- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵੇ ਦੀ ਧਰਤੀ ਦਾ ਗਹਿਣਾ ਅਤੇ ਪੰਜਾਬ ਦੇ ਦਿਲ ਵਿਚ ਸਥਿਤ ਪਟਿਆਲਾ ਸਿਰਫ਼ ਇਕ ਰਿਆਸਤ ਜਾਂ ਮਹਿਲਾਂ ਦਾ ਸ਼ਹਿਰ ਨਹੀਂ ਸਗੋਂ ਜਿਉਂਦੀ-ਜਾਗਦੀ ਸੱਭਿਆਚਾਰਕ ਰਵਾਇਤ ਦਾ ਪ੍ਰਤੀਕ ਹੈ। ਇਸ ਦਾ ਇਤਿਹਾਸ ਸ਼ਾਸਕਾਂ ਦੀਆਂ ਜਿੱਤਾਂ ਅਤੇ ਤਾਜਪੋਸ਼ੀਆਂ ਤੋਂ ਕਿਤੇ ਅੱਗੇ ਜਾ ਕੇ ਕਲਾ, ਸਾਹਿਤ ਤੇ ਵਾਤਾਵਰਣ ਦੀ ਸੰਭਾਲ ਨਾਲ ਜੁੜਿਆ ਹੋਇਆ ਹੈ।

ਕੁਦਰਤ ਅਤੇ ਮਨੁੱਖੀ ਰੂਹ ਦੇ ਗੂੜ੍ਹੇ ਸੁਮੇਲ ਨੂੰ ਬਿਆਨ ਕਰਦੀਆਂ ਪੰਜਾਬੀ ਕਵਿਤਾ ਦੇ ਪਿਤਾਮਾ ਭਾਈ ਵੀਰ ਸਿੰਘ ਜੀ ਦੀਆਂ ਇਹ ਤੁਕਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਕੁਦਰਤੀ ਵਿਰਸੇ ’ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ, ‘ਹੋਇ ਇਕੱਠੀਆਂ ਕੁਦਰਤਾਂ ਸਾਰੀਆਂ ਨੇ, ਕੀਤਾ ਹੁਸਨ ਦਾ ਏਥੇ ਪਸਾਰਾ ਏ। ਧਰਤੀ ਸ਼ਾਂਤ ਤੇ ਰੂਹ ਬਲਵਾਨ ਹੋਵੇ, ਜਿੱਥੇ ਰੱਬੀ ਨੂਰ ਦਾ ਵਾਸਾ ਨਿਆਰਾ ਏ।’ ਮਾਲਵੇ ਦੀ ਧਰਤੀ ਦਾ ਗਹਿਣਾ ਅਤੇ ਪੰਜਾਬ ਦੇ ਦਿਲ ਵਿਚ ਸਥਿਤ ਪਟਿਆਲਾ ਸਿਰਫ਼ ਇਕ ਰਿਆਸਤ ਜਾਂ ਮਹਿਲਾਂ ਦਾ ਸ਼ਹਿਰ ਨਹੀਂ ਸਗੋਂ ਜਿਉਂਦੀ-ਜਾਗਦੀ ਸੱਭਿਆਚਾਰਕ ਰਵਾਇਤ ਦਾ ਪ੍ਰਤੀਕ ਹੈ। ਇਸ ਦਾ ਇਤਿਹਾਸ ਸ਼ਾਸਕਾਂ ਦੀਆਂ ਜਿੱਤਾਂ ਅਤੇ ਤਾਜਪੋਸ਼ੀਆਂ ਤੋਂ ਕਿਤੇ ਅੱਗੇ ਜਾ ਕੇ ਕਲਾ, ਸਾਹਿਤ ਤੇ ਵਾਤਾਵਰਣ ਦੀ ਸੰਭਾਲ ਨਾਲ ਜੁੜਿਆ ਹੋਇਆ ਹੈ। ਪਟਿਆਲਾ ਰਿਆਸਤ ਦੇ ਦੂਰਅੰਦੇਸ਼ੀ ਸ਼ਾਸਕਾਂ, ਖ਼ਾਸ ਕਰਕੇ ਮਹਾਰਾਜਾ ਰਜਿੰਦਰ ਸਿੰਘ ਦੇ ਸਮੇਂ ਕੁਦਰਤ ਦੀ ਜੋ ਨਫ਼ਾਸਤ ਇਸ ਸ਼ਹਿਰ ਦੀ ਆਬੋ-ਹਵਾ ਵਿਚ ਘੁਲੀ, ਉਹ ਅੱਜ ਵੀ ਆਪਣੀ ਮਹਿਕ ਬਿਖੇਰ ਰਹੀ ਹੈ।

ਪਟਿਆਲਾ ਸ਼ਹਿਰ ਦੀ ਧੜਕਣ
