- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਗਰਮ ਜਵਾਲਾਮੁਖੀ ਹੋਣ ਕਾਰਨ ਇਹ ਥਾਂ ਭੂ-ਵਿਗਿਆਨੀਆਂ ਲਈ ਬੜੀ ਮਹੱਤਵਪੂਰਣ ਹੈ ਤੇ ਸੈਲਾਨੀਆਂ ਦੀ ਆਮਦ ਬੜੇ ਜ਼ਾਬਤੇ ਨਾਲ ਵਿਓਂਤੀ ਜਾਂਦੀ ਹੈ। ਦਿਨ ਦੇ ਸਿਰਫ਼ ਕੁਝ ਘੰਟੇ ਹੀ ਸੈਲਾਨੀਆਂ ਨੂੰ ਇੱਥੇ ਆਉਣ ਦਿੱਤਾ ਜਾਂਦਾ ਹੈ ਤੇ ਉਸ ਲਈ ਵੀ ਤਿੰਨ ਯੂਰੋ ਦੀ ਟਿਕਟ ਲੈਣੀ ਪੈਂਦੀ ਹੈ। ਦਰਅਸਲ ਟਾਪੂ ਦੀ ਅਸਲੀ ਖਿੱਚ ਜਵਾਲਾਮੁਖੀ ਦੀ ਹਿੱਕ ’ਤੇ ਤੁਰਨ ਦਾ ਅਹਿਸਾਸ ਹੈ।

ਸਿਰਫ਼ 14000 ਦੀ ਵਸੋਂ ਵਾਲਾ ਸਾਨਤੋਰੀਨੀ ਕ੍ਰੀਟ ਦੇ ਮੁਕਾਬਲੇ ਨਿਕਚੂ ਜਿਹਾ ਹੋਣ ਦੇ ਬਾਵਜੂਦ ਗ੍ਰੀਸ ਦੇ ਪ੍ਰਮੁੱਖ ਸੈਲਾਨੀ ਆਕਰਸ਼ਣਾਂ ’ਚ ਗਿਣਿਆ ਜਾਂਦਾ ਹੈ। ਇਕ ਤਾਂ ਇਸ ਉੱਪਰ ਉਹ ਜਵਾਲਾਮੁਖੀ ਸਥਿਤ ਹੈ, ਜਿਸ ਨੇ ਢਾਈ ਹਜ਼ਾਰ ਸਾਲ ਪਹਿਲਾਂ ਨਾ ਸਿਰਫ਼ ਇਸ ਟਾਪੂ ਦੇ ਟੁਕੜੇ ਕਰ ਦਿੱਤੇ ਤੇ ਕ੍ਰੀਟ ਤੱਕ ਦੀ ਵਸੋਂ ਨੂੰ ਨਸ਼ਟ ਕਰ ਦਿੱਤਾ ਤੇ ਦੂਜਾ ਇਸ ਕਾਰਨ ਵੀ ਕਿ ਏਥੇ ‘ਮਿਨੋਆ’ ਵੇਲਿਆਂ ਤੋਂ ਹੀ ਲੋਕਾਂ ਦੇ ਵਸਣ ਦੇ ਪ੍ਰਮਾਣ ਮੌਜੂਦ ਹਨ। 1967 ਵਿਚ ਸਾਨਤੋਰੀਨੀ ’ਚ ਆਕਰੋਤੀਰੀ ਨਾਂ ਦੀ ਥਾਂ ’ਤੇ ਖੁਦਾਈ ਕਰਨ ’ਤੇ ਇੱਥੇ ਵੀ ਇਸ ਸੱਭਿਅਤਾ ਦੇ ਚੋਖੇ ਤੇ ਸਾਲਮ ਪ੍ਰਮਾਣ ਮਿਲੇ। ਟਾਪੂ ਦੇ ਦੱਖਣੀ ਹਿੱਸੇ ਵਿਚ ਕੀਤੀ ਖੁਦਾਈ ਨਾਲ ਇਕ ਪੂਰੇ ਦਾ ਪੂਰਾ ਸ਼ਹਿਰ ਉੱਘੜ ਆਇਆ, ਜਿਸ ਵਿੱਚ ਬਹੁ-ਮੰਜ਼ਲੀਆਂ ਇਮਾਰਤਾਂ, ਅੱਠ ਮੀਟਰ ਉੱਚੀਆਂ ਕੰਧਾਂ, ਸੜਕਾਂ ਤੇ ਚੌਕ ਸਾਫ਼ ਦਿਸਦੇ ਹਨ। ਮਿਲੇ ਸਬੂਤਾਂ ਤੋਂ ਜਾਪਦਾ ਹੈ ਕਿ ਇੱਥੇ ਛੇ ਹਜ਼ਾਰ ਵਰ੍ਹੇ ਪਹਿਲਾਂ ਹੀ ਲੋਕ ਵਸਣੇ ਸ਼ੁਰੂ ਹੋ ਗਏ ਸਨ ਪਰ 2000-1650 ਈਸਵੀ ਪੂਰਵ (ਦੂਜੇ ਸ਼ਬਦਾਂ ਵਿਚ ਚਾਰ ਕੁ ਹਜ਼ਾਰ ਸਾਲ ਪਹਿਲਾਂ) ਆਕਰੋਤੀਰੀ ਤਾਮਰ-ਯੁੱਗ ਦਾ ਮਹੱਤਵਪੂਰਣ ਬੰਦਰਗਾਹ ਸ਼ਹਿਰ ਬਣ ਚੁੱਕਿਆ ਸੀ ।
ਇਸ ਗੱਲ ਦੇ ਪ੍ਰਮਾਣ ਜ਼ਰੂਰ ਮਿਲਦੇ ਹਨ ਕਿ 1650/1600 ਈਸਵੀ ਪੂਰਵ ਦੇ ਗੇੜ ਵਿਚ ਏਥੇ ਜਵਾਲਾਮੁਖੀ ਦੇ ਫਟਣ ਕਾਰਨ ਆਈਆਂ ਤਬਦੀਲੀਆਂ ਕਾਰਨ ਹੀ ਇਹ ਸੱਭਿਅਤਾ ਨਸ਼ਟ ਹੋਈ। ਹੁਣੇ ਹੋਈਆਂ ਮਿਣਤੀਆਂ ਮੁਤਾਬਕ ਉਸ ਸਮੇਂ ਜਵਾਲਾਮੁਖੀ ਦੇ ਫਟਣ ਨੇ 61 ਵਰਗ ਕਿਲੋਮੀਟਰ ਦੇ ਬਰਾਬਰ ਲਾਵਾ ਤੇ ਚੱਟਾਨਾਂ ਉਗਲੀਆਂ, ਜਿਸ ਰਾਹੀਂ ਟਾਪੂ ਦੀ ਧਰਤੀ ਤੇ 60 ਮੀਟਰ ਉੱਚੀ ਤਹਿ ਵਿਛ ਗਈ। ਇਸ ਦਾਤ-ਨੁਮਾ ਟਾਪੂ ਦੇ ਅੰਦਰਲੇ ਹਿੱਸੇ ਵਿਚ ਬਣੀ ਖਾਰੀ ਝੀਲ (ਲੈਗੂਨ) ਦੇ ਐਨ ਵਿਚਕਾਰ ਹੀ ਨੀਆ ਕਾਮੇਨੀ ਦਾ ਟਾਪੂ ਹੈ, ਜੋ ਦਰਅਸਲ ਜਵਾਲਾਮੁਖੀ ਦਾ ਪਾਣੀ ਵਿੱਚੋਂ ਸਿਰ ਕੱਢਦਾ ਸਿਖ਼ਰ ਹੈ । ਇਹ ਸਰਗਰਮ ਜਵਾਲਾਮੁਖੀ ਆਖ਼ਰੀ ਵਾਰ 1950 ’ਚ ਫਟਿਆ ਸੀ ਤੇ ਮੁੜ ਵੀ ਕਿਸੇ ਵੇਲੇ ਫਟੇਗਾ ਪਰ ਹੁਣ ਵਿਗਿਆਨ ਏਨੀ ਤਰੱਕੀ ਕਰ ਚੁੱਕਿਆ ਹੈ ਕਿ ਇਸ ਦੇ ਫਟਣ ਤੋਂ ਕੁਝ ਮਹੀਨੇ ਪਹਿਲਾਂ ਹੀ ਭੂ-ਵਿਗਿਆਨੀਆਂ ਨੂੰ ਇਸ ਬਾਰੇ ਖ਼ਬਰ ਹੋ ਜਾਵੇਗੀ । ਇਸਲ ਈ ਸੈਲਾਨੀਆਂ ਨੂੰ ਨੀਆ ਕਾਮੇਨੀ ਜਾਣ ਦੀ ਇਜਾਜ਼ਤ ਹੈ। ਅਸੀ ਵੀ ਉਥੇ ਜਾਣ ਲਈ ਪੂਰੇ ਦਿਨ ਦੇ ਟੂਰ ਦੀਆਂ ਟਿਕਟਾਂ ਲੈ ਲਈਆਂ । 18 ਯੂਰੋ ਫ਼ੀ ਸੈਲਾਨੀ ਦੀ ਪੂਰੇ ਦਿਨ ਦੀ ਟਿਕਟ ਵਿਚ ਜਵਾਲਾਮੁਖੀ ਤੋਂ ਇਲਾਵਾ ਟਾਪੂ ਦੇ ਪਾਰਲੇ ਸਿਰੇ ’ਤੇ ਵਸੇ ਪਿੰਡ ਈਆ ਦੀ ਸੈਰ ਵੀ ਸ਼ਾਮਿਲ ਸੀ।
ਵੱਡੀ ਸੈਲਾਨੀ ਬੱਸ ਨੇ ਸਵੇਰੇ ਦਸ ਵਜੇ ਸਾਨੂੰ ਸਾਡੇ ਹੋਟਲ ਤੋਂ ਚੁੱਕਿਆ। ਹੋਰਨਾ ਨੇੜਲੇ ਹੋਟਲਾਂ ਤੋਂ ਇਕੱਠੇ ਕੀਤੇ ਸੈਲਾਨੀਆਂ ਨਾਲ ਬੱਸ ਪਹਿਲਾਂ ਹੀ ਭਰੀ ਹੋਈ ਸੀ, ਸੋ ਬਿਨਾਂ ਹੋਰ ਕਿਧਰੇ ਰੁਕੇ ਸਾਨੂੰ ਸਿੱਧਾ ਟਾਪੂ ਦੇ ਲੈਗੂਨ ਵਾਲੇ ਪਾਸੇ ਲੈ ਗਏ। ਤਕਰੀਬਨ 12 ਬਾਈ 7 ਕਿਲੋਮੀਟਰ ਦੇ ਖੇਤਰਫਲ ਵਾਲੀ ਇਸ ਲੈਗੂਨ ਨੂੰ ਤਿੰਨਾਂ ਪਾਸਿਆਂ ਤੋਂ ਸਾਨਤੋਰੀਨੀ ਦੀਆਂ 300 ਮੀਟਰ ਉੱਚੀਆਂ ਢਿੱਗਾਂ ਨੇ ਘੇਰਿਆ ਹੋਇਆ ਹੈ, ਜਿਨ੍ਹਾਂ ਦੇ ਸਿਖ਼ਰ ’ਤੇ ਤਾਂ ਪਿੰਡ ਵਸਦੇ ਹਨ ਪਰ ਪੈਰਾਂ ’ਚ ਬੰਦਰਗਾਹਾਂ ਹਨ। ਇਸ ਲੈਗੂਨ ਦੀ ਡੂੰਘਾਈ ਤਕਰੀਬਨ 400 ਮੀਟਰ ਹੋਣ ਕਾਰਨ ਵੱਡੇ-ਵੱਡੇ ਜਹਾਜ਼ ਵੀ ਏਥੇ ਆਰਾਮ ਨਾਲ ਪਹੁੰਚ ਕੇ ਲੰਗਰ ਸੁੱਟ ਸਕਦੇ ਹਨ। ਸਾਡੀ ਬੱਸ ਨੇ ਵੀ ਵਲੇਵੇਂਦਾਰ ਰਾਹ ਤੋਂ ਸਿੱਧੀ ਉਤਰਾਈ ਦੇ ਦਸ ਕੁ ਮਿੰਟ ਤੈਅ ਕਰ ਕੇ ਸਾਨੂੰ ਅਜਿਹੀ ਹੀ ਇਕ ਬੰਦਰਗਾਹ ’ਤੇ ਲੈ ਆਂਦਾ। ਇੱਥੇ ਟਾਪੂ ਦੇ ਅੱਡੋ-ਅੱਡ ਹਿੱਸਿਆਂ ਤੋਂ ਸੈਲਾਨੀ ਬੱਸਾਂ ਪਹੁੰਚ ਰਹੀਆਂ ਸਨ ਤੇ ਵੀਹ ਕੁ ਮਿੰਟ ਬਾਅਦ ਸਾਰਿਆਂ ਨੂੰ ਇਕੱਠਿਆਂ ਕਰ ਕੇ ਚੋਖੇ ਵੱਡੇ ਸਟੀਮਰ ’ਤੇ ਲੱਦ ਕੇ ਨੀਆ ਕਾਮੇਨੀ ਦੇ ਜਵਾਲਾਮੁਖੀ ਟਾਪੂ ਵੱਲ ਲੈ ਤੁਰੇ।
ਸਰਗਰਮ ਜਵਾਲਾਮੁਖੀ ਹੋਣ ਕਾਰਨ ਇਹ ਥਾਂ ਭੂ-ਵਿਗਿਆਨੀਆਂ ਲਈ ਬੜੀ ਮਹੱਤਵਪੂਰਣ ਹੈ ਤੇ ਸੈਲਾਨੀਆਂ ਦੀ ਆਮਦ ਬੜੇ ਜ਼ਾਬਤੇ ਨਾਲ ਵਿਓਂਤੀ ਜਾਂਦੀ ਹੈ। ਦਿਨ ਦੇ ਸਿਰਫ਼ ਕੁਝ ਘੰਟੇ ਹੀ ਸੈਲਾਨੀਆਂ ਨੂੰ ਇੱਥੇ ਆਉਣ ਦਿੱਤਾ ਜਾਂਦਾ ਹੈ ਤੇ ਉਸ ਲਈ ਵੀ ਤਿੰਨ ਯੂਰੋ ਦੀ ਟਿਕਟ ਲੈਣੀ ਪੈਂਦੀ ਹੈ। ਦਰਅਸਲ ਟਾਪੂ ਦੀ ਅਸਲੀ ਖਿੱਚ ਜਵਾਲਾਮੁਖੀ ਦੀ ਹਿੱਕ ’ਤੇ ਤੁਰਨ ਦਾ ਅਹਿਸਾਸ ਹੈ। ਸਿਵਾਏ ਇਸ ਦੇ ਪੂਰਬਲੇ ਹਿੱਸੇ ਦੇ, ਜਿੱਥੇ ਕਈ ਥਾਵਾਂ ਤੋਂ ਜ਼ਮੀਨ ਵਿੱਚੋਂ ਪੀਲਾ ਧੂੰਆਂ ਨਿਕਲਦਾ ਦਿਸਦਾ ਹੈ, ਕਿਤੇ ਵੀ ਇਹ ਨਹੀਂ ਜਾਪਦਾ ਕਿ ਤੁਸੀ ਕਿਸੇ ਵਿਸ਼ੇਸ਼ ਥਾਂ ’ਤੇ ਹੋ। ਵਿਸ਼ੇਸ਼ ਮਹੱਤਵ ਤਾਂ ਇਸ ਦਾ ਵਿਗਿਆਨੀਆਂ ਲਈ ਹੈ। ਹਾਂ, ਸੈਲਾਨੀਆਂ ਨੂੰ ਲੈਗੂਨ ਦੇ ਐਨ ਵਿਚਕਾਰ ਖੜ੍ਹੇ ਹੋ ਕੇ ਕੇ ਸਾਨਤੋਰੀਨੀ ਦੇ ਸਮੁੱਚੇ ਦ੍ਰਿਸ਼ ਨੂੰ ਮਾਨਣ ਦਾ ਮੌਕਾ ਜ਼ਰੂਰ ਮਿਲਦਾ ਹੈ।
