- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੀ ਸਹਿਜ ਤਬੀਅਤ ਵਾਂਗ, ਜਿੰਨੀ ਵੀ ਗੱਲਬਾਤ ਹੋਈ ਉਹ ਓਨੇ ਨਾਲ ਸੰਤੁਸ਼ਟ ਸੀ।’ ਇਹ ਹੀ ਗੁਣ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਸੀ। ਉਹ ਆਪਣੇ ਆਪ ਨੂੰ ਕਹਿ ਕੇ ਵੱਡਾ ਨਹੀਂ ਸੀ ਹੋਣਾ ਚਾਹੁੰਦੇ। ਬਲਕਿ ਆਪਣੇ ਸੁਭਾਅ ਦੀ ਸਹਿਜਤਾ ਕਾਰਨ ਲਿਖਤਾਂ ’ਚੋਂ ਵੱਡੇ ਹੋਣਾ ਚਾਹੁੰਦੇ ਸਨ...

ਰਾਮ ਸਰੂਪ ਅਣਖੀ ਜਿਹੋ - ਜਿਹੇ ਅੰਦਰੋਂ ਸਨ ਉਹੋ ਜਿਹੇ ਬਾਹਰੋਂ। ਉਨ੍ਹਾਂ ਬਾਰੇ ਬਹੁਤ ਸਾਰੇ ਆਲੋਚਕ, ਨਾਵਲਕਾਰ ਅਤੇ ਉਨ੍ਹਾਂ ਤੋਂ ਬਾਅਦ ਦੀ ਪੀੜ੍ਹੀ ਦੇ ਗਲਪਕਾਰ ਇਹ ਗੱਲ ਅਕਸਰ ਕਰਦੇ ਰਹਿੰਦੇ ਹਨ, ਕੋਈ ਉਨ੍ਹਾਂ ਨੂੰ ਦਰਵੇਸ਼ ਲੇਖਕ, ਕੋਈ ਸਾਧੂ ਸੁਭਾਅ, ਕੋਈ ਸਿਰੜੀ ਲੇਖਕ, ਕੋਈ ਪ੍ਰੇਰਨਾਦਾਇਕ, ਕੋਈ ਯੁੱਗ ਪੁਰਸ਼ ਆਦਿ ਆਦਿ। ਇਹ ਉਨ੍ਹਾਂ ਦੀ ਸ਼ਖ਼ਸੀਅਤ ਦੇ ਚੰਗੇ ਪੱਖ ਨੂੰ ਉਭਾਰਨ ਦੀਆਂ ਕੁੱਝ ਇੱਕ ਤਸ਼ਬੀਹਾਂ ਹਨ। ਮੈਂ ਤੁਹਾਡੇ ਸਾਹਮਣੇ ਡਾਕਟਰ ਰਘਵੀਰ ਸਿੰਘ ਸਿਰਜਣਾ ਦੀਆਂ ਲਿਖੀਆਂ ਕੁਝ ਇੱਕ ਗੱਲਾਂ ਬਾਤਾਂ ਸਾਂਝੀਆਂ ਕਰਕੇ ਇਨ੍ਹਾਂ ਤਸ਼ਬੀਹਾਲ ਨੂੰ ਪੁਖਤਾ ਕਰਨ ਲਈ ਤੁਲਨਾਤਮਕ ਤੌਰ ’ਤੇ ਕੁਝ ਇੱਕ ਉਦਾਹਰਣ ਦੇਣੀਆਂ ਚਾਹਾਂਗਾ। ਉਹ ਲਿਖਦੇ ਹਨ: ‘ਬਹੁਤ ਹੀ ਖਲੂਸ ਅਤੇ ਸ਼ਰੀਫ਼ ਇਨਸਾਨ ਰਾਮ ਸਰੂਪ ਅਣਖੀ ਜਿੰਨਾ ਸਿੱਧਾ-ਸਾਦਾ ਮਨੁੱਖ ਹੈ ਓਨੀ ਹੀ ਸਿੱਧੀ ਉਸ ਦੀ ਲਿਖਤ ਹੈ। ਉਸ ਦੀ ਸ਼ਖ਼ਸੀਅਤ ਵਿਚ ਕੋਈ ਵਲ ਫੇਰ ਨਹੀਂ ਤੇ ਉਸ ਦੀ ਲਿਖਤ ਵੀ ਵਲ ਫੇਰ ਤੋਂ ਮੁਕਤ ਹੈ।
