- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈਆ ਜੀ (ਦਾਦਾ ਜੀ) ਤੇ ਭਾਪਾ ਜੀ ਵੱਲੋਂ ਸਾਨੂੰ ਕਈ ਵਾਰ ਇਹ ਹਦਾਇਤ ਕੀਤੀ ਜਾਂਦੀ ਸੀ ਕਿ ਸਾਡੇ ਘਰ ਦੇ ਇਕ ਬਜ਼ੁਰਗ ਨੌਕਰ, ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ, ਉਨ੍ਹਾਂ ਨੂੰ ਭਾਈ ਜੀ ਕਿਹਾ ਕਰੋ। ਜਦੋਂ ਕਦੇ ਸਾਡੇ ਮੂੰਹੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾਂ ਬੀਬੀ ਜੀ ਵੱਲੋਂ ਸਾਨੂੰ ਸਖ਼ਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ।

ਭਾਈਆ ਜੀ (ਦਾਦਾ ਜੀ) ਤੇ ਭਾਪਾ ਜੀ ਵੱਲੋਂ ਸਾਨੂੰ ਕਈ ਵਾਰ ਇਹ ਹਦਾਇਤ ਕੀਤੀ ਜਾਂਦੀ ਸੀ ਕਿ ਸਾਡੇ ਘਰ ਦੇ ਇਕ ਬਜ਼ੁਰਗ ਨੌਕਰ, ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ, ਉਨ੍ਹਾਂ ਨੂੰ ਭਾਈ ਜੀ ਕਿਹਾ ਕਰੋ। ਜਦੋਂ ਕਦੇ ਸਾਡੇ ਮੂੰਹੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾਂ ਬੀਬੀ ਜੀ ਵੱਲੋਂ ਸਾਨੂੰ ਸਖ਼ਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ’ਚ ਤਾਂ ਭਾਵੇਂ ਇਸ ਗੱਲ ਦੀ ਸਮਝ ਨਹੀ ਸੀ ਆਉਂਦੀ ਕਿ ਗੁਰਾ ਤੇ ਫੀਕਾਂ ਵੀ ਤਾਂ ਇਸ ਤਰ੍ਹਾਂ ਦੇ ਹੀ ਨੌਕਰ ਹਨ, ਉਨ੍ਹਾਂ ਬਾਰੇ ਤਾਂ ਕਦੇ ਨਹੀ ਕਿਹਾ ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਪਰ ਜਦ ਅਸੀ ਹੋਸ਼ ਸੰਭਾਲੀ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀਂ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ, ਜਿਸ ਦੀ ਮਿਸਾਲ ਬਹੁਤ ਹੀ ਘੱਟ ਮਿਲਦੀ ਹੈ।
1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪਰਿਵਾਰ ਲੋੜੀਂਦਾ ਸਾਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹੱਦ ਪਾਰ ਕਰ ਗਿਆ, ਜਦੋਂਕਿ ਭਾਪਾ ਜੀ ਹੋਰ ਜ਼ਰੂਰੀ ਸਾਮਾਨ ਲੈ ਕੇ ਗੱਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋਂ ਗੱਡਾ ਤੁਰਨ ਲੱਗਾ ਤਾਂ ਭਾਈ ਨਿਹਾਲ ਮਸੀਹ ਜੋ ਸਾਡੇ ਘਰ ਵਿਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇਂ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਤੇ ਉਸ ਦਾ 12 ਕੁ ਸਾਲ ਦਾ ਲੜਕਾ ਆਪਣੇ ਕੁਝ ਕੱਪੜੇ ਇਕ ਵੱਡੇ ਸਾਰੇ ਕੱਪੜੇ ਦੇ ਝੋਲੇ ’ਚ ਪਾ ਕੇ ਗੱਡੇ ਦੇ ਲਾਗੇ ਖੜ੍ਹੇ ਸਨ। ਇਨ੍ਹਾਂ ਦੋਵਾਂ ਨੂੰ ਸਿੱਖਾਂ ਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜ੍ਹਾ ਵੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਈਸਾਈ ਪਰਿਵਾਰ ਤਾਂ ਆਰਾਮ ਨਾਲ ਇਨ੍ਹਾਂ ਜਾਣ ਵਾਲਿਆਂ ਵੱਲ ਵੇਖ ਰਹੇ ਸਨ ਤੇ ਉਨ੍ਹਾਂ ਨੂੰ ਮਿਲ ਰਹੇ ਸਨ। ਜਦੋਂ ਭਾਪਾ ਜੀ ਹਰ ਇਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸ ਦੇ ਜੁਆਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ। ਉਹ ਕਹਿ ਰਿਹਾ ਸੀ ਕਿ ਉਹ ਵੀ ਉਨ੍ਹਾਂ ਦੇ ਨਾਲ ਜਾਵੇਗਾ ਪਰ ਭਾਪਾ ਜੀ ਨੇ ਉਸ ਨੂੰ ਤੇ ਵਧਾਵੇ ਨੂੰ ਬਹੁਤ ਸਮਝਾਇਆ ਕਿ ਨਿਹਾਲ ਮਸੀਹ ਹਾਲਾਤ ਬਹੁਤ ਖ਼ਤਰਨਾਕ ਹਨ, ਸਾਨੂੰ ਵੀ ਕਈ ਖ਼ਤਰਿਆ ਦਾ ਸਾਹਮਣਾ ਕਰਨਾ ਪੈਣਾ ਹੈ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਾਣਾ ਕਿੱਥੇ ਹੈ ਤੇ ਪਹੁੰਚਣਾ ਵੀ ਹੈ ਕਿ ਨਹੀਂ। ਰੋਜ਼ਾਨਾ ਬੜੀਆਂ ਭੈੜੀਆਂ-ਭੈੜੀਆਂ ਖ਼ਬਰਾਂ ਸਣਦੇ ਰਹਿੰਦੇ ਹਾਂ, ਤੂੰ ਆਪਣੀ ਜ਼ਿੰਦਗੀ ਨੂੰ ਕਿਉਂ ਖ਼ਤਰੇ ’ਚ ਪਾ ਰਿਹਾ ਹੈਂ। ਤੁਸੀਂ ਹਿੰਦੂ ਸਮਝ ਕੇ ਵੀ ਮਾਰੇ ਜਾਂ ਸਕਦੇ ਹੋ ਤੇ ਮੁਸਲਮਾਨ ਸਮਝ ਕੇ ਵੀ ਮਾਰੇ ਜਾ ਸਕਦੇ ਹੋ। ਭਾਪਾ ਜੀ ਨੇ ਉਨ੍ਹਾਂ ਨੂੰ ਆਪਣੇ ਨਾਲ ਨਾ ਜਾਣ ਦੀ ਹਰ ਦਲੀਲ ਦੇ ਕੇ ਉਥੇ ਹੀ ਰਹਿਣ ਦੀ ਸਲਾਹ ਦਿੱਤੀ ਸਗੋਂ ਭਾਪਾ ਜੀ ਨੇ ਪਿੰਡ ਦੇ ਲੋਕਾਂ ਕੋਲੋਂ ਵੀ ਉਨ੍ਹਾਂ ਨੂੰ ਨਾਲ ਨਾ ਜਾਣ ਦੀਆਂ ਸਲਾਹਾਂ ਦਿਵਾਈਆਂ ਪਰ ਨਿਹਾਲ ਮਸੀਹ ਦੀਆਂ ਅੱਖਾਂ ਵਿਚ ਅੱਥਰੂ ਸਨ ਤੇ ਉਸ ਦਾ ਇਕ ਹੀ ਜਵਾਬ ਸੀ। ’ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਅਸੀਂ ਨੰਬਰਦਾਰ ਦਾ ਦੇਣ ਨਹੀ ਦੇ ਸਕਦੇ, ਹਜ਼ਾਰਾਂ ਵਾਰ ਉਸ ਨੇ ਸਾਡੀ ਮਦਦ ਕੀਤੀ, ਹਜ਼ਾਰਾਂ ਮੁਸੀਬਤਾਂ ਵਿੱਚੋਂ ਉਸ ਨੇ ਸਾਨੂੰ ਕੱਢਿਆ। ਅੱਜ ਜਦੋਂ ਤੁਸੀਂ ਮੁਸੀਬਤ ਵਿਚ ਹੋ ਤਾਂ ਤੁਹਾਨੂੰ ਛੱਡ ਕੇ ਚਲਾ ਜਾਵਾਂ, ਲਾਹਨਤ ਹੈ ਐਸੀ ਜ਼ਿੰਦਗੀ ’ਤੇ। ਜੇ ਤੁਹਾਡੇ ਨਾਲ ਜਾਂਦਿਆਂ ਅਸੀਂ ਮਰ ਵੀ ਜਾਵਾਂਗੇ ਤਾਂ ਅਸੀ ਇਸ ਨੂੰ ਗਨੀਮਤ ਸਮਝਾਂਗੇ, ਮੈਂ ਤੁਹਾਨੂੰ ਇਕੱਲਿਆਂ ਨੂੰ ਨਹੀ ਜਾਣ ਦੇਣਾ। ਉਹ ਪ੍ਰਾਣੀ ਲੈ ਕੇ ਗੱਡੇ ਦੇ ਅੱਗੇ ਬੈਠ ਗਿਆ ਤੇ ਭਾਪਾ ਜੀ ਤੇ ਵਧਾਵਾ ਗੱਡੇ ਦੇ ਪਿੱਛੇ ਬੈਠ ਗਏ।
ਰਸਤੇ ਵਿਚ ਜਦੋਂ ਉਹ ਪਿੰਡ ਤੋਂ 8-10 ਪੈਲੀਆਂ ਆ ਕੇ ਬਾਕੀ ਕਾਫਲੇ ਨਾਲ ਰਲ ਗਏ ਸਨ ਤਾਂ ਭਾਪਾ ਜੀ ਨੇ ਉਨ੍ਹਾਂ ਨੂੰ ਵੱਖਰਿਆਂ ਕਰ ਕੇ ਫਿਰ ਵਾਪਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਵਾਰ-ਵਾਰ ਉਨ੍ਹਾਂ ਨੂੰ ਕਿਹਾ ਕਿ ਇਸ ਹਾਲਤ ਵਿਚ ਤਾਂ ਰਿਸ਼ਤੇਦਾਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀ ਪਛਾਣਦੇ, ਤੁਸੀਂ ਕਿਉ ਆਪਣੇ ਆਪ ਨੂੰ ਮੁਸੀਬਤ ’ਚ ਪਾ ਰਹੇ ਹੋ। ਜਾਓ ਅਰਾਮ ਨਾਲ ਜਾ ਕੇ ਆਪਣੇ ਭਰਾਵਾਂ ਨਾਲ ਰਹੋ ਪਰ ਨਿਹਾਲ ਮਸੀਹ ਬਾਜਿੱਦ ਸੀ। ਰਸਤੇ ਵਿਚ ਸਿੱਖਾਂ, ਹਿੰਦੂਆਂ ਦੇ ਵਾਕਿਫ਼ ਮੁਸਲਿਮ ਜੱਫੀਆਂ ਪਾ ਕੇ ਇਕ-ਦੂਜੇ ਨੂੰ ਮਿਲ ਰਹੇ ਸਨ, ਕਿਸੇ ਨੂੰ ਮਾਹੌਲ ਦੀ ਸਮਝ ਨਹੀਂ ਸੀ ਲੱਗ ਰਹੀ। ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਸਨ ਪਰ ਹਰ ਇਕ ਨੂੰ ਇਸ ਤਰ੍ਹਾਂ ਦੀ ਉਮੀਦ ਸੀ ਕਿ ਛੇਤੀ ਇਹ ਸਭ ਕੁਝ ਠੀਕ ਹੋ ਜਾਵੇਗਾ ਤੇ ਉਹ ਵਾਪਿਸ ਮੁੜ ਆਉਣਗੇ ਤੇ ਉਹ ਜਾਣ ਵਾਲੇ ਫਿਰ ਉਨ੍ਹਾਂ ਘਰਾਂ ਵਿਚ ਵਾਪਸ ਮੁੜ ਆਉਣਗੇ, ਜਿਹੜੇ ਉਨ੍ਹਾਂ ਨੇ ਆਪ ਛੱਡੇ ਸਨ। ਜਾਂਦੇ ਹੋਏ ਉਹ ਪਿਛੇ ਮੁੜ-ਮੜ ਕੇ ਆਪਣੇ ਘਰਾਂ ਦੀਆ ਛੱਤਾਂ ਵੱਲ ਵੇਖ ਲੈਂਦੇ ਤੇ ਫਿਰ ਅਗੇ ਤੁਰ ਪੈਂਦੇ। ਇਸ ਹੀ ਉਮੀਦ ’ਚ ਭਾਈ ਜੀ ਤਿੰਨ-ਚਾਰ ਮਹੀਨੇ ਸਾਡੇ ਇਧਰ ਵਾਲੇ ਨਵੇਂ ਘਰ ਵਿਚ ਰਹੇ ਅਤੇ ਇਸ ਸਮੇਂ ਵਿਚ ਉਹ ਆਸਾਨੀ ਨਾਲ ਵਾਪਸ ਜਾ ਸਕਦੇ ਸਨ ਪਰ ਫਿਰ ਆਉਣਾ-ਜਾਣਾ ਪਰਮਿਟ ’ਤੇ ਸ਼ੁਰੂ ਹੋ ਗਿਆ। ਇਹ ਵੀ ਮੁਸ਼ਕਲ ਨਹੀਂ ਸੀ ਤੇ ਫਿਰ ਭਾਈਆ ਜੀ ਹੀ ਭਾਈ ਨਿਹਾਲ ਮਸੀਹ ਨੂੰ ਕਹਿਣ ਲੱਗੇ, ‘ਭਾਈ ਜੀ ਉਥੇ ਵੀ ਤੁਸਾਂ ਹੱਥਾਂ ਨਾਲ ਮਿਹਨਤ ਕਰਨੀ ਹੈ ਤੇ ਇਧਰ ਵੀ, ਜੇ ਤੇਰਾ ਦਿਲ ਕਰਦਾ ਹੈ ਤਾਂ ਤੁਸੀਂ ਇੱਥੇ ਹੀ ਰਹਿ ਪਓ।’ ਭਾਈਆ ਜੀ ਨੇ ਉਨ੍ਹਾਂ ਨੂੰ ਅਲਾਟ ਹੋਏ ਘਰਾਂ ਵਿੱਚੋਂ ਇਕ ਕਨਾਲ ਜਗ੍ਹਾ, ਮਲਬਾ ਤੇ ਪੈਸੇ ਦੇ ਕੇ ਘਰ ਬਣਵਾ ਦਿੱਤਾ ਤੇ ਉਹ ਉੱਥੇ ਹੀ ਪੱਕੇ ਤੌਰ ’ਤੇ ਰਹਿਣ ਲੱਗ ਪਿਆ। ਵਧਾਵੇ ਦੀ ਸ਼ਾਦੀ ਹੋ ਗਈ, ਭਾਈ ਜੀ ਪੋਤਰੇ, ਪੋਤਰੀਆਂ ਵਾਲੇ ਬਣ ਗਏ ਪਰ ਫਿਰ ਉਨ੍ਹਾਂ ਨੂੰ ਆਪਣੇ ਘਰ ਤੇ ਭਰਾਵਾਂ ਦੀ ਯਾਦ ਆਉਣ ਲੱਗ ਪਈ।
ਉਸ ਨੇ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ। ਕਦੇ ਜਨਮ ਤਰੀਕ ਦੀ ਗ਼ਲਤੀ, ਕਦੇ ਕੋਈ ਤਰੁੱਟੀ ਤੇ ਫਿਰ ਉਹ ਕੋਸ਼ਿਸ਼ ਛੱਡ ਦਿੰਦਾ। ਉਨ੍ਹਾਂ ਦਿਨਾਂ ਵਿਚ ਪਾਸਪੋਰਟ ਵੀ ਦਿੱਲੀ ਤੋਂ ਬਣਦੇ ਸਨ, ਫਿਰ ਉਹ ਭੁੱਲ ਜਾਂਦਾ ਪਰ ਕੋਈ ਚਾਰ ਮਹੀਨੇ ਬਾਅਦ ਫਿਰ ਕਹਿਣ ਲੱਗ ਪੈਂਦਾ, ‘ਰਾਤੀ ਸੁਪਨੇ ਵਿਚ ਮੈਨੂੰ ਮੇਰੇ ਅੱਬਾ ਮਿਲੇ ਸਨ, ਉਹ ਕਹਿੰਦੇ ਸਨ ਤੈਨੂੰ 96 ਦੀਆਂ ਕਬਰਾਂ ਉਡੀਕਦੀਆਂ ਹਨ, ਆਪਣੇ ਭਰਾਵਾਂ ਕੋਲ ਕਿਉਂ ਨਹੀ ਜਾਂਦਾ ਤੇ ਆਪਣੇ ਭਰਾਵਾਂ ਦੇ ਨਾਲ ਦੀਆਂ ਕਬਰਾਂ ਵਿਚ ਆਰਾਮ ਕਰ।’ ਕੁਝ ਦਿਨਾਂ ਬਾੱਦ ਭੁੱਲ ਜਾਂਦਾ, ਫਿਰ ਸਭ ਕੁਝ ਭੁੱਲ ਜਾਂਦਾ, ਕੁਝ ਚਿਰ ਬਾਅਦ ਫਿਰ ਮਿਲਣ ਦੀ ਖ਼ਾਹਿਸ਼ ਪੈਦਾ ਹੁੰਦੀ। ਪਾਸਪੋਰਟ ਬਣਾਉਣਾ ਸ਼ੁਰੂ ਹੁੰਦਾ ਪਰ ਅੱਧੇ ਮਨ ਨਾਲ ਸ਼ੁਰੂ ਹੋਈ ਕੋਸ਼ਿਸ਼ ਫਿਰ ਵਿਚ ਹੀ ਛੱਡ ਦਿੱਤੀ ਜਾਂਦੀ ਤੇ ਅਖ਼ੀਰ ਉਸ ਨੇ ਜਿਵੇਂ ਇਸ ਤਰ੍ਹਾਂ ਦੀ ਆਪਣੇ ਵਿਛੜੇ ਪਰਿਵਾਰ ਨੂੰ ਮਿਲਣ ਦੀ ਖ਼ਾਹਿਸ਼ ਨੂੰ ਛੱਡ ਹੀ ਦਿੱਤਾ, ਹਾਂ ਜੇ ਕਿਤੇ ਹੋਵੇਗੀ ਤਾਂ ਇਹ ਉਸ ਦੇ ਦਿਲ ਤੱਕ ਹੀ ਸੀ। ਉਸ ਨੇ ਕਦੇ ਕਿਸੇ ਨੂੰ ਇਸ ਤਰ੍ਹਾਂ ਦੀ ਖ਼ਾਹਿਸ਼ ਬਾਰੇ ਨਾ ਦੱਸਿਆ ਸੀ ਤੇ ਨਾ ਕਿਸੇ ਨੇ ਇਸ ਸਬੰਧੀ ਉਸ ਨੂੰ ਪੁੱਛਿਆ ਹੀ ਸੀ।
1971 ਦੇ ਦਸੰਬਰ ਵਿਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ, ਉਨ੍ਹਾਂ ਦਾ ਮੰਜਾ ਬਾਹਰ ਵਿਹੜੇ ਵਿਚ ਧੁੱਪੇ ਡਾਹ ਦਿੱਤਾ। ਮੈਂ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜੁਆਬ ਦੇ ਗਿਆ| ਭਾਈਆ ਜੀ ਹਰ ਇਕ ਵੱਲ ਟਿਕ-ਟਿਕੀ ਲਗਾ ਕੇ ਵੇਖਦੇ ਸਨ ਪਰ ਉਹ ਬੋਲ ਨਹੀ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦ ਨਿਹਾਲ ਮਸੀਹ ਨੂੰ ਪਤਾ ਲੱਗਿਆ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਤੇ ਭਾਈਆ ਜੀ ਦੀਆਂ ਲੱਤਾਂ ਘੁੱਟਣ ਲੱਗ ਪਿਆ। ਭਾਈਆ ਜੀ ਉਸ ਵੱਲ ਵੀ ਟਿਕ-ਟਿਕੀ ਲਗਾ ਕੇ ਵੇਖ ਰਹੇ ਸਨ। ਮੈਂ ਵੇਖਿਆ ਭਾਈਆ ਜੀ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਆਏ ਸਨ। ਮੈਂ ਜ਼ਿੰਦਗੀ ’ਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿਚ ਅੱਥਰੂ ਵੇਖੇ ਸਨ। ਜ਼ਿੰਦਗੀ ’ਚ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿੱਚੋਂ ਹੱਸ ਕੇ ਨਿਕਲੇ ਸਨ। 10 ਮੁਰੱਬੇ ਜ਼ਮੀਨ ਬਣਾਉਣੀ, ਉਹ ਘਰ ਜਿਸ ਦੇ ਬਰਾਂਡੇ ਵਿਚ ਹੀ 100 ਮੰਜੀ ਡੱਠ ਜਾਂਦੀ ਹੁੰਦੀ ਸੀ, ਹਵੇਲੀਆਂ, ਘੋੜੀਆਂ, ਨੌਕਰ, ਚਾਕਰ ਤੇ ਉਸ ਸਮੇਂ ਜਦੋਂ ਅਜੇ ਟਰੈਕਟਰ ਸ਼ੁਰੂ ਨਹੀ ਸਨ ਹੋਏ, 11 ਹਲਾਂ, ਦੀ ਵਾਹੀ ..ਨਿਹਾਲ ਮਸੀਹ ਉਨ੍ਹਾਂ ਦੀਆਂ ਲੱਤਾਂ ਘੁੱਟੀ ਜਾ ਰਿਹਾ ਸੀ। ਰਾਤ ਮੰਜਾ ਅੰਦਰ ਲੈ ਗਏ, 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ, ਉਸ ਦੇ ਹੱਥ ਵਿਚ ਬਾਈਬਲ ਸੀ, ਜਿਸ ਨੂੰ ਬਹੁਤ ਖ਼ੂਬਸੂਰਤ ਕੱਪੜੇ ’ਚ ਲਪੇਟਿਆ ਹੋਇਆ ਸੀ। ਉਹ ਵਾਰ-ਵਾਰ ਬਾਈਬਲ ਨੂੰ ਸਿਰ ’ਤੇ ਰਖਦਾ ਅਤੇ ਮੂੰਹ ਵਿਚ ਕੁਝ ਬੋਲਦਾ, ਸ਼ਾਇਦ ਉਹ ਪ੍ਰਾਰਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀਂ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਤੇ ਅੱਖਾਂ ਬੰਦ ਕਰ ਕੇ ਕਈ ਵਾਰ ਮੂੰਹ ਵਿਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ਤੇ ਜਾਂ ਕੁਰਸੀ ’ਤੇ ਬੈਠ ਜਾਵੇ ਪਰ ਉਹ ਨਾਂਹ ਕਰ ਦਿੰਦੇ ਸਨ| ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਤੇ ਉਨ੍ਹਾਂ ਦੇ ਸਸਕਾਰ ਤੱਕ ਉਹ ਭਾਈਆ ਜੀ ਦੀ ਮੰਜੀ ਕੋਲ ਬੈਠਾ ਰਿਹਾ।