ਡੇਢ ਘੰਟੇ ਦੇ ਇਸ ਪੜਾਅ ਤੋਂ ਬਾਅਦ ਸਟੀਮਰ ਸਾਰਿਆਂ ਨੂੰ ਨੀਆ ਕਾਮੇਨੀ ਦੇ ਪਾਰਲੇ ਪਾਸੇ ਲੈ ਜਾਂਦਾ ਹੈ। ਇਸ ਪਾਸੇ ਵੱਲ ਧਰਤੀ ਹੇਠਲੀ ਸਰਗਰਮੀ ਦੇ ਜ਼ਾਮਨ ਗਰਮ ਪਾਣੀ ਦੇ ਸਰੋਤ ਅਜੇ ਵੀ ਮੌਜੂਦ ਹਨ। ਧਰਤੀ ਵਿੱਚੋਂ ਫੁੱਟਦਾ ਇਹ ਉਬਲਦਾ ਪਾਣੀ ਉਤਲੇ ਸਮੁੰਦਰੀ ਪਾਣੀ ਨਾਲ ਰਲ ਕੇ ਕੰਢੇ ਦੇ ਕੁਝ ਹਿੱਸੇ ਨੂੰ ਗਰਮ ਪਾਣੀ ਦੇ ਕੁਦਰਤੀ ਟੋਭੇ ਵਿਚ ਤਬਦੀਲ ਕਰ ਦਿੰਦਾ ਹੈ, ਜਿਸ ਵਿਚ ਤਰਨ ਦਾ ਆਪਣਾ ਹੀ ਸੁਆਦ ਹੈ ਪਰ ਇਸ ਥਾਂ ’ਤੇ ਤਰਨ ਲਈ ਮਾਹਿਰ ਤੈਰਾਕ ਹੋਣਾ ਜ਼ਰੂਰੀ ਹੈ ਕਿਉਂਕੇ ਸਮੁੰਦਰ ਦੇ ਐਨ ਵਿਚਕਾਰ ਹੋਣ ਕਾਰਨ ਪਾਣੀ ਬਹੁਤ ਡੂੰਘਾ ਹੈ ਤੇ ਕੰਢਿਆਂ ਕੋਲ ਬੀਚ ਵਰਗੀ ਕੋਈ ਢਾਲਵੀਂ ਥਾਂ ਨਹੀਂ, ਜਿੱਥੇ ਪੈਰ ਵੀ ਟਿਕਾਇਆ ਜਾ ਸਕੇ। ਇਸ ਥਾਂ ’ਤੇ ਅੱਧੇ ਘੰਟੇ ਦੇ ਕਿਆਮ ਮਗਰੋਂ ਸਾਨੂੰ ਇਕ ਹੋਰ ਨਿੱਕੇ ਜਿਹੇ ਟਾਪੂ ਥੇਰਾਸੀਆ ਲਿਜਾਇਆ ਗਿਆ। ਕਦੇ ਇਹ ਗੋਲਾਕਾਰ ਸਾਨਤੋਰੀਨੀ ਦਾ ਹੀ ਹਿੱਸਾ ਸੀ ਪਰ 3500 ਵਰ੍ਹੇ ਪਹਿਲਾਂ ਮਚੀ ਤਰਥੱਲੀ ਵੇਲੇ ਇਹ ਥਾਂ ਤਾਂ ਅੱਡਰੇ ਟਾਪੂ ਵਾਂਗ ਬਚੀ ਰਹਿ ਗਈ ਤੇ ਸਾਨਤੋਰੀਨੀ ਨਾਲ ਇਸ ਨੂੰ ਜੋੜਦਾ ਹਿੱਸਾ ਪਾਣੀ ਹੇਠ ਆ ਗਿਆ।
ਸਾਡਾ ਅਗਲਾ ਤੇ ਦਿਨ ਦਾ ਆਖ਼ਰੀ ਪੜਾਅ ਸਾਨਤੋਰੀਨੀ ਦੇ ਪੱਛਮੀ ਸਿਰੇ ’ਤੇ ਇਕ ਤਿੱਖੀ ਪਹਾੜੀ ਦੀ ਕੰਡ ’ਤੇ ਵਸਿਆ ਪਿੰਡ ਈਆ ਸੀ। ਇਹ ਥਾਂ ਸਾਰੀ ਦੁਨੀਆ ਵਿਚ ਆਪਣੀਆਂ ਖ਼ੂਬਸੂਰਤ ਆਥਣਾਂ ਕਾਰਨ ਪ੍ਰਸਿੱਧ ਹੈ। ਈਆ ਆਪਣੇ ਆਪ ਵਿਚ ਵੀ ਬੜਾ ਖ਼ੂਬਸੂਰਤ ਪਿੰਡ ਹੈ ਤੇ ਗ੍ਰੀਸ ਦੀ ਪੇਂਡੂ ਇਮਾਰਤ-ਕਲਾ ਤੇ ਰੰਗ-ਚੋਣ ਦਾ ਉੱਘੜਵਾਂ ਨਮੂਨਾ ਹੈ। ਗ੍ਰੀਸ ਦੇ ਪਿੰਡਾਂ ਵਿਚ ਘਰਾਂ ਨੂੰ ਦੁੱਧ ਚਿੱਟੇ ਰੰਗ ਵਿਚ ਰੰਗਣ ਦਾ ਰਿਵਾਜ ਹੈ, ਜਿਸ ਉੱਤੇ ਮੈਲ ਦਾ ਧੱਬਾ ਵੀ ਨਹੀਂ ਦਿਸਦਾ। ਸ਼ਾਇਦ ਘਰਾਂ ਨੂੰ ਹਰ ਸਾਲ ਹੀ ਰੰਗਿਆ ਜਾਂਦਾ ਹੈ, ਵਰਨਾ ਏਨੀ ਸਫ਼ੈਦੀ ਨੂੰ ਲੰਮਾ ਚਿਰ ਨਹੀਂ ਸਾਂਭਿਆ ਜਾ ਸਕਦਾ। ਇਸ ਚਿਟਿਆਈ ਦੇ ਟਾਕਰੇ ਵਿਚ ਬੂਹੇ-ਬਾਰੀਆਂ ਨੂੰ ਕਿਸੇ ਡਾਢੇ ਤਿੱਖੇ ਰੰਗ (ਗੂੜ੍ਹੇ ਨੀਲੇ ਜਾਂ ਗਾੜ੍ਹੇ ਪੀਲੇ) ਨਾਲ ਰੰਗਿਆ ਜਾਂਦਾ ਹੈ ਜੋ ਇਕਸਾਰ ਸਫ਼ੈਦੀ ਨੂੰ ਤੋੜਦਾ ਵੀ ਹੈ ਤੇ ਖ਼ੂਬਸੂਰਤ ਵਖਰੇਵਾਂ ਵੀ ਸਿਰਜਦਾ ਹੈ। ਈਆ ਵਿਚ ਅਜਿਹੇ ਘਰਾਂ (ਜਿਨ੍ਹਾਂ ਵਿੱਚੋਂ ਬਹੁਤੇ ਹੁਣ ਹੋਟਲ ਹਨ) ਦੀ ਏਨੇ ਵੱਡੇ ਪੈਮਾਨੇ ’ਤੇ ਭਰਮਾਰ ਹੈ ਕਿ ਕਿ ਨੀਲੇ ਸਾਗਰ ਵਿੱਚੋਂ ਉਭਰਦੇ ਇਸ ਦੂਧੀਆ ਪਿੰਡ ਦਾ ਹੁਸਨ ਦੇਖਿਆਂ ਹੀ ਬਣਦਾ ਹੈ। ਦੁਨੀਆ ਭਰ ਤੋਂ ਦ੍ਰਿਸ਼-ਫੋਟੋਗ੍ਰਾਫ਼ੀ ਦੇ ਮਾਹਿਰ ਫੋਟੋਗ੍ਰਾਫ਼ਰ ਇੱਥੇ ਤਸਵੀਰਾਂ ਖਿੱਚਣ ਆਉਂਦੇ ਹਨ ਤੇ ਈਆ ਦੇ ਨਜ਼ਾਰਿਆਂ ਦੇ ਕੈਲੰਡਰ ਤੇ ਤਸਵੀਰਾਂ ਸਾਰੀ ਦੁਨੀਆ ਵਿਚ ਧੜਾਧੜ ਵਿਕਦੇ ਹਨ।
ਸੂਰਜ ਅਸਤ ਹੋਣ ਵੇਲੇ ਸ਼ਾਮ ਨੂੰ ਸੱਤ ਕੁ ਵਜੇ ਈਆ ਦੇ ਕਿਸੇ ਕੋਨੇ ’ਤੇ ਵੀ ਹੋਵੋ, ਹਰ ਸੈਲਾਨੀ ਪਿੰਡ ਦੇ ਪੱਛਮੀ ਸਿਰੇ ਵੱਲ ਪਹੁੰਚ ਜਾਂਦਾ ਹੈ। ਇਕ ਤਾਂ ਇਹ ਥਾਂ ਤਿੰਨਾ ਪਾਸਿਆਂ ਤੋਂ ਸਮੁੰਦਰ ਵਿਚ ਘਿਰੀ ਚੋਟੀ ’ਤੇ ਹੋਣ ਕਾਰਨ ਡਾਢੀ ਅਨੋਖੀ ਹੈ ਤੇ ਦੂਜੇ ਕੁਝ ਵਿਸ਼ੇਸ਼ ਸਥਾਨਕ ਮੌਸਮੀ ਕਾਰਨਾਂ ਕਰਕੇ ਢਲਦੇ ਸੂਰਜ ਦੀ ਰੋਸ਼ਨੀ ਇੱਥੇ ਬੜੇ ਅਸਾਧਾਰਨ ਢੰਗ ਨਾਲ ਖਿੰਡਦੀ ਹੈ। ਸੂਰਜ ਅਸਤ ਵੇਲੇ ਇੱਥੇ ਏਨੇ ਲੋਕ ਸਨ ਕਿ ਸਚਮੁੱਚ ਤਿਲ ਧਰਨ ਨੂੰ ਥਾਂ ਨਹੀਂ ਸੀ ਲੱਭਦੀ। ਸੁਹਣੇ ਸਮੁੰਦਰੀ ਤੱਟਾਂ ’ਤੇ ਆਮ ਤੌਰ ਉਤੇ ਲੋਕ ਆਥਣ ਵੇਲੇ ਇਕੱਠੇ ਹੋ ਜਾਂਦੇ ਹਨ ਪਰ ਇਹੋ ਜਿਹੇ ਹਜੂਮ ਮੈਂ ਹੋਰ ਕਿਤੇ ਨਹੀਂ ਦੇਖੇ। ਦਸ ਕੁ ਮਿੰਟ ਦਾ ਨਿਹਾਇਤ ਖ਼ੂਬਸੂਰਤ ਸੂਰਜ-ਅਸਤ ਦੇਖ ਕੇ ਜਦੋਂ ਅਸੀ ਵਾਪਸ ਮੁੜਨਾ ਸ਼ੁਰੂ ਹੋਏ ਤਾਂ ਹਾਲ ਉਹੋ ਸੀ ਜੋ ਹਜ਼ਾਰਾਂ ਦਾ ਮੇਲਾ ਖਿੰਡਣ ਸਮੇਂ ਹੁੰਦਾ ਹੈ। ਜਿਹੜਾ ਰਾਹ ਅਸੀ ਸਹਿਜੇ ਹੀ ਪੰਦਰਾਂ-ਵੀਹ ਮਿੰਟਾਂ ਵਿਚ ਤੈਅ ਕਰ ਕੇ ਆਏ ਸੀ, ਵਾਪਸੀ ਵੇਲੇ ਉੱਸੇ ਨੂੰ ਮੁਕਾਉਂਦਿਆਂ ਪੌਣਾ ਘੰਟਾ ਲੱਗ ਗਿਆ।
- ਸੁਕੀਰਤ