ਇਹੀ ਉਸ ਦੇ ਲਿਖਤ ਦਾ ਗੁਣ ਹੈ ਅਤੇ ਇਹ ਹੀ ਉਸ ਦੀ ਸੀਮਾ। ਆਪਣੇ ਅਨੁਭਵ ਪ੍ਰਤੀ ਸੁਹਿਰਦ ਉਸ ਨੇ ਯਥਾਰਥਵਾਦ ਨੂੰ ਵੀ ਆਪਣੀ ਲਿਖਤ ਦੇ ਹਾਣ ਦਾ ਹੀ ਬਣਾ ਲਿਆ ਹੈ।’ ਉਪਰੋਕਤ ਟਿੱਪਣੀ ਵਿਚ ਡਾਕਟਰ ਰਘਵੀਰ ਸਿੰਘ ਨੇ ਸੱਚਾਈ ਬਿਆਨ ਕੀਤੀ ਹੈ। ਪ੍ਰਸਿੱਧ ਆਲੋਚਕ ਅਤੇ ਸਿਰਜਣਾ ਮੈਗਜ਼ੀਨ ਦੇ ਸੰਪਾਦਕ ਦਾ ਰਾਮ ਸਰੂਪ ਅਣਖੀ ਬਾਰੇ ਲਿਖਣਾ ਬਹੁਤ ਵੱਡੀ ਗੱਲ ਹੈ। ਇਸੇ ਕਰਕੇ ਰਾਮ ਸਰੂਪ ਅਣਖੀ ਦੇ ਪਾਠਕਾਂ ਦੀ ਗਿਣਤੀ ਬਹੁਤ ਹੈ। ਉਨ੍ਹਾਂ ਦੀਆਂ ਲਿਖਤਾਂ ਵਿੱਚ ਆਮ ਲੋਕਾਂ ਦੇ ਯਥਾਰਥ, ਦੁੱਖਾਂ-ਸੁੱਖਾਂ ਨੂੰ ਆਪਣੀ ਕਲਾ ਅਤੇ ਮਲਵਈ ਠੇਠ ਭਾਸ਼ਾ ਨਾਲ ਦਰਸਾਇਆ ਹੁੰਦਾ ਹੈ।ਸਿੱਧੀ ਲਿਖਤ ਪਾਠਕਾਂ ਦੇ ਦਿਲਾਂ ਨੂੰ ਟੁੰਬਦੀ ਹੈ।
ਦਰਅਸਲ ਲਿਖਣਾ ਵੀ ਇੱਕ ਸਾਧਨਾ ਹੈ ਅਤੇ ਸਾਫ਼ ਗੋਈ ਨਾਲ ਲਿਖਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਡਾਕਟਰ ਰਘਵੀਰ ਸਿੰਘ ਵੱਲੋਂ ਸਹਿਜ ਸੁਭਾਅ ਹੀ ਜਿੱਥੇ ਇੱਕ ਬਹੁਤ ਵੱਡੇ ਨਾਵਲਕਾਰ ਦੇ ਸੁਭਾਅ ਨੂੰ ਚਿੱਤਰਦੇ ਹਨ ਓਥੇ ਰਾਮ ਸਰੂਪ ਅਣਖੀ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦਾ ਰੇਖਾ ਚਿੱਤਰ ਹੀ ਤਾਂ ਹੈ। ਗੱਲ ਇਹ ਹੋਈ ਜਦੋਂ ਡਾਕਟਰ ਰਘਬੀਰ ਸਿੰਘ ਨਾਵਲਕਾਰ ਗੁਰਦਿਆਲ ਸਿੰਘ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਗਏ, ਕੰਮ ਮੁੱਕਣ ਤੋਂ ਬਾਅਦ ਰਾਤ ਠਹਿਰਨ ਦਾ ਪ੍ਰੋਗਰਾਮ ਬਣਾਉਣਾ ਸੀ, ਇੱਥੇ ਮੈਂ ਉਨ੍ਹਾਂ ਦੇ ਲਿਖੇ ਸ਼ਬਦਾਂ ਨੂੰ ਹੂ-ਬ-ਹੂ ਦੱਸਣ ਦਾ ਯਤਨ ਕਰਦਾ ਹਾਂ। ਗੁਰਦਿਆਲ ਸਿੰਘ ਨਾਲ ਗੱਲਬਾਤ ਬਹੁਤ ਖੁਸ਼ਗਵਾਰ ਮਾਹੌਲ ਵਿਚ ਹੋਈ। ਗੱਲਬਾਤ ਮੁੱਕਣ ’ਤੇ ਬਹੁਤ ਸੁਆਦੀ ਪਰ ਸਾਦਾ ਖਾਣਾ ਖੁਆਉਣ ਪਿੱਛੋਂ ਉਸ ਨੇ ਇੱਕ ਰਾਤ ਮੈਨੂੰ ਆਪਣੇ ਕੋਲ ਟਿਕਣ ਲਈ ਨਿੱਘਾ ਸਦਾ ਵੀ ਦਿੱਤਾ ਪਰ ਮੈਂ ਅਗਾਂਹ ਸ਼ਾਮੀ ਰਾਮ ਸਰੂਪ ਅਣਖੀ ਕੋਲ ਪਹੁੰਚਣਾ ਸੀ। ਮੈਂ ਖ਼ੁਦ ਕਾਫ਼ੀ ਸ਼ਰੀਫ਼ ਤੇ ਗੰਭੀਰ ਮਨੁੱਖ ਸਮਝਿਆ ਜਾਂਦਾ ਹਾਂ ਅਤੇ ਆਪਣੇ ਹਿਸਾਬ ਨਾਲ ਮੈਂ ਹਾਂ ਵੀ ਪਰ ਮੈਨੂੰ ਬਹੁਤੀ ਸ਼ਰਾਫ਼ਤ ਅਤੇ ਗੰਭੀਰਤਾ ਤੋਂ ਡਰ ਜਿਹਾ ਲੱਗਦਾ ਹੈ। ਮੈਂ ਸੋਚਿਆ ਇਸ ਲੋੜੋਂ ਵੱਧ ਸ਼ਰੀਫ਼ ਮਨੁੱਖ ਨਾਲ ਸ਼ਾਮ ਬਿਤਾਈ ਵੀ ਤਾਂ ਕੀ ਬਿਤਾਈ, ਅਣਖੀ ਕੋਲ ਪਹੁੰਚਾਂਗਾ ਹੋਰ ਨਹੀਂ ਤਾਂ ਘੁੱਟ-ਘੁੱਟ ਦਾਰੂ ਨਾਲ ਹਲਕੀਆਂ ਫੁਲਕੀਆਂ ਗੱਲਾਂ ਰਾਹੀਂ ਆਪਣੀ ਸ਼ਾਮ ਨੂੰ ਹਸੀਨ ਬਣਾ ਸਕਾਂਗਾ।
ਇਸ ਲਈ ਗੁਰਦਿਆਲ ਸਿੰਘ ਤੋਂ ਵਿਦਾ ਲੈ ਕੇ ਮੈਂ ਬਰਨਾਲੇ ਦਾ ਰੁਖ਼ ਕਰ ਲਿਆ।’ ਸ਼ਬਦਾਂ ਦੀ ਚਾਸ਼ਨੀ ’ਚ ਲਪੇਟ ਕੇ ਗੱਲ ਕਹਿਣ ਦਾ ਅੰਦਾਜ਼ ਕੋਈ ਸੁਲਝਿਆ ਹੋਇਆ ਆਲੋਚਕ ਹੀ ਕਰ ਸਕਦਾ ਹੈ। ਉਸ ਨੇ ਆਪਣੇ ਆਪ ਨੂੰ ਕਾਫੀ ਸ਼ਰੀਫ ਤੇ ਗੰਭੀਰ ਮਨੁੱਖ ਦੱਸ ਕੇ ਨਾਲ ਹੀ ਬਹੁਤੀ ਸ਼ਰਾਫ਼ਤ ਅਤੇ ਗੰਭੀਰਤਾ ਤੋਂ ਡਰਨ ਦੀ ਗੱਲ ਕਰਕੇ ਇੱਕ ਤਿੱਖਾ ਵਿਅੰਗ ਕਰਕੇ ਗੱਲ ਦਾ ਰੁਖ਼ ਰਾਮ ਸਰੂਪ ਅਣਖੀ ਦੇ ਨਿੱਘੇ ਸੁਭਾਅ ਨਾਲ ਤੁਲਨਾਇਆ ਹੈ। ਗੱਲ ਦਾਰੂ ਪੀਣ ਦੀ ਨਹੀਂ ਹੁੰਦੀ ਦਰਅਸਲ ਗੱਲ ਤਾਂ ਪਿਆਰ ਨਾਲ ਭਰੇ ਹੋਏ ਸੁਭਾਅ ਦੀ ਹੁੰਦੀ ਹੈ। ਕਿਸੇ ਭਰੇ ਹੋਏ ਮਨੁੱਖ ਦੀ ਹੁੰਦੀ ਹੈ। ਜੋ ਬੇਬਾਕੀ ਨਾਲ ਆਪਣੇ ਮਨ ਦੀਆਂ ਤੇ ਹੋਰ ਗੱਲਾਂ ਕਰ ਸਕਦਾ ਹੈ। ਮੈਨੂੰ ਮਾਣ ਹੈ ਕਿ ਮੈਂ ਰਾਮ ਸਰੂਪ ਅਣਖੀ ਦੀ ਸੰਗਤ ਦਾ ਨਿੱਘ ਮਾਣਿਆ ਹੈ। ਰਾਮ ਸਰੂਪ ਅਣਖੀ ਨਾਲ ਹੋਈ ਲੰਬੀ ਮੁਲਾਕਾਤ ਵਿਚ ਡਾਕਟਰ ਰਘਵੀਰ ਸਿੰਘ ਸਿਰਜਣਾ ਕੇਵਲ ਸੰਤੁਸ਼ਟ ਹੀ ਨਹੀਂ ਹੋਏ ਸਗੋਂ ਭਾਵਪੂਰਤ ਟਿੱਪਣੀ ਵੀ ਦਿੰਦੇ ਹਨ, “ਅਣਖੀ ਦੇ ਬੋਲਾਂ ਵਿਚ ਉਹੀ ਸਹਿਜਤਾ ਸੀ ਜੋ ਉਸ ਦੀ ਲਿਖਤ ਵਿਚੋਂ ਝਲਕਦੀ ਹੈ। ਆਪਣੀ ਹਰ ਗੱਲ ਵਿਚ ਉਹ ਬਹੁਤ ਹੀ ਸਪੱਸ਼ਟ ਸੀ। ਸਪੱਸ਼ਟ ਤੇ ਸਾਦਾ। ਉਹ ਗੱਲ ਦਾ ਖਿਲਾਰਾ ਤਾਂ ਨਹੀਂ ਸੀ ਪਾਉਂਦਾ।
ਆਪਣੀ ਸਹਿਜ ਤਬੀਅਤ ਵਾਂਗ, ਜਿੰਨੀ ਵੀ ਗੱਲਬਾਤ ਹੋਈ ਉਹ ਓਨੇ ਨਾਲ ਸੰਤੁਸ਼ਟ ਸੀ।’ ਇਹ ਹੀ ਗੁਣ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਸੀ। ਉਹ ਆਪਣੇ ਆਪ ਨੂੰ ਕਹਿ ਕੇ ਵੱਡਾ ਨਹੀਂ ਸੀ ਹੋਣਾ ਚਾਹੁੰਦੇ। ਬਲਕਿ ਆਪਣੇ ਸੁਭਾਅ ਦੀ ਸਹਿਜਤਾ ਕਾਰਨ ਲਿਖਤਾਂ ’ਚੋਂ ਵੱਡੇ ਹੋਣਾ ਚਾਹੁੰਦੇ ਸਨ। ਸਾਰੀ ਮੁਲਾਕਾਤ ’ਚ ਆਪਣੇ ਆਪ ਨੂੰ ਵੱਡਾ ਸਿੱਧ ਕਰਨ ਦੀ ਗੱਲ ਨਹੀਂ ਕਹੀ ਸਗੋਂ ਆਪਣੇ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਲਿਖਣ ਕਲਾ ਨਾਲ ਚਿੱਤਰ ਕੇ ਵੱਡੇ ਮੀਲ ਪੱਥਰ ਗੱਡੇ ਹਨ। ਉਹ ਪਹਾੜ ਜਿੱਡੇ ਦੁੱਖਾਂ ਦੇ ਸਾਹਮਣੇ ਡੋਲੇ ਨਹੀਂ, ਉਦਾਸ ਜ਼ਰੂਰ ਹੋਏ ਪਰ ਛੇਤੀ ਹੀ ਸੰਭਲ ਕੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇ ਕੇ ਆਪਣੀ ਕਲਮ ਦੇ ਕਮਾਲ ਨਾਲ ਨਵੇਂ ਲੀਹੇ ਪਾਉਂਦੇ ਰਹੇ। ‘ਕੋਠੇ ਖੜਕ ਸਿੰਘ’ ਨੇ ਜਿੱਥੇ ਸਾਰੇ ਆਲੋਚਕਾਂ ਦਾ ਧਿਆਨ ਖਿੱਚਿਆ ਓਥੇ ਪਾਠਕਾਂ ਦੀ ਗਿਣਤੀ ਵਿਚ ਵਾਧਾ ਹੋਇਆ।
ਸਾਹਿਤ ਅਕੈਡਮੀ ਦਾ ਵਕਾਰੀ ਇਨਾਮ ਵੀ ‘ਕੋਠੇ ਖੜਕ ਸਿੰਘ’ ਨੂੰ ਮਿਲਿਆ ਪਰ ਇਸ ਇਨਾਮ ਲੈਣ ਤੋਂ ਬਾਅਦ ਫੇਰ ਆਪਣੀ ਸਹਿਜਤਾ ਦਾ ਪੱਲਾ ਨਹੀਂ ਛੱਡਿਆ। ‘ਦੁੱਲੇ ਦੀ ਢਾਬ’, ‘ਜ਼ਮੀਨਾਂ ਵਾਲੇ’, ‘ਕਣਕਾਂ ਦਾ ਕਤਲੇਆਮ’, ‘ਗੇਲੋ’ ਆਦਿ ਨਾਵਲ ਲਿਖ ਕੇ ਸਹਿਜ ਲਿਖਣੀ ਜਾਰੀ ਰੱਖੀ। ਇੰਟਰਵਿਊ ਵਿਚ ਦੱਸਦੇ ਹਨ ਕਿ ਮੈਂ ਆਪਣੇ ਬਾਪ ਨੂੰ ਖੇਤੀ ਕਰਦਿਆਂ ਦੇਖਿਆ ਹੈ। ਕਦੇ ਕੁਝ ਨਹੀਂ ਬਚਿਆ ਸਗੋਂ ਕਰਜ਼ਾ ਆੜ੍ਹਤੀਆਂ ਦਾ ਦਾ ਚੜਿ੍ਹਆ। ਬੱਸ ਇਸੇ ਯਥਾਰਥ ਨੂੰ ਮੈਂ ਕਲਪਿਤ ਪਿੰਡ ‘ਕੋਠੇ ਖੜਕ ਸਿੰਘ’ ਸਿਰਜਿਆ ਜਿਸ ’ਚ ਪੇਂਡੂ ਸਮਾਜ ਦੇ ਚਾਲੀ ਸਾਲਾਂ ਦੀਆਂ ਤਿੰਨ ਪੀੜ੍ਹੀਆਂ ਦੇ ਯਥਾਰਥ ਨੂੰ ਗਲਪੀ ਕਲਾ ਨਾਲ ਪੇਸ਼ ਕੀਤਾ। ਇਹ ਅਣਖੀ ਦੇ ਸਿਰੜ, ਮਿਹਨਤ, ਲਗਨ ਤੇ ਸਹਿਜ ਸੁਭਾਅ ਦਾ ਨਤੀਜਾ ਹੈ ਕਿ ਉਹ ਕਾਹਲ ’ਚ ਨਹੀਂ ਸਗੋਂ ਇਤਮਿਨਾਨ ਨਾਲ ਲਿਖਦੇ। 28 ਅਗਸਤ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਨੂੰ ਵਧਾਈਆਂ।
ਡਾ. ਭੁਪਿੰਦਰ ਸਿੰਘ ਬੇਦੀ
9417061645