- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀਆਂ ਦਾ ਮੌਸਮ ਪੰਜਾਬ ਦੀਆਂ ਝੀਲਾਂ, ਦਰਿਆਵਾਂ, ਡੈਮਾਂ ਤੇ ਹੋਰ ਜਲਗਾਹਾਂ ਲਈ ਵਿਸ਼ੇਸ਼ ਰੌਣਕ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਇੱਥੋਂ ਦੇ ਪਾਣੀ ਦੇ ਸਰੋਤਾਂ ’ਤੇ ਅਜਿਹੇ ਪੰਛੀ ਵੀ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਨੂੰ ਸਾਲ ਦੇ ਬਾਕੀ ਮਹੀਨਿਆਂ ਦੌਰਾਨ ਦੇਖਣਾ ਆਮ ਨਹੀਂ ਹੁੰਦਾ। ਇਹ ਪੰਛੀ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਦੇਸ਼ਾਂ ਤੇ ਖੇਤਰਾਂ ਤੋਂ ਲੰਮੀ ਉਡਾਣ ਭਰ ਕੇ ਪੰਜਾਬ ਪਹੁੰਚਦੇ ਹਨ।

ਸਰਦੀਆਂ ਦਾ ਮੌਸਮ ਪੰਜਾਬ ਦੀਆਂ ਝੀਲਾਂ, ਦਰਿਆਵਾਂ, ਡੈਮਾਂ ਤੇ ਹੋਰ ਜਲਗਾਹਾਂ ਲਈ ਵਿਸ਼ੇਸ਼ ਰੌਣਕ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਇੱਥੋਂ ਦੇ ਪਾਣੀ ਦੇ ਸਰੋਤਾਂ ’ਤੇ ਅਜਿਹੇ ਪੰਛੀ ਵੀ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਨੂੰ ਸਾਲ ਦੇ ਬਾਕੀ ਮਹੀਨਿਆਂ ਦੌਰਾਨ ਦੇਖਣਾ ਆਮ ਨਹੀਂ ਹੁੰਦਾ। ਇਹ ਪੰਛੀ ਹਜ਼ਾਰਾਂ ਕਿਲੋਮੀਟਰ ਦੂਰ ਸਥਿਤ ਦੇਸ਼ਾਂ ਤੇ ਖੇਤਰਾਂ ਤੋਂ ਲੰਮੀ ਉਡਾਣ ਭਰ ਕੇ ਪੰਜਾਬ ਪਹੁੰਚਦੇ ਹਨ। ਇਨ੍ਹਾਂ ਦੀ ਆਮਦ ਨਾਲ ਜਲਗਾਹਾਂ ਵਿਚ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਦਾ ਇਕੱਠ ਨਜ਼ਰ ਆਉਂਦਾ ਹੈ ਤੇ ਕੁਦਰਤ ਦੀ ਅਜਿਹੀ ਗਤੀਵਿਧੀ ਸਾਹਮਣੇ ਆਉਂਦੀ ਹੈ, ਜੋ ਸਰਹੱਦਾਂ ਤੇ ਦੇਸ਼ਾਂ ਦੀਆਂ ਹੱਦਾਂ ਤੋਂ ਕਿਤੇ ਵੱਡੀ ਹੈ।
ਪੰਛੀਆਂ ਦਾ ਇਹ ਮੌਸਮੀ ਆਉਣਾ-ਜਾਣਾ ਪਰਵਾਸ ਕਹਾਉਂਦਾ ਹੈ। ਇਸ ਦੇ ਪਿੱਛੇ ਮੁੱਖ ਕਾਰਨ ਮੌਸਮ ਤੇ ਖ਼ੁਰਾਕ ਦੀ ਉਪਲੱਬਧਤਾ ਹੈ। ਉੱਤਰੀ ਏਸ਼ੀਆ ਤੇ ਯੂਰਪ ਦੇ ਕਈ ਖੇਤਰਾਂ ਵਿਚ ਸਰਦੀਆਂ ਦੌਰਾਨ ਤਾਪਮਾਨ ਬਹੁਤ ਹੇਠਾਂ ਚਲਾ ਜਾਂਦਾ ਹੈ। ਕਈ ਝੀਲਾਂ ਤੇ ਪਾਣੀ ਦੇ ਸਰੋਤ ਜੰਮ ਜਾਂਦੇ ਹਨ, ਜਦੋਂਕਿ ਬਰਫ਼ਬਾਰੀ ਕਾਰਨ ਖ਼ੁਰਾਕ ਲੱਭਣੀ ਵੀ ਔਖੀ ਹੋ ਜਾਂਦੀ ਹੈ। ਅਜਿਹੇ ਹਾਲਾਤ ਵਿਚ ਕਈ ਪੰਛੀ ਘੱਟ ਠੰਢ ਵਾਲੇ ਦੱਖਣੀ ਖੇਤਰਾਂ ਵੱਲ ਉਡਾਣ ਭਰਦੇ ਹਨ। ਪੰਜਾਬ ਦਾ ਮੌਸਮ ਇੱਥੋਂ ਦੀਆਂ ਜਲਗਾਹਾਂ, ਦਰਿਆਈ ਖੇਤਰ ਤੇ ਖ਼ੁਰਾਕ ਦੇ ਸਰੋਤ ਇਨ੍ਹਾਂ ਲਈ ਕੁਝ ਮਹੀਨਿਆਂ ਦਾ ਢੁੱਕਵਾਂ ਆਸਰਾ ਬਣਦੇ ਹਨ। ਇਨ੍ਹਾਂ ਦੀ ਆਮਦ ਸਿਰਫ਼ ਕੁਦਰਤੀ ਸੁੰਦਰਤਾ ਵਿਚ ਵਾਧਾ ਨਹੀਂ ਕਰਦੀ ਸਗੋਂ ਜਲਗਾਹਾਂ ਦੀ ਵਾਤਾਵਰਣਕ ਮਹੱਤਤਾ ਨੂੰ ਵੀ ਸਾਹਮਣੇ ਲਿਆਉਂਦੀ ਹੈ। ਕਿਸੇ ਜਲਗਾਹ ’ਤੇ ਪੰਛੀਆਂ ਦੀਆਂ ਕਿੰਨੀਆਂ ਕਿਸਮਾਂ ਪਹੁੰਚਦੀਆਂ ਹਨ, ਉਨ੍ਹਾਂ ਦੀ ਗਿਣਤੀ ’ਚ ਕਿਹੋ ਜਿਹੀ ਤਬਦੀਲੀ ਆਉਂਦੀ ਹੈ ਤੇ ਉਹ ਕਿੰਨਾ ਸਮਾਂ ਉੱਥੇ ਰਹਿੰਦੇ ਹਨ, ਇਹ ਸਭ ਗੱਲਾਂ ਉਸ ਖੇਤਰ ਦੇ ਕੁਦਰਤੀ ਵਾਤਾਵਰਣ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ।
ਕਿਹੜੇ ਦੇਸ਼ਾਂ ਤੋਂ ਆਉਂਦੇ ਹਨ ਪ੍ਰਵਾਸੀ ਪੰਛੀ?
ਪੰਜਾਬ ਵਿਚ ਸਰਦੀਆਂ ਬਿਤਾਉਣ ਲਈ ਆਉਣ ਵਾਲੇ ਪੰਛੀਆਂ ’ਚੋਂ ਬਹੁਤ ਸਾਰੀਆਂ ਪ੍ਰਜਾਤੀਆਂ ਦਾ ਸਬੰਧ ਰੂਸ, ਸਾਇਬੇਰੀਆ, ਕਜ਼ਾਖ਼ਸਿਤਾਨ, ਮੰਗੋਲੀਆ, ਉਜ਼ਬੇਕਿਸਤਾਨ, ਮੱਧ ਏਸ਼ੀਆ ਤੇ ਉੱਤਰੀ ਯੂਰਪ ਦੇ ਵੱਖ-ਵੱਖ ਇਲਾਕਿਆਂ ਨਾਲ ਹੈ। ਇਨ੍ਹਾਂ ਵਿੱਚੋਂ ਕਈ ਪੰਛੀ ਗਰਮੀਆਂ ’ਚ ਉੱਤਰੀ ਖੇਤਰਾਂ ਵਿਚ ਪ੍ਰਜਣਨ ਕਰਦੇ ਹਨ ਅਤੇ ਸਰਦੀ ਸ਼ੁਰੂ ਹੋਣ ’ਤੇ ਦੱਖਣ ਵੱਲ ਆ ਜਾਂਦੇ ਹਨ। ਪੰਛੀਆਂ ਦੀ ਇਸ ਆਵਾਜਾਈ ਲਈ ਕਈ ਨਿਰਧਾਰਤ ਉਡਾਣ ਮਾਰਗ ਹਨ। ਪੰਜਾਬ ਤੇ ਉੱਤਰੀ ਭਾਰਤ ਤੱਕ ਪਹੁੰਚਣ ਵਾਲੇ ਕਈ ਪੰਛੀ ਮੱਧ ਏਸ਼ਿਆਈ ਉਡਾਣ ਮਾਰਗ ਦੀ ਵਰਤੋਂ ਕਰਦੇ ਹਨ। ਇਹ ਮਾਰਗ ਉੱਤਰੀ ਤੇ ਮੱਧ ਏਸ਼ੀਆ ਦੇ ਖੇਤਰਾਂ ਨੂੰ ਦੱਖਣੀ ਏਸ਼ੀਆ ਨਾਲ ਜੋੜਦਾ ਹੈ। ਇਸ ਯਾਤਰਾ ਦੌਰਾਨ ਪੰਛੀ ਰਸਤੇ ਵਿਚ ਪੈਂਦੀਆਂ ਝੀਲਾਂ, ਦਰਿਆਵਾਂ ਤੇ ਹੋਰ ਜਲਗਾਹਾਂ ’ਤੇ ਰੁਕ ਕੇ ਆਰਾਮ ਕਰਦੇ ਤੇ ਖ਼ੁਰਾਕ ਪ੍ਰਾਪਤ ਕਰਦੇ ਹਨ। ਇਸ ਕਰਕੇ ਕਿਸੇ ਇਕ ਜਲਗਾਹ ਦੀ ਸਥਿਤੀ ਵਿਚ ਆਉਣ ਵਾਲਾ ਬਦਲਾਅ ਦੂਰ-ਦੁਰਾਡੇ ਤੋਂ ਆਉਣ ਵਾਲੇ ਪੰਛੀਆਂ ਦੀ ਯਾਤਰਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
.jpg)
ਪੰਜਾਬ ਦੀਆਂ ਜਲਗਾਹਾਂ ’ਤੇ ਪਹੁੰਚਦੀਆਂ ਕਿਹੜੀਆਂ ਪ੍ਰਜਾਤੀਆਂ
ਸਰਦੀਆਂ ਦੌਰਾਨ ਪੰਜਾਬ ਦੀਆਂ ਜਲਗਾਹਾਂ ਵਿਚ ਬੱਤਖਾਂ, ਹੰਸ, ਕਰੇਨਾਂ, ਗ੍ਰੀਬਜ਼ ਤੇ ਹੋਰ ਕਈ ਕਿਸਮਾਂ ਦੇ ਜਲ ਪੰਛੀ ਦੇਖੇ ਜਾਂਦੇ ਹਨ। ਇਨ੍ਹਾਂ ਵਿਚ ਬਾਰ-ਹੈੱਡਡ ਗੀਜ਼, ਗ੍ਰੇਲੈਗ ਗੀਜ਼, ਨਾਰਦਰਨ ਸ਼ੋਵਲਰ, ਗੈਡਵਾਲ, ਕਾਮਨ ਪੋਚਰਡ, ਕਾਮਨ ਟੀਲ, ਨਾਰਦਰਨ ਪਿੰਟੇਲ, ਮੈਲਾਰਡ ਅਤੇ ਰੱਡੀ ਸ਼ੈਲਡਕ ਵਰਗੀਆਂ ਪ੍ਰਜਾਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਪਾਈਡ ਐਵੋਸੈੱਟ, ਬਲੈਕ-ਟੇਲਡ ਗੌਡਵਿਟ, ਯੂਰੇਸ਼ੀਅਨ ਕੂਟ, ਫੈਰੂਜੀਨਸ ਪੋਚਰਡ, ਡੈਮੋਇਜ਼ੈਲ ਕਰੇਨ ਤੇ ਹੋਰ ਜਲ ਪੰਛੀਆਂ ਦੀਆਂ ਕਿਸਮਾਂ ਵੀ ਵੱਖ-ਵੱਖ ਜਲਗਾਹਾਂ ’ਤੇ ਵੇਖੀਆਂ ਜਾ ਸਕਦੀਆਂ ਹਨ। ਹਰ ਪ੍ਰਜਾਤੀ ਦੀ ਖ਼ੁਰਾਕ ਤੇ ਰਹਿਣ ਦਾ ਢੰਗ ਵੱਖਰਾ ਹੁੰਦਾ ਹੈ। ਕੁਝ ਪੰਛੀ ਪਾਣੀ ਦੀ ਸਤ੍ਹਾ ਤੋਂ ਖ਼ੁਰਾਕ ਲੈਂਦੇ ਹਨ, ਕੁਝ ਪਾਣੀ ਵਿਚ ਡੁਬਕੀ ਲਗਾ ਕੇ ਮੱਛੀਆਂ ਅਤੇ ਹੋਰ ਜਲ-ਜੀਵ ਲੱਭਦੇ ਹਨ, ਜਦੋਂਕਿ ਕੁਝ ਪੰਛੀ ਦਲਦਲੀ ਜ਼ਮੀਨ ਵਿੱਚੋਂ ਕੀੜੇ-ਮਕੌੜੇ ਤੇ ਹੋਰ ਖ਼ੁਰਾਕ ਪ੍ਰਾਪਤ ਕਰਦੇ ਹਨ।
ਬਾਰ-ਹੈੱਡਡ ਗੀਜ਼ ਖ਼ਾਸ ਤੌਰ ’ਤੇ ਆਪਣੀ ਲੰਮੀ ਤੇ ਉਚਾਈ ਵਾਲੀ ਉਡਾਣ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੀ ਹਿਮਾਲਿਆ ਦੇ ਉੱਚੇ ਪਹਾੜੀ ਖੇਤਰਾਂ ਤੋਂ ਲੰਘਣ ਦੀ ਸਮਰੱਥਾ ਪੰਛੀ ਵਿਗਿਆਨੀਆਂ ਲਈ ਦਿਲਚਸਪੀ ਦਾ ਵਿਸ਼ਾ ਰਹੀ ਹੈ। ਇਸੇ ਤਰ੍ਹਾਂ ਗ੍ਰੇਲੈਗ ਗੀਜ਼ ਤੇ ਵੱਖ-ਵੱਖ ਕਿਸਮਾਂ ਦੀਆਂ ਬੱਤਖਾਂ ਵੀ ਪੰਜਾਬ ਦੀਆਂ ਜਲਗਾਹਾਂ ਵਿਚ ਸਰਦੀਆਂ ਦੌਰਾਨ ਵੱਡੀ ਗਿਣਤੀ ’ਚ ਦੇਖੀਆਂ ਜਾਂਦੀਆਂ ਹਨ।
ਜਲਗਾਹਾਂ ਬਣਦੀਆਂ ਵਿਦੇਸ਼ੀ ਮਹਿਮਾਨਾਂ ਦਾ ਆਸਰਾ
ਪੰਜਾਬ ਵਿਚ ਦਰਿਆਵਾਂ, ਡੈਮਾਂ, ਝੀਲਾਂ ਤੇ ਦਲਦਲੀ ਖੇਤਰਾਂ ਦੀ ਮੌਜੂਦਗੀ ਕਾਰਨ ਪੰਛੀਆਂ ਲਈ ਕਈ ਤਰ੍ਹਾਂ ਦੇ ਕੁਦਰਤੀ ਆਵਾਸ ਉਪਲੱਬਧ ਹਨ। ਇਨ੍ਹਾਂ ਵਿੱਚੋਂ ਕੁਝ ਜਲਗਾਹਾਂ ਕੌਮਾਂਤਰੀ ਪੱਧਰ ’ਤੇ ਵੀ ਮਹੱਤਵ ਰੱਖਦੀਆਂ ਹਨ।
ਹਰੀਕੇ ਪੱਤਣ : ਸਤਲੁਜ ਤੇ ਬਿਆਸ ਦਰਿਆਵਾਂ ਦੇ ਸੰਗਮ ਨੇੜੇ ਸਥਿਤ ਹਰੀਕੇ ਜਲਗਾਹ ਪੰਜਾਬ ਦੀਆਂ ਸਭ ਤੋਂ ਮਹੱਤਵਪੂਰਨ ਜਲਗਾਹਾਂ ਵਿੱਚੋਂ ਇਕ ਹੈ। ਲਗਪਗ 86 ਵਰਗ ਕਿਲੋਮੀਟਰ ਖੇਤਰ ਵਿਚ ਫੈਲਿਆ ਇਹ ਜਲ-ਖੇਤਰ ਪਾਣੀ ਦੇ ਪੰਛੀਆਂ ਲਈ ਮਹੱਤਵਪੂਰਨ ਆਵਾਸ ਹੈ। ਇੱਥੇ ਲਗਪਗ 375 ਪੰਛੀ ਪ੍ਰਜਾਤੀਆਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ ਸਥਾਨਕ ਤੇ ਲੰਮੀ ਦੂਰੀ ਤੋਂ ਆਉਣ ਵਾਲੇ ਪਰਵਾਸੀ ਪੰਛੀ ਦੋਵੇਂ ਸ਼ਾਮਲ ਹਨ। ਸਰਦੀਆਂ ਦੌਰਾਨ ਇੱਥੇ ਬੱਤਖਾਂ, ਹੰਸਾਂ ਤੇ ਹੋਰ ਜਲ ਪੰਛੀਆਂ ਦੀ ਵੱਡੀ ਗਿਣਤੀ ਪਹੁੰਚਦੀ ਹੈ। ਹਰੀਕੇ ਦੀ ਮਹੱਤਤਾ ਸਿਰਫ਼ ਪੰਛੀਆਂ ਤੱਕ ਸੀਮਤ ਨਹੀਂ, ਇੱਥੇ ਮੱਛੀਆਂ, ਕੱਛੂਆਂ ਤੇ ਹੋਰ ਜਲ-ਜੀਵਾਂ ਦੀਆਂ ਕਿਸਮਾਂ ਵੀ ਮਿਲਦੀਆਂ ਹਨ।
ਕੇਸ਼ੋਪੁਰ-ਮਿਆਣੀ ਜਲਗਾਹ: ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਕੇਸ਼ੋਪੁਰ-ਮਿਆਣੀ ਜਲਗਾਹ ਪੰਛੀਆਂ ਦੀ ਵਿਭਿੰਨਤਾ ਤੇ ਭਾਈਚਾਰਕ ਸੰਭਾਲ ਦੇ ਮਾਡਲ ਕਰਕੇ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਨੂੰ ਭਾਰਤ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਹੋਣ ਦਾ ਮਾਣ ਪ੍ਰਾਪਤ ਹੈ। ਇੱਥੋਂ ਦੇ ਛੱਪੜਾਂ, ਦਲਦਲੀ ਖੇਤਰਾਂ ਤੇ ਪਾਣੀ ਵਾਲੀਆਂ ਥਾਵਾਂ ਵਿਚ ਸਰਦੀਆਂ ਦੌਰਾਨ ਕਈ ਪਰਵਾਸੀ ਪੰਛੀ ਆਉਂਦੇ ਹਨ। ਇਸ ਖੇਤਰ ਵਿਚ ਕਾਮਨ ਕਰੇਨ ਵਰਗੇ ਪੰਛੀਆਂ ਦੀ ਮੌਜੂਦਗੀ ਵੀ ਦਰਜ ਕੀਤੀ ਗਈ ਹੈ।
ਰੂਪਨਗਰ ਜਲਗਾਹ : ਸਤਲੁਜ ਦਰਿਆ ਨਾਲ ਜੁੜੀ ਰੂਪਨਗਰ ਜਲਗਾਹ ਵੀ ਪੰਜਾਬ ਦੇ ਮਹੱਤਵਪੂਰਨ ਪੰਛੀ ਆਵਾਸਾਂ ਵਿਚ ਸ਼ਾਮਲ ਹੈ। ਇੱਥੇ ਪਾਣੀ ਦੇ ਖੁੱਲ੍ਹੇ ਖੇਤਰ, ਦਰਿਆਈ ਕੰਢੇ ਤੇ ਕੁਦਰਤੀ ਬਨਸਪਤੀ ਕਈ ਪ੍ਰਜਾਤੀਆਂ ਨੂੰ ਆਸਰਾ ਦਿੰਦੇ ਹਨ। ਸਰਦੀਆਂ ’ਚ ਇੱਥੇ ਵੱਖ-ਵੱਖ ਕਿਸਮਾਂ ਦੀਆਂ ਬੱਤਖਾਂ ਤੇ ਹੋਰ ਜਲ ਪੰਛੀ ਦੇਖੇ ਜਾਂਦੇ ਹਨ।
ਨੰਗਲ ਡੈਮ ਤੇ ਨੰਗਲ ਵੈਟਲੈਂਡ: ਪੰਜਾਬ ਵਿਚ ਪਰਵਾਸੀ ਪੰਛੀਆਂ ਦੀ ਆਮਦ ਦੀ ਗੱਲ ਕਰਦਿਆਂ ਨੰਗਲ ਡੈਮ ਦਾ ਜ਼ਿਕਰ ਵੀ ਖ਼ਾਸ ਤੌਰ ’ਤੇ ਕਰਨਾ ਬਣਦਾ ਹੈ। ਸਤਲੁਜ ਦਰਿਆ ’ਤੇ ਬਣਿਆ ਨੰਗਲ ਡੈਮ ਸ਼ਿਵਾਲਿਕ ਪਹਾੜੀਆਂ ਦੇ ਨੇੜੇ ਸਥਿਤ ਹੈ। ਇਸ ਦਾ ਜਲ ਭੰਡਾਰ ਤੇ ਆਲੇ-ਦੁਆਲੇ ਦਾ ਕੁਦਰਤੀ ਖੇਤਰ ਪੰਛੀਆਂ ਲਈ ਪਾਣੀ, ਖ਼ੁਰਾਕ ਤੇ ਰਹਿਣ ਦੀਆਂ ਢੁੱਕਵੀਆਂ ਸਥਿਤੀਆਂ ਮੁਹੱਈਆ ਕਰਵਾਉਂਦਾ ਹੈ। ਸਰਦੀਆਂ ਦੌਰਾਨ ਇੱਥੇ ਬੱਤਖਾਂ, ਹੰਸਾਂ ਤੇ ਹੋਰ ਜਲ ਪੰਛੀਆਂ ਦੀ ਮੌਜੂਦਗੀ ਵੇਖੀ ਜਾਂਦੀ ਹੈ।
ਨੰਗਲ ਵੈਟਲੈਂਡ ਨੂੰ ਵੀ ਇਸ ਖੇਤਰ ਦੀ ਵਾਤਾਵਰਣਕ ਮਹੱਤਤਾ ਦੇ ਪੱਖੋਂ ਅਹਿਮ ਮੰਨਿਆ ਜਾਂਦਾ ਹੈ। ਸਰਕਾਰੀ ਰਾਮਸਰ ਰਿਕਾਰਡ ਅਨੁਸਾਰ ਨੰਗਲ ਵਾਈਲਡਲਾਈਫ ਸੈਂਚੁਰੀ ਦਾ ਦਰਜ ਖੇਤਰਫਲ 116 ਹੈਕਟੇਅਰ ਹੈ। ਨੰਗਲ ਡੈਮ ਦੇ ਜਲ ਭੰਡਾਰ ਅਤੇ ਨੰਗਲ ਵੈਟਲੈਂਡ ਨੂੰ ਆਪਸ ਵਿਚ ਜਲ ਪ੍ਰਣਾਲੀ ਦੇ ਪੱਖੋਂ ਜੁੜੇ ਖੇਤਰ ਵਜੋਂ ਸਮਝਿਆ ਜਾ ਸਕਦਾ ਹੈ ਪਰ ਦੋਵਾਂ ਦੀ ਭੂਗੋਲਿਕ ਪਛਾਣ ਤੇ ਸਰਕਾਰੀ ਹੱਦਬੰਦੀ ਨੂੰ ਵੱਖਰਾ ਰੱਖਣਾ ਜ਼ਰੂਰੀ ਹੈ।
ਕਾਂਜਲੀ ਜਲਗਾਹ : ਕਪੂਰਥਲਾ ਨੇੜੇ ਕਾਲੀ ਬੇਈਂ ਨਾਲ ਜੁੜੀ ਕਾਂਜਲੀ ਜਲਗਾਹ ਵੀ ਪੰਛੀਆਂ ਲਈ ਅਹਿਮ ਕੁਦਰਤੀ ਸਥਾਨ ਹੈ। ਪਾਣੀ ਅਤੇ ਇਸ ਦੇ ਆਲੇ-ਦੁਆਲੇ ਮੌਜੂਦ ਬਨਸਪਤੀ ਕਈ ਜਲ ਪੰਛੀਆਂ ਨੂੰ ਰਹਿਣ ਅਤੇ ਖ਼ੁਰਾਕ ਲੱਭਣ ਦਾ ਮੌਕਾ ਦਿੰਦੀ ਹੈ। ਸਰਦੀਆਂ ਦੌਰਾਨ ਇੱਥੇ ਵੀ ਪਰਵਾਸੀ ਪੰਛੀਆਂ ਦੀ ਆਮਦ ਹੁੰਦੀ ਹੈ।
ਬਿਆਸ ਦਰਿਆ ਸੰਰਖਣ ਖੇਤਰ : ਬਿਆਸ ਦਰਿਆ ਦਾ ਲੰਮਾ ਕੁਦਰਤੀ ਵਹਾਅ, ਰੇਤਲੇ ਟਾਪੂ, ਦਰਿਆਈ ਕੰਢੇ ਤੇ ਪਾਣੀ ਨਾਲ ਜੁੜਿਆ ਜੀਵ-ਜਗਤ ਇਸ ਖੇਤਰ ਨੂੰ ਵਾਤਾਵਰਣਕ ਪੱਖੋਂ ਬਹੁਤ ਮਹੱਤਵਪੂਰਨ ਬਣਾਉਂਦੇ ਹਨ। ਇੱਥੇ ਪੰਛੀਆਂ ਦੀਆਂ ਕਈ ਕਿਸਮਾਂ ਦੇ ਨਾਲ ਮੱਛੀਆਂ ਅਤੇ ਹੋਰ ਜਲ-ਜੀਵ ਵੀ ਮਿਲਦੇ ਹਨ। ਬਿਆਸ ਦਰਿਆ ਦਾ ਇਹ ਸੰਰਖਣ ਖੇਤਰ ਸਿਰਫ਼ ਪੰਛੀਆਂ ਲਈ ਹੀ ਨਹੀਂ ਸਗੋਂ ਖ਼ਤਰੇ ਵਿਚ ਪਈਆਂ ਹੋਰ ਜਲ-ਜੀਵ ਪ੍ਰਜਾਤੀਆਂ ਲਈ ਵੀ ਅਹਿਮ ਹੈ।
ਇਸ ਤੋਂ ਇਲਾਵਾ ਰਣਜੀਤ ਸਾਗਰ ਜਲ ਭੰਡਾਰ, ਸ਼ਾਲਾ ਪੱਤਣ, ਨਹਿਰਾਂ ਦੇ ਕੰਢੇ ਤੇ ਪਿੰਡਾਂ ਦੇ ਛੱਪੜ ਵੀ ਪੰਛੀਆਂ ਦੀ ਆਵਾਜਾਈ ਤੇ ਆਰਜ਼ੀ ਠਹਿਰਾਓ ਲਈ ਮਹੱਤਵ ਰੱਖਦੇ ਹਨ। ਹਰ ਜਲਗਾਹ ਦਾ ਆਪਣਾ ਕੁਦਰਤੀ ਸਰੂਪ ਹੁੰਦਾ ਹੈ ਤੇ ਇਸੇ ਅਨੁਸਾਰ ਉੱਥੇ ਮਿਲਣ ਵਾਲੇ ਪੰਛੀਆਂ ਦੀਆਂ ਕਿਸਮਾਂ ’ਚ ਵੀ ਫ਼ਰਕ ਹੋ ਸਕਦਾ ਹੈ।
ਮਾਰਚ ਤੱਕ ਹੁੰਦਾ ਵਾਪਸੀ ਦਾ ਸਿਲਸਿਲਾ
ਪੰਜਾਬ ਵਿਚ ਪਰਵਾਸੀ ਪੰਛੀਆਂ ਦੀ ਆਮਦ ਆਮ ਤੌਰ ’ਤੇ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ’ਚ ਇਨ੍ਹਾਂ ਦੀ ਗਿਣਤੀ ਘੱਟ ਹੁੰਦੀ ਹੈ ਪਰ ਨਵੰਬਰ ਅਤੇ ਦਸੰਬਰ ਦੌਰਾਨ ਵੱਖ-ਵੱਖ ਜਲਗਾਹਾਂ ’ਤੇ ਇਨ੍ਹਾਂ ਦੀ ਮੌਜੂਦਗੀ ਵਧਣ ਲੱਗਦੀ ਹੈ। ਜਨਵਰੀ ਤੇ ਫਰਵਰੀ ਕਈ ਪ੍ਰਜਾਤੀਆਂ ਲਈ ਪੰਜਾਬ ’ਚ ਰਹਿਣ ਦਾ ਮਹੱਤਵਪੂਰਨ ਸਮਾਂ ਹੁੰਦਾ ਹੈ। ਫਰਵਰੀ ਦੇ ਅਖ਼ੀਰ ਤੇ ਮਾਰਚ ਮਹੀਨੇ ਵਿਚ ਜਦੋਂ ਉੱਤਰੀ ਖੇਤਰਾਂ ਦਾ ਮੌਸਮ ਬਦਲਣਾ ਸ਼ੁਰੂ ਹੁੰਦਾ ਹੈ ਤਾਂ ਪੰਛੀ ਆਪਣੇ ਪ੍ਰਜਣਨ ਵਾਲੇ ਇਲਾਕਿਆਂ ਵੱਲ ਪਰਤਣ ਲੱਗਦੇ ਹਨ। ਹਰ ਪ੍ਰਜਾਤੀ ਦੇ ਆਉਣ ਤੇ ਵਾਪਸ ਜਾਣ ਦਾ ਸਮਾਂ ਇੱਕੋ ਜਿਹਾ ਨਹੀਂ ਹੁੰਦਾ। ਕੁਝ ਪੰਛੀ ਲੰਮਾ ਸਮਾਂ ਇੱਥੇ ਰਹਿੰਦੇ ਹਨ, ਜਦੋਂਕਿ ਕੁਝ ਥੋੜ੍ਹੇ ਸਮੇਂ ਲਈ ਕਿਸੇ ਜਲਗਾਹ ’ਤੇ ਰੁਕ ਕੇ ਅੱਗੇ ਦੀ ਯਾਤਰਾ ਜਾਰੀ ਰੱਖਦੇ ਹਨ। ਤਾਪਮਾਨ, ਬਰਫ਼ਬਾਰੀ, ਖ਼ੁਰਾਕ ਦੀ ਉਪਲੱਬਧਤਾ, ਪਾਣੀ ਦੇ ਪੱਧਰ ਤੇ ਜਲਗਾਹਾਂ ਦੀ ਹਾਲਤ ਉਨ੍ਹਾਂ ਦੇ ਠਹਿਰਾਅ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਪਿਛਲੇ ਸਾਲ ਦੇ ਮੁਕਾਬਲੇ ਘੱਟ ਦਰਜ ਹੋਈ ਗਿਣਤੀ
ਪੰਜਾਬ ਦੀਆਂ ਜਲਗਾਹਾਂ ਦੀ ਮਹੱਤਤਾ ਨੂੰ ਸਮਝਣ ਲਈ ਇੱਥੇ ਹੋਣ ਵਾਲੀ ਸਾਲਾਨਾ ਪੰਛੀ ਗਿਣਤੀ ਵੀ ਅਹਿਮ ਹੈ। ਜਨਵਰੀ 2026 ਵਿਚ ਏਸ਼ੀਅਨ ਵਾਟਰਬਰਡ ਸੈਂਸਸ ਦੇ ਨਿਰਧਾਰਤ ਤਰੀਕਿਆਂ ਅਨੁਸਾਰ ਪੰਜਾਬ ਦੀਆਂ ਛੇ ਪ੍ਰਮੁੱਖ ਜਲਗਾਹਾਂ ਵਿਚ ਪੰਛੀਆਂ ਦੀ ਗਿਣਤੀ ਕੀਤੀ ਗਈ। ਇਸ ਸਰਵੇਖਣ ਵਿਚ ਕੁੱਲ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਦਰਜ ਹੋਈ ਪਰ ਪੰਛੀਆਂ ਦੀਆਂ ਦਰਜ ਕੀਤੀਆਂ ਪ੍ਰਜਾਤੀਆਂ ਦੀ ਗਿਣਤੀ ’ਚ ਵਾਧਾ ਸਾਹਮਣੇ ਆਇਆ ਹੈ।
ਜਲਗਾਹ - 2025- 2026 ’ਚ ਦਰਜ ਪੰਛੀ
ਹਰੀਕੇ - 57,251 - 52,707
ਕੇਸ਼ੋਪੁਰ- 13,675 - 10,450
ਰੂਪਨਗਰ - 1,486 - 2,313
ਨੰਗਲ - 2,411 - 3,169
ਰਣਜੀਤ ਸਾਗਰ - 2,500 - 1,867
ਕਾਂਜਲੀ - 449 - 623
ਕੁੱਲ - 77,772 - 71,129
ਅੰਕੜਿਆਂ ਅਨੁਸਾਰ 2025 ਵਿਚ ਇਨ੍ਹਾਂ ਛੇ ਜਲਗਾਹਾਂ ’ਤੇ ਕੁੱਲ 77,772 ਪੰਛੀ ਦਰਜ ਕੀਤੇ ਗਏ ਸਨ, ਜਦੋਂਕਿ 2026 ਵਿਚ ਇਹ ਗਿਣਤੀ 71,129 ਰਹੀ। ਇਸ ਦੇ ਉਲਟ ਪੰਛੀਆਂ ਦੀਆਂ ਦਰਜ ਕੀਤੀਆਂ ਕਿਸਮਾਂ ਦੀ ਗਿਣਤੀ 278 ਤੋਂ ਵਧ ਕੇ 304 ਹੋ ਗਈ। ਹਰੀਕੇ ਤੇ ਕੇਸ਼ੋਪੁਰ ਵਿਚ ਪੰਛੀਆਂ ਦੀ ਗਿਣਤੀ ਘਟੀ, ਜਦੋਂਕਿ ਰੂਪਨਗਰ, ਨੰਗਲ ਤੇ ਕਾਂਜਲੀ ਵਿਚ ਵਾਧਾ ਦਰਜ ਕੀਤਾ ਗਿਆ। ਰਣਜੀਤ ਸਾਗਰ ’ਚ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਪੰਛੀ ਦਰਜ ਹੋਏ। ਇਸ ਸਰਵੇਖਣ ਵਿਚ ਕੇਸ਼ੋਪੁਰ ਜਲਗਾਹ ’ਤੇ 441 ਕਾਮਨ ਕਰੇਨ ਦਰਜ ਕੀਤੇ ਗਏ। ਨੰਗਲ ਵਿਚ 11 ਬਲੈਕ-ਨੇਕਡ ਗ੍ਰੀਬਜ਼ ਦੀ ਮੌਜੂਦਗੀ ਵੀ ਦਰਜ ਹੋਈ, ਜਿਸ ਨੂੰ ਇਸ ਖੇਤਰ ਲਈ ਖ਼ਾਸ ਤੇ ਧਿਆਨਯੋਗ ਰਿਕਾਰਡ ਮੰਨਿਆ ਗਿਆ।
