- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਜੋਗਿੰਦਰ ਨਗਰ ਵਿੱਚ ਸਥਿਤ ਸ਼ਾਨਨ ਹਾਈਡਲ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਿਕ ਪਣ ਬਿਜਲੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ । ਸ਼ਾਨਨ ਪ੍ਰੋਜੈਕਟ ਦਾ ਮੁੱਖ ਜਲ ਭੰਡਾਰ ਡੈਮ ਬਰੋਟ ਘਾਟੀ ਵਿੱਚ ਉਹਲ ਨਦੀ ਤੇ ਬਣਿਆ ਹੋਇਆ ਹੈ ।ਇਸ ਦੀ ਝੀਲ ਵਿੱਚ ਇਕੱਠਾ ਕੀਤਾ ਨੀਲਾ ਹਰਾ ਪਾਣੀ ਅਤੇ ਸਰੁੰਗ ਵਿੱਚੋਂ ਉਪਰੋਂ ਤੇਜ ਡਿੱਗਦਾ ਪਾਣੀ ਬਹੁਤ ਸੁੰਦਰ ਲੱਗਦਾ ਹੈ।

ਇਸ ਸਾਲ ਜੂਨ ਦੀਆਂ ਛੁੱਟੀਆਂ ’ਚ ਆਪਣੇ ਅਧਿਆਪਕ ਸਾਥੀ ਆਜ਼ਾਦਵਿੰਦਰ ਸਿੰਘ ਸੰਧੂ ਨਾਲ ਪਰਿਵਾਰ ਸਮੇਤ ਬਰੋਟ ਵੈਲੀ ਅਤੇ ਪਾਲਮਪੁਰ ਘੁੰਮਣ ਜਾਣ ਦਾ ਮੌਕਾ ਮਿਲਿਆ। ਗਿੱਦੜਬਾਹਾ ਤੋਂ ਸਵੇਰੇ ਚਾਰ ਵਜੇ ਚੱਲ ਕੇ ਵਾਇਆ ਹੁਸ਼ਿਆਰਪੁਰ , ਕਾਂਗੜਾ ਅਤੇ ਪਾਲਮਪੁਰ ਹੁੰਦੇ ਹੋਏ ਸ਼ਾਮ ਤੱਕ ਬਰੋਟ ਵੈਲੀ ਪਹੁੰਚ ਗਏ। ਘਟਾਸਨੀ ਤੋਂ ਅੱਗੇ ਰਸਤਾ ਕਾਫੀ ਕਠਿਨ ਅਤੇ ਮੋੜ ਕਾਫੀ ਤਿੱਖੇ ਅਤੇ ਘੁਮਾਦਾਰ ਸਨ। ਰਸਤੇ ਕਾਰਨ ਮਨ ਵਿੱਚ ਥੋੜੇ ਡਰ ਦੇ ਨਾਲ ਨਾਲ ਰੋਮਾਂਚ ਵੀ ਪੈਦਾ ਹੋ ਰਿਹਾ ਸੀ। ਲੰਬਾ ਸਫਰ ਹੋਣ ਦੇ ਬਾਵਜੂਦ ਜਦੋਂ ਅਸੀਂ ਸ਼ਾਂਤ, ਸੁੰਦਰ ਅਤੇ ਕੁਦਰਤ ਦੀ ਗੋਦ ਵਿੱਚ ਵਸੀ ਬਰੋਟ ਵੈਲੀ ਪਹੁੰਚੇ ਤਾਂ ਹਰ ਇੱਕ ਦੀ ਥਕਾਨ ਬਿਲਕੁਲ ਦੂਰ ਹੋ ਗਈ ਸੀ। ਕਿਉਂਕਿ ਬਰੋਟ ਵੈਲੀ ਦੇ ਚਾਰੇ ਪਾਸੇ ਹਰੇ ਭਰੇ ਪੌੜੀਨੁਮਾ ਖੇਤ ਅਤੇ ਉੱਚੇ ਉੱਚੇ ਦਿਓਦਾਰ ਦੇ ਦਰਖਤਾਂ ਦੇ ਬਹੁਤ ਹੀ ਸੁੰਦਰ ਨਜਾਰੇ ਦੇਖ ਕੇ ਮਨ ਬਹੁਤ ਖੁਸ਼ ਹੋ ਗਿਆ ਸੀ। ਬਰੋਟ ਵੈਲੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸਥਿਤ ਇੱਕ ਬਹੁਤ ਹੀ ਸੁੰਦਰ ਅਦਭੁਤ ਭੀੜ ਭੜੱਕੇ ਤੋਂ ਦੂਰ ਕੁਦਰਤ ਦੀ ਗੋਦ ਵਿੱਚ ਵਸਿਆ ਇੱਕ ਅਜਿਹਾ ਸਥਾਨ ਹੈ ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਅਤੇ ਤਾਜਗੀ ਮਿਲਦੀ ਹੈ। ਇਹ ਕੁਦਰਤ ਪ੍ਰੇਮੀਆਂ ਅਤੇ ਟਰੈਕਿੰਗ ਦੇ ਸ਼ੌਕੀਨ ਲੋਕਾਂ ਲਈ ਇੱਕ ਸ਼ਾਨਦਾਰ ਸਥਾਨ ਹੈ। ਓਹਲ ਦਰਿਆ ਬਰੋਟ ਵੈਲੀ ਦੇ ਵਿਚਕਾਰੋਂ ਲੱਗਦਾ ਹੈ ਜੋ ਇਸ ਘਾਟੀ ਦੀ ਸੁੰਦਰਤਾ ਨੂੰ ਚਾਰ ਚੰਦ ਲਗਾਉਂਦਾ ਹੈ। ਉਹਲ ਦਰਿਆ ਦਾ ਸਾਫ ਨੀਲਾ ਠੰਡਾ ਪਾਣੀ ਬਹੁਤ ਹੀ ਸੁੰਦਰ ਲੱਗਦਾ ਹੈ । ਦਰਿਆ ਦੇ ਕਿਨਾਰੇ ਬਣੀਆਂ ਸੁੰਦਰ ਕੈਂਪ ਸਾਈਟਸ ਵੀ ਬਹੁਤ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਅੰਗਰੇਜ਼ਾਂ ਦੇ ਸਮੇਂ ਤੋਂ ਬਰੋਟ ਘਾਟੀ ਸ਼ਾਨਨ ਹਾਈਡਲ ਪ੍ਰੋਜੈਕਟ ਕਰਕੇ ਮਸ਼ਹੂਰ ਹੈ। ਇੱਥੇ ਵਧੀਆ ਕਿਸਮ ਦੇ ਹੋਟਲ, ਹੋਮ ਸਟੇ ਅਤੇ ਟੈਂਟ ਕਾਫੀ ਵਾਜਬ ਰੇਟਾਂ ਤੇ ਉਪਲਬਧ ਹਨ। ਸ਼ਾਮ ਨੂੰ ਹੋਮ ਸਟੇ ਵਿਚ ਥੋੜਾ ਆਰਾਮ ਕਰਕੇ ਅਸੀਂ ਬਰੋਟ ਵੈਲੀ ਵਿੱਚ ਸਥਿਤ ਛੋਟੇ ਜਿਹੇ ਬਾਜ਼ਾਰ ਵਿੱਚ ਘੁੰਮਣ ਲਈ ਚਲੇ ਗਏ। ਵਗ ਰਹੀ ਠੰਡੀ ਹਵਾ ਵਿੱਚ ਉਹਲ ਦਰਿਆ ਦਾ ਛੂਕਦਾ ਪਾਣੀ ਕਾਫੀ ਮਨਮੋਹਕ ਨਜ਼ਾਰਾ ਪੇਸ਼ ਕਰ ਰਿਹਾ ਸੀ ।ਕੁਝ ਲੋਕ ਉਹਲ ਦਰਿਆ ਦੇ ਕਿਨਾਰੇ ਤੇ ਬਣੇ ਫਾਊਂਟੇਨ ਦੇ ਪਾਣੀ ਨਾਲ ਮਨੋਰੰਜਨ ਕਰ ਰਹੇ ਸਨ ਅਤੇ ਕੁਝ ਲੋਕ ਦਰਿਆ ਦੇ ਕਿਨਾਰੇ ਬੈਠੇ ਖਾ ਪੀ ਰਹੇ ਅਤੇ ਫੋਟੋਗ੍ਰਾਫੀ ਕਰ ਰਹੇ ਸਨ। ਅਸੀਂ ਇਥੇ ਹਿਮਾਚਲ ਪ੍ਰਦੇਸ਼ ਦੀ ਮਸ਼ਹੂਰ ਡਿਸ਼ ਨਮਕੀਨ ਸਿਡੂ ਦਾ ਸਵਾਦ ਵੀ ਚਖਿਆ ਜੋ ਕਿ ਸਾਰਿਆਂ ਨੂੰ ਹੀ ਬਹੁਤ ਵਧੀਆ ਲੱਗਿਆ। ਰਾਤ ਦੇ ਸਮੇਂ ਖਾਣੇ ਨਾਲ ਇਥੋਂ ਦੀ ਮਸ਼ਹੂਰ ਬਰੋਟ ਸਪੈਸ਼ਲ ਲਿੰਗੜ ਸਬਜੀ ਵੀ ਖਾਧੀ। ਲਿੰਗੜ ਇਥੋਂ ਦੇ ਜੰਗਲਾਂ ਵਿੱਚ ਆਪਣੇ ਆਪ ਉੱਗਣ ਵਾਲੇ ਪੌਦੇ ਹਨ ਜਿਨਾਂ ਦੀਆਂ ਫਲੀਆਂ ਤੋਂ ਸਬਜੀ ਅਤੇ ਅਚਾਰ ਵੀ ਪਾਇਆ ਜਾਂਦਾ ਹੈ। ਸਥਾਨਕ ਲੋਕਾਂ ਦੁਆਰਾ ਇਸ ਨੂੰ ਆਰਗੈਨਿਕ ਅਤੇ ਪੋਸ਼ਟਿਕ ਮੰਨਿਆ ਜਾਂਦਾ ਹੈ ।ਰਾਤ ਦੇ ਸਮੇਂ ਠੰਡੀ ਠੰਡੀ ਹਵਾ ਚੱਲ ਰਹੀ ਸੀ ਅਤੇ ਜੈਕਟ ਪਾਉਣ ਦੇ ਬਾਵਜੂਦ ਵੀ ਠੰਡ ਮਹਿਸੂਸ ਹੋ ਰਹੀ ਸੀ। ਇੱਥੇ ਬਹੁਤ ਹੀ ਛੋਟੀ ਜਿਹੀ ਮਾਰਕੀਟ ਹੈ ਜੋ ਕਿ ਸ਼ਿਮਲਾ ਅਤੇ ਮਨਾਲੀ ਜਿਹੇ ਮਸ਼ਹੂਰ ਸੈਲਾਨੀ ਸਥਾਨਾਂ ਦੇ ਮੁਕਾਬਲੇ ਕਾਫੀ ਸ਼ਾਂਤ ਸੀ।
ਅਗਲੀ ਸਵੇਰ ਉਠਦਿਆਂ ਹੀ ਬਾਹਰ ਦਾ ਨਜ਼ਾਰਾ ਦੇਖ ਕੇ ਮਨ ਸਕੂਨ ਨਾਲ ਭਰ ਗਿਆ। ਹਰੇ ਭਰੇ ਪਹਾੜਾਂ ਦੀਆਂ ਚੋਟੀਆਂ ਵਿੱਚੋਂ ਸੂਰਜ ਆਪਣੀਆਂ ਸੁਨਹਿਰੀ ਕਿਰਨਾਂ ਬਖੇਰ ਰਿਹਾ ਸੀ ।ਕੁਦਰਤ ਦੇ ਸ਼ਾਂਤ ਮਾਹੌਲ ਵਿੱਚ ਛੂਕ ਦੇ ਦਰਿਆ ਅਤੇ ਪੰਛੀਆਂ ਦੀਆਂ ਆਵਾਜ਼ਾਂ ਅਜਿਹਾ ਨਜ਼ਾਰਾ ਪੇਸ਼ ਕਰ ਰਹੀਆਂ ਸਨ ਜੋ ਕਿ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਮਿਲ ਸਕਦਾ ਹੈ।
ਲਪਾਸ ਝਰਨਾ
ਜਲਦੀ ਤਿਆਰ ਹੋ ਕੇ ਅਤੇ ਬ੍ਰੇਕਫਾਸਟ ਕਰਕੇ ਅਸੀਂ ਲਪਾਸ ਝਰਨਾ ਦੇਖਣ ਲਈ ਰਵਾਨਾ ਹੋ ਗਏ । ਲਪਾਸ ਝਰਨਾ ਬਰੋਟ ਵੈਲੀ ਦਾ ਇੱਕ ਬਹੁਤ ਹੀ ਖੂਬਸੂਰਤ ਲੁਕਿਆ ਹੋਇਆ ਕੁਦਰਤੀ ਝਰਨਾ ਹੈ ।ਇਹ ਝਰਨਾ ਘਟਾਸਨੀ ਬਰੋਟ ਰੋਡ ਤੇ ਸਥਿਤ ਲਪਾਸ ਪਿੰਡ ਦੇ ਨੇੜੇ ਹੈ । ਬਰੋਟ ਪਹੁੰਚਣ ਤੋਂ ਦੋ ਕਿਲੋਮੀਟਰ ਪਹਿਲਾਂ ਲਪਾਸ ਪਿੰਡ ਨੂੰ ਕੱਚਾ ਰਸਤਾ ਜਾਂਦਾ ਹੈ। ਇਸ ਪਿੰਡ ਤੱਕ ਗੱਡੀ ਰਾਹੀਂ ਵੀ ਪਹੁੰਚਿਆ ਜਾ ਸਕਦਾ ਹੈ। ਲਪਾਸ ਪਿੰਡ ਵਿੱਚ ਲੱਕੜ ਦੇ ਪੁਰਾਣੇ ਝੋਂਪੜੀਨੁਮਾ ਘਰ ਪਹਾੜਾਂ ਉੱਪਰ ਬਹੁਤ ਹੀ ਸੁੰਦਰ ਲੱਗ ਰਹੇ ਸਨ। ਪਿੰਡ ਦਾ ਸ਼ਾਂਤਮਹੌਲ ਅਤੇ ਉਥੋਂ ਦੇ ਲੋਕਾਂ ਦਾ ਪੇਂਡੂ ਅਤੇ ਸਾਦਾ ਜੀਵਨ ਦੇਖ ਕੇ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਕਾਫੀ ਸਕੂਨ ਮਿਲਿਆ। ਝਰਨੇ ਤੱਕ ਪਹੁੰਚਣ ਲਈ ਅਸੀਂ 15-20 ਮਿੰਟ ਦਾ ਟਰੈਕ ਟਾਈਲਾਂ ਦੇ ਬਣੇ ਪੈਦਲ ਰਸਤੇ ਰਾਹੀਂ ਤੈਅ ਕੀਤਾ। ਇਸ ਰਸਤੇ ਦੇ ਆਲੇ ਦੁਆਲੇ ਸੁੰਦਰ ਫੁੱਲ ਬੂਟੇ ਅਤੇ ਪੌੜੀਨੁਮਾ ਖੇਤ ਸਨ ਜੋ ਕਿ ਸੈਲਾਨੀਆਂ ਲਈ ਬੇਹਦ ਰੋਮਾਂਚਕ ਸੀ ।ਇਹ ਟਰੈਕ ਹਰ ਉਮਰ ਦੇ ਲੋਕ ਆਸਾਨੀ ਨਾਲ ਕਰ ਸਕਦੇ ਹਨ। ਝਰਨਾ ਸੰਘਣੇ ਜੰਗਲਾਂ ,ਪਹਾੜੀ ਚਟਾਨਾ ਦੇ ਵਿਚਕਾਰ ਸਥਿਤ ਹੈ। ਝਰਨੇ ਦਾ ਪਾਣੀ ਸਾਫ ਅਤੇ ਬਹੁਤ ਠੰਢਾ ਸੀ ਅਤੇ ਕੁਝ ਲੋਕ ਝਰਨੇ ਦੇ ਪਾਣੀ ਵਿੱਚ ਨਹਾ ਰਹੇ ਸਨ।ਝਰਨੇ ਦੇ ਆਲੇ ਦੁਆਲੇ ਦੇ ਪਹਾੜੀ ਦ੍ਰਿਸ਼ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ਲਈ ਬਹੁਤ ਵਧੀਆ ਸਨ । ਝਰਨੇ ਦੇ ਨੇੜੇ ਛੋਟੀਆਂ ਛੋਟੀਆਂ ਦੁਕਾਨਾਂ, ਕੈਫੇ ਮੌਜੂਦ ਸਨ ਜਿੱਥੇ ਪਾਣੀ ਦੇ ਵਿਚਕਾਰ ਕੁਰਸੀਆਂ ਤੇ ਬੈਠ ਕੇ ਚਾਹ ਮੈਗੀ ਅਤੇ ਹਿਮਾਚਲੀ ਪਕਵਾਨਾਂ ਦਾ ਆਨੰਦ ਲਿਆ ਜਾ ਸਕਦਾ ਹੈ। ਸਾਡੇ ਇੱਕ ਘੁਮੱਕੜਨਾਮਾ ਗਰੁੱਪ ਦੇ ਸੰਚਾਲਕ ਮਿੱਤਰ ਯਾਦਵਿੰਦਰ ਸਿੰਘ ਵਿਰਕ ਦੇ ਪੁਰਾਣੇ ਮਿੱਤਰ ਰਜਿੰਦਰ ਕੁਮਾਰ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਜੋ ਕਿ ਲਪਾਸ ਪਿੰਡ ਦੇ ਨਿਵਾਸੀ ਸਨ ਅਤੇ ਆਪਣੀ ਇੱਕ ਛੋਟੀ ਜਿਹੀ ਦੁਕਾਨ ਵੀ ਚਲਾਉਂਦੇ ਹਨ। ਉਹ ਸਾਨੂੰ ਬੜੀ ਖੁਸ਼ੀ ਨਾਲ ਮਿਲੇ ਅਤੇ ਸਾਡੀ ਸੇਵਾ ਵੀ ਕੀਤੀ। ਕੁਝ ਸਮਾਂ ਉਥੇ ਬਿਤਾਉਣ ਤੋਂ ਬਾਅਦ ਅਸੀਂ ਵਾਪਸ ਆਉਂਦਿਆ ਲਪਾਸ ਪਿੰਡ ਤੋਂ ਥੋੜਾ ਹੇਠਾਂ ਇੱਕ ਛੋਟਾ ਜਿਹਾ ਢਾਬਾ ਅਤੇ ਰਾਤ ਨੂੰ ਰਹਿਣ ਲਈ ਤਿੰਨ ਹਟਸ ਮੌਜੂਦ ਸਨ ਜੋ ਕਿ ਬਹੁਤ ਹੀ ਸ਼ਾਨਦਾਰ ਸਨ। ਅਸੀਂ ਕੁਝ ਦੇਰ ਉਥੇ ਆਰਾਮ ਕੀਤਾ।
ਟਰਾਊਟ ਫਿਸ਼ ਫਾਰਮਿੰਗ
ਬਰੋਟ ਘਾਟੀ ਆਪਣੇ ਠੰਡੇ ਜਲਵਾਯੂ ਅਤੇ ਸਾਫ ਸੁਥਰੇ ਪਾਣੀ ਕਾਰਨ ਪੂਰੇ ਭਾਰਤ ਵਿੱਚ ਟਰਾਊਟ ਫਿਸ਼ ਫਾਰਮਿੰਗ ਲਈ ਅਤੇ ਇਸਦੇ ਪ੍ਰਜਣਨ ਲਈ ਬੇਹੱਦ ਮਸ਼ਹੂਰ ਹੈ। ਬਰੋਟ ਵਿੱਚ ਹਿਮਾਚਲ ਪ੍ਰਦੇਸ਼ ਮੱਛੀ ਪਾਲਣ ਵਿਭਾਗ ਦੁਆਰਾ ਹਾਈਟੈਕ ਟਰਾਊਟ ਬਰੀਡਿੰਗ ਫਾਰਮ ਚਲਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਮੁਤਾਬਿਕ ਸਰਕਾਰ ਦੀ ਮਦਦ ਨਾਲ ਬਹੁਤ ਸਾਰੇ ਸਥਾਨਕ ਨੌਜਵਾਨਾਂ ਦੁਆਰਾ ਆਪਣੇ ਫਾਰਮ ਖੋਲ੍ਹੇ ਹੋਏ ਹਨ। ਅਸੀਂ ਵੀ ਇਥੇ ਟਰਾਊਟ ਫਿਸ਼ ਫਾਰਮਿੰਗ ਦੇਖੀ।
ਬਰੋਟ ਹਾਈਡਲ ਪ੍ਰੋਜੈਕਟ
ਇਹ ਜੋਗਿੰਦਰ ਨਗਰ ਵਿੱਚ ਸਥਿਤ ਸ਼ਾਨਨ ਹਾਈਡਲ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਿਕ ਪਣ ਬਿਜਲੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ । ਸ਼ਾਨਨ ਪ੍ਰੋਜੈਕਟ ਦਾ ਮੁੱਖ ਜਲ ਭੰਡਾਰ ਡੈਮ ਬਰੋਟ ਘਾਟੀ ਵਿੱਚ ਉਹਲ ਨਦੀ ਤੇ ਬਣਿਆ ਹੋਇਆ ਹੈ ।ਇਸ ਦੀ ਝੀਲ ਵਿੱਚ ਇਕੱਠਾ ਕੀਤਾ ਨੀਲਾ ਹਰਾ ਪਾਣੀ ਅਤੇ ਸਰੁੰਗ ਵਿੱਚੋਂ ਉਪਰੋਂ ਤੇਜ ਡਿੱਗਦਾ ਪਾਣੀ ਬਹੁਤ ਸੁੰਦਰ ਲੱਗਦਾ ਹੈ। ਇਸ ਹਾਈਡਲ ਪ੍ਰੋਜੈਕਟ ਦਾ ਕੰਟਰੋਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਕੋਲ ਹੈ ਅਤੇ ਇਥੇ ਪੀਐਸਪੀਸੀਐਲ ਦੀ ਕਲੋਨੀ ਅਤੇ ਆਫਿਸ ਵੀ ਮੌਜੂਦ ਹੈ।
ਬੈਟੀ ਹਾਊਸ
