- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਢੀ ਖੇਤਰ ਜ਼ਿਲ੍ਹਾ ਪਠਾਨਕੋਟ ਦੀ ਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆਂ ਹੱਦਾਂ ਤੋਂ ਸ਼ੁਰੂ ਹੋ ਕੇ ਮੁਹਾਲੀ ਜ਼ਿਲ੍ਹੇ ਨਾਲ ਲੱਗਦੇ ਹਰਿਆਣਾ ਸੂਬੇ ਨਾਲ ਜਾ ਲੱਗਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਤੇ ਮੁਹਾਲੀ ਜ਼ਿਲ੍ਹਿਆਂ ਅਧੀਨ ਪੈਂਦੇ ਕੰਢੀ ਖੇਤਰ ਦੀ ਸਥਿਤੀ ਬੜੀ ਭਿੰਨ ਹੈ।

ਪੰਜਾਬ ਦਾ ਕੰਢੀ ਖੇਤਰ ਆਪਣੀ ਵੱਖਰੀ ਭੂਗੋਲਿਕ ਸਥਿਤੀ, ਆਬੋ-ਹਵਾ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਵਖਰੇਵੇਂ ਕਾਰਨ ਸੂਬੇ ਭਰ ’ਚ ਵੱਖਰੀ ਪਛਾਣ ਰੱਖਦਾ ਹੈ। ਕੰਢੀ ਖੇਤਰ ਜਿੱਥੇ ਪੰਜਾਬ ਰੂਪੀ ਖੇਤ ਦੀ ਇਕ ਹਰੀ-ਭਰੀ ਪਹਾੜੀ ਝਿੜੀ (ਦਰੱਖ਼ਤਾਂ ਦੇ ਵੱਡੇ-ਵੱਡੇ ਝੁੰਡ) ਹੈ, ਉੱਥੇ ਕੁਦਰਤੀ ਸਰੋਤਾਂ ਦਾ ਭੰਡਾਰ ਵੀ ਹੈ। ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨ। ਇਹ ਖੇਤਰ ਸ਼ਿਵਾਲਕ ਪਹਾੜੀਆਂ ਦੇ ਕੰਢੇ-ਕੰਢੇ ਪਠਾਨਕੋਟ ਤੋਂ ਚੰਡੀਗੜ੍ਹ ਮੁੱਖ ਸੜਕ ਦੇ ਚੜ੍ਹਦੇ ਪਾਸੇ ਵਸਿਆ ਹੋਇਆ ਨੀਮ-ਪਹਾੜੀ ਖੇਤਰ ਹੈ। ਕੰਢੀ ਖੇਤਰ ਜ਼ਿਲ੍ਹਾ ਪਠਾਨਕੋਟ ਦੀ ਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆਂ ਹੱਦਾਂ ਤੋਂ ਸ਼ੁਰੂ ਹੋ ਕੇ ਮੁਹਾਲੀ ਜ਼ਿਲ੍ਹੇ ਨਾਲ ਲੱਗਦੇ ਹਰਿਆਣਾ ਸੂਬੇ ਨਾਲ ਜਾ ਲੱਗਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਤੇ ਮੁਹਾਲੀ ਜ਼ਿਲ੍ਹਿਆਂ ਅਧੀਨ ਪੈਂਦੇ ਕੰਢੀ ਖੇਤਰ ਦੀ ਸਥਿਤੀ ਬੜੀ ਭਿੰਨ ਹੈ। ਇਨ੍ਹਾਂ ਜ਼ਿਲ੍ਹਿਆਂ ਅਧੀਨ ਧਾਰ, ਕੇਂਦਰੀ ਕੰਢੀ, ਚੰਗਰ, ਘਾੜ, ਦੂਣ ਤੇ ਬੀਤ ਵਰਗੇ ਉਪ-ਖੇਤਰ ਆਉਂਦੇ ਹਨ। ਕੰਢੀ ਖੇਤਰ ਕਰੀਬ 250 ਕਿਲੋਮੀਟਰ ਲੰਬਾ ਤੇ 8 ਤੋਂ 35 ਕਿਲੋਮੀਟਰ ਦੀ ਚੌੜਾਈ ਤੱਕ ਫੈਲਿਆ ਹੋਇਆ ਹੈ। ਪੰਜਾਬ ਦੀ ਵਸੋਂ ਦਾ ਕਰੀਬ 6 ਫ਼ੀਸਦੀ ਤੇ ਖੇਤਰਫਲ ਦਾ 9 ਫ਼ੀਸਦੀ ਇਸ ਖੇਤਰ ਅਧੀਨ ਆਉਂਦਾ ਹੈ। ਕੰਢੀ ਖੇਤਰ ’ਚ ਪੈਂਦੇ ਤਿੰਨ ਡੈਮ ਤੇ ਅਨੇਕਾਂ ਪਾਵਰ ਹਾਊਸ ਪੰਜਾਬ ਸਮੇਤ ਹੋਰ ਸੂਬਿਆਂ ਨੂੰ ਰੁਸ਼ਨਾ ਰਹੇ ਹਨ। ਸਨਅਤਾਂ ਵੀ ਇਨ੍ਹਾਂ ’ਤੇ ਨਿਰਭਰ ਕਰਦੀਆਂ ਹਨ। ਇਮਾਰਤਾਂ ਤੇ ਸੜਕਾਂ ਲਈ ਬੱਜਰੀ, ਰੇਤ ਤੇ ਪੱਥਰ ਦਾ ਵੱਡਾ ਹਿੱਸਾ ਕੰਢੀ ਖੇਤਰ ਵਿੱਚੋਂ ਜਾਂਦਾ ਹੈ ਪ੍ਰੰਤੂ ਇੱਥੋਂ ਦੇ ਵਸਨੀਕਾਂ ਨੂੰ ਹਾਲੇ ਵੀ ਔਕੜਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।
ਛੋਟੇ-ਛੋਟੇ ਟੋਟਿਆਂ ’ਚ ਵੰਡੀ ਹੋਣ ਕਰਕੇ ਘੱਟ ਉਪਜਾਊ ਹੈ ਜ਼ਮੀਨ
ਕੰਢੀ ਖੇਤਰ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ ਇੱਥੋਂ ਦੀ ਜ਼ਮੀਨ ਉੱਚੀ ਨੀਵੀਂ, ਛੋਟੇ-ਛੋਟੇ ਟੋਟਿਆਂ ਵਿਚ ਵੰਡੀ ਹੋਈ ਤੇ ਘੱਟ ਉਪਜਾਊ ਹੈ। ਬਰਸਾਤ ਦੇ ਮੌਸਮ ਦੌਰਾਨ ਮੱਕੀ ਦੀ ਫ਼ਸਲ ਤਾਂ ਹੋ ਜਾਂਦੀ ਹੈ ਪ੍ਰੰਤੂ ਕਣਕ ਦੀ ਫ਼ਸਲ ਦਾ ਕੋਈ ਵਸਾਹ ਨਹੀਂ ਹੁੰਦਾ। ਜ਼ਿਆਦਾਤਰ ਕਿਸਾਨ ਰਵਾਇਤੀ ਫ਼ਸਲੀ ਚੱਕਰ ਕਣਕ-ਮੱਕੀ ਅਪਣਾਉਂਦੇ ਹਨ। ਭਾਵੇਂ ਕੰਢੀ ’ਚ ਮੱਕੀ ਦੀ ਫ਼ਸਲ ਚੰਗੀ ਹੋ ਜਾਂਦੀ ਹੈ ਪਰ ਇਸ ਦੀ ਬਿਜਾਈ ਤੋਂ ਲੈ ਕੇ ਦਾਣੇ ਕੋਠੀ ’ਚ ਪਹੁੰਚਣ ਤੱਕ ਜੋ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ, ਇਹ ਉਹੀ ਜਾਣਦੇ ਹਨ। ਫ਼ਸਲ ਦਾ ਘਰ ਤੱਕ ਅੱਪੜਨਾ ਖੁਸ਼ਕਿਸਮਤੀ ਜਾਂ ਸਬੱਬ ਹੀ ਮੰਨਿਆ ਜਾ ਸਕਦਾ ਹੈ। ਪੰਜਾਬ ਦੇ ਮੱਕੀ ਉਤਪਾਦਨ ਦਾ ਕਰੀਬ 75 ਫ਼ੀਸਦੀ ਹਿੱਸਾ ਇਸ ਖੇਤਰ ’ਚ ਹੁੰਦਾ ਹੈ। ਬੀਤ ਇਲਾਕੇ ਦੀ ਮੱਕੀ ਆਪਣੀ ਵੱਖਰੀ ਪਛਾਣ ਕਰਕੇ ਪੰਜਾਬ ਦੀਆਂ ਮੰਡੀਆਂ ਵਿਚ ਮਸ਼ਹੂਰ ਹੈ। ਇਸ ਤੋਂ ਇਲਾਵਾ ਕਿਸਾਨ ਕਮਾਦ ਵੀ ਬੀਜਦੇ ਹਨ।
ਜੰਗਲੀ ਜਾਨਵਰਾਂ ਦੀ ਮਾਰ ਕਾਰਨ ਘਟਿਆ ਕਮਾਦ ਦਾ ਰਕਬਾ
ਜੰਗਲੀ ਜਾਨਵਰਾਂ ਦੀ ਮਾਰ ਕਾਰਨ ਕਮਾਦ ਹੇਠ ਰਕਬਾ ਬਹੁਤ ਘਟ ਗਿਆ ਹੈ। ਕਿਸਾਨ ਪਹਿਲਾਂ-ਪਹਿਲ ਮੱਕੀ ਦਾ ਦੇਸੀ ਬੀਜ ਹੀ ਬੀਜਦੇ ਹੁੰਦੇ ਸਨ, ਜਿਸ ਦਾ ਪੌਦਾ 10-11 ਫੁੱਟ ਤੱਕ ਵੱਧ ਜਾਂਦਾ ਹੈ। ਇਹ ਟਾਂਢੇ ਝੜੀਆਂ ਉਪਰੰਤ ਹਨੇਰੀ ਨਾਲ ਡਿੱਗ ਕੇ ਮਿੱਟੀ ਦੇ ਸੰਪਰਕ ’ਚ ਆ ਕੇ ਗਲ-ਸੜ ਜਾਂਦੇ ਸਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਿਸਾਨਾਂ ਨੇ ਮਧਰੇ ਕੱਦ ਦਾ ਹਾਈਬ੍ਰਿਡ ਬੀਜ ਬੀਜਣਾ ਸ਼ੁਰੂ ਕਰ ਦਿੱਤਾ, ਜੋ 4-5 ਫੁੱਟ ਦੀ ੳਚਾਈ ਤੱਕ ਵਧਦਾ ਹੈ। ਹਨੇਰੀ ਦਾ ਇਸ ਉੱਤੇ ਬਹੁਤਾ ਅਸਰ ਨਹੀਂ ਹੁੰਦਾ ਤੇ ਝਾੜ ਵੀ ਚੰਗਾ ਦਿੰਦਾ ਹੈ। ਹਾਈਬ੍ਰਿਡ ਬੀਜਾਂ ਦੀ ਧੜਾਧੜ ਵਿਕਰੀ ਕਾਰਨ ਗ਼ੈਰ-ਮਿਆਰੀ ਬੀਜਾਂ ਦੀ ਪਹੁੰਚ ਵੀ ਬਾਜ਼ਾਰਾਂ ਤੱਕ ਹੋਈ, ਜਿਸ ਕਾਰਨ ਇਨ੍ਹਾਂ ਬੀਜਾਂ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਾ ਹੈ। ਇਹ ਸਥਿਤੀ ਖੋਜ ਮਾਹਿਰਾਂ ਦੇ ਦਖ਼ਲ ਦੀ ਮੰਗ ਕਰਦੀ ਹੈ। ਪਿਛਲੇ ਤਿੰਨ ਕੁ ਸਾਲ ਤੋਂ ਮੱਕੀ ਦੀ ਫ਼ਸਲ ’ਤੇ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਕੱਖੋਂ ਹੌਲ਼ੇ ਕਰ ਦਿੱਤਾ ਹੈ।
ਢਲਾਣਦਾਰ ਖੇਤਾਂ ਦੇ ਨਾਲ-ਨਾਲ ਡੂੰਘੇ ਚੋਅ ਹੋਣ ਕਰਕੇ ਵਰਖਾ ਦੇ ਪਾਣੀ ਦੇ ਨਿਕਾਸ ਦੀ ਕੋਈ ਸਮੱਸਿਆ ਨਹੀਂ ਹੈ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਜੰਗਲੀ ਜਾਨਵਰਾਂ ਦੁਆਰਾ ਫ਼ਸਲ ਦੇ ਉਜਾੜੇ ਦੀ ਹੈ। ਖੇਤਾਂ ਦੇ ਨਾਲ-ਨਾਲ ਡੂੰਘੇ ਚੋਅ, ਖੱਡਾਂ ਤੇ ਜੰਗਲ ਜੰਗਲੀ ਜਾਨਵਰਾਂ ਲਈ ਆਵਾਸ-ਘਰ ਹਨ। ਇਨ੍ਹਾਂ ਜਾਨਵਰਾਂ ਵਿਚ ਸੂਰ, ਵੈਣਾਂ, ਬਾਂਦਰ, ਸੈਹੇ, ਸਾਂਬਰ, ਗਿੱਦੜ ਅਤੇ ਸੇਹ ਆਦਿ ਮੁੱਖ ਹਨ। ਇਸ ਤੋਂ ਬਿਨਾਂ ਲੋਕ ਅਵਾਰਾ ਪਸ਼ੂਆਂ ਨੂੰ ਟਰਾਲੀਆਂ ’ਚ ਲੱਦ ਕੇ ਕੰਢੀ ਦੇ ਨੀਮ ਪਹਾੜੀ ਇਲਾਕਿਆਂ ਵਿਚ ਰਾਤ-ਬਰਾਤੇ ਛੱਡ ਜਾਂਦੇ ਹਨ, ਜੋ ਸਮਾਂ ਪਾ ਕੇ ਇੱਥੇ ਝੁੰਡਾਂ ਦੇ ਰੂਪ ਵਿਚ ਪੱਕੇ ਤੌਰ ’ਤੇ ਟਿਕ ਜਾਂਦੇ ਹਨ। ਰਾਤ ਹੁੰਦਿਆਂ ਸਾਰ ਹੀ ਇਹ ਖੇਤਾਂ ਵੱਲ ਨੂੰ ਵਹੀਰਾਂ ਘੱਤ ਦਿੰਦੇ ਹਨ। ਫ਼ਸਲਾਂ ਦਾ ਖ਼ੂਬ ਉਜਾੜਾ ਕਰਦੇ ਹਨ। ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਸਾਰੀ-ਸਾਰੀ ਰਾਤ ਜਾਗ ਕੇ ਰਾਖੀ ਕਰਦੇ ਹਨ। ਮੱਕੀ ਦੀ ਫ਼ਸਲ ਦੀ ਰਾਖੀ ਕਰਨ ਲਈ ਖੇਤਾਂ ਵਿਚਕਾਰ ਮਣ੍ਹਾ ਬਣਾਇਆ ਜਾਂਦਾ ਹੈ। ਮੀਂਹ-ਕਣੀ ਤੋਂ ਬਚਾਅ ਲਈ ਉੱਤੇ ਪੋਲੀਥੀਨ ਦੀ ਛੱਤ ਪਾਈ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿਚ ਰੰਗ-ਬਿਰੰਗੀਆਂ ਛੱਤਾਂ ਵਾਲੇ ਹਜ਼ਾਰਾਂ ਮਣ੍ਹੇ ਆਮ ਦਿਖਾਈ ਦਿੰਦੇ ਹਨ। ਫ਼ਸਲ ਦੀ ਰਾਖੀ ਕਰਨ ਲਈ ਪਰਿਵਾਰ ਦੇ ਕਈ-ਕਈ ਜੀਆਂ ਨੂੰ ਆਪਣੀ ਜਾਨ ਜੋਖ਼ਮ ’ਚ ਪਾ ਕੇ ਰਾਖੀ ਕਰਨੀ ਪੈਂਦੀ ਹੈ। ਇਹ ਔਕੜ ਕਿਸਾਨਾਂ ਦੇ ਗਲ਼ੇ ਦੀ ਹੱਡੀ ਬਣੀ ਹੋਈ ਹੈ, ਜਿਸ ਦਾ ਹੱਲ ਲੱਭਿਆਂ ਵੀ ਨਜ਼ਰੀਂ ਨਹੀਂ ਆਉਂਦਾ। ਜੇ ਸਬਸਿਡੀ ’ਤੇ ਸਮੂਹਿਕ ਰੂਪ ਵਿਚ ਜਾਲੀਦਾਰ ਵਾੜ ਲਗਾਈ ਜਾਵੇ ਤਾਂ ਕਾਫ਼ੀ ਹੱਦ ਤੱਕ ਇਹ ਸਮੱਸਿਆ ਹੱਲ ਹੋ ਸਕਦੀ ਹੈ। ਖੇਤਰ ਦੇ ਪਿੰਡ ਨੈਣਵਾਂ ਵਿਖੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਕਰੀਬ 175 ਏਕੜ ਜ਼ਮੀਨ ਨੂੰ ਜਾਲ਼ੀਦਾਰ ਵਾੜ ਲਗਾ ਕੇ ਸਫਲ ਤਜਰਬਾ ਕੀਤਾ ਹੈ। ਅਜਿਹੇ ਉੱਦਮ ਲਈ ਸਮੁੱਚੇ ਖੇਤਰ ਦੇ ਕਿਸਾਨਾਂ ਨੂੰ ਸਬਸਿਡੀ ਦੇ ਕੇ ਉਤਸ਼ਾਹਿਤ ਕਰਨ ਦੀ ਲੋੜ ਹੈ। ਅਜੇ ਬਹੁਤ ਵੱਡਾ ਰਕਬਾ ਜਾਲੀਦਾਰ ਤਾਰ ਤੋਂ ਵਾਂਝਾ ਪਿਆ ਹੈ। ਜੇ ਸਮੁੱਚੀ ਖੇਤੀਯੋਗ ਜ਼ਮੀਨ ਨੂੰ ਜਾਲੀਦਾਰ ਤਾਰ ਲੱਗ ਜਾਵੇ ਤਾਂ ਉਪਜ ਤੇ ਕਮਾਈ ’ਚ ਚੋਖਾ ਵਾਧਾ ਹੋਵੇਗਾ।
ਦੂਜੀ ਵੱਡੀ ਸਮੱਸਿਆ ਹੈ ਜ਼ਮੀਨ ਦਾ ਉੱਚਾ-ਨੀਵਾਂ ਤੇ ਬਰਾਨ ਹੋਣਾ। ਸਿੰਚਾਈ ਸਾਧਨਾਂ ਦੀ ਘਾਟ ਤੇ ਕਿਸਾਨੀ ਗ਼ਰੀਬ ਹੋਣ ਕਾਰਨ ਇਹ ਜ਼ਮੀਨ ਅਣਉਪਜਾਊ ਹੀ ਪਈ ਹੈ। ਹਰ ਵਰ੍ਹੇ ਬਰਸਾਤਾਂ ਦੌਰਾਨ ਭੌਂ-ਖੋਰ ਰਾਹੀਂ ਉਪਜਾਊ ਜ਼ਮੀਨ ਨਿਵਾਣਾਂ ਵੱਲ ਨੂੰ ਰੁੜ੍ਹ ਜਾਂਦੀ ਹੈ। ਮਿੱਟੀ ਹੜ੍ਹਨ ਤੋਂ ਰੋਕਣ ਲਈ ਚੋਆਂ ਮੂਹਰੇ ਚੈੱਕ-ਡੈਮ ਲਗਾਉਣ ਦੀ ਲੋੜ ਹੈ। ਜਿਹੜੀ ਜ਼ਮੀਨ ਅਮੀਰ ਤੇ ਸਰਦੇ-ਪੁੱਜਦੇ ਲੋਕਾਂ ਨੇ ਖ਼ਰੀਦ ਲਈ, ਉਹ ਤਾਂ ਆਬਾਦ ਹੋ ਗਈ। ਡੂੰਘੇ ਟਿਊਬਵੈੱਲ ਲੱਗ ਗਏ, ਫ਼ਸਲਾਂ ਹੋਣ ਲੱਗੀਆਂ। ਛੋਟੇ ਕਿਸਾਨ ਜਾਲੀਦਾਰ ਤਾਰ ਲਗਵਾਉਣ ਤੋਂ ਅਸਮਰੱਥ ਹਨ। ਇਸ ਖੇਤਰ ’ਚ ਫ਼ਸਲਾਂ ਦਾ ਮੰਡੀਕਰਨ ਵੀ ਵੱਡੀ ਸਮੱਸਿਆ ਹੈ। ਮੰਡੀਕਰਨ ਦੀ ਵਿਵਸਥਾ ਨਾ ਹੋਣ ਕਾਰਨ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਤੇ ਸਬਜ਼ੀਆਂ ਘੱਟ ਦਰਾਂ ’ਤੇ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਕਿਸਾਨਾਂ ਦੀ ਚਿਰੋਕਣੀ ਮੰਗ ਹੈ ਕਿ ਉਪ-ਖੇਤਰਾਂ ਦੀ ਭੂਗੋਲਿਕ ਸਥਿਤੀ ਅਨੁਸਾਰ ਖ਼ਰੀਦ-ਵੇਚ ਕੇਂਦਰ ਸਥਾਪਿਤ ਕੀਤੇ ਜਾਣ। ਲੋਕਾਂ ਅਨੁਸਾਰ ਮੱਕੀ ਸੁਕਾਉਣ ਲਈ ਡਰਾਇਰ ਲਗਾਏ ਜਾਣ। ਮੂੰਗੀ ਦੀ ਤਰਜ਼ ’ਤੇ ਮੱਕੀ ਦੀ ਫ਼ਸਲ ’ਤੇ ਘੱਟੋ-ਘੱਟੋ ਸਮਰਥਨ ਮੁੱਲ ਲਾਗੂ ਕੀਤਾ ਜਾਵੇ।
