
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Manipur Floating Village : ਚੰਪੂ ਖਾਂਗਪੋਕ ਪਿੰਡ ਦੇ ਤੈਰਨ ਪਿੱਛੇ ਕੋਈ ਜਾਦੂ ਨਹੀਂ, ਸਗੋਂ ਵਿਗਿਆਨ ਦਾ ਕਮਾਲ ਹੈ। ਇਸ ਦਾ ਕਾਰਨ ਇਸ ਥਾਂ ਦੀ ਕੁਦਰਤ ਤੇ ਬਾਇਓਮਾਸ ਦੀ ਪ੍ਰਕਿਰਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਪਿੰਡ ਦੀ ਜ਼ਮੀਨ ਕਿਸੇ ਮਿੱਟੀ ਜਾਂ ਚੱਟਾਨ ਤੋਂ ਬਣੀ ਹੋਈ ਨਹੀਂ, ਸਗੋਂ ਫੁਮਡੀ ਨਾਂ ਦੀ ਕੁਦਰਤੀ ਜ਼ਮੀਨ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜ਼ਰਾ ਸੋਚ ਕੇ ਦੇਖੋ ਕਿ ਤੁਸੀਂ ਅਜਿਹੀ ਥਾਂ ’ਤੇ ਘੁੰਮਣ ਗਏ ਹੋ ਜਿੱਥੇ ਕਦਮ ਰੱਖਦੇ ਹੀ ਜ਼ਮੀਨ ਡਗਮਗਾਉਣ ਲੱਗੇ। ਅਜਿਹਾ ਲੱਗੇ ਕਿ ਤੁਸੀਂ ਤੁਰ ਨਹੀਂ ਰਹੇ, ਸਗੋਂ ਤੈਰ ਰਹੇ ਹੋ। ਸੋਚਣ ’ਤੇ ਇਹ ਦ੍ਰਿਸ਼ ਇਕਦਮ ਸੁਪਨੇ ਵਰਗਾ ਲੱਗਦਾ ਹੈ। ਕੁਝ ਅਜਿਹਾ ਹੀ ਹੈ ਮਣੀਪੁਰ ਦਾ ਫਲੋਟਿੰਗ ਵਿਲੇਜ ਚੰਪੂ ਖਾਂਗਪੋਕ। ਚਲੋ ਤੁਹਾਨੂੰ ਇਸ ਅਨੋਖੀ ਪਰ ਰੋਮਾਂਚ ਨਾਲ ਭਰਪੂਰ ਥਾਂ ਦੇ ਸਫ਼ਰ ’ਤੇ ਲੈ ਚੱਲਦੇ ਹਾਂ।
ਭਾਰਤ ਦੇ ਉੱਤਰ-ਪੂਰਬੀ ਸੂਬੇ ਮਣੀਪੁਰ 'ਚ ਇਕ ਤੈਰਦਾ ਹੋਇਆ ਪਿੰਡ ਸਥਿਤ ਹੈ, ਜਿਸ ਦਾ ਨਾਂ ਚੰਪੂ ਖਾਂਗਪੋਕ ਹੈ। ਦਰਅਸਲ, ਇਹ ਪਿੰਡ ਭਾਰਤ ਦੀ ਮਸ਼ਹੂਰ ਲੋਕਟਕ ਝੀਲ ’ਤੇ ਵਸਿਆ ਹੋਇਆ ਹੈ ਜੋ ਕਰੀਬ 240 ਵਰਗ ਕਿਲੋਮੀਟਰ ਦੇ ਖੇਤਰ 'ਚ ਫੈਲੀ ਹੋਈ ਹੈ। ਇਸ ਪਿੰਡ ਵਿਚ ਲੋਕਾਂ ਨੇ ਪਾਣੀ ਦੇ ਨਾਲ ਜਿਊਣਾ ਸਿੱਖ ਲਿਆ ਹੈ। ਇਹੀ ਕਾਰਨ ਹੈ ਕਿ ਇੱਥੇ ਪਾਣੀ ’ਤੇ ਤੁਰਦੇ ਲੋਕ, ਤੈਰਦੇ ਟਾਪੂ ਅਤੇ ਘਰ ਦੇਖਣ ਨੂੰ ਮਿਲਦੇ ਹਨ।