ਦੁਪਹਿਰ ਸਮੇਂ ਬੱਦਲਾਂ ਦੀ ਕਾਲੀ ਘਟਾ ਛਾ ਗਈ ਸੀ ਅਤੇ ਮੇਰਾ ਬੇਟਾ ਕਨਵਰ ਬੈਟੀ ਹਾਊਸ ਦੇਖਣ ਲਈ ਜਿੱਦ ਕਰ ਰਿਹਾ ਸੀ। ਬਾਕੀ ਸਾਥੀ ਥੋੜੀ ਥਕਾਵਟ ਕਾਰਨ ਆਰਾਮ ਕਰਨਾ ਚਾਹੁੰਦੇ ਸਨ। ਪਰ ਅਸੀਂ ਕਿਣਮਿਣ ਵਿੱਚ ਉੱਪਰ ਬੈਟੀ ਹਾਊਸ ਜਾਣ ਦਾ ਫੈਸਲਾ ਕੀਤਾ। ਕਲੋਨਲ ਬੀ ਸੀ ਬੈਟੀ ਦਾ ਘਰ ਹਿਮਾਚਲ ਪ੍ਰਦੇਸ਼ ਦੀ ਸੁੰਦਰ ਬਰੋਟ ਘਾਟੀ ਵਿੱਚ ਸਥਿਤ ਇਕ ਇਤਿਹਾਸਕ ਅਤੇ ਖੂਬਸੂਰਤ ਇਮਾਰਤ ਹੈ। ਪਹਾੜੀ ਉੱਪਰ ਪੌੜੀਨੁਮਾ ਪੱਕਾ ਰਸਤਾ ਬਣਿਆ ਹੋਇਆ ਸੀ ।ਇੱਕ ਪਰਿਵਾਰ ਰਸਤਾ ਭੁੱਲ ਜਾਣ ਕਰਕੇ ਵਾਪਸ ਆ ਰਿਹਾ ਸੀ। ਪੌੜੀਆਂ ਉੱਪਰ ਘਾਹ ਉਗਿਆ ਹੋਇਆ ਸੀ। ਥੋੜਾ ਅੱਗੇ ਜਾ ਕੇ ਇੱਕ ਦਰਖਤ ਡਿੱਗਿਆ ਹੋਇਆ ਸੀ ।ਅਸੀਂ ਵੀ ਰਸਤਾ ਨਾ ਪਤਾ ਲਗਣ ਕਾਰਨ ਵਾਪਸ ਆ ਗਏ ਕਿ ਬੈਟੀ ਹਾਊਸ ਨੂੰ ਕੋਈ ਹੋਰ ਰਸਤਾ ਜਾਂਦਾ ਹੋਵੇਗਾ। ਥੱਲੇ ਇੱਕ ਦੁਕਾਨ ਵਿੱਚੋਂ ਮੈਡਮ ਨੇ ਇਕ ਔਰਤ ਨੂੰ ਬੈਟੀ ਹਾਊਸ ਦੇ ਰਸਤੇ ਦਾ ਪੁੱਛਿਆ ਤਾਂ ਉਸਨੇ ਵੀ ਉਹੀ ਰਸਤਾ ਦੱਸਿਆ ।ਸਾਡੇ ਕਹਿਣ ਤੇ ਉਹ ਸਾਡੇ ਨਾਲ ਉੱਪਰ ਬੈਟੀ ਹਾਊਸ ਦਿਖਾਉਣ ਲਈ ਨਾਲ ਜਾਣ ਲਈ ਰਾਜ਼ੀ ਹੋ ਗਈ। ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ। ਉਪਰ ਉਚਾਈ ਤੇ ਜਾ ਕੇ ਥੋੜਾ ਰਸਤਾ ਖਤਰਨਾਕ ਹੋਣ ਕਰਕੇ ਡਰ ਲੱਗ ਰਿਹਾ ਸੀ ।ਪਰ 20- 25 ਮਿੰਟ ਦਾ ਜੰਗਲ ਵਿੱਚ ਦੀ ਟਰੈਕ ਕਰਕੇ ਅਸੀਂ ਸ਼ਾਨਦਾਰ ਜਲਾਨ ਪਿੰਡ ਵਿੱਚ ਪਹੁੰਚ ਗਏ ।ਇਸ ਪਿੰਡ ਵਿੱਚ ਬੈਟੀ ਹਾਊਸ ਹਰੇ ਭਰੇ ਪੌੜੀਨੁਮਾ ਖੇਤਾਂ ਵਿੱਚ ਮੌਜੂਦ ਸੀ। ਇਹ ਦੇਖਣ ਵਿੱਚ ਬਹੁਤ ਸੁੰਦਰ ਅਤੇ ਇਤਿਹਾਸਕ ਇਮਾਰਤ ਸੀ।ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਇਹ ਘਰ ਬ੍ਰਿਟਿਸ਼ ਅਫਸਰ ਕਲੋਨਲ ਬੈਟੀ ਦੁਆਰਾ ਆਪਣੀ ਧੀ ਲਈ ਬਣਾਇਆ ਗਿਆ ਸੀ। ਸ਼ਾਨਨ ਹਾਈਡਲ ਪ੍ਰੋਜੈਕਟ ਵਿੱਚ ਇਸ ਅਫਸਰ ਦਾ ਮਹੱਤਵਪੂਰਨ ਰੋਲ ਸੀ। ਉੱਪਰ ਚੜਨ ਵਾਲਾ ਪਹਾੜੀ ਰਸਤਾ ਖਤਰਨਾਕ ਹੋਣ ਕਰਕੇ ਅਸੀਂ ਗਾਈਡ ਮੀਨਾ ਦੇਵੀ ਨੂੰ ਹੋਰ ਰਸਤੇ ਬਾਰੇ ਪੁੱਛਿਆ ਤਾਂ ਉਹ ਸਾਨੂੰ ਥੋੜੇ ਲੰਮੇ ਪਰ ਸੌਖੇ ਰਸਤੇ ਰਾਹੀਂ ਵਾਪਸ ਲੈ ਕੇ ਆਈ। ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਬਣਾਇਆ ਗਿਆ ਇਹ ਘਰ ਹੁਣ ਪੀਐਸਪੀਸੀਐਲ ਦਾ ਰੈਸਟ ਹਾਊਸ ਹੈ। ਕੁਦਰਤ ਪ੍ਰੇਮੀ ਅਤੇ ਟਰੈਕਰਜ ਇਸ ਸ਼ਾਤ ਤੇ ਪੁਰਾਣੇ ਸਮੇਂ ਦੀ ਯਾਦ ਦਵਾਉਣ ਵਾਲੀ ਜਗ੍ਹਾ ਤੇ ਜਾਣ ਲਈ ਇਸ ਟਰੈਕ ਦਾ ਆਨੰਦ ਲੈ ਸਕਦੇ ਹਨ।
ਜ਼ੀਰੋ ਪੁਆਇੰਟ
ਇਹ ਸਥਾਨ ਬਰੋਟ ਦੇ ਮੁੱਖ ਬਾਜ਼ਾਰ ਤੋਂ ਥੋੜੀ ਦੂਰੀ ਤੇ ਸਥਿਤ ਹੈ ।ਇਹ ਉਹ ਸਥਾਨ ਹੈ ਜਿੱਥੇ ਅੰਗਰੇਜ਼ਾਂ ਦੇ ਜਮਾਨੇ ਦੀ ਟਰਾਲੀ ਦੇ ਟਰੈਕ ਦੇ ਅਵਸੇਸ਼ ਮੌਜੂਦ ਹਨ ਜੋ ਜੋਗਿੰਦਰ ਨਗਰ ਤੋਂ ਆਉਂਦਾ ਸੀ। ਇਸ ਦੇ ਰਸਤੇ ਵਿੱਚ ਸੰਘਣੇ ਦਿਉਦਾਰ ਜੰਗਲ, ਪਹਾੜੀ ਝਰਨੇ ਤੇ ਉੱਚੀ ਚੋਟੀਆਂ ਦੇ ਸ਼ਾਨਦਾਰ ਨਜ਼ਾਰੇ ਦਿਖਾਈ ਦਿੰਦੇ ਹਨ ਇਸ ਦੇ ਨੇੜੇ ਬਹੁਤ ਸਾਰੀਆਂ ਕੈਂਪਿੰਗ ਸਾਈਟੱਸ ਅਤੇ ਹੋਮ ਸਟੇ ਵੀ ਮੌਜੂਦ ਹਨ।
ਪੌੜੀਨੁਮਾ ਖੇਤੀ
ਬਰੋਟ ਘਾਟੀ ਦੇ ਆਲੇ ਦੁਆਲੇ ਹਰੇ ਭਰੇ ਪੌੜੀ ਨੂਮਾ ਖੇਤ ਬਹੁਤ ਜਿਆਦਾ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ ਇੱਥੇ ਆਮ ਤੌਰ ਤੇ ਲੋਕ ਆਲੂ ਮੱਕੀ , ਰਾਜਮਾਹ ,ਧਨੀਆ, ਮੂਲੀ, ਪੱਤਾ ਗੋਭੀ ਦੀ ਖੇਤੀ ਕਰਦੇ ਹਨ।
ਸ਼ਾਮ ਦੇ ਸਮੇਂ ਅਸੀਂ ਬਰੋਟ ਘਾਟੀ ਤੋਂ ਪਾਲਮਪੁਰ ਲਈ ਰਵਾਨਾ ਹੋ ਗਏ। ਰਸਤੇ ਵਿੱਚ ਕੁਦਰਤੀ ਨਜਾਰਿਆਂ ਦਾ ਆਨੰਦ ਲੈਂਦੇ ਹੋਏ ਅਸੀਂ ਆਨਲਾਈਨ ਹੋਟਲ ਜਾਂ ਹੋਮ ਸਟੇ ਦੀ ਭਾਲ ਕੀਤੀ। ਅਸੀਂ ਇੱਕ ਹੋਟਲ ਜਿਸ ਦਾ ਨਾਮ ਜੰਗਲ ਰਿਟਰੀਟ ਸੀ ਰਾਤ ਦੇ ਸਟੇ ਲਈ ਬੁੱਕ ਕਰਵਾ ਦਿੱਤਾ ।ਉਸ ਦੇ ਮਾਲਕ ਨੇ ਗੱਲ ਕਰਨ ਤੇ ਕਿਹਾ ਕਿ ਤੁਸੀਂ ਖਾਣਾ ਖਾ ਕੇ ਆਵੋਗੇ ਜਾਂ ਹੋਟਲ ਵਿੱਚ ਖਾਣਾ ਹੈ। ਅਸੀਂ ਕਿਹਾ ਕਿ ਰਾਤ ਨੂੰ ਲੇਟ ਪਹੁੰਚਾਂਗੇ ਤਾਂ ਖਾਣਾ ਅਸੀਂ ਹੋਟਲ ਵਿੱਚ ਹੀ ਖਾਵਾਂਗੇ ਤਾਂ ਉਸਨੇ ਕਿਹਾ ਕਿ ਮੇਰਾ ਕੁੱਕ ਤੁਹਾਨੂੰ ਫੋਨ ਕਰੇਗਾ ਤੁਸੀਂ ਜੋ ਖਾਣਾ ਹੈ ਉਹ ਆਡਰ ਕਰ ਦੇਣਾ ।ਅਸੀਂ ਕੁੱਕ ਦਾ ਫੋਨ ਆਉਣ ਤੇ ਖਾਣਾ ਆਰਡਰ ਕਰ ਦਿੱਤਾ ।ਗੱਡੀ ਵਿੱਚ ਲੋਕੇਸ਼ਨ ਲੱਗੀ ਹੋਣ ਕਰਕੇ ਅਸੀਂ ਹੋਟਲ ਦੇ ਨੇੜੇ ਪਹੁੰਚ ਗਏ ।ਸਾਨੂੰ ਨੇੜੇ ਤੇੜੇ ਕਿਤੇ ਵੀ ਹੋਟਲ ਦਿਖਾਈ ਨਹੀਂ ਦਿੱਤਾ ।ਰਾਤ ਨੂੰ ਹਨੇਰਾ ਹੋ ਚੁੱਕਾ ਸੀ ।ਕੁੱਕ ਦਾ ਸਾਨੂੰ ਰਸਤੇ ਵਿੱਚ ਦੋ ਤਿੰਨ ਵਾਰ ਫੋਨ ਆ ਚੁੱਕਾ ਸੀ ਕਿ ਮੈਂ ਤੁਹਾਨੂੰ ਆਪ ਆ ਕੇ ਲੈ ਜਾਵਾਂਗਾ। ਇੰਨੀ ਖਾਤਰਦਾਰੀ ਦੇਖ ਕੇ ਸਾਰੇ ਖੁਸ਼ ਹੋ ਰਹੇ ਸਨ। ਜਦ ਅਸੀਂ ਕੁਕ ਨੂੰ ਫੋਨ ਕੀਤਾ ਤਾਂ ਉਹ ਸੜਕ ਦੇ ਦੂਸਰੇ ਕਿਨਾਰੇ ਖੜਾ ਸਾਡਾ ਇੰਤਜ਼ਾਰ ਕਰ ਰਿਹਾ ਸੀ ਤੇ ਗੱਡੀ ਦੇਖ ਕੇ ਸਾਨੂੰ ਹੱਥ ਹਿਲਾ ਰਿਹਾ ਸੀ। ਜਦ ਅਸੀਂ ਹੋਟਲ ਜਾਣ ਲਈ ਗੱਡੀ ਦੂਸਰੇ ਪਾਸੇ ਮੋੜੀ ਤਾਂ ਜਿਸ ਗੇਟ ਵਿੱਚੋਂ ਅਸੀਂ ਲੰਘ ਰਹੇ ਸੀ ਉਸ ਉੱਪਰ ਮੁਕਤੀ ਦੁਆਰ ਲਿਖਿਆ ਹੋਇਆ ਸੀ । ਹਨੇਰੇ ਵਿੱਚ ਦੂਰ ਦੂਰ ਤੱਕ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਛੋਟੀ ਨਦੀ ਜਾਂ ਖਡ ਵਿੱਚ ਰਾਤ ਨੂੰ ਵਗਦੇ ਪਾਣੀ ਦੀ ਆਵਾਜ਼ ਡਰ ਪੈਦਾ ਕਰ ਰਹੀ ਸੀ ।ਥੋੜੀ ਦੂਰ ਇੱਕ ਕਾਰ ਖੜੀ ਹੋਈ ਸੀ ਅਤੇ ਅਸੀਂ ਵੀ ਉੱਥੇ ਕਾਰ ਪਾਰਕ ਕਰ ਦਿੱਤੀ। ਸਤਬੀਰ ਭੈਣ ਜੀ ਨੇ ਸਭ ਨੂੰ ਕਿਹਾ ਕਿ ਇਹ ਹੋਟਲ ਕਿੱਥੇ ਬੁੱਕ ਕਰਵਾ ਦਿੱਤਾ ,ਬਿਨਾਂ ਦੇਖੇ ਅਤੇ ਸੋਚੇ ਸਮਝੇ। ਮੈਨੂੰ ਤਾਂ ਦੇਖਣ ਵਿੱਚ ਇਹ ਬਿਲਕੁਲ ਵੀ ਸੇਫ ਨਹੀਂ ਲੱਗ ਰਿਹਾ। ਜਦੋਂ ਅਸੀਂ ਦੋਚਿਤੀ ਵਿੱਚ ਸਮਾਨ ਲੈ ਕੇ ਲੱਕੜ ਦੇ ਪੁਲ ਰਾਹੀਂ ਹੋਟਲ ਵੱਲ ਜਾਣ ਲੱਗੇ ਤਾਂ ਹੋਰ ਲੋਕਾਂ ਦੀ ਆਵਾਜ਼ ਸੁਣ ਕੇ ਸਾਰਿਆਂ ਦਾ ਮਨ ਸਥਿਰ ਹੋ ਗਿਆ। ਲੱਕੜ ਦਾ ਹਿਲਦਾ ਹੋਇਆ ਪੁੱਲ ਡਰਦੇ ਪਾਰ ਕਰਕੇ ਲਗਭਗ 500 ਮੀਟਰ ਉਬੜ ਖਾਬੜ ਰਸਤੇ ਰਾਹੀਂ ਪੱਥਰਾਂ ਵਿੱਚ ਅੜਕਦੇ ਅੜਕਾਉਂਦੇ ਹੋਟਲ ਵਿੱਚ ਪਹੁੰਚ ਗਏ। ਹੋਟਲ ਬਿਲਕੁਲ ਪਹਾੜੀ ਉੱਪਰ ਜੰਗਲ ਦੇ ਵਿੱਚ ਸੀ। ਅਸੀਂ ਸਾਰੇ ਪਹਿਲਾਂ ਹੀ ਬਹੁਤ ਡਰੇ ਹੋਏ ਸੀ। ਕੁੱਕ ਨੂੰ ਪੁੱਛਣ ਤੇ ਪਤਾ ਲੱਗਾ ਕਿ ਹੋਟਲ ਦੇ ਅੱਠ ਕਮਰਿਆਂ ਅਤੇ ਦੋ ਵੱਡੇ ਡੋਮਜ ਵਿੱਚੋਂ ਕੋਈ ਵੀ ਅੱਜ ਲਈ ਬੁੱਕ ਨਹੀਂ ਸੀ । ਕੁੱਕ ਦੇ ਦੱਸਣ ਮੁਤਾਬਿਕ ਜੋ ਲੋਕ ਪੁਲ ਤੇ ਮਿਲੇ ਸਨ ਉਹ ਤਾ ਸਥਾਨਕ ਸਨ ਅਤੇ ਖੱਡ ਵਿੱਚ ਨਹਾਉਣ ਲਈ ਆਏ ਹੋਏ ਸਨ। ਇਹ ਸੁਣ ਕੇ ਡਰ ਦੇ ਨਾਲ ਨਾਲ ਮਨ ਵਿੱਚ ਹੋਰ ਵੀ ਬੁਰੇ ਖਿਆਲ ਆਉਣ ਲੱਗ ਪਏ ਸਨ। ਸਾਥੀ ਆਜ਼ਾਦਵਿੰਦਰ ਦੇ ਸਮਝਾਉਣ ਦੇ ਬਾਵਜੂਦ ਵੀ ਕਿਸੇ ਦਾ ਮਨ ਟਿਕ ਨਹੀਂ ਰਿਹਾ ਸੀ। ਸਾਡੇ ਬੇਨਤੀ ਕਰਨ ਤੇ ਕੁੱਕ ਨੇ ਸਾਨੂੰ ਡਬਲ ਬੈੱਡ ਵਾਲਾ ਰੂਮ ਖੋਲ ਕੇ ਦੇ ਦਿੱਤਾ। ਡੋਮਸ ਦੇ ਬਾਹਰ ਜਗ ਰਹੀਆਂ ਲਾਈਟਸ ਸਾਡੇ ਮਨ ਵਿੱਚ ਖੁਸ਼ੀ ਦੀ ਬਜਾਏ ਹੋਰ ਡਰ ਵਧਾ ਰਹੀਆਂ ਸਨ। ਅਸੀਂ ਡਰਦੇ ਡਰਦੇ ਖਾਣਾ ਖਾਦਾ ਪਰ ਖਾਣਾ ਬਹੁਤ ਜਿਆਦਾ ਸਵਾਦ ਸੀ। ਖਾਣਾ ਖਾਣ ਤੋਂ ਬਾਅਦ ਕੁੱਕ ਨੇ ਕਿਹਾ ਕਿ ਰਾਤ ਨੂੰ ਉਹ ਆਪਣਾ ਕੁੱਤਾ ਖੁੱਲਾ ਛੱਡੇਗਾ ਇਸ ਲਈ ਤੁਸੀਂ ਕਮਰੇ ਦਾ ਦਰਵਾਜ਼ਾ ਨਾ ਖੋਲਣਾ। ਮੈਂ ਮਨ ਹੀ ਮਨ ਵਿੱਚ ਸਵੇਰ ਹੋਣ ਤੱਕ ਜਾਗਦੇ ਰਹਿਣ ਬਾਰੇ ਸੋਚ ਰਿਹਾ ਸੀ ਪਰ ਥਕਾਵਟ ਹੋਣ ਕਰਕੇ ਸਾਰਿਆਂ ਨੂੰ ਰੱਜ ਕੇ ਨੀਂਦ ਆ ਗਈ। ਸਵੇਰ ਹੁੰਦਿਆਂ ਸਾਰ ਹੀ ਮੋਰਾਂ ਦੀਆਂ ਆਵਾਜ਼ਾਂ ਬਹੁਤ ਵਧੀਆ ਲੱਗ ਰਹੀਆਂ ਸਨ । ਦਿਨ ਦੇ ਚਾਨਣ ਵਿੱਚ ਸਾਰਾ ਆਲਾ ਦੁਆਲਾ ਦੇਖ ਕੇ ਰਾਤ ਦਾ ਸਾਰਾ ਡਰ ਦੂਰ ਹੋ ਗਿਆ ਸੀ। ਤਿਆਰ ਹੋ ਕੇ ਹੋਟਲ ਦੇ ਆਲੇ ਦੁਆਲੇ ਘੁੰਮਕੇ ਅਸੀਂ ਆਪਣਾ ਸਮਾਨ ਚੱਕ ਕੇ ਰਾਤ ਨੂੰ ਡਰਾਉਣ ਵਾਲੇ ਲੱਕੜ ਦੇ ਪੁਲ ਕੋਲ ਪਹੁੰਚੇ ਤਾਂ ਖੱਡ ਵਿੱਚ ਪੱਥਰਾਂ ਵਿੱਚੋਂ ਫੁੱਟ ਕੁ ਦੀ ਡੁੰਘਾਈ ਵਿੱਚ ਪਾਣੀ ਵਗ ਰਿਹਾ ਸੀ। ਸਵੇਰ ਦਾ ਮਨ ਵਿੱਚ ਖਿਆਲ ਸੀ ਕਿ ਕਿਸ ਤਰ੍ਹਾਂ ਇਹ ਹਿਲਦੇ ਹੋਏ ਪੁਲ ਨੂੰ ਪਾਰ ਕਰਾਂਗੇ ਦਿਨ ਦੇ ਚਾਨਣ ਵਿਚ ਦੇਖਕੇ ਉਸਦਾ ਵੀ ਡਰ ਮਨ ਵਿੱਚੋਂ ਨਿਕਲ ਗਿਆ। ਇਥੋਂ ਅਸੀਂ ਅੰਧਰੇਟਾ ਲਈ ਰਵਾਨਾ ਹੋ ਗਏ। ਅੰਧਰੇਟਾ ਵਿੱਚ ਅਸੀਂ ਮਸ਼ਹੂਰ ਸਰਦਾਰ ਸੋਭਾ ਸਿੰਘ ਆਰਟ ਗੈਲਰੀ ਦੇਖੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਗਏ ਜਿੱਥੇ ਅਸੀਂ ਆਧੁਨਿਕ ਪੰਜਾਬੀ ਰੰਗ ਮੰਚ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਨੌਰਾ ਰਿਚਰਡ ਜੀ ਦਾ ਘਰ ਦੇਖਿਆ। ਪਾਲਮਪੁਰ ਵਿੱਚ ਬਹੁਤ ਸਾਰੀਆਂ ਟੀ ਐਸਟੇਟਸ ਅਤੇ ਢਲਾਣ ਵਾਲੀਆਂ ਥਾਵਾਂ ਤੇ ਚਾਹ ਦੇ ਵੱਡੇ ਵੱਡੇ ਬਾਗ ਹਨ। ਅਸੀਂ ਇਥੋਂ ਦੀ ਮਸ਼ਹੂਰ ਵਾਹ ਟੀ ਐਸਟੇਟਸ ਗਏ ਜੋ ਕਿ ਅੰਗਰੇਜ਼ਾਂ ਦੇ ਸਮੇਂ 1857 ਤੋਂ ਸਥਾਪਿਤ ਹੈ। ਉਥੇ ਢਲਾਨਾ ਤੇ ਬਣੇ ਚਾਹ ਦੇ ਬਾਗ ਅਤੇ ਕਿਸ ਤਰ੍ਹਾਂ ਮਸ਼ੀਨਾਂ ਰਾਹੀਂ ਚਾਹ ਬਣਾਈ ਜਾਂਦੀ ਹੈ ਉਹ ਵੀ ਦੇਖਿਆ। ਇਸ ਤੋਂ ਬਾਅਦ ਅਸੀਂ ਪਾਲਮਪੁਰ ਦੇ ਗੋਪਾਲਪੁਰ ਵਿੱਚ ਚਿੜੀਆ ਘਰ ਵੀ ਦੇਖਿਆ। ਉੱਥੇ ਬਹੁਤ ਪ੍ਰਕਾਰ ਦੇ ਪੰਛੀ, ਸਾਂਬਰ, ਗੋਰਲ, ਭਾਲੂ, ਸ਼ੇਰ ਅਤੇ ਤੇਂਦੂਏ ਵੀ ਦੇਖੇ। ਇਸ ਤੋਂ ਬਾਅਦ ਅਸੀਂ ਪਾਲਮਪੁਰ ਤੋਂ ਵਾਪਸ ਚੱਲ ਪਏ ।ਰਸਤੇ ਵਿੱਚ ਮੌਸਮ ਵੀ ਕਾਫੀ ਸੁਹਾਵਣਾ ਸੀ ।ਮੀਂਹ ਪੈ ਰਿਹਾ ਸੀ ਅਤੇ ਦੇਰ ਰਾਤ ਅਸੀਂ ਗਿਦੜਬਾਹਾ ਵਾਪਸ ਆ ਗਏ।
- ਗੁਰਪ੍ਰੀਤ ਦੁੱਗਲ