ਸਰਕਾਰੀ ਅਧਿਕਾਰੀਆਂ ਵੱਲੋਂ ਪਿਛਲੇ ਸਾਲ ਪੰਜਾਬ ਦੇ ਕਈ ਹਿੱਸਿਆਂ ਵਿਚ ਆਏ ਹੜ੍ਹਾਂ ਨੂੰ ਕੁਝ ਜਲਗਾਹਾਂ ’ਚ ਪੰਛੀਆਂ ਦੀ ਗਿਣਤੀ ਘਟਣ ਦਾ ਸੰਭਾਵੀ ਕਾਰਨ ਦੱਸਿਆ ਗਿਆ। ਹੜ੍ਹਾਂ ਕਾਰਨ ਜਲਗਾਹਾਂ ਦੀ ਕੁਦਰਤੀ ਬਣਤਰ ਤੇ ਪੰਛੀਆਂ ਦੇ ਆਵਾਸ ਵਿਚ ਤਬਦੀਲੀ ਆ ਸਕਦੀ ਹੈ। ਇਸ ਗਿਣਤੀ ਵਿਚ ਜੰਗਲਾਤ ਵਿਭਾਗ ਦੇ ਨਾਲ ਬੰਬੇ ਨੈਚੁਰਲ ਹਿਸਟਰੀ ਸੋਸਾਇਟੀ, ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ, ਆਈਆਈਐੱਸਈਆਰ, WWF-India, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੇ ਸਥਾਨਕ ਪੰਛੀ ਪ੍ਰੇਮੀਆਂ ਨੇ ਵੀ ਸਹਿਯੋਗ ਦਿੱਤਾ।
ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਏਸ਼ੀਅਨ ਵਾਟਰਬਰਡ ਸੈਂਸਸ ਵਿਚ ਸਿਰਫ਼ ਵਿਦੇਸ਼ਾਂ ਤੋਂ ਆਏ ਪਰਵਾਸੀ ਪੰਛੀਆਂ ਦੀ ਗਿਣਤੀ ਨਹੀਂ ਹੁੰਦੀ ਸਗੋਂ ਜਲਗਾਹਾਂ ’ਤੇ ਮੌਜੂਦ ਸਥਾਨਕ ਤੇ ਹੋਰ ਜਲ ਪੰਛੀ ਵੀ ਇਸ ਵਿਚ ਸ਼ਾਮਲ ਹੁੰਦੇ ਹਨ। ਇਸ ਲਈ ਇਹ ਅੰਕੜੇ ਇਨ੍ਹਾਂ ਜਲਗਾਹਾਂ ਵਿਚ ਦਰਜ ਕੁੱਲ ਜਲ ਪੰਛੀਆਂ ਦੀ ਸਥਿਤੀ ਦਰਸਾਉਂਦੇ ਹਨ। ਇਨ੍ਹਾਂ ਦੀ ਤੁਲਨਾ ਕਰਦਿਆਂ ਸਰਵੇਖਣ ਦਾ ਸਮਾਂ, ਪਾਣੀ ਦਾ ਪੱਧਰ ਤੇ ਉਸ ਸਾਲ ਦੇ ਮੌਸਮੀ ਹਾਲਾਤ ਵੀ ਧਿਆਨ ’ਚ ਰੱਖਣੇ ਚਾਹੀਦੇ ਹਨ।
ਸਰਕਾਰ ਤੇ ਸੰਸਥਾਵਾਂ ਵੱਲੋਂ ਸੰਭਾਲ ਦੇ ਉਪਰਾਲੇ
ਪੰਜਾਬ ਦੀਆਂ ਜਲਗਾਹਾਂ ਦੀ ਸੰਭਾਲ ਲਈ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਪੱਧਰਾਂ ’ਤੇ ਕੰਮ ਕੀਤਾ ਜਾਂਦਾ ਹੈ। ਪੰਛੀਆਂ ਦੀ ਸਾਲਾਨਾ ਗਿਣਤੀ, ਜਲਗਾਹਾਂ ਦੀ ਨਿਗਰਾਨੀ, ਕੁਦਰਤੀ ਆਵਾਸ ਦੀ ਹਾਲਤ ਦਾ ਅਧਿਐਨ ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਇਸ ਕੰਮ ਦੇ ਮਹੱਤਵਪੂਰਨ ਹਿੱਸੇ ਹਨ। ਇਸ ਤੋਂ ਇਲਾਵਾ ਖੋਜ ਸੰਸਥਾਵਾਂ, ਯੂਨੀਵਰਸਿਟੀਆਂ, ਵਾਤਾਵਰਣਕ ਜਥੇਬੰਦੀਆਂ ਤੇ ਸਥਾਨਕ ਪੰਛੀ ਪ੍ਰੇਮੀ ਵੀ ਇਸ ਕੰਮ ਵਿਚ ਭੂਮਿਕਾ ਨਿਭਾਉਂਦੇ ਹਨ। ਜਾਪਾਨ ਦੀ ਅੰਤਰਰਾਸ਼ਟਰੀ ਸਹਿਯੋਗ ਏਜੰਸੀ ਵੱਲੋਂ ਵੀ ਪੰਜਾਬ ਦੇ ਕੁਦਰਤੀ ਸਰੋਤਾਂ ਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਵੱਡੀ ਯੋਜਨਾ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। 