ਨਾ ਭੀੜ, ਨਾ ਰੌਲਾ-ਰੱਪਾ ਤੇ ਨਾ ਹੀ ਕੋਈ ਸਟੇਸ਼ਨ ਮਾਸਟਰ! ਬਰਫ਼ੀਲੇ ਪਹਾੜਾਂ 'ਚ ਵਸਿਆ ਹੈ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ
ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਤਾਂਗੁਲਾ ਚੀਨ ਦੇ ਤਿੱਬਤੀ ਇਲਾਕੇ 'ਚ ਸਥਿਤ ਹੈ। ਇਹ ਸਟੇਸ਼ਨ ਸਮੁੰਦਰ ਤਲ ਤੋਂ ਲਗਪਗ 16,627 ਫੁੱਟ ਦੀ ਹੈਰਾਨ ਕਰ ਦੇਣ ਵਾਲੀ ਉਚਾਈ 'ਤੇ ਬਣਿਆ ਹੋਇਆ ਹੈ। ਇੰਨੀ ਉਚਾਈ 'ਤੇ ਹੋਣ ਕਾਰਨ ਇੱਥੇ ਹਮੇਸ਼ਾ ਕੜਾਕੇ ਦੀ ਠੰਢ ਰਹਿੰਦੀ ਹੈ ਅਤੇ ਇਹ ਇਲਾਕਾ ਬਰਫ਼ੀਲੀਆਂ ਪਹਾੜੀ ਚੋਟੀਆਂ ਨਾਲ ਘਿਰਿਆ ਰਹਿੰਦਾ ਹੈ।
Publish Date: Sun, 01 Nov 2026 03:35 PM (IST)
Updated Date: Sun, 01 Nov 2026 04:59 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਹਾਨੂੰ ਰੇਲਗੱਡੀ 'ਚ ਸਫ਼ਰ ਕਰਨਾ ਪਸੰਦ ਹੈ? ਖਿੜਕੀ ਕੋਲ ਬੈਠ ਕੇ ਬਦਲਦੇ ਨਜ਼ਾਰਿਆਂ ਨੂੰ ਦੇਖਣਾ ਆਪਣੇ ਆਪ 'ਚ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ। ਦੁਨੀਆ ਭਰ 'ਚ ਕਈ ਮਸ਼ਹੂਰ ਰੇਲਵੇ ਸਟੇਸ਼ਨ ਹਨ, ਪਰ ਕੀ ਤੁਸੀਂ ਕਦੇ ਅਜਿਹੇ ਸਟੇਸ਼ਨ ਬਾਰੇ ਸੁਣਿਆ ਹੈ ਜੋ ਇੰਨੀ ਉਚਾਈ 'ਤੇ ਸਥਿਤ ਹੈ ਕਿ ਉੱਥੇ ਸਾਹ ਲੈਣਾ ਵੀ ਇੱਕ ਚੁਣੌਤੀ ਬਣ ਜਾਂਦਾ ਹੈ? ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਸਟੇਸ਼ਨ ਤਾਂਗੁਲਾ (Tanggula) ਦੀ। ਆਓ ਜਾਣਦੇ ਹਾਂ ਇਸ ਸਟੇਸ਼ਨ 'ਚ ਕੀ ਖ਼ਾਸ ਹੈ।
ਕਿੱਥੇ ਸਥਿਤ ਹੈ ਇਹ ਅਨੋਖਾ ਸਟੇਸ਼ਨ?
ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਤਾਂਗੁਲਾ ਚੀਨ ਦੇ ਤਿੱਬਤੀ ਇਲਾਕੇ 'ਚ ਸਥਿਤ ਹੈ। ਇਹ ਸਟੇਸ਼ਨ ਸਮੁੰਦਰ ਤਲ ਤੋਂ ਲਗਪਗ 16,627 ਫੁੱਟ ਦੀ ਹੈਰਾਨ ਕਰ ਦੇਣ ਵਾਲੀ ਉਚਾਈ 'ਤੇ ਬਣਿਆ ਹੋਇਆ ਹੈ। ਇੰਨੀ ਉਚਾਈ 'ਤੇ ਹੋਣ ਕਾਰਨ ਇੱਥੇ ਹਮੇਸ਼ਾ ਕੜਾਕੇ ਦੀ ਠੰਢ ਰਹਿੰਦੀ ਹੈ ਅਤੇ ਇਹ ਇਲਾਕਾ ਬਰਫ਼ੀਲੀਆਂ ਪਹਾੜੀ ਚੋਟੀਆਂ ਨਾਲ ਘਿਰਿਆ ਰਹਿੰਦਾ ਹੈ।
ਕਿੰਗਹਾਈ-ਤਿੱਬਤ ਰੇਲਵੇ ਲਾਈਨ ਦਾ ਕਮਾਲ
ਇਹ ਸਟੇਸ਼ਨ ਕਿੰਗਹਾਈ-ਤਿੱਬਤ ਰੇਲਵੇ ਰੂਟ ਦਾ ਹਿੱਸਾ ਹੈ। ਲਗਪਗ 1,956 ਕਿਲੋਮੀਟਰ ਲੰਬੀ ਇਹ ਰੇਲਵੇ ਲਾਈਨ ਚੀਨ ਦੇ ਕਿੰਗਹਾਈ ਸੂਬੇ ਦੇ ਗੋਲਮੁਡ ਸ਼ਹਿਰ ਨੂੰ ਤਿੱਬਤ ਦੀ ਰਾਜਧਾਨੀ ਲਹਾਸਾ ਨਾਲ ਜੋੜਦੀ ਹੈ। ਇਹ ਰੇਲਵੇ ਲਾਈਨ ਤਿੱਬਤ ਨੂੰ ਚੀਨ ਦੇ ਬਾਕੀ ਹਿੱਸਿਆਂ ਨਾਲ ਸਿੱਧੇ ਤੌਰ 'ਤੇ ਜੋੜਨ ਵਾਲਾ ਪਹਿਲਾ ਰੇਲ ਪ੍ਰਾਜੈਕਟ ਹੈ ਅਤੇ ਇਸ ਨੂੰ ਇੰਜੀਨੀਅਰਿੰਗ ਦੀ ਦੁਨੀਆ 'ਚ ਇੱਕ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ। ਤਾਂਗੁਲਾ ਪਹਾੜਾਂ ਵਿਚਕਾਰ ਬਣੇ ਇਸ ਸਟੇਸ਼ਨ ਨੂੰ 'ਡਾਂਗਲਾ' ਰੇਲਵੇ ਸਟੇਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਸਾਹ ਲੈਣ ਲਈ ਰੇਲਗੱਡੀ 'ਚ ਕੀਤਾ ਗਿਆ ਹੈ ਖ਼ਾਸ ਇੰਤਜ਼ਾਮ
ਇੰਨੀ ਉਚਾਈ 'ਤੇ ਹਵਾ ਬਹੁਤ ਪਤਲੀ ਹੁੰਦੀ ਹੈ ਅਤੇ ਆਕਸੀਜਨ ਦੀ ਭਾਰੀ ਕਮੀ ਮਹਿਸੂਸ ਹੁੰਦੀ ਹੈ। ਯਾਤਰੀਆਂ ਨੂੰ ਸਾਹ ਲੈਣ 'ਚ ਕੋਈ ਦਿੱਕਤ ਨਾ ਆਵੇ, ਇਸ ਲਈ ਇੱਥੋਂ ਲੰਘਣ ਵਾਲੀ ਹਰ ਰੇਲਗੱਡੀ 'ਚ ਇੱਕ ਖ਼ਾਸ ਸਹੂਲਤ ਦਿੱਤੀ ਗਈ ਹੈ। ਰੇਲਗੱਡੀ ਦੀ ਹਰ ਸੀਟ ਦੇ ਉੱਪਰ ਆਕਸੀਜਨ ਸਪਲਾਈ ਸਿਸਟਮ ਲੱਗਿਆ ਹੁੰਦਾ ਹੈ, ਜਿਸ ਦੀ ਵਰਤੋਂ ਯਾਤਰੀ ਲੋੜ ਪੈਣ 'ਤੇ ਕਰ ਸਕਦੇ ਹਨ। ਇਸ ਆਕਸੀਜਨ ਸਹੂਲਤ ਤੋਂ ਬਿਨਾਂ ਇਸ ਉੱਚੇ ਅਤੇ ਦੁਰਗਮ ਰਸਤੇ 'ਤੇ ਸਫ਼ਰ ਕਰਨਾ ਕਾਫ਼ੀ ਮੁਸ਼ਕਲ ਹੋ ਸਕਦਾ ਹੈ।
ਇੱਥੇ ਕੋਈ ਯਾਤਰੀ ਨਹੀਂ ਉਤਰਦਾ
ਸ਼ਾਇਦ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਹੋਣ ਦੇ ਬਾਵਜੂਦ ਇੱਥੇ ਕੋਈ ਵੀ ਯਾਤਰੀ ਨਾ ਤਾਂ ਰੇਲਗੱਡੀ 'ਚ ਸਵਾਰ ਹੋ ਸਕਦਾ ਹੈ ਅਤੇ ਨਾ ਹੀ ਉਤਰ ਸਕਦਾ ਹੈ। ਦਰਅਸਲ, 2010 ਤੋਂ ਪਹਿਲਾਂ ਇੱਥੋਂ ਯਾਤਰੀ ਰੇਲਗੱਡੀਆਂ ਲੰਘਦੀਆਂ ਹੀ ਨਹੀਂ ਸਨ। ਅੱਜ ਵੀ ਇਸ ਸਟੇਸ਼ਨ ਦੀ ਵਰਤੋਂ ਮੁੱਖ ਤੌਰ 'ਤੇ ਤਕਨੀਕੀ ਜਾਂਚ ਅਤੇ ਰੇਲਵੇ ਸੰਚਾਲਨ ਨਾਲ ਜੁੜੇ ਕੰਮਾਂ ਲਈ ਕੀਤੀ ਜਾਂਦੀ ਹੈ।
ਬਿਨਾਂ ਸਟਾਫ਼ ਦੇ ਚੱਲਦਾ ਹੈ ਇਹ ਸ਼ਾਂਤ ਸਟੇਸ਼ਨ
ਇਹ ਸਟੇਸ਼ਨ ਬਿਨਾਂ ਕਿਸੇ ਸਥਾਈ ਸਟਾਫ਼ ਦੇ ਕੰਮ ਕਰਦਾ ਹੈ। ਇੱਥੇ ਭੀੜ-ਭੜੱਕਾ ਜਾਂ ਰੌਲਾ-ਰੱਪਾ ਨਾ ਹੋਣ ਕਾਰਨ ਅਦਭੁੱਤ ਸ਼ਾਂਤੀ ਰਹਿੰਦੀ ਹੈ। ਜਦੋਂ ਰੇਲਗੱਡੀ ਇੱਥੋਂ ਲੰਘਦੀ ਹੈ ਤਾਂ ਯਾਤਰੀਆਂ ਨੂੰ ਦੂਰ-ਦੂਰ ਤੱਕ ਫੈਲੇ ਹਰੇ ਮੈਦਾਨਾਂ ਅਤੇ ਬਰਫ਼ ਨਾਲ ਢਕੇ ਪਹਾੜਾਂ ਦਾ ਅਜਿਹਾ ਸ਼ਾਂਤ ਅਤੇ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ, ਜੋ ਉਨ੍ਹਾਂ ਦੀਆਂ ਯਾਦਾਂ 'ਚ ਹਮੇਸ਼ਾ ਲਈ ਵੱਸ ਜਾਂਦਾ ਹੈ।