1995 ਤੱਕ ਜਦੋਂ ਨਿਹਾਲ ਮਸੀਹ ਦੀ ਮੌਤ ਹੋ ਗਈ, ਉਹ ਤਕਰੀਬਨ 100 ਸਾਲ ਦੇ ਕਰੀਬ ਸੀ। ਉਹ ਭਾਈਆ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸ ਨੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛੱਡ ਦਿਤੀ ਸੀ। ਜੇ ਕੋਈ ਉਸ ਨੂੰ ਪੁੱਛਦਾ ਵੀ ਤਾਂ ਉਹ ਕਹਿ ਦਿੰਦਾ ਕਿ ਪਤਾ ਨਹੀ ਉਨ੍ਹਾਂ ਵਿੱਚੋਂ ਕੋਈ ਹੋਵੇਗਾ ਵੀ ਕਿ ਨਹੀਂ, ਹੁਣ ਉਨ੍ਹਾਂ ਨੂੰ ਕੀ ਮਿਲਣਾ ਹੈ। ਹੁਣ ਤਾਂ ਕਈ ਸਾਲਾਂ ਤੋਂ ਕੋਈ ਚਿੱਠੀ ਪੱਤਰ ਵੀ ਨਹੀ ਆਇਆਂ। ਚਲੋ ਜੇ ਹੋਣ ਤਾਂ ਸੁਖੀ ਰਹਿਣ, ਹੁਣ ਤਾਂ ਮੈਂ ਉਨ੍ਹਾਂ ਨੂੰ ਪਹਿਚਾਣ ਵੀ ਨਹੀਂ ਸਕਦਾ।
ਪਿੱਛੇ ਜਿਹੇ ਜਦੋਂ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮੈਂ ਉਚੇਚਾ ਭਾਪਾ ਜੀ ਨੂੰ ਮਿਲਣ ਪਿੰਡ ਗਿਆ ਤਾਂ ਕਿ ਆਪਣੇ ਪਿਛਲੇ ਪਿੰਡ ਦੇ ਲੋਕਾਂ ਦੇ ਨਾਂ ਪਤੇ ਲੈ ਸਕਾਂ ਤੇ ਉਨ੍ਹਾਂ ਨੂੰ ਮਿਲ ਸਕਾ। ਮੈਂ ਉਚੇਚੇ ਤੌਰ ’ਤੇ ਵਧਾਵੇ ਨੂੰ ਸੱਦਿਆ। ਉਸ ਦੇ ਚਾਚਿਆਂ ਤੇ ਉਨ੍ਹਾਂ ਦੇ ਪੁੱਤਰਾਂ ਦੇ ਨਾਂ ਆਪਣੀ ਡਾਇਰੀ ਵਿਚ ਲਿਖੇ। ਵਧਾਵੇ ਨੇ ਵੀ ਮੈਨੂੰ ਜ਼ਰੂਰੀ ਤਾਕੀਦ ਕੀਤੀ ਕਿ ਮੈਂ ਜ਼ਰੂਰ ਉਸ ਦੇ ਚਾਚਿਆਂ ਤੇ ਉਨ੍ਹਾਂ ਦੇ ਪੁੱਤਰਾਂ ਨੂੰ ਮਿਲ ਕੇ ਆਵਾਂ ਤੇ ਉਹਨਾਂ ਦਾ ਹਾਲਚਾਲ ਪੁੱਛ ਕੇ ਆਵਾਂ। ਆਪਣੇ ਪਿਛਲੇ ਪਿੰਡ ਚੱਕ ਨੰਬਰ 96 ਵਿਚ ਜਦੋਂ ਮੈਂ ਪਿੰਡ ਦੇ ਚੌਕ ਵਿਚ ਹੋਰ ਵਿਅਕਤੀਆਂ ਦੇ ਨਾਂ ਦੱਸੇ ਤੇ ਫਿਰ ਮੈਂ ਨਿਹਾਲ ਮਸੀਹ ਦੇ ਭਰਾਵਾਂ ਤੇ ਭਤੀਜਿਆਂ ਬਾਰੇ ਪੁੱਛਿਆ। ਪਤਾ ਲੱਗਿਆ ਕਿ ਨਿਹਾਲ ਮਸੀਹ ਦੇ ਭਰਾ ਤਾਂ ਹੁਣ ਇਸ ਦੁਨੀਆ ਵਿਚ ਨਹੀਂ ਪਰ ਉਸ ਦੇ ਭਤੀਜੇ ਹਨ ਤੇ ਇਕ ਆਦਮੀ ਉਨ੍ਹਾਂ ਨੂੰ ਲੈਣ ਚਲਾ ਗਿਆ। ਉਨ੍ਹਾਂ ਵਿੱਚੋਂ ਅਜੀਜ ਮਸੀਹ ਜੋ ਤਕਰੀਬਨ 70 ਕੁ ਸਾਲ ਦਾ ਸੀ, ਉਨ੍ਹਾਂ ਨੇ ਆਉਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਤਾਏ ਤੇ ਵਧਾਵਾ ਮਸੀਹ ਬਾਰੇ ਪੁੱਛਿਆ। ਉਹ ਲਗਤਾਰ ਕਹੀ ਜਾ ਰਿਹਾ ਸੀ ਕਿ ਅਸੀਂ ਆਪਣੇ ਅੱਬਾ ਤੇ ਚਾਚਿਆਂ ਕੋਲੋਂ ਤੁਹਾਡੇ ਤੇ ਤਾਏ ਬਾਰੇ ਸੁਣਦੇ ਰਹੇ ਹਾਂ। ਅੱਬਾ ਜੀ ਕਹਿੰਦੇ ਹੁੰਦੇ ਸਨ, ਉਹ ਜਿਸ ਪਰਿਵਾਰ ਦੇ ਨਾਲ ਗਿਆ ਹੈ, ਉਹ ਉਹਨੂੰ ਫੁੱਲਾਂ ਵਾਂਗ ਰੱਖਣਗੇ। ਮੈਂ ਜਦੋਂ ਉਸ ਨੂੰ ਉਸ ਦੇ ਤਾਏ ਦੀ ਮੌਤ ਬਾਰੇ ਦੱਸਿਆਂ ਤਾਂ ਉਹ ਆਪ ਹੀ ਕਹਿਣ ਲੱਗਾ ਕਿ ਜਦੋਂ ਉਹ ਇਧਰੋਂ ਗਿਆ ਸੀ, ਉਦੋਂ ਹੀ ਉਸ ਦੀ ਉਮਰ 60 ਸਾਲ ਤੋਂ ਉਪਰ ਸੀ ਪਰ ਉਹ ਬਹੁਤ ਹਿੰਮਤੀ ਆਦਮੀ ਸੀ। ਸਾਰਾ ਹੀ ਪਿੰਡ ਉਸ ਦੀ ਹਿੰਮਤ ਤੇ ਹੌਸਲੇ ਦੀਆਂ ਗੱਲਾਂ ਕਰਦਾ ਹੁੰਦਾ ਸੀ। ਸਾਰਾ ਹੀ ਪਿੰਡ ਤਾਏ ਨੂੰ ਯਾਦ ਕਰਦਾ ਹੁੰਦਾ ਸੀ ਤੇ ਇਹ ਗੱਲ ਵੀ ਉਹ ਕਰਦੇ ਹੁੰਦੇ ਸਨ ਕਿ ਉਹ ਉਧਰ ਗਿਆ ਹੀ ਕਿਉਂ, ਸਾਰੀ ਉਮਰ ਹੀ ਪਰਿਵਾਰ ਨੂੰ ਨਹੀਂ ਮਿਲਿਆ। ਇਧਰ ਉਸ ਦੇ ਪਰਿਵਾਰ ਦੇ 70-80 ਜੀਅ ਹਨ।
ਮੈਂ ਅਜੀਜ਼ ਦੇ ਨਾਲ ਉਨ੍ਹਾਂ ਦੇ ਘਰ ਆ ਗਿਆ। ਉਨ੍ਹਾਂ ਦੇ ਘਰ ਦੀਆਂ ਔਰਤਾਂ ਤੇ ਬੱਚੇ ਮੈਨੂੰ ਵੇਖ ਕੇ ਹੈਰਾਨ ਸਨ ਪਰ ਜਦੋ ਅਜੀਜ਼ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਤਾਏ ਦੇ ਪਿੰਡੋਂ ਆਏ ਹਨ ਤਾਂ ਸਾਰਾ ਹੀ ਪਰਿਵਾਰ ਮੇਰੇ ਇਰਧ-ਗਿਰਧ ਜਮ੍ਹਾ ਹੋ ਗਿਆ। ਇਹ ਘਰ ਵੀ ਸਧਾਰਨ ਜਿਹਾ ਬੱਚਾ ਪੱਕਾ ਘਰ ਸੀ ਜਿਸ ਤਰ੍ਹਾਂ ਦਾ ਇਧਰ ਵਧਾਵੇ ਦਾ ਘਰ ਹੈ। ਉਹ ਮੇਰੇ ਤੋਂ ਬਹੁਤ ਕੁਝ ਪੁੱਛ ਲੈਣਾ ਚਾਹੁੰਦੇ ਸਨ। ਹਰ ਕੋਈ ਪਹਿਲਾਂ ਭਾਈ ਨਿਹਾਲ ਮਸੀਹ ਤੇ ਫਿਰ ਵਧਾਵੇ ਬਾਰੇ, ਉਸ ਦੇ ਬੱਚਿਆਂ ਬਾਰੇ ਬੜੀ ਉਤਸੁਕਤਾ ਨਾਲ ਪੁੱਛ ਰਿਹਾ ਸੀ, ਔਰਤਾਂ ਵੀ ਬਹੁਤ ਕੁਝ ਪੁੱਛਦੀਆਂ ਸਨ। ਜਦੋਂ ਮੈਂ ਦੱਸਿਆ ਕਿ ਭਾਵੇਂ ਉਹ ਤੁਹਾਡੇ ਤੋਂ ਵਿਛੜਿਆ ਰਿਹਾ ਹੈ ਪਰ ਹੁਣ ਉਸ ਦਾ ਪਰਿਵਾਰ ਵੀ 70-80 ਜੀਆਂ ਵਾਲਾ ਹੋ ਗਿਆ ਹੈ, ਉਸ ਦੇ ਤਾਂ ਪੋਤੜੇ ਵੀ ਵਿਆਹੁਣ ਵਾਲੇ ਹੋ ਗਏ ਹਨ। ਉਨ੍ਹਾਂ ਦੇ ਸੁਆਲ ਜ਼ਿਆਦਾ ਸਨ ਤੇ ਜੁਆਬ ਦੇਣ ਵਾਲਾ ਮੈਂ ਇਕੱਲਾ ਸਾਂ। ਉਹ ਤਾਂ ਜਿਵੇਂ 60 ਸਾਲਾਂ ਦੀਆਂ ਗੱਲਾਂ ਹੀ ਪੁੱਛ ਲੈਣਾ ਚਾਹੁੰਦੇ ਸਨ। ਮੈਂ ਮਹਿਸੂਸ ਕਰਦਾ ਸੀ ਕਿ ਇਨ੍ਹਾਂ ਵਿੱਚੋਂ ਘੱਟ ਹੀ ਪੜ੍ਹੇ-ਲਿਖੇ ਸਨ ਅਤੇ ਜ਼ਿਆਦਾਤਰ ਹੱਥੀਂ ਕਿਰਤ ’ਤੇ ਨਿਰਭਰ ਕਰਦੇ ਸਨ। ਇੰਨੇ ਨੂੰ ਅਜੀਜ਼ ਅੰਦਰੋਂ ਦੋ ਥਾਲੀਆਂ ਤੇ ਦੋ ਗਲਾਸ ਲੈ ਆਇਆ ਅਤੇ ਉਸ ਨੇ ਉਰਦੂ ਵਿਚ ਉਹਨਾਂ ਭਾਂਡਿਆਂ ਤੇ ਭਾਈ ਨਿਹਾਲ ਮਸੀਹ ਦੇ ਨਾਂ ਲਿਖੇ ਦਿਖਾਏ। ਮੈਂ ਹੈਰਾਨ ਸੀ ਕਿ ਪਿਛਲੇ 60 ਸਾਲਾਂ ਤੋਂ ਇਨ੍ਹਾਂ ਨੇ ਇਹ ਭਾਂਡੇ ਸਾਂਭ ਕੇ ਰੱਖੇ ਹੋਏ ਹਨ। ਉਹ ਦੱਸ ਰਹੇ ਸਨ ਕਿ ਤਾਇਆ ਤਾਂ ਆਪਣਾ ਸਭ ਕੁਝ ਹੀ ਇਧਰ ਛੱਡ ਗਿਆ ਸੀ। ਘਰ, ਮੰਜੇ, ਬਿਸਤਰੇ, ਭਾਂਡੇ ਤੇ ਸਭ ਕੁਝ । ਬੜਾ ਚਿਰ ਤਾਏ ਦੇ ਆਉਣ ਨੂੰ ਉਸ ਦੇ ਭਰਾ ਉਡੀਕਦੇ ਰਹੇ ਰੋਜ਼। ਉਹ ਦੱਸਦੇ ਹੁੰਦੇ ਸਨ ਤਾਏ ਦਾ ਸੁਪਨਾ ਆਇਆ ਹੈ। ਤਾਏ ਦੀਆਂ ਗੱਲਾਂ ਕਰਦੇ ਰਹਿੰਦੇ ਸਨ ਪਰ ਇਹ ਕਿਸ ਤਰ੍ਹਾਂ ਦੀ ਵੰਡ ਸੀ। ਆਉਣਾ-ਜਾਣਾ ਇੰਨਾ ਮੁਸ਼ਕਲ, ਜ਼ਿੰਦਗੀ ਵਿਚ ਫਿਰ ਕਦੇ ਵੀ ਨਾ ਮਿਲ ਸਕੇ। ਮੈਂ ਅਜੀਜ਼ ਨੂੰ ਕਿਹਾ ਉਹ ਇਹ ਭਾਂਡੇ ਮੈਨੂੰ ਦੇ ਦੇਵੇ, ਮੈਂ ਵਧਾਵੇ ਨੂੰ ਦਿਖਾਵਾਂਗਾ। ਉਸ ਦੀ ਪਤਨੀ ਅੰਦਰੋਂ ਇਕ ਬਹੁਤ ਹੀ ਖ਼ੂਬਸੂਰਤ ਫੁੱਲਾਂ ਦਾ ਕੱਢਿਆ ਹੋਇਆ ਝੋਲਾ ਲੈ ਆਈ ਤੇ ਉਸ ਨੇ ਭਾਂਡੇ ਉਸ ਵਿਚ ਪਾ ਦਿੱਤੇ। ਮੈਂ ਕਲਪਨਾ ਕਰ ਰਿਹਾ ਸੀ ਕਿ ਜਦੋਂ ਭਾਈ ਨਿਹਾਲ ਝੋਲੇ ਵਿਚ ਕੱਪੜੇ ਪਾ ਕੇ ਗੱਡੇ ਕੋਲ ਖੜ੍ਹਾਂ ਹੋਵੇਗਾ ਤਾਂ ਉਹ ਵੀ ਇਸ ਤਰ੍ਹਾਂ ਦਾ ਹੀ ਫੁੱਲਾਂ ਵਾਲਾ ਝੋਲਾ ਹੋਵੇਗਾ।
ਹੁਣ ਅਜੀਜ਼ ਚੁੱਪ ਸੀ। ਜਦੋਂ ਮੈਂ ਕੋਈ ਗੱਲ ਅਜੀਜ਼ ਤੋਂ ਪੁੱਛਦਾ ਤਾਂ ਜਿਵੇਂ ਉਸ ਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਨ੍ਹਾਂ ਦੇ ਵਿਹੜੇ ਵਿਚ ਆ ਗਏ ਸਨ। ਕੁਝ ਲੋਕ ਕੋਠਿਆਂ ’ਤੇ ਬੈਠੇ ਸਨ। ਅਜੀਜ਼ ਦੀ ਘਰਵਾਲੀ ਉਨ੍ਹਾਂ ਨੂੰ ਦੱਸ ਰਹੀ ਸੀ, ‘ਇਹ ਤਾਏ ਦੇ ਪਿੰਡੋਂ ਆਏ ਨੇ’ ਤੇ ਅਖ਼ੀਰ ਫਰੂਕ ਨੇ ਮੈਨੂੰ ਚਿਤਾਵਨੀ ਦਿੱਤੀ ਕਿ ਮੁਲਤਾਨ ਵਾਲੀ ਬੱਸ ਇਕ ਵਜੇ ਜਾਣੀ ਹੈ ਤੇ ਉਸ ਤੋਂ ਬਾਅਦ ਮੁਲਤਾਨ ਨਹੀਂ ਜਾਇਆ ਜਾ ਸਕਣਾ। ਉਸ ਦਿਨ ਹੀ ਮੁਲਤਾਨ ਪਹੁੰਚਣਾ ਮੇਰੀ ਮਜਬੂਰੀ ਸੀ ਕਿਉਂਕਿ ਮੈਂ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਨੂੰ ਮਿਲਣਾ ਸੀ। ਮੈਂ ਵੇਖ ਰਿਹਾ ਸਾਂ ਕਿ ਅਜੀਜ਼ ਬਿਲਕੁਲ ਹੀ ਚੁੱਪ ਸੀ| ਅਜੀਜ਼ ਨੇ ਮੇਰਾ ਹੱਥ ਫੜਿਆ ਹੋਇਆ ਸੀ, ਬੂਹੇ ’ਤੇ ਆ ਕੇ ਮੈਂ ਉਸ ਨੂੰ ਅਖ਼ੀਰ ਲਈ ਤੇ ਝੋਲਾ ਹੱਥ ਵਿਚ ਫੜ ਕੇ ਬੂਹੇ ਵੱਲ ਹੋਇਆ। ਫਿਰ ਜੱਫੀ ਪਾ ਲਈ ਪਰ ਮੈਂ ਵੇਖਿਆ ਕਿ ਅੱਖਾਂ ਵਿੱਚੋਂ ਅੱਥਰੂ ਕੇਰਣ ਲੱਗ ਪਿਆ ਅਤੇ ਮੇਰਾ ਹੱਥ ਘੁੱਟ ਕੇ ਕਹਿਣ ਲੱਗਾ,‘ਸਰਦਾਰ ਜੀ ਇਹ ਭਾਂਡੇ ਦੇ ਦਿਓ, ਇਹ ਤਾਏ ਦੀ ਨਿਸ਼ਾਨੀ ਹੈ, ਅਸੀਂ ਤਾਂ ਇਨ੍ਹਾਂ ਨੂੰ ਵੇਖ ਕੇ ਤਾਏ ਨੂੰ ਯਾਦ ਕਰਦੇ ਹਾਂ।’ ਫਿਰ ਉਹ ਕੁਝ ਨਾ ਬੋਲ ਸਕਿਆ ਤੇ ਮੇਰੇ ਕੋਲੋਂ ਵੀ ਕੋਈ ਗੱਲ ਨਾ ਹੋਈ।
- ਡਾ. ਸ. ਸ. ਛੀਨਾ