੈ, ਜਿਸ ਨੂੰ ਸਾਲ 2006 'ਚ ਅਧਿਕਾਰਤ ਨਾਂ ਦਿੱਤਾ ਗਿਆ ਸੀ।
ਦਰਅਸਲ, ਇਹ ਨਾਂ ਥਾਈਲੈਂਡ ਦੇ ਚਕਰੀ ਰਾਜਵੰਸ਼ ਦੇ ਨੌਵੇਂ ਰਾਜਾ ਭੂਮੀਬੋਲ ਅਤੁਲਯਤੇਜ ਨੇ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਇਸ ਹਵਾਈ ਅੱਡੇ ਦਾ ਨਾਂ ਰਾਜਾ ਦੇ ਨਾਂ ਦੇ ਪਹਿਲੇ ਸ਼ਬਦ ਅਤੇ ਆਪਣੇ ਦੇਸ਼ ਨੂੰ 'ਗੋਲਡਨ ਲੈਂਡ' ਬਣਾਉਣ ਦੇ ਸੁਪਨੇ ਕਾਰਨ ਰੱਖਿਆ ਗਿਆ ਸੀ। ਇਸ ਦੀ ਇਕ ਹੋਰ ਵਜ੍ਹਾ ਬੁੱਧ ਧਰਮ ਅਤੇ ਦੱਖਣੀ ਏਸ਼ੀਆ ਦੇ ਪ੍ਰਾਚੀਨ ਇਤਿਹਾਸਕ ਗ੍ਰੰਥਾਂ ਨਾਲ ਜੁੜੀ ਹੋਈ ਹੈ। ਇਨ੍ਹਾਂ ਗ੍ਰੰਥਾਂ 'ਚ ਭਾਰਤ ਦੇ ਪੂਰਬ ਵੱਲ ਸਥਿਤ ਦੇਸ਼ਾਂ ਨੂੰ ਸੁਵਰਨਭੂਮੀ ਦਾ ਦਰਜਾ ਦਿੱਤਾ ਗਿਆ ਸੀ। ਇਨ੍ਹਾਂ 'ਚ ਥਾਈਲੈਂਡ, ਮਿਆਂਮਾਰ ਅਤੇ ਕੰਬੋਡੀਆ ਵਰਗੇ ਕਈ ਦੇਸ਼ ਸ਼ਾਮਲ ਹਨ।
ਹਿੰਦੂ ਅਤੇ ਬੁੱਧ ਧਰਮ ਦਾ ਅਨੋਖਾ ਸੰਗਮ
ਥਾਈਲੈਂਡ 'ਚ ਲੋਕ ਬੁੱਧ ਧਰਮ ਨੂੰ ਮੰਨਦੇ ਹਨ, ਪਰ ਇੱਥੋਂ ਦੇ ਸੱਭਿਆਚਾਰ 'ਤੇ ਹਿੰਦੂ ਧਰਮ ਦਾ ਡੂੰਘਾ ਪ੍ਰਭਾਵ ਹੈ। ਇਹੀ ਵਜ੍ਹਾ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਦੇ ਵਿਚਕਾਰ ਬਣੀ ਇਕ ਵਿਸ਼ਾਲ ਮੂਰਤੀ ਸਮੁੰਦਰ ਮੰਥਨ ਦੀ ਕਹਾਣੀ ਬਿਆਨ ਕਰਦੀ ਹੈ। ਇਸ 'ਚ ਦੇਵਤੇ ਅਤੇ ਅਸੁਰ ਖੀਰ ਸਾਗਰ ਦਾ ਮੰਥਨ ਕਰਦੇ ਦਿਖਾਈ ਦਿੰਦੇ ਹਨ।
ਇੰਨਾ ਹੀ ਨਹੀਂ, ਹਵਾਈ ਅੱਡੇ ਦੇ ਅੰਦਰ ਭਗਵਾਨ ਵਿਸ਼ਨੂੰ ਦੇ ਵਾਹਨ ਗਰੁੜ ਦੀ ਮੂਰਤੀ ਵੀ ਸਥਾਪਤ ਹੈ। ਦੱਸ ਦੇਈਏ ਕਿ ਹਿੰਦੂ ਧਰਮ 'ਚ ਗਰੁੜ ਦਾ ਵਿਸ਼ੇਸ਼ ਸਥਾਨ ਹੈ ਅਤੇ ਥਾਈਲੈਂਡ 'ਚ ਵੀ ਇਸ ਦਾ ਉਨਾ ਹੀ ਖ਼ਾਸ ਮਹੱਤਵ ਹੈ। ਗਰੁੜ ਨੂੰ 'ਫਰਾ ਖਰੁਤ ਫਾ' ਵੀ ਕਿਹਾ ਜਾਂਦਾ ਹੈ ਅਤੇ ਇਹ ਥਾਈਲੈਂਡ ਦਾ ਰਾਸ਼ਟਰੀ ਪ੍ਰਤੀਕ ਹੈ।
ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਡੂੰਘਾ ਸਤਿਕਾਰ
ਕਿਹਾ ਜਾਂਦਾ ਹੈ ਕਿ ਪਹਿਲੀ ਹਜ਼ਾਰਵੀਂ ਈਸਵੀ ਦੌਰਾਨ ਭਾਰਤ ਤੋਂ ਕਈ ਵਪਾਰੀ ਥਾਈਲੈਂਡ ਗਏ ਸਨ। ਇਹ ਲੋਕ ਆਪਣੇ ਨਾਲ ਸੰਸਕ੍ਰਿਤ ਭਾਸ਼ਾ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਰੀਤੀ-ਰਿਵਾਜ ਵੀ ਲੈ ਕੇ ਗਏ। ਇਸ ਤਰ੍ਹਾਂ ਥਾਈਲੈਂਡ 'ਚ ਹਿੰਦੂ ਧਰਮ ਦਾ ਪ੍ਰਚਾਰ-ਪ੍ਰਸਾਰ ਹੋਇਆ।
ਇਸ ਦਾ ਨਤੀਜਾ ਹੈ ਕਿ ਅੱਜ ਵੀ ਬੈਂਕਾਕ ਦੇ ਵਿਚਕਾਰ ਬ੍ਰਹਮਾ ਜੀ ਨੂੰ ਸਮਰਪਿਤ ਏਰਾਵਨ ਮੰਦਰ ਮੌਜੂਦ ਹੈ। ਇਸ ਦੇ ਨਾਲ ਹੀ ਭਗਵਾਨ ਵਿਸ਼ਨੂੰ, ਭਗਵਾਨ ਸ਼ਿਵ ਅਤੇ ਭਗਵਾਨ ਗਣੇਸ਼ ਪ੍ਰਤੀ ਵੀ ਲੋਕਾਂ ਦੀ ਡੂੰਘੀ ਆਸਥਾ ਹੈ।