- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸਰਾਏ ਵਣਜਾਰਾ ਦੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ 450 ਦੇ ਕਰੀਬ ਵੋਟ ਹੈ। ਪਿੰਡ ਦੀ ਜ਼ਮੀਨ ਘੱਟ ਹੋਣ ਕਾਰਨ ਕੋਈ ਆਮਦਨ ਦਾ ਸਾਧਨ ਨਹੀਂ ਹੈ। ਲੱਖੀ ਸ਼ਾਹ ਵਣਜਾਰਾ ਦੀ ਹਵੇਲੀ ਨਾਮਕ ਸਰ੍ਹਾਂ ਦੀ ਇਮਾਰਤ ਜਿਹੜੀ ਦਿਨ-ਬ- ਦਿਨ ਢਹਿਣ ਕਾਰਨ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਦੀ ਮੁਰੰਮਤ ਅਤੇ ਚਾਰ-ਦੀਵਾਰੀ ਕਰਵਾ ਕੇ ਟੂਰਿਸਟ ਪਲੇਸ ਵਜੋਂ ਤਿਆਰ ਕੀਤਾ ਜਾਵੇ।

ਦਿੱਲੀ ਤੋਂ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਨੇੜੇ ਸਥਿਤ ਹਲਕਾ ਰਾਜਪੁਰਾ ਅਧੀਨ ਪੈਂਦਾ ਪਿੰਡ ਸਰਾਏ ਵਣਜਾਰਾ ਪੁਰਾਣੀਆਂ ਯਾਦਾਂ ਸਾਂਭੀ ਬੈਠਾ ਹੈ। ਇਹ ਪਿੰਡ ਏਸ਼ੀਅਨ ਵਪਾਰੀ ਲੱਖੀ ਸ਼ਾਹ ਵਣਜਾਰੇ ਵੱਲੋਂ ਵਸਾਇਆ ਗਿਆ ਸੀ। ਭਾਵੇਂ ਇਹ ਹਵੇਲੀ ਢਹਿੰਦੀਆਂ ਕਲਾਵਾਂ ’ਚ ਪਹੁੰਚ ਚੁੱਕੀ ਹੈ ਪਰ ਇਸ ਦੇ ਬਾਵਜੂਦ ਲੋਕ ਦੂਰ-ਦੁਰਾਡੇ ਤੋਂ ਇਸ ਨੂੰ ਦੇਖਣ ਲਈ ਪਹੁੰਚਦੇ ਹਨ। ਜਦੋਂ ਕੋਈ ਇਸ ਹਵੇਲੀ ਦੇ ਨੇੜਿਓਂ ਨਿਕਲਦਾ ਹੈ ਤਾਂ ਉਸ ਦਾ ਮਨ ਆਮ-ਮੁਹਾਰੇ ਹਵੇਲੀ ’ਚ ਘੁੰਮਣ ਤੇ ਦੇਖਣ ਨੂੰ ਕਰਦਾ ਹੈ। ਇਸ ਹਵੇਲੀ ਦੇ ਦੁਆਲੇ ਲੱਗੇ ਹੋਏ ਸੰਘਣੇ ਦਰੱਖ਼ਤ ਪੂਰੀ ਠੰਢਕ ਦਿੰਦੇ ਹਨ।
ਕੌਣ ਸੀ ਲੱਖੀ ਸ਼ਾਹ ਵਣਜਾਰਾ
ਭਾਈ ਲੱਖੀ ਸ਼ਾਹ ਵਣਜਾਰਾ ਦਾ ਜਨਮ 4 ਜੁਲਾਈ 1580 ਈਸਵੀ ਨੂੰ ਪਾਕਿਸਤਾਨ ਦੇ ਇਕ ਸ਼ਹਿਰ ’ਚ ਹੋਇਆ ਸੀ। ਉਹ ਮਹਾਨ ਯੋਧਾ, ਵਣਜਾਰਾ ਰਾਜਾ ਤੇ ਏਸ਼ੀਅਨ ਵਪਾਰੀ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਉਹ ਮੁਗ਼ਲ ਫੌਜ ਲਈ ਕਾਠੀ, ਚੂਨਾ ਪੱਥਰ, ਲਗਾਮ, ਰੂੜੀ ਤੇ ਲਗਾਮ ਸਪਲਾਈ ਕਰਨ ਤੋਂ ਇਲਾਵਾ ਕਪਾਹ, ਚੂਨੇ ਦੇ ਪਾਊਡਰ ਅਤੇ ਕੈਲਸ਼ੀਅਮ ਹਾਈਡ੍ਰੋਕਸਾਈਡ ਦਾ ਵਪਾਰ ਵੀ ਕਰਦਾ ਸੀ। ਉਸ ਨੇ ਵਿਸ਼ਵ ਦਾ ਸਭ ਤੋਂ ਵੱਡਾ ਲੋਹਗੜ੍ਹ ਕਿਲ੍ਹਾ ਵੀ ਬਣਾਇਆ ਸੀ। ਉਹ ਦਿੱਲੀ ਦੇ ਚਾਰ ਪਿੰਡਾਂ ਮਲਚਾ, ਰਾਇਸੀਨਾ, ਬਹਾਰਕੰਬਾ ਤੇ ਨਰੇਲਾ ਦਾ ਮਾਲਕ ਸੀ। ਉਸ ਨੇ ਸਿੱਖ ਇਤਿਹਾਸ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨਾਲ ਲੜਨ ਦੀ ਤਾਕਤ ਰੱਖਦਾ ਸੀ। ਉਸ ਕੋਲ ਚਾਰ ਟਾਂਡੇ ਸਨ ਤੇ ਵਣਜਾਰਾ ਦਾ ਟਾਂਡਾ ਆਪਣੇ ਸਾਰੇ ਟੱਬਰ ਨੂੰ ਆਪਣੇ ਨਾਲ ਲੈ ਜਾਂਦਾ ਸੀ। ਇਕ ਟਾਂਡੇ ’ਚ ਬਹੁਤ ਸਾਰੇ ਪਰਿਵਾਰ ਹੁੰਦੇ ਸਨ। ਲੱਖੀ ਸ਼ਾਹ ਵਣਜਾਰਾ ਦੀ 7 ਜੂਨ 1680 ਨੂੰ ਮੌਤ ਹੋ ਗਈ। ਉਸ ਦੇ ਅੱਠ ਪੁੱਤਰ, ਸਤਾਰਾਂ ਪੋਤੇ ਤੇ ਚੌਵੀ ਪੜਪੋਤੇ ਸਨ। ਉਹ ਵਪਾਰਕ ਉਦੇਸ਼ਾਂ ਲਈ ਲਗਾਤਾਰ ਇਕ ਥਾਂ ਤੋਂ ਦੂਜੀ ਥਾਂ ’ਤੇ ਜਾਂਦੇ ਰਹਿੰਦੇ ਸਨ।
ਸਰਾਏ ਵਣਜਾਰਾ ਪਿੰਡ ਨਾਲ ਸਬੰਧ
ਲੱਖੀ ਸ਼ਾਹ ਵਣਜਾਰਾ ਵੱਡੇ ਦਿੱਲੀ ਦੇ ਏਸ਼ੀਅਨ ਵਪਾਰੀ ਦੇ ਤੌਰ ’ਤੇ ਜਾਂਣੇ ਜਾਂਦੇ ਸਨ ਤੇ ਉਨ੍ਹਾਂ ਨੇ ਕਰੀਬ 400 ਸਾਲ ਪਹਿਲਾਂ ਸ਼ੇਰ ਸ਼ਾਹ ਸੂਰੀ ਮਾਰਗ ਤੋਂ ਕੁਝ ਦੂਰੀ ’ਤੇ ਸਥਿਤੇ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸਰਾਏ ਵਣਜਾਰਾ ਨੂੰ ਵਸਾਇਆ ਸੀ। ਉਨ੍ਹਾਂ ਵੱਲੋਂ ਬਣਾਏ ਗਏ ਤਲਾਬਾਂ ਤੇ ਖੂਹਾਂ ਦੇ ਪੁਰਾਤਤਵ ਪ੍ਰਮਾਣ ਅੱਜ ਵੀ ਦੇਸ਼ ਦੇ ਕਈ ਹਿੱਸਿਆਂ ’ਚ ਮਿਲਦੇ ਹਨ। ਇਸੇ ਕੜੀ ਤਹਿਤ ਪਿੰਡ ਸਰਾਏ ਵਣਜਾਰਾ ’ਚ ਲੱਖੀ ਸ਼ਾਹ ਵਣਜਾਰਾ ਵੱਲੋਂ ਵਪਾਰੀਆਂ ਦੇ ਆਰਾਮ ਕਰਨ ਲਈ ਬਣਾਈਆਂ ਗਈਆਂ ਸਰਾਵਾਂ ਵਿੱਚੋਂ ਇਕ ਸਰ੍ਹਾਂ ਬਣਵਾਈ। ਸਰ੍ਹਾਂ ਕਾਫ਼ੀ ਪੁਰਾਣੀ ਹੋਣ ਕਾਰਨ ਥਾਂ-ਥਾਂ ਤੋਂ ਕੰਧਾਂ ਅਤੇ ਛੱਤ ਤੋਂ ਇੱਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਹਵੇਲੀ ਨਾਮਕ ਸਰ੍ਹਾਂ ਦੇ 12 ਦਰਵਾਜ਼ੇ ਤੇ 2 ਪੌੜੀਆਂ ਹਨ। ਇਸ ਦੇ ਬਿਲਕੁਲ ਨਾਲ ਵਪਾਰੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਪਾਣੀ ਪੀਣ ਲਈ ਖੂਹ, 6 ਕਿੱਲਿਆਂ ਵਿਚ ਤਲਾਬ ਵੀ ਬਣਵਾਇਆ ਹੋਇਆ ਸੀ, ਜਿਸ ਵਿੱਚ ਉਸ ਸਮੇਂ ਵਪਾਰੀਆਂ ਨਾਲ ਚੱਲਦੇ ਘੋੜੇ, ਊਠ ਤੇ ਪਸ਼ੂਆਂ ਦੇ ਪਾਣੀ ਪੀਣ ਦਾ ਪੱਕਾ ਪ੍ਰਬੰਧ ਕੀਤਾ ਹੋਇਆ ਸੀ। ਇਸ ਤਲਾਬ ਵਿਚ ਪਸ਼ੂਆਂ ਦੇ ਉਤਰਨ ਦੇ ਲਈ ਛੇ ਵੱਖ-ਵੱਖ ਘਾਟ ਵੀ ਬਣਵਾਏ ਹੋਏ ਸਨ। ਪਿੰਡ ਵਿਚ ਪੁਰਾਣਾ ਸਰਹੰਦੀ ਇੱਟਾਂ ਨਾਲ ਬਣਾਇਆ ਇਤਿਹਾਸਕ ਦਰਵਾਜ਼ਾ ਵੀ ਸਥਿਤ ਹੈ। ਪਿੰਡ ਦੇ ਵਸਨੀਕ ਤਰਲੋਚਨ ਸਿੰਘ ਲੁਬਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ ਪਿੰਡ ਸਰਾਏ ਵਣਜਾਰਾ ’ਚ ਕਿਸੇ ਸਮੇਂ ਚਾਰੇ ਪਾਸੇ ਵੱਡੀਆਂ ਦੀਵਾਰਾਂ ਕੀਤੀਆਂ ਹੋਈਆਂ ਸਨ ਤੇ ਪਿੰਡ ਦੇ ਅੰਦਰ ਦਾਖ਼ਲ ਹੋਣ ਦੇ ਲਈ ਚਾਰ ਦਰਵਾਜ਼ੇ ਵੀ ਬਣੇ ਹੋਏ ਸਨ। ਇਨ੍ਹਾਂ ਦਰਵਾਜ਼ਿਆਂ ਦੇ ਨਾਲ ਪਹਿਰੇਦਾਰ ਪਹਿਰਾ ਦਿੰਦੇ ਸਨ। ਭਾਵੇਂ ਹੁਣ ਸਿਰਫ ਇਕ ਦਰਵਾਜ਼ਾ ਹੀ ਨਿਸ਼ਾਨੀ ਦੇ ਤੌਰ ਉਤੇ ਬਚਿਆ ਹੋਇਆ ਹੈ ਤੇ ਬਾਕੀ ਤਿੰਨ ਦਰਵਾਜ਼ਿਆਂ ਅਤੇ ਕੰਧਾਂ ਤਾਂ ਲੋਪ ਹੋ ਚੁੱਕੀਆਂ ਹਨ। ਅੱਜ ਵੀ ਕੌਮੀ ਸ਼ਾਹ ਮਾਰਗ ਉਤੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਨੂੰ ਸਰਾਏ ਵਣਜਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸਿੱਖ ਇਤਿਹਾਸ ਨਾਲ ਸਬੰਧ
ਜਦੋਂ ਨੌਵੇਂ ਪਾਤਸ਼ਾਹਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁਗ਼ਲਾਂ ਵੱਲੋਂ ਮਾਨਵੀ ਅਧਿਕਾਰ ਅਤੇ ਤਿਲਕ ਤੇ ਜੰਞੂ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਕ ਵਿਖੇ 1675 ਈਸਵੀ ਨੂੰ ਸ਼ਹੀਦ ਕੀਤਾ ਗਿਆ ਤਾਂ ਲੱਖੀ ਸ਼ਾਹ ਵਣਜਾਰਾ ਮੁਗ਼ਲਾਂ ਦੇ ਬਿਨਾਂ ਕਿਸੇ ਡਰ ਦੇ ਆਪਣੇ ਪੁੱਤਰਾਂ, ਸੈਨਿਕਾਂ ਅਤੇ ਸਿੱਖ ਪਰਿਵਾਰਾਂ ਦੇ ਨਾਲ ਗੱਡਿਆਂ ਵਿਚ ਸਵਾਰ ਹੋ ਕੇ ਸ਼ਹੀਦੀ ਵਾਲੀ ਥਾਂ ਉਤੇ ਪਹੁੰਚਿਆ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਰੀਰ ਨੂੰ ਰੂੰ ਵਾਲੇ ਗੱਡੇ ਵਿਚ ਲੱਦ ਕੇ ਸਤਿਕਾਰ ਸਹਿਤ ਆਪਣੇ ਘਰ ’ਚ ਲੈ ਗਏ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦਾ ਸਸਕਾਰ ਕਰਨ ਲਈ ਲਈ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਤਾਂ ਜੋ ਮੁਗ਼ਲਾਂ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕੇ। ਦੋ ਦਿਨਾਂ ਬਾਅਦ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫੁੱਲਾਂ ਨੂੰ ਇਕ ਘੜੇ ’ਚ ਰੱਖ ਕੇ ਆਪਣੇ ਘਰ ’ਚ ਦੱਬ ਕੇ ਰੱਖ ਦਿੱਤਾ। ਜਦੋਂ ਜਥੇਦਾਰ ਬਾਬਾ ਬਘੇਲ ਸਿੰਘ ਜੀ ਨੇ 1783 ਈਸਵੀ ਵਿਚ ਦਿੱਲੀ ਉਤੇ ਕਬਜ਼ਾ ਕੀਤਾ ਗਿਆ ਤਾਂ ਉਨ੍ਹਾਂ ਨੇ ਲੱਖੀ ਸ਼ਾਹ ਵਣਜਾਰਾ ਦੇ ਘਰ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫੁੱਲਾਂ ਨੂੰ ਲੱਭ ਕੇ ਦਿੱਲੀ ਵਿਖੇ ਉਨ੍ਹਾਂ ਦੀ ਯਾਦਗਾਰ ਸਥਾਪਿਤ ਕਰਵਾਈ, ਜਿੱਥੇ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਸਥਾਪਿਤ ਹੈ।
ਕੀ ਕਹਿੰਦੇ ਹਨ ਪਿੰਡ ਦੇ ਸਰਪੰਚ
ਪਿੰਡ ਸਰਾਏ ਵਣਜਾਰਾ ਦੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ 450 ਦੇ ਕਰੀਬ ਵੋਟ ਹੈ। ਪਿੰਡ ਦੀ ਜ਼ਮੀਨ ਘੱਟ ਹੋਣ ਕਾਰਨ ਕੋਈ ਆਮਦਨ ਦਾ ਸਾਧਨ ਨਹੀਂ ਹੈ। ਲੱਖੀ ਸ਼ਾਹ ਵਣਜਾਰਾ ਦੀ ਹਵੇਲੀ ਨਾਮਕ ਸਰ੍ਹਾਂ ਦੀ ਇਮਾਰਤ ਜਿਹੜੀ ਦਿਨ-ਬ- ਦਿਨ ਢਹਿਣ ਕਾਰਨ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਦੀ ਮੁਰੰਮਤ ਅਤੇ ਚਾਰ-ਦੀਵਾਰੀ ਕਰਵਾ ਕੇ ਟੂਰਿਸਟ ਪਲੇਸ ਵਜੋਂ ਤਿਆਰ ਕੀਤਾ ਜਾਵੇ। ਅਜਿਹੀਆਂ ਇਤਿਹਾਸਕ ਯਾਦਗਾਰਾਂ ਦੀ ਸਾਂਭ-ਸੰਭਾਲ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਇਸ ਸਰ੍ਹਾਂ ਨੂੰ ਨਵੀਂ ਦਿਖ ਦੇ ਕੇ ਮੁੜ ਸੁਰਜੀਤ ਕੀਤਾ ਜਾਵੇ। ਇਸ ਨਾਲ ਪਿੰਡ ਦੀ ਪੰਚਾਇਤ ਨੂੰ ਆਮਦਨ ਦਾ ਸਾਧਨ ਮਿਲ ਜਾਵੇਗਾ ਤੇ ਲੋਪ ਹੋ ਰਹੀਆਂ ਵਿਰਾਸਤਾਂ ਨੂੰ ਸਾਂਭਿਆ ਜਾ ਸਕੇਗਾ।
- ਸਰਬਜੀਤ ਸਿੰਘ ਸੈਣੀ