27 ਮਾਰਚ 2025 ਨੂੰ ਪੰਜਾਬ ਬਾਇਓਡਾਇਵਰਸਿਟੀ ਐਂਡ ਨੈਚੁਰਲ ਰਿਸੋਰਸਿਜ਼ ਕੰਜ਼ਰਵੇਸ਼ਨ ਪ੍ਰੋਜੈਕਟ ਲਈ 11,480 ਮਿਲੀਅਨ ਜਾਪਾਨੀ ਯੇਨ, ਜੋ ਉਸ ਸਮੇਂ ਲਗਪਗ 669 ਕਰੋੜ ਰੁਪਏ ਦੇ ਬਰਾਬਰ ਸੀ, ਦੇ ਕਰਜ਼ਾ ਸਮਝੌਤੇ ’ਤੇ ਦਸਤਖ਼ਤ ਹੋਏ ਸਨ। ਇਸ ਪ੍ਰੋਜੈਕਟ ਦੇ ਉਦੇਸ਼ਾਂ ਵਿਚ ਜੰਗਲਾਂ ਤੋਂ ਬਾਹਰ ਰੁੱਖਾਂ ਦੀ ਗਿਣਤੀ ਤੇ ਖੇਤਰ ਵਧਾਉਣਾ, ਜੈਵਿਕ ਵਿਭਿੰਨਤਾ ਦੀ ਸੰਭਾਲ, ਜਲਗਾਹਾਂ ਦਾ ਏਕੀਕ੍ਰਿਤ ਪ੍ਰਬੰਧਨ, ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਵਿਚ ਸੁਧਾਰ ਤੇ ਸਬੰਧਤ ਸਰਕਾਰੀ ਸੰਸਥਾਵਾਂ ਦੀ ਸਮਰੱਥਾ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਯੋਜਨਾ ਦਾ ਮਕਸਦ ਸਿਰਫ਼ ਕੁਦਰਤੀ ਸਰੋਤਾਂ ਦੀ ਰੱਖਿਆ ਨਹੀਂ ਸਗੋਂ ਵਾਤਾਵਰਣਕ ਸੁਧਾਰ ਦੇ ਨਾਲ ਸਥਾਨਕ ਭਾਈਚਾਰਿਆਂ ਨੂੰ ਵੀ ਇਸ ਪ੍ਰਕਿਰਿਆ ਨਾਲ ਜੋੜਨਾ ਹੈ।
ਜਲਗਾਹਾਂ ਵਿਚ ਜਲ-ਕੁੰਭੀ ਵਰਗੇ ਹਮਲਾਵਰ ਪੌਦਿਆਂ ਨੂੰ ਕਾਬੂ ਕਰਨਾ, ਪਾਣੀ ਦੀ ਗੁਣਵੱਤਾ ਸੁਧਾਰਨਾ, ਗੰਦੇ ਪਾਣੀ ਦੀ ਆਮਦ ਰੋਕਣਾ ਤੇ ਕੁਦਰਤੀ ਆਵਾਸ ਨੂੰ ਮੁੜ ਬਿਹਤਰ ਬਣਾਉਣਾ ਵੀ ਸੰਭਾਲ ਦੇ ਜ਼ਰੂਰੀ ਕੰਮ ਹਨ। ਜੇ ਕਿਸੇ ਜਲਗਾਹ ਦਾ ਪਾਣੀ ਪ੍ਰਦੂਸ਼ਿਤ ਹੋਵੇ ਜਾਂ ਉਸ ਦੀ ਕੁਦਰਤੀ ਬਣਤਰ ਬਦਲ ਜਾਵੇ ਤਾਂ ਇਸ ਦਾ ਪ੍ਰਭਾਵ ਉੱਥੇ ਰਹਿਣ ਵਾਲੇ ਪੰਛੀਆਂ ਅਤੇ ਹੋਰ ਜੀਵਾਂ ’ਤੇ ਪੈਣਾ ਸੁਭਾਵਿਕ ਹੈ।
ਵਧ ਰਹੀਆਂ ਵਾਤਾਵਰਣਕ ਚੁਣੌਤੀਆਂ
ਪੰਜਾਬ ਦੀਆਂ ਜਲਗਾਹਾਂ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿਚ ਪਾਣੀ ਦਾ ਪ੍ਰਦੂਸ਼ਣ, ਗ਼ੈਰ-ਕਾਨੂੰਨੀ ਕਬਜ਼ੇ, ਜਲ-ਕੁੰਭੀ ਦਾ ਫੈਲਾਅ, ਗਾਰ ਜਮ੍ਹਾ ਹੋਣਾ ਤੇ ਕੁਦਰਤੀ ਆਵਾਸ ਦਾ ਨੁਕਸਾਨ ਸ਼ਾਮਲ ਹਨ। ਹਰੀਕੇ ਵਰਗੀਆਂ ਜਲਗਾਹਾਂ ਵਿਚ ਜਲ-ਕੁੰਭੀ ਦੇ ਬੇਕਾਬੂ ਫੈਲਾਅ ਕਾਰਨ ਪਾਣੀ ਦੀ ਖੁੱਲ੍ਹੀ ਸਤ੍ਹਾ ਘਟਦੀ ਹੈ। ਇਸ ਨਾਲ ਪੰਛੀਆਂ ਲਈ ਖ਼ੁਰਾਕ ਲੱਭਣ ਤੇ ਪਾਣੀ ਤੱਕ ਪਹੁੰਚਣ ਵਿਚ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਹਿਰਾਂ ਤੇ ਉਦਯੋਗਿਕ ਖੇਤਰਾਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਵੀ ਜਲਗਾਹਾਂ ਦੀ ਸਿਹਤ ਲਈ ਗੰਭੀਰ ਸਮੱਸਿਆ ਹੈ। ਜੇ ਬਿਨਾਂ ਸਹੀ ਸਫ਼ਾਈ ਦੇ ਸੀਵਰੇਜ ਜਾਂ ਉਦਯੋਗਿਕ ਗੰਦਗੀ ਪਾਣੀ ਦੇ ਸਰੋਤਾਂ ਵਿੱਚ ਪਹੁੰਚਦੀ ਹੈ ਤਾਂ ਇਸ ਨਾਲ ਮੱਛੀਆਂ, ਜਲ-ਜੀਵਾਂ ਤੇ ਪੰਛੀਆਂ ਦੀ ਖ਼ੁਰਾਕ ਪ੍ਰਭਾਵਿਤ ਹੋ ਸਕਦੀ ਹੈ। ਪਾਣੀ ਦੀ ਗੁਣਵੱਤਾ ਵਿਚ ਗਿਰਾਵਟ ਦਾ ਅਸਰ ਪੂਰੇ ਜਲ-ਪ੍ਰਸਥਿਤਕੀ ਤੰਤਰ ’ਤੇ ਪੈਂਦਾ ਹੈ। ਮੌਸਮੀ ਤਬਦੀਲੀ ਵੀ ਇਸ ਸਮੱਸਿਆ ਦਾ ਹੋਰ ਪੱਖ ਹੈ। ਸਰਦੀਆਂ ਦੇ ਸਮੇਂ ਵਿਚ ਤਬਦੀਲੀ, ਤਾਪਮਾਨ ਵਿਚ ਵਾਧਾ, ਬਰਫ਼ਬਾਰੀ ਦੇ ਢੰਗ ’ਚ ਬਦਲਾਅ ਅਤੇ ਪਾਣੀ ਦੇ ਸਰੋਤਾਂ ਦੀ ਉਪਲੱਬਧਤਾ ਪਰਵਾਸੀ ਪੰਛੀਆਂ ਦੀ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇ ਕਿਸੇ ਖੇਤਰ ਵਿਚ ਸਰਦੀ ਦੇਰ ਨਾਲ ਸ਼ੁਰੂ ਹੋਵੇ ਜਾਂ ਜਲਗਾਹਾਂ ਵਿਚ ਪਾਣੀ ਦੀ ਮਾਤਰਾ ਘਟ ਜਾਵੇ ਤਾਂ ਪੰਛੀਆਂ ਦੇ ਆਉਣ, ਰੁਕਣ ਤੇ ਵਾਪਸ ਜਾਣ ਦੇ ਸਮੇਂ ਵਿੱਚ ਵੀ ਤਬਦੀਲੀ ਆ ਸਕਦੀ ਹੈ।
ਪਿੰਡਾਂ ਦੇ ਛੱਪੜ ਵੀ ਬਣ ਸਕਦੇ ਸੁਰੱਖਿਅਤ ਆਸਰਾ
ਪੰਛੀਆਂ ਦੀ ਸੰਭਾਲ ਲਈ ਸਿਰਫ਼ ਵੱਡੀਆਂ ਝੀਲਾਂ ਤੇ ਡੈਮਾਂ ਵੱਲ ਧਿਆਨ ਦੇਣਾ ਕਾਫ਼ੀ ਨਹੀਂ। ਪਿੰਡਾਂ ਦੇ ਛੱਪੜ, ਛੋਟੇ ਜਲ-ਭੰਡਾਰ, ਨਹਿਰਾਂ ਦੇ ਕੰਢੇ ਤੇ ਦਰਿਆਵਾਂ ਨਾਲ ਲੱਗਦੇ ਖੇਤਰ ਵੀ ਕਈ ਪੰਛੀਆਂ ਲਈ ਮਹੱਤਵਪੂਰਨ ਹੋ ਸਕਦੇ ਹਨ। ਜੇ ਇਨ੍ਹਾਂ ਥਾਵਾਂ ’ਤੇ ਸਾਫ਼ ਪਾਣੀ ਹੋਵੇ, ਕੁਦਰਤੀ ਬਨਸਪਤੀ ਬਚੀ ਰਹੇ ਤੇ ਗੰਦੇ ਪਾਣੀ ਜਾਂ ਕੂੜੇ ਦੀ ਆਮਦ ਰੋਕੀ ਜਾਵੇ ਤਾਂ ਇਹ ਸਥਾਨਕ ਅਤੇ ਪਰਵਾਸੀ ਪੰਛੀਆਂ ਨੂੰ ਆਸਰਾ ਦੇ ਸਕਦੇ ਹਨ।
ਪਿੰਡਾਂ ਦੇ ਛੱਪੜਾਂ ਦੀ ਸੰਭਾਲ ਵਿਚ ਸਥਾਨਕ ਲੋਕਾਂ ਦੀ ਭੂਮਿਕਾ ਅਹਿਮ ਹੈ।
ਕੁਦਰਤ ਦੇ ਇਨ੍ਹਾਂ ਮਹਿਮਾਨਾਂ ਦੀ ਰੱਖਿਆ ਸਾਂਝੀ ਜ਼ਿੰਮੇਵਾਰੀ
ਪਰਵਾਸੀ ਪੰਛੀਆਂ ਦੀ ਯਾਤਰਾ ਸਾਨੂੰ ਇਹ ਦੱਸਦੀ ਹੈ ਕਿ ਕੁਦਰਤ ਦੀ ਕੋਈ ਸਰਹੱਦ ਨਹੀਂ ਹੁੰਦੀ। ਇਕ ਪੰਛੀ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੌਰਾਨ ਕਈ ਦੇਸ਼ਾਂ, ਦਰਿਆਵਾਂ, ਪਹਾੜਾਂ ਤੇ ਜਲਗਾਹਾਂ ਨਾਲ ਜੁੜਿਆ ਰਹਿੰਦਾ ਹੈ। ਉਸ ਦੀ ਸੁਰੱਖਿਆ ਕਿਸੇ ਇਕ ਥਾਂ ਤੱਕ ਸੀਮਤ ਨਹੀਂ ਰਹਿ ਸਕਦੀ। ਜਿੱਥੇ ਉਹ ਪ੍ਰਜਣਨ ਕਰਦਾ ਹੈ, ਜਿੱਥੋਂ ਲੰਘਦਾ ਹੈ ਤੇ ਜਿੱਥੇ ਸਰਦੀਆਂ ਬਿਤਾਉਂਦਾ ਹੈ, ਹਰ ਖੇਤਰ ਦੀ ਵਾਤਾਵਰਣਕ ਹਾਲਤ ਉਸ ਲਈ ਮਹੱਤਵ ਰੱਖਦੀ ਹੈ। ਪੰਜਾਬ ਲਈ ਇਹ ਪੰਛੀ ਕੁਦਰਤੀ ਵਿਰਾਸਤ ਦਾ ਅਹਿਮ ਹਿੱਸਾ ਹਨ। ਹਰ ਸਰਦੀ ਇਨ੍ਹਾਂ ਦੀ ਆਮਦ ਸਾਨੂੰ ਆਪਣੀਆਂ ਜਲਗਾਹਾਂ ਦੀ ਮਹੱਤਤਾ ਯਾਦ ਕਰਵਾਉਂਦੀ ਹੈ ਪਰ ਇਨ੍ਹਾਂ ਦੀ ਮੌਜੂਦਗੀ ਨੂੰ ਸਿਰਫ਼ ਦੇਖਣ ਤੇ ਤਸਵੀਰਾਂ ਖਿੱਚਣ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਜਲਗਾਹਾਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ, ਪਾਣੀ ਦੀ ਗੁਣਵੱਤਾ ਕਾਇਮ ਰੱਖਣਾ, ਸ਼ਿਕਾਰ ਰੋਕਣਾ ਤੇ ਕੁਦਰਤੀ ਆਵਾਸਾਂ ਦੀ ਸੰਭਾਲ ਕਰਨਾ ਵੀ ਓਨਾ ਹੀ ਜ਼ਰੂਰੀ ਹੈ।
ਜੇ ਸਰਕਾਰ, ਵਾਤਾਵਰਣਕ ਸੰਸਥਾਵਾਂ ਤੇ ਆਮ ਲੋਕ ਮਿਲ ਕੇ ਇਨ੍ਹਾਂ ਕੁਦਰਤੀ ਥਾਵਾਂ ਦੀ ਰੱਖਿਆ ਲਈ ਗੰਭੀਰ ਉਪਰਾਲੇ ਕਰਨ ਤਾਂ ਪੰਜਾਬ ਦੀਆਂ ਜਲਗਾਹਾਂ ਆਉਣ ਵਾਲੇ ਸਮੇਂ ਵਿਚ ਵੀ ਪਰਵਾਸੀ ਪੰਛੀਆਂ ਲਈ ਸੁਰੱਖਿਅਤ ਟਿਕਾਣੇ ਬਣੀਆਂ ਰਹਿ ਸਕਦੀਆਂ ਹਨ। ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਹਰ ਸਾਲ ਵਾਪਸੀ ਇਸ ਗੱਲ ਦਾ ਸੰਕੇਤ ਹੋਵੇਗੀ ਕਿ ਅਸੀਂ ਆਪਣੀ ਕੁਦਰਤੀ ਵਿਰਾਸਤ ਨੂੰ ਸੰਭਾਲਣ ’ਚ ਕਿੰਨੇ ਸਫਲ ਹੋ ਰਹੇ ਹਾਂ।
- ਮਦਨ ਬੰਗੜ