ਅਜੋਕੇ ਦੌਰ ਵਿਚ ਜਦੋਂ ਸ਼ਹਿਰ ਕੰਕਰੀਟ ਦੇ ਬੇਜਾਨ ਢਾਂਚਿਆਂ ਵਿਚ ਤਬਦੀਲ ਹੋ ਰਹੇ ਹਨ, ਉਦੋਂ ‘ਬਾਰਾਂਦਰੀ ਬਾਗ਼’ ਪਟਿਆਲਾ ਸ਼ਹਿਰ ਦੀ ਧੜਕਣ ਅਤੇ ਸੱਚੇ ਅਰਥਾਂ ਵਿਚ ਇਸ ਦੇ ‘ਹਰੇ-ਭਰੇ ਫੇਫੜੇ’ ਵਜੋਂ ਜੀਵਨ-ਰਸ ਪ੍ਰਦਾਨ ਕਰਦਾ ਹੈ। ਬਾਰਾਂ ਦਰਾਂ ਵਾਲੀ ਇਤਿਹਾਸਕ ਬਾਰਾਂਦਰੀ ਦੇ ਦੁਆਲੇ ਫੈਲਿਆ ਇਹ ਵਿਸ਼ਾਲ ਬਾਗ਼ ਵਿਦੇਸ਼ੀ ਤੇ ਦੁਰਲੱਭ ਪੌਦਿਆਂ, ਸਦੀਆਂ ਪੁਰਾਣੇ ਸੰਘਣੇ ਰੁੱਖਾਂ ਤੇ ਫ਼ਰਨ ਹਾਊਸਾਂ ਦੀ ਬੇਮਿਸਾਲ ਗੋਦ ਸਮੇਟੀ ਬੈਠਾ ਹੈ।
ਕੁਦਰਤ ਨਾਲ ਜੋੜਦਾ
ਹਰ ਸਵੇਰ ਇੱਥੇ ਪੰਛੀਆਂ ਦੇ ਸੰਗੀਤ ਦਰਮਿਆਨ ਸੈਰ ਕਰਦੇ ਬਜ਼ੁਰਗ, ਖੇਡਦੇ ਬੱਚੇ ਤੇ ਯੋਗ ਸਾਧਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਹ ਸਿਰਫ਼ ਸੈਲਾਨੀਆਂ ਲਈ ਇਕ ਇਤਿਹਾਸਕ ਧਰੋਹਰ ਹੀ ਨਹੀਂ ਸਗੋਂ ਆਮ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਦੀ ਸਾਹ-ਰਗ ਹੈ। ਪ੍ਰਦੂਸ਼ਣ ਅਤੇ ਰਫ਼ਤਾਰ ਭਰੀ ਜ਼ਿੰਦਗੀ ਦੇ ਤਣਾਅ ਨੂੰ ਮਿਟਾ ਕੇ ਤਾਜ਼ੀ ਆਕਸੀਜਨ ਵੰਡਦਾ ਇਹ ਬਾਗ਼ ਮਨੁੱਖ ਨੂੰ ਕੁਦਰਤ ਦੇ ਅਸਲ ਰੂਪ ਨਾਲ ਜੋੜਦਾ ਹੈ। ਇਸ ਤਰ੍ਹਾਂ ਬਾਰਾਂਦਰੀ ਬਾਗ਼ ਪਟਿਆਲਾ ਦੀ ਅਮੀਰ ਸ਼ਾਹੀ ਵਿਰਾਸਤ ਅਤੇ ਕੁਦਰਤੀ ਸੰਤੁਲਨ ਦਾ ਉਹ ਅਨਮੋਲ ਸੰਗਮ ਹੈ, ਜੋ ਸ਼ਹਿਰ ਨੂੰ ਜ਼ਿੰਦਾਦਿਲੀ ਨਾਲ ਸਾਹ ਲੈਣ ਦਾ ਹੱਕ ਦਿੰਦਾ ਹੈ।
ਬਾਰਾਂਦਰੀ ਬਾਗ਼ ਦੀ ਕਲਪਨਾ
ਬਾਰਾਂਦਰੀ ਬਾਗ਼ ਦੀ ਕਲਪਨਾ ਮਹਾਰਾਜਾ ਨਰਿੰਦਰ ਸਿੰਘ ਦੇ ਰਾਜ ਦੌਰਾਨ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਰਾਜਕਾਲ ਦੌਰਾਨ ਕਈ ਇਮਾਰਤਾਂ ਤਾਂ ਬਣਵਾਈਆਂ ਸਨ ਪਰ ਬਾਗ਼ ਨਹੀਂ ਲਗਵਾ ਸਕੇ ਸਨ। ਰਾਜਾ ਰਜਿੰਦਰ ਸਿੰਘ 19ਵੀਂ ਸਦੀ ਦੌਰਾਨ ਇਸ ਰਿਆਸਤ ਦੇ ਸ਼ਾਸਕ ਵਜੋਂ ਪਟਿਆਲਾ ਦੇ ਇਤਿਹਾਸ ਵਿਚ ਮਹੱਤਵਪੂਰਨ ਹਸਤੀ ਸਨ। ਉਨ੍ਹਾਂ ਦਾ ਜਨਮ 1831 ’ਚ ਹੋਇਆ ਸੀ ਅਤੇ ਉਹ ਆਪਣੇ ਪਿਤਾ ਮਹਾਰਾਜਾ ਨਰਿੰਦਰ ਸਿੰਘ ਤੋਂ ਬਾਅਦ 1862 ਵਿਚ ਗੱਦੀ ’ਤੇ ਬੈਠੇ। ਰਜਿੰਦਰ ਸਿੰਘ ਨੇ 1867 ਵਿਚ ਆਪਣੀ ਮੌਤ ਤੱਕ ਰਾਜ ਕੀਤਾ। ਆਪਣੇ ਮੁਕਾਬਲਤਨ ਛੋਟੇ ਰਾਜਕਾਲ ਦੌਰਾਨ ਰਾਜਾ ਰਜਿੰਦਰ ਸਿੰਘ ਨੇ ਪਟਿਆਲਾ ਰਿਆਸਤ ਦੇ ਪ੍ਰਸ਼ਾਸਨ ਨੂੰ ਆਧੁਨਿਕ ਬਣਾਉਣ ਅਤੇ ਸੁਧਾਰਨ ਦੇ ਯਤਨ ਕੀਤੇ। ਬਾਰਾਂਦਰੀ ਬਾਗ਼ ਵੀ ਉਨ੍ਹਾਂ ਦੇ ਹੀ ਸ਼ਾਸਨ ਦੌਰਾਨ ਸਾਲ 1876 ਵਿਚ ਸਫਲਤਾਪੂਰਵਕ ਮੁਕੰਮਲ ਹੋਇਆ
ਸ਼ਹਿਰ ਤੇ ਕੁਦਰਤ ਵਿਚਕਾਰ ਸਾਂਝ ਨੂੰ ਦਰਸਾਉਂਦਾ
ਬਾਰਾਂਦਰੀ ਬਾਗ਼ ਪਟਿਆਲਾ ਸ਼ਹਿਰ ਅਤੇ ਕੁਦਰਤ ਵਿਚਕਾਰ ਸਾਂਝ ਨੂੰ ਦਰਸਾਉਂਦਾ ਹੈ, ਇਹ ਬਾਗ਼ ਸ਼ਹਿਰ ਦੇ ਫੇਫੜੇ ਹਨ। ਇੱਥੇ ਭਾਰਤ ਤੇ ਵਿਦੇਸ਼ਾਂ ਤੋਂ ਲਿਆਂਦੀਆਂ ਗਈਆਂ ਕਈ ਦੁਰਲੱਭ ਪ੍ਰਜਾਤੀਆਂ ਦਾ ਵਿਸ਼ਾਲ ਸੰਗ੍ਰਹਿ ਮੌਜੂਦ ਹੈ। ਇਹ 81 ਏਕੜ ਤੋਂ ਵੱਧ ਰਕਬੇ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਇਕ ਸੁਚੱਜਾ ਬੋਟੈਨੀਕਲ ਗਾਰਡਨ (ਬਨਸਪਤੀ ਬਾਗ਼) ਤੇ ਇਕ ਫ਼ਰਨ ਹਾਊਸ ਵੀ ਸ਼ਾਮਲ ਹੈ। ਇਸ ਬਾਗ਼ ਦੇ ਜਾਣੇ-ਪਛਾਣੇ ਪੁਰਾਣੇ ਦਰੱਖ਼ਤਾਂ ਵਿਚ 14 ਫੁੱਟ ਘੇਰੇ ਵਾਲੇ ‘ਟੈਕਟੋਨਾ ਗ੍ਰੈਂਡਿਸ’ (ਸਾਗਵਾਨ ਦੇ ਦਰੱਖ਼ਤ) ਹਨ। ਇਕ ਹੋਰ ਕਿਸਮ ‘ਸਟਰਕੁਲੀਆ ਅਲਟਾ’ ਵਜੋਂ ਜਾਣੀ ਜਾਂਦੀ ਹੈ, ਜੋ ਇਸ ਬਾਗ਼ ਦਾ ਸਭ ਤੋਂ ਉੱਚਾ ਦਰੱਖਤ ਹੈ। ਇਨ੍ਹਾਂ ਦੇ ਨਾਲ-ਨਾਲ ਹੋਰ ਕਿਸਮਾਂ ਵੀ ਹਨ, ਜਿਵੇਂ ਚਿਨਾਰ (ਕਸ਼ਮੀਰ ਦੀ ਸੁੰਦਰਤਾ), ਪਾਈਨਜ਼-ਲਾਂਗਫੋਲੀਆ (ਚੀਲ਼ ਦਾ ਰੁੱਖ), ਬੋਕਸਾਮਾਲਾਬਾਰੀ ਕਮ (ਸਿੰਬਲ), ਸਿਨਾਮੋਮਮ ਕੈਂਫੋਰਾ, ਡਿਲੇਨੀਆ ਇੰਡੀਕਾ (ਚਿਲਤਾ ਦਾ ਰੁੱਖ), ਸੇਡਰੇਲਾ ਟੂਨਾ, ਸਵੀਟੇਨੀਆ ਮਹੋਗਨੀ, ਸਰਕਾ ਇੰਡੀਕਾ ਤੇ ਬੋਹੜ ਦਾ ਰੁੱਖ (ਜੋ ਬਾਰਾਂਦਰੀ ਬਾਗ਼ ਦੇ ਸਭ ਤੋਂ ਪੁਰਾਣੇ ਦਰੱਖ਼ਤਾਂ ਵਿੱਚੋਂ ਇਕ ਹੈ)। ਇਹ ਸਾਰੀਆਂ ਕਿਸਮਾਂ 60 ਤੋਂ 150 ਸਾਲ ਪੁਰਾਣੀਆਂ ਹਨ।
ਆਕਰਸ਼ਣ ਦਾ ਕੇਂਦਰ ਫ਼ਰਨ ਹਾਊਸ
ਇਸ ਬਾਗ਼ ਦਾ ਇਕ ਹੋਰ ਵੱਡਾ ਆਕਰਸ਼ਣ ਫ਼ਰਨ ਹਾਊਸ ਹੈ। ਫ਼ਰਨ ਹਾਊਸ ਦਾ ਵਿਚਾਰ ਰਾਇਲ ਬੋਟੈਨੀਕਲ ਗਾਰਡਨ, ਕਲਕੱਤਾ ਤੋਂ ਆਇਆ ਸੀ। ਮਹਾਰਾਜਾ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਬਾਰਾਂਦਰੀ ਬਾਗ਼ ਵਿਚ ਛੇ-ਭੁਜੀ (ਹੈਕਸਾਗਨ) ਆਕਾਰ ਵਾਲਾ ਇਕ ਖ਼ੂਬਸੂਰਤ ਫ਼ਰਨ ਹਾਊਸ ਬਣਵਾਇਆ। ਇਹ ਬਾਗ਼ ਦੇ ਇਕ ਕੋਨੇ ’ਚ 0.08 ਕਨਾਲ ਰਕਬੇ ਵਿਚ ਬਣਿਆ ਹੋਇਆ ਹੈ। ਇਹ 3.5 ਫੁੱਟ ਉੱਚੀ ਕੰਧ ’ਤੇ ਬਣਾਇਆ ਗਿਆ ਹੈ, ਜੋ ਬਾਹਰੋਂ ਇੱਟਾਂ ਦੀ ਤੇ ਅੰਦਰੋਂ ਪੱਕੇ ਪੱਥਰਾਂ ਦੀ ਬਣੀ ਹੋਈ ਹੈ। ਇਸ ਵਿਚ 96 ਛੋਟੇ-ਵੱਡੇ ਖੰਭੇ ਹਨ, ਜਿਨ੍ਹਾਂ ਉੱਤੇ ਇਕ ਵਲਕਨਾਈਜ਼ਡ ਸਟੀਲ ਦੀ ਜਾਲੀ ਰੱਖੀ ਗਈ ਹੈ। ਇੱਥੇ 22 ਤੋਂ ਵੱਧ ਛੋਟੇ-ਵੱਡੇ ਫੁਹਾਰੇ ਹਨ, ਜਿਨ੍ਹਾਂ ਨੂੰ 32 ਸਪ੍ਰਿੰਕਲਰਾਂ ਦਾ ਸਹਿਯੋਗ ਮਿਲਦਾ ਹੈ ਤੇ ਫ਼ਰਨ ਦੇ ਪੌਦਿਆਂ ਲਈ ਲੋੜ ਪੈਣ ’ਤੇ ਨਕਲੀ ਮੀਂਹ ਵੀ ਪੈਦਾ ਕੀਤਾ ਜਾ ਸਕਦਾ ਹੈ।
ਰੌਕ ਗਾਰਡਨ ਬਣਿਆ ਚਿੜਿਆ ਘਰ
ਬਾਰਾਂਦਰੀ ਬਾਗ਼ ਦੇ ਅੰਦਰ ਇਕ ਰੌਕ ਗਾਰਡਨ (ਹੁਣ ਚਿੜਿਆ ਘਰ ਹੈ) ਅਤੇ ਟੇਢੇ-ਮੇਢੇ ਰਸਤੇ ਹਨ। ਕਿਹਾ ਜਾਂਦਾ ਹੈ ਕਿ ਮਹਾਰਾਜਾ ਨੇ ਇੱਥੇ ‘ਬਾਥਿੰਗ ਬਿਊਟੀ’ ਦਾ ਕਾਲੇ ਕਾਂਸੀ ਦਾ ਬੁੱਤ ਸਥਾਪਿਤ ਕੀਤਾ ਸੀ, ਜੋ ਸਪੇਨ ਦਾ ਇਕ ਕਲਾਤਮਿਕ ਨਮੂਨਾ ਸੀ। ਬਦਕਿਸਮਤੀ ਨਾਲ ਅੱਸੀਵਿਆਂ ਦੇ ਦਹਾਕੇ ਵਿਚ ਪੰਜਾਬ ਦੇ ਹਾਲਾਤਾਂ ਦੌਰਾਨ ਇਹ ਬਾਗ਼ ਇਕ ਬੰਬ ਧਮਾਕੇ ਦਾ ਸ਼ਿਕਾਰ ਹੋ ਗਿਆ। ਮਹਾਰਾਜਾ ਭੁਪਿੰਦਰ ਸਿੰਘ ਦੇ ਸਮੇਂ ਬਾਰਾਂਦਰੀ ਬਾਗ਼ ਵਿਚ ਵੱਡੀ ਗਿਣਤੀ ’ਚ ਸਰਕਾਰੀ ਇਮਾਰਤਾਂ ਬਣਵਾਈਆਂ ਗਈਆਂ ਸਨ।
ਬਾਗ਼ ਦੀ ਯੋਜਨਾਬੰਦੀ
ਇਸ ਬਾਗ਼ ਦੀ ਯੋਜਨਾਬੰਦੀ ਮੁਗ਼ਲ ਕਾਲ ਦੀ ਰਵਾਇਤੀ ‘ਚਾਰਬਾਗ਼’ ਸ਼ੈਲੀ ਅਤੇ 19ਵੀਂ ਸਦੀ ਦੇ ਬ੍ਰਿਟਿਸ਼ ਵਿਕਟੋਰੀਅਨ ਲੈਂਡਸਕੇਪ ਆਰਕੀਟੈਕਚਰ ਦਾ ਸੁਮੇਲ ਹੈ। ਚੌਰਸ ਕਿਆਰੀਆਂ, ਸਿੱਧੇ ਰਸਤੇ, ਜਲ-ਮਾਰਗ ਅਤੇ ਕੇਂਦਰੀ ਧੁਰੇ ਮੁਗ਼ਲ ਬਾਗ਼ਬਾਨੀ ਕਲਾ ਦੀ ਯਾਦ ਦਿਵਾਉਂਦੇ ਹਨ। ਖੁੱਲ੍ਹੇ ਘਾਹ ਦੇ ਮੈਦਾਨ, ਵੱਖ-ਵੱਖ ਵਿਦੇਸ਼ੀ ਰੁੱਖਾਂ ਦੇ ਝੁੰਡ, ਬੋਟੈਨੀਕਲ ਵਿਵਸਥਾ ਅਤੇ ਚੌੜੇ ਜੌਗਿੰਗ ਟਰੈਕ ਵਿਕਟੋਰੀਅਨ ਸ਼ੈਲੀ ਦੇ ਪ੍ਰਮੁੱਖ ਅੰਗ ਹਨ। ਬਾਗ਼ ਨੂੰ ਸਦਾ ਹਰਾ-ਭਰਾ ਰੱਖਣ ਲਈ ਵਿਸ਼ੇਸ਼ ਜ਼ਮੀਨਦੋਜ਼ ਨਹਿਰੀ ਅਤੇ ਪਾਈਪ ਨੈੱਟਵਰਕ ਤਿਆਰ ਕੀਤਾ ਗਿਆ ਸੀ। ਛੋਟੀਆਂ ਨਹਿਰਾਂ ਅਤੇ ਫੁਹਾਰਿਆਂ ਰਾਹੀਂ ਪਾਣੀ ਨੂੰ ਹਰ ਕਿਆਰੀ ਤੱਕ ਪਹੁੰਚਾਇਆ ਜਾਂਦਾ ਸੀ, ਜਿਸ ਨਾਲ ਗਰਮੀਆਂ ਦੇ ਮੌਸਮ ਵਿੱਚ ਵੀ ਇੱਥੋਂ ਦਾ ਤਾਪਮਾਨ ਸ਼ਹਿਰ ਦੇ ਮੁਕਾਬਲੇ 2 ਤੋਂ 3 ਡਿਗਰੀ ਸੈਲਸੀਅਸ ਘੱਟ ਰਹਿੰਦਾ ਸੀ।
ਬਾਰਾਂਦਰੀ ਬਾਗ਼ ਦੇ ਵਿਰਾਸਤੀ ਰਤਨ
1. ਮੂਲ ‘ਬਾਰਾਂਦਰੀ’ ਇਮਾਰਤ
ਇਸ ਬਾਗ਼ ਦਾ ਨਾਂ ਇਸੇ ਵਿਸ਼ੇਸ਼ ਇਮਾਰਤ ਤੋਂ ਪਿਆ ਹੈ। ‘ਬਾਰਾਂਦਰੀ’ ਫ਼ਾਰਸੀ ਸ਼ਬਦ ਹੈ ਜਿਸ ਦਾ ਅਰਥ ਹੈ ‘ਬਾਰਾਂ ਦਰਵਾਜ਼ੇ’। ਬਾਗ਼ ਦੇ ਕੇਂਦਰ ਵਿਚ ਬਾਰਾਂ ਖੁੱਲ੍ਹੇ ਮਹਿਰਾਬਦਾਰ ਦਰਵਾਜ਼ਿਆਂ ਵਾਲੀ ਇਕ ਸੁੰਦਰ ਇਮਾਰਤ ਬਣਾਈ ਗਈ ਸੀ। ਇਸ ਦੀ ਬਣਤਰ ਇਸ ਢੰਗ ਨਾਲ ਕੀਤੀ ਗਈ ਸੀ ਕਿ ਚਾਰੇ ਪਾਸਿਓਂ ਤਾਜ਼ੀ ਹਵਾ ਅੰਦਰ ਆ ਸਕੇ ਅਤੇ ਅੰਦਰ ਬੈਠ ਕੇ ਚਾਰ-ਚੁਫ਼ੇਰੇ ਫੈਲੇ ਬਾਗ਼ ਦੇ ਹਰੇ-ਭਰੇ ਦ੍ਰਿਸ਼ ਦਾ ਆਨੰਦ ਮਾਣਿਆ ਜਾ ਸਕੇ। ਇਹ ਸਥਾਨ ਗਰਮੀਆਂ ਦੀਆਂ ਸ਼ਾਮਾਂ ਦੌਰਾਨ ਸ਼ਾਹੀ ਪਰਿਵਾਰ ਦੇ ਬੈਠਣ ਤੇ ਸੰਗੀਤਕ ਮਹਿਫ਼ਲਾਂ ਸਜਾਉਣ ਲਈ ਵਰਤਿਆ ਜਾਂਦਾ ਸੀ।
2. ਰਾਜਿੰਦਰ ਕੋਠੀ (ਬਾਰਾਂਦਰੀ ਪੈਲੇਸ)
ਬਾਗ਼ ਦੇ ਅੰਦਰ ਸਥਿਤ ਰਾਜਿੰਦਰ ਕੋਠੀ ਇਕ ਸ਼ਾਨਦਾਰ ਚਿੱਟੀ ਇਮਾਰਤ ਹੈ, ਜੋ ਇੰਡੋ-ਸਾਰਾਸੇਨਿਕ ਅਤੇ ਵਿਕਟੋਰੀਅਨ ਵਾਸਤੂ ਕਲਾ ਦਾ ਬਿਹਤਰੀਨ ਨਮੂਨਾ ਹੈ। ਇਸ ਕੋਠੀ ਦੀ ਉਸਾਰੀ ਮਹਾਰਾਜਾ ਰਜਿੰਦਰ ਸਿੰਘ ਦੇ ਸਮੇਂ ਮੁਕੰਮਲ ਹੋਈ। ਇਮਾਰਤ ਵਿਚ ਚੌੜੇ ਵਰਾਂਡੇ, ਉੱਚੀਆਂ ਛੱਤਾਂ, ਬਰਮਾ ਟੀਕ ਦੀ ਲੱਕੜੀ ਦੀ ਨੱਕਾਸ਼ੀ, ਇੰਗਲੈਂਡ ਤੋਂ ਮੰਗਵਾਈਆਂ ਗਈਆਂ ਮਿੰਟਨ ਕਲੇਅ ਟਾਈਲਾਂ ਅਤੇ ਸੰਗਮਰਮਰ ਦੇ ਫ਼ਰਸ਼ ਸ਼ਾਮਿਲ ਹਨ। ਸ਼ਾਹੀ ਦੌਰ ਵਿਚ ਇਸ ਦੀ ਵਰਤੋਂ ਬ੍ਰਿਟਿਸ਼ ਵਾਇਸਰਾਏ, ਗਵਰਨਰਾਂ ਅਤੇ ਹੋਰ ਮਾਣਮੱਤੇ ਮਹਿਮਾਨਾਂ ਦੀ ਸ਼ਾਹੀ ਪ੍ਰਾਹੁਣਾਚਾਰੀ ਲਈ ਸਟੇਟ ਗੈਸਟ ਹਾਊਸ ਵਜੋਂ ਕੀਤੀ ਜਾਂਦੀ ਸੀ।
ਪੁਰਾਲੇਖ ਵਿਭਾਗ ਤੇ ਵਿਰਾਸਤੀ ਹੋਟਲ
ਆਜ਼ਾਦੀ ਤੋਂ ਬਾਅਦ ਇਸ ਵਿਚ ਪੰਜਾਬ ਯੂਨੀਵਰਸਿਟੀ ਦੇ ਕੁਝ ਵਿਭਾਗ ਚੱਲੇ ਤੇ ਸਾਲ 1972 ਤੋਂ 2006 ਤੱਕ ਪੰਜਾਬ ਸਟੇਟ ਆਰਕਾਈਵਜ਼ (ਪੁਰਾਲੇਖ ਵਿਭਾਗ) ਦਾ ਦਫ਼ਤਰ ਰਿਹਾ, ਜਿੱਥੇ ਸਿੱਖ ਇਤਿਹਾਸ ਤੇ ਪਟਿਆਲਾ ਰਿਆਸਤ ਦੇ ਅਣਮੋਲ ਦਸਤਾਵੇਜ਼ ਸਾਂਭੇ ਗਏ। ਸਾਲ 2006 ਤੋਂ ਬਾਅਦ ਨੀਮਰਾਣਾ ਗਰੁੱਪ ਨੇ ਇਸ ਦੀ ਮੂਲ ਦਿੱਖ ਨੂੰ ਬਹਾਲ ਕਰਦਿਆਂ ਇਸ ਨੂੰ ਪੰਜਾਬ ਦੇ ਪਹਿਲੇ ਹੈਰੀਟੇਜ ਹੋਟਲ ਵਜੋਂ ਵਿਕਸਤ ਕੀਤਾ।
ਜਿਉਂਦਾ-ਜਾਗਦਾ ਬੋਟੈਨੀਕਲ ਅਜਾਇਬ ਘਰ
ਬਾਰਾਂਦਰੀ ਬਾਗ਼ ਵਿਚ 150 ਤੋਂ ਵੱਧ ਕਿਸਮਾਂ ਦੇ ਰੁੱਖ, ਬੂਟੇ ਅਤੇ ਝਾੜੀਆਂ ਮੌਜੂਦ ਹਨ। ਇਹ ਬਾਗ਼ ਦੁਰਲੱਭ ਜੈਵਿਕ ਵਿਭਿੰਨਤਾ ਦਾ ਭੰਡਾਰ ਹੈ।ਬਾਗ਼ ਦਾ ਸਭ ਤੋਂ ਵੱਡਾ ਗੌਰਵ ਇੱਥੋਂ ਦੇ ਸਦੀਆਂ ਪੁਰਾਣੇ ਵਿਰਾਸਤੀ ਰੁੱਖ ਹਨ। ਬਾਗ਼ ਦੇ ਅੰਦਰ ਇਕ ਵਿਸ਼ਾਲ ਬਰੋਟਾ (ਬੋਹੜ) ਅਤੇ ਕੁਝ ਪਿੱਪਲ ਦੇ ਰੁੱਖ ਮੌਜੂਦ ਹਨ, ਜਿਨ੍ਹਾਂ ਦੀ ਉਮਰ 150 ਤੋਂ 200 ਸਾਲ ਦੇ ਕਰੀਬ ਮੰਨੀ ਜਾਂਦੀ ਹੈ। ਇਹ ਦਰਖ਼ਤ ਬਾਗ਼ ਦੀ ਉਸਾਰੀ ਤੋਂ ਵੀ ਪਹਿਲਾਂ ਦੇ ਹਨ। ਇਨ੍ਹਾਂ ਦੀਆਂ ਵੱਡੀਆਂ ਜੜ੍ਹਾਂ, ਜ਼ਮੀਨ ਨੂੰ ਛੂੰਹਦੀਆਂ ਦਾੜ੍ਹੀਆਂ ਅਤੇ ਚਾਰੇ ਪਾਸੇ ਫੈਲੀ ਸੰਘਣੀ ਛਾਂ ਇਸ ਸਥਾਨ ਨੂੰ ਪਵਿੱਤਰ ਅਤੇ ਪ੍ਰਾਚੀਨ ਦਿੱਖ ਬਖ਼ਸ਼ਦੀਆਂ ਹਨ।
ਦੁਰਲੱਭ ਤੇ ਸ਼ਾਹੀ ਸ੍ਰੇਣੀ ਦੇ ਰੁੱਖ
ਦੁਰਲੱਭ ਅਤੇ ਸ਼ਾਹੀ ਸ੍ਰੇਣੀ ਦੇ ਰੁੱਖ, ਜਿਵੇਂ ਕਪੂਰ, ਮਹੋਗਨੀ, ਸਿਲਵਰ ਓਕ, ਦੁਰਲੱਭ ਸਫ਼ੈਦਾ, ਬੋਟਲ ਬਰੱਸ਼, ਵੱਖ-ਵੱਖ ਕਿਸਮਾਂ ਦੇ ਪਾਮ ਮਹਾਰਾਜਿਆਂ ਵੱਲੋਂ ਵਿਦੇਸ਼ਾਂ ਤੋਂ ਮੰਗਵਾ ਕੇ ਲਗਾਏ ਗਏ ਸਨ, ਜੋ ਲੱਕੜ ਤੇ ਖ਼ੁਸ਼ਬੂ ਪੱਖੋਂ ਅਤਿ ਕੀਮਤੀ ਹਨ। ਔਸ਼ਧੀ ਰੁੱਖਾਂ ਵਿਚ ਅਰਜੁਨ, ਹਰੜ, ਬਹੇੜਾ, ਆਂਵਲਾ, ਸੁਹਾਂਜਣਾ, ਜਾਮਣ, ਬੇਲ ਪੱਤਰ, ਤੁਲਸੀ ਆਦਿ ਮੋਜੂਦ ਹਨ, ਜੋ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹਵਾ ਨੂੰ ਸ਼ੁੱਧ ਕਰਨ ਅਤੇ ਰਵਾਇਤੀ ਇਲਾਜ ਲਈ ਲਾਹੇਵੰਦ ਹਨ। ਫ਼ਲਦਾਰ ਰੁੱਖ ਵਿਚ ਦੇਸੀ ਅਤੇ ਕਲਮੀ ਅੰਬ, ਜਾਮਣ, ਸ਼ਹਿਤੂਤ, ਅਮਰੂਦ, ਲੀਚੀ, ਕਿੰਨੂ, ਨਿੰਬੂ ਆਦਿ ਮੌਜੂਦ ਹਨ, ਜੋ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਲਈ ਭੋਜਨ ਅਤੇ ਰੈਣ-ਬਸੇਰਾ ਪ੍ਰਦਾਨ ਕਰਦੇ ਹਨ। ਫਲਦਾਰ ਤੇ ਸਜਾਵਟੀ ਬੂਟਿਆਂ ਵਿਚ ਅਮਲਤਾਸ, ਗੁਲਮੋਹਰ, ਮੌਲਸਰੀ, ਬੋਗਨਵਿਲੀਆ, ਗੁਲਾਬ, ਚੰਪਾ, ਚਾਂਦਨੀ, ਰਾਤ ਦੀ ਰਾਣੀ ਮੌਜੂਦ ਹਨ, ਜੋ ਮੌਸਮ ਅਨੁਸਾਰ ਖਿੜ ਕੇ ਪੂਰੇ ਬਾਗ਼ ਨੂੰ ਖ਼ੁਸ਼ਬੂ ਅਤੇ ਰੰਗਾਂ ਨਾਲ ਭਰ ਦਿੰਦੇ ਹਨ। ਗਰਮੀਆਂ ਦੇ ਮੌਸਮ ਵਿਚ ਅਮਲਤਾਸ ਦੇ ਪੀਲੇ ਝੂਮਰ ਅਤੇ ਗੁਲਮੋਹਰ ਦੇ ਲਾਲ-ਸੰਤਰੀ ਫੁੱਲ ਬਾਗ਼ ਨੂੰ ਕੁਦਰਤੀ ਚਿੱਤਰਕਾਰੀ ’ਚ ਬਦਲ ਦਿੰਦੇ ਹਨ। ਬਰਸਾਤ ਦੇ ਦਿਨਾਂ ਵਿਚ ਮੌਲਸਰੀ ਅਤੇ ਰਾਤ ਦੀ ਰਾਣੀ ਦੀ ਭਿੰਨੀ-ਭਿੰਨੀ ਖ਼ੁਸ਼ਬੂ ਪੂਰੇ ਵਾਤਾਵਰਣ ਨੂੰ ਮਹਿਕਾ ਦਿੰਦੀ ਹੈ।
ਆਧੁਨਿਕ ਦੌਰ ’ਚ ਮਹੱਤਤਾ
ਅੱਜ ਦੇ ਸੀਮਿੰਟ ਤੇ ਕੰਕਰੀਟ ਦੇ ਦੌਰ ਵਿਚ ਬਾਰਾਂਦਰੀ ਬਾਗ਼ ਪਟਿਆਲਾ ਸ਼ਹਿਰ ਦੇ ‘ਹਰੇ ਫੇਫੜਿਆਂ’ ਵਜੋਂ ਕੰਮ ਕਰਦਾ ਹੈ। ਹਰ ਰੋਜ਼ ਸਵੇਰੇ ਅਤੇ ਸ਼ਾਮ ਹਜ਼ਾਰਾਂ ਲੋਕ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਸੈਰ ਕਰਨ, ਜੌਗਿੰਗ, ਯੋਗਾ ਅਤੇ ਧਿਆਨ ਲਗਾਉਣ ਪਹੁੰਚਦੇ ਹਨ। ਇਹ ਪਟਿਆਲਾ ਵਾਸੀਆਂ ਦੀ ਸਮਾਜਿਕ ਸਾਂਝ ਤੇ ਸਿਹਤਮੰਦ ਜੀਵਨਸ਼ੈਲੀ ਦਾ ਮੁੱਖ ਕੇਂਦਰ ਹੈ। ਵਾਤਾਵਰਣ ਵਿਗਿਆਨ ਅਤੇ ਬੋਟਨੀ ਦੇ ਵਿਦਿਆਰਥੀਆਂ ਲਈ ਇਹ ਬਾਗ਼ ਖੁੱਲ੍ਹੀ ਪ੍ਰਯੋਗਸ਼ਾਲਾ ਹੈ, ਜਿੱਥੇ ਉਹ ਰੁੱਖਾਂ ਦੀਆਂ ਵੱਖ-ਵੱਖ ਕਿਸਮਾਂ, ਪੱਤਿਆਂ ਦੀ ਬਣਤਰ ਅਤੇ ਵਾਤਾਵਰਣਿਕ ਸੰਤੁਲਨ ਦਾ ਅਧਿਐਨ ਕਰਦੇ ਹਨ। ਰੁੱਖਾਂ ਦੀ ਸੰਘਣੀ ਛਾਂ ਕਾਰਨ ਇਹ ਬਾਗ਼ ਤੋਤੇ, ਕੋਇਲ, ਉੱਲੂ, ਕਬੂਤਰ, ਗੁਟਾਰਾਂ ਅਤੇ ਗਿਲਹਰੀਆਂ ਵਰਗੇ ਅਣਗਿਣਤ ਜੀਵ-ਜੰਤੂਆਂ ਦਾ ਸੁਰੱਖਿਅਤ ਘਰ ਹੈ।
ਸ਼ਹਿਰੀਕਰਨ ਅਤੇ ਜਲਵਾਯੂ ਤਬਦੀਲੀ ਦੇ ਇਸ ਦੌਰ ਵਿਚ ਬਾਰਾਂਦਰੀ ਬਾਗ਼ ਦੀ ਇਤਿਹਾਸਕ ਦਿੱਖ ਅਤੇ ਪੁਰਾਤਨ ਰੁੱਖਾਂ ਦੀ ਸੰਭਾਲ ਕਰਨਾ ਬੇਹੱਦ ਜ਼ਰੂਰੀ ਹੈ। ਸੁੱਕ ਰਹੇ ਦੁਰਲੱਭ ਰੁੱਖਾਂ ਦੀ ਥਾਂ ਨਵੇਂ ਪੌਦੇ ਲਗਾਉਣਾ, ਜ਼ਮੀਨਦੋਜ਼ ਜਲ ਪ੍ਰਣਾਲੀ ਦੀ ਪੁਨਰ-ਸੁਰਜੀਤੀ ਅਤੇ ਸੈਲਾਨੀਆਂ ਵੱਲੋਂ ਸਫ਼ਾਈ ਬਣਾਈ ਰੱਖਣਾ ਅਜਿਹੇ ਕਦਮ ਹਨ, ਜਿਨ੍ਹਾਂ ਨਾਲ ਇਸ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਬਾਰਾਂਦਰੀ ਬਾਗ਼ ਸਿਰਫ਼ ਬੀਤੇ ਸਮੇਂ ਦਾ ਪਰਛਾਵਾਂ ਨਹੀਂ ਸਗੋਂ ਪਟਿਆਲਾ ਦੇ ਸ਼ਾਹੀ ਸੁਹਜ, ਕੁਦਰਤ ਨਾਲ ਸਾਂਝ ਅਤੇ ਸ਼ਹਿਰੀ ਹੋਂਦ ਦਾ ਅਨਮੋਲ ਪ੍ਰਤੀਕ ਹੈ।
- ਨਵਦੀਪ ਢੀਂਗਰਾ