ਜੰਗਲੀ ਜਾਨਵਰਾਂ ਦੁਆਰਾ ਕੀਤੇ ਨੁਕਸਾਨ ਦਾ ਮੁਆਵਜ਼ਾ ਦੇਣ ਹਿੱਤ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਚਾਹੀਦਾ ਹੈ। ਜੰਗਲੀ ਜਾਨਵਰਾਂ ਦੁਆਰਾ ਕੀਤੇ ਨੁਕਸਾਨ ਨੂੰ ਕੁਦਰਤੀ ਆਫਤ ਐਲਾਨ ਕੇ ਮੁਆਵਜ਼ੇ ਦੀ ਵਿਵਸਥਾ ਹੋਵੇ। ਇਹ ਖੇਤਰ ਪੰਜਾਬ ਦੀ ਖੇਤੀ ਵਿਭਿੰਨਤਾ ’ਚ ਅਹਿਮ ਯੋਗਦਾਨ ਪਾ ਸਕਦਾ ਹੈ ਕਿਉਂਕਿ ਬਰਾਨੀ ਹੋਣ ਦੇ ਬਾਵਜੂਦ ਵੀ ਇੱਥੋਂ ਦੀ ਮਿੱਟੀ ਵਿਭਿੰਨ ਫ਼ਸਲਾਂ ਲਈ ਮਾਫ਼ਕ ਹੈ। ਖੇਤੀ ਮਾਹਰਾਂ ਅਨੁਸਾਰ ਇਸ ਧਰਤੀ ਦਾ ਗੁੜ ਤੇ ਸ਼ੱਕਰ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਤੇਲ ਬੀਜ ਅਤੇ ਦਾਲਾਂ ਦੀ ਕਾਸ਼ਤ ਲਈ ਪਹਿਲਾਂ ਤੋਂ ਹੀ ਮਸ਼ਹੂਰ ਹੈ। ਜੇ ਇਸ ਖੇਤਰ ਲਈ ਵੱਖਰੀ ਖੇਤੀ ਨੀਤੀ ਐਲਾਨੀ ਜਾਵੇ ਤਾਂ ਵੱਖਰੀ ਭੂਗੋਲਿਕ ਸਥਿਤੀ ਵਾਲੇ ਇਸ ਖੇਤਰ ਦੇ ਲੋਕਾਂ ਨੂੰ ਸੱਚਮੁੱਚ ਵੱਡੀ ਰਾਹਤ ਮਿਲੇਗੀ।
ਕੰਢੀ ਖੇਤਰ ਅਧੀਨ ਆਉਂਦੇ ਉਪ-ਖੇਤਰ
ਬੀਤ ਇਲਾਕਾ: ਜੇ ਕੰਢੀ ਖੇਤਰ ਦੇ ਉਪ-ਖੇਤਰਾਂ ਦੀ ਗੱਲ ਕਰੀਏ ਤਾਂ ਸ਼ਿਵਾਲਕ ਸ਼੍ਰੇਣੀ ਵਿਚ ‘ਬੀਤ’ ਇੱਕੋ ਇਕ ਅਜਿਹਾ ਉਪ-ਖੇਤਰ ਹੈ, ਜਿੱਥੇ ਪਹਾੜੀ ਉੱਤੇ ਪਿੰਡ ਵਸੇ ਹੋਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਕਸਬੇ ਤੋਂ ਪੂਰਬ ਦਿਸ਼ਾ ਵੱਲ ਸਥਿਤ ਉੱਚੇ ਖੇਤਰ ਨੂੰ ਬੀਤ ਕਹਿੰਦੇ ਹਨ। ਇਹ ਇਲਾਕਾ ਸਮੁੰਦਰ ਤਲ ਤੋਂ 400 ਮੀਟਰ ਤੋਂ ਉੱਚਾ ਹੈ ਪ੍ਰੰਤੂ ਪੱਧਰੇ ਸਿਖ਼ਰ ਦੀ ਉਚਾਈ 500 ਮੀਟਰ ਤੋਂ ਵੀ ਵੱਧ ਹੈ। ਬੀਤ 37 ਪਿੰਡਾਂ ਦਾ ਸਮੂਹ ਹੈ। ਬੀਤ ਇਲਾਕੇ ਦੀਆਂ ਹੱਦਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਤੇ ਊਨਾ (ਹਿਮਾਚਲ ਪ੍ਰਦੇਸ਼) ਨਾਲ ਲੱਗਦੀਆਂ ਹਨ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਲਾਕੇ ਦਾ ਕੁੱਲ ਰਕਬਾ 24275 ਏਕੜ ਹੈ, ਜਿਸ ਵਿੱਚੋਂ 10471 ਏਕੜ ਮਜਰੂਆ (ਵਾਹੀਯੋਗ) ਅਤੇ 13804 ਏਕੜ ਗ਼ੈਰ-ਮਜਰੂਆ (ਨਾ-ਵਾਹੀਯੋਗ) ਹੈ। ਸਮੁੰਦਰ ਤਲ ਤੋਂ ਉਚਾਈ ਹੋਣ ਕਾਰਨ ਪਾਣੀ ਦਾ ਸਤਰ ਡੂੰਘਾ ਹੈ। ਕੰਢੀ ਖਿੱਤੇ ਵਿਚ ਸਰਕਾਰੀ ਟਿਊਬਵੈੱਲਾਂ ਤੋਂ ਇਲਾਵਾ ਨਿੱਜੀ ਟਿਊਬਵੈੱਲ ਲਗਵਾਉਣਾ ਮਹਿੰਗਾ ਪੈਂਦਾ ਹੈ। ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇੱਥੋਂ ਦੇ ਕਿਸਾਨ ਨਿੱਜੀ ਟਿਊਬਵੈੱਲ ਲਗਵਾਉਣ ਤੋਂ ਅਸਮਰੱਥ ਹਨ। ਅਜਿਹਾ ਹੋਣ ਕਾਰਨ ਇਸ ਖੇਤਰ ਦਾ ਵੱਡਾ ਹਿੱਸਾ ਸਿੰਚਾਈ ਸਹੂਲਤਾਂ ਤੋਂ ਵਾਂਝਾ ਪਿਆ ਹੈ।
ਧਾਰ : ਇਹ ਖੇਤਰ ਪਠਾਨਕੋਟ ਜ਼ਿਲ੍ਹੇ ’ਚ ਪੈਂਦਾ ਹੈ। ਧਾਰ ਕਲਾਂ ਪੰਜਾਬ ਦਾ ਸਭ ਤੋਂ ਉੱਚਾ ਪਿੰਡ ਹੈ। ਇਸ ਖੇਤਰ ਵਿਚ ਚੀਲ੍ਹ ਅਤੇ ਹੋਰ ਕੀਮਤੀ ਲੱਕੜ ਦੇ ਸੰਘਣੇ ਜੰਗਲ ਹਨ। ਕੁਦਰਤੀ ਸੁੰਦਰਤਾ ਵਾਲੇ ਇਹ ਜੰਗਲ ਮਨ ਨੂੰ ਮੋਂਹਦੇ ਹਨ।
ਕੇਂਦਰੀ ਕੰਢੀ : ਇਹ ਖੇਤਰ ਦਸੂਹਾ-ਤਲਵਾੜਾ ਦਾ ਜੰਗਲ ਵਾਲਾ ਇਲਾਕਾ ਹੈ, ਜਿੱਥੇ ਬਾਂਸ ਦੇ ਸੰਘਣੇ ਜੰਗਲ ਹਨ। ਇਸ ਉਪ-ਖੇਤਰ ਦੀ ਸੁੰਦਰਤਾ ਰੂਹ ਨੂੰ ਸਰਸ਼ਾਰ ਕਰਦੀ ਹੈ। ਇਸ ਉਪ ਖੇਤਰ ਵਚ ਚੀਲ੍ਹ ਦੇ ਦਰੱਖ਼ਤ ਵੀ ਹਨ।
ਚੰਗਰ: ਰੋਪੜ ਜ਼ਿਲ੍ਹੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੜ੍ਹਦੇ ਪਾਸੇ ਵਾਲਾ ਨੀਮ-ਪਹਾੜੀ ਖਿੱਤਾ ਹੈ।
ਘਾੜ: ਮੁਹਾਲ਼ੀ ਜ਼ਿਲ੍ਹੇ ਅਧੀਨ ਮਾਜਰੀ ਬਲਾਕ ਦਾ ਖੇਤਰ ਹੈ।
ਦੂਣ : ਰੋਪੜ ਜ਼ਿਲ੍ਹੇ ਅਧੀਨ ਨੂਰਪੁਰ ਬੇਦੀ ਅਤੇ ਆਸ-ਪਾਸ ਦਾ ਇਲਾਕਾ ਜੋ ਪਹਾੜੀਆਂ ਦੇ ਪੈਰਾਂ ’ਚ ਵਸਿਆ ਹੋਇਆ ਹੈ।
ਬਲਾਚੌਰ ਕੰਢੀ : ਬਲਾਚੌਰ ਤਹਿਸੀਲ ਅਧੀਨ ਰੋਪੜ ਜ਼ਿਲ੍ਹੇ ਨਾਲ ਲੱਗਦਾ ਖੇਤਰ ਜਿਸ ਦਾ ਕਾਫ਼ੀ ਹਿੱਸਾ ਜੰਗਲ ਹੇਠ ਹੈ।
ਸੰਭਾਵਨਾਵਾਂ
ਮਾਹਿਰਾਂ ਦੇ ਦੱਸਣ ਅਨੁਸਾਰ ਕਰਨਾਟਕ ਸਰਕਾਰ ਨੇ ਸਿੰਚਾਈ ਲਈ ਇਕ ਲੱਖ ਟੋਭੇ ਕਢਵਾਏ। ਜਿਨ੍ਹਾਂ ਕਿਸਾਨਾਂ ਨੇ ਆਪਣੀ ਜ਼ਮੀਨ ਵਿਚ ਕੱਢੇ , ਉਨ੍ਹਾਂ ਨੂੰ ਵੀ ਸੌ ਫ਼ੀਸਦੀ ਸਬਸਿਡੀ ਦਿੱਤੀ ਗਈ। ਕੰਢੀ ਖੇਤਰ ਵਰਖਾ ਦੇ ਪਾਣੀ ਨੂੰ ਸਾਂਭਣ ਦੀਆਂ ਅਜਿਹੀਆਂ ਅਥਾਹ ਸੰਭਾਵਨਾਵਾਂ ਹਨ। ਇਕ ਮਾਹਿਰ ਵਣ ਅਧਿਕਾਰੀ ਅਨੁਸਾਰ ਜਿੱਥੇ ਖੈਰ ਦੀ ਲੱਕੜ ਹੁੰਦੀ ਹੈ, ਉੱਥੇ ਚੰਦਨ ਦੀ ਲੱਕੜ ਦੀ ਪੈਦਾਵਾਰ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਮਕਸਦ ਲਈ ਖੇਤੀ ਤੋਂ ਵਾਂਝੀ ਜ਼ਮੀਨ ਵਿੱਚੋਂ ਚੋਖੀ ਕਮਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਪਲਾਂਟੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਜੇ ਸਰਕਾਰ ਕੰਢੀ ਖੇਤਰ ਦੇ ਉਪ-ਖੇਤਰਾਂ ਦੀ ਭੂਗੋਲਿਕ ਸਥਿਤੀ ਨੂੰ ਮੱਦੇਨਜ਼ਰ ਰੱਖ ਕੇ ਖੇਤੀ ਨੀਤੀ ਤਿਆਰ ਕਰਦੀ ਹੈ ਤਾਂ ਲੰਮੇ ਅਰਸੇ ਤੋਂ ਔਕੜਾਂ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਯਕੀਨਨ ਫਾਇਦਾ ਹੋਵੇਗਾ ।
ਟੂਰਿਜ਼ਮ: ਕੰਢੀ ਖੇਤਰ ਵਿੱਚ ਅਜਿਹੀਆਂ ਅਣਗਿਣਤ ਥਾਵਾਂ ਹਨ, ਜੋ ਸੈਲਾਨੀਆਂ ਦਾ ਮਨ ਮੋਂਹਦੀਆਂ ਹਨ। ਅਜਿਹਾ ਹੋਣ ਕਾਰਨ ਇਸ ਖੇਤਰ ’ਚ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ। ਇਸ ਖੇਤਰ ਦੀਆਂ ਟੂਰਿਜ਼ਮ ਲਈ ਢੁੱਕਵੀਆਂ ਥਾਵਾਂ ਦੀ ਨਿਸ਼ਾਨਦੇਹੀ ਨਹੀਂ ਹੋ ਸਕੀ।
ਜੰਗਲੀ ਖੇਤੀ: ਦੂਣ ਦੇ ਖੇਤਰ ਵਿਚ ਕਿਸਾਨ ਪਾਪੂਲਰ ਦੀ ਖੇਤੀ ਰਾਹੀਂ ਚੋਖੀ ਕਮਾਈ ਕਰ ਰਹੇ ਹਨ। ਭੂੰਗਾ-ਹਰਿਆਣਾ ਦੇ ਚੜ੍ਹਦੇ ਪਾਸੇ ਦਾ ਖੇਤਰ ਸਫ਼ੈਦੇ ਦੀ ਉਪਜ ਲਈ ਮਸ਼ਹੂਰ ਹੈ। ਇਸ ਤਰ੍ਹਾਂ ਕੰਢੀ ਦੇ ਬਰਾਨੀ ਤੇ ਡੂੰਘੇ ਪਾਣੀ ਵਾਲੇ ਇਲਾਕਿਆਂ ’ਚ ਮਾਰੂ ਬਨਸਪਤੀ ਦੀ ਖੇਤੀ ਲਾਹੇਵੰਦ ਹੋ ਸਕਦੀ ਹੈ। ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਕਮਾਈ ਦਾ ਸਾਧਨ ਵੀ ਹਨ।
ਸਵੈ-ਰੁਜ਼ਗਾਰ : ਇਸ ਖੇਤਰ ’ਚ ਸਵੈ-ਰੁਜ਼ਗਾਰ ਦੇ ਅਥਾਹ ਵਸੀਲੇ ਪੈਦਾ ਹੋ ਸਕਦੇ ਹਨ। ਜੇ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਅਥਾਹ ਸੰਭਾਵਨਾਵਾਂ ਸਾਹਮਣੇ ਆ ਸਕਦੀਆਂ ਹਨ।
ਕੀਮਤੀ ਖਣਿਜ ਭੰਡਾਰ: ਕੰਢੀ ਖੇਤਰ ਪਿਛਲੇ ਲੰਮੇ ਅਰਸੇ ਤੋਂ ਪੂਰੇ ਪੰਜਾਬ ਅਤੇ ਬਾਹਰਲੇ ਸੂਬਿਆਂ ਨੂੰ ਬੱਜਰੀ, ਗਟਕਾ, ਰੇਤ, ਮਿੱਟੀ ਆਦਿ ਦੀ ਪੂਰਤੀ ਕਰ ਰਿਹਾ ਹੈ। ਇਨ੍ਹਾਂ ਸਰੋਤਾਂ ਦੇ ਸਦਉਪਯੋਗ ਨਾਲ ਖੇਤਰ ਦੀ ਕਿਸਮਤ ਬਦਲ ਸਕਦੀ ਹੈ।
ਹਰਬਲ ਪਲਾਂਟੇਸ਼ਨ: ਮਾਹਿਰਾਂ ਅਨੁਸਾਰ ਕੰਢੀ ਦੇ ਜੰਗਲਾਂ ਵਿਚ 250 ਦੇ ਕਰੀਬ ਕਿਸਮਾਂ ਦੀਆਂ ਜੜ੍ਹੀ-ਬੂਟੀਆਂ ਹਨ, ਜੋ ਸੰਭਾਲ ਦੀ ਘਾਟ ਅਤੇ ਜੰਗਲਾਂ ਦੀ ਕਟਾਈ ਕਾਰਨ ਅਲੋਪ ਹੋ ਰਹੀਆਂ ਹਨ। ਇਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਨਵੀਆਂ ਲਗਾਉਣ ਦੇ ਨਾਲ-ਨਾਲ ਸੰਭਾਲਣ ਦੀ ਜ਼ਿਆਦਾ ਲੋੜ ਹੈ।
ਚੈੱਕ ਡੈਮ: ਕੁਦਰਤੀ ਪਾਣੀ ਨੂੰ ਸਾਂਭਣ ਲਈ ਕੁਦਰਤੀ ਤੌਰ ’ਤੇ ਅਜਿਹੀਆਂ ਪਹਾੜੀਆਂ ਮੌਜੂਦ ਹਨ, ਜਿਨ੍ਹਾਂ ਦੇ ਇਕ ਪਾਸਿਓਂ ਰੋਕ ਲਗਾ ਕੇ ਚੈੱਕ ਡੈਮ ਉਸਾਰੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਜਿੱਥੇ ਪਾਣੀ ਸਿੰਚਾਈ ਲਈ ਵਰਤਿਆ ਜਾ ਸਕੇਗਾ, ਉੱਥੇ ਪਾਣੀ ਦਾ ਪੱਧਰ ਵਧਾਉਣ ’ਚ ਵੀ ਮਦਦਗਾਰ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਲੋਕਾਂ ਦੀ ਮੰਗ ਅਨੁਸਾਰ ਨਵੇਂ ਲਾਂਘੇ ਬਣਨਗੇ। ਜੰਗਲੀ ਜਾਨਵਰ ਜੋ ਭੋਜਨ ਤੇ ਪਾਣੀ ਦੀ ਤਲਾਸ਼ ਲਈ ਅਬਾਦੀਆਂ ਵੱਲ ਨੂੰ ਭੱਜਦੇ ਹਨ, ਲਈ ਵੀ ਭੋਜਨ ਤੇ ਪਾਣੀ ਦੀ ਪੂਰਤੀ ਹੋਵੇਗੀ।
ਵੱਖਰੇ ਸੇਵਾ ਕਾਡਰ ਦੀ ਲੋੜ: ਇਸ ਖੇਤਰ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਅਦਾਰਿਆਂ ਵਿਚ ਵੱਡੀ ਗਿਣਤੀ ਅਸਾਮੀਆਂ ਖਾਲੀ ਰਹਿੰਦੀਆਂ ਹਨ। ਇਸ ਖੇਤਰ ਦੇ ਅਦਾਰਿਆਂ ਵਿਚ ਜਾਂ ਤਾਂ ਇੱਥੋਂ ਦੇ ਪੱਕੇ ਵਸਨੀਕ ਨੌਕਰੀ ’ਤੇ ਹਾਜ਼ਰ ਹੁੰਦੇ ਹਨ ਜਾਂ ਬਾਕੀ ਸਟੇਸ਼ਨ ਭਰਨ ਉਪਰੰਤ ਮਜਬੂਰੀ ਵੱਸ ਬਾਹਰਲੇ ਇਲਾਕਿਆਂ ਤੋਂ ਆਉਂਦੇ ਹਨ, ਜੋ ਆਉਂਦੇ ਸਾਰ ਬਦਲੀ/ਡੈਪੂਟੇਸ਼ਨ/ਆਰਜ਼ੀ ਡਿਊਟੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਹਨ। ਇਸ ਸਮੱਸਿਆ ਦੇ ਹੱਲ ਲਈ ਵੱਖਰਾ ਸਰਵਿਸ ਕਾਡਰ ਬਣਾਉਣਾ ਸਮੇਂ ਦੀ ਲੋੜ ਹੈ।
ਜੇ ਇਸ ਖੇਤਰ ਨਾਲ ਸਬੰਧਿਤ ਬੋਰਡ ਜਾਂ ਮਹਿਕਮਾ ਹੋਂਦ ਵਿਚ ਆਉਂਦਾ ਹੈ ਤਾਂ ਯਕੀਨਨ ਹੀ ਇਸ ਦੇ ਸਰੋਤਾਂ ਦੀ ਸੰਭਾਲ ਹੋਵੇਗੀ ਤੇ ਇਨ੍ਹਾਂ ਸਰੋਤਾਂ ਤੋਂ ਹੁੰਦੀ ਕਮਾਈ ਦੇ ਹਿੱਸੇ ਨਾਲ ਇਸ ਖੇਤਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਹੋਂਦ ਵਿਚ ਆਉਣਗੀਆਂ। ਇਸ ਖੇਤਰ ’ਚ ਸਹੂਲਤਾਂ ਦੀ ਅਣਹੋਂਦ ਤੇ ਔਕੜਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਯਕੀਨਨ ਰਾਹਤ ਮਿਲੇਗੀ ਤੇ ਸਮੁੱਚੇ ਕੰਢੀ ਇਲਾਕੇ ਦਾ ਵਿਕਾਸ ਹੋਵੇਗਾ।
- ਅਮਰੀਕ ਸਿੰਘ ਦਿਆਲ
94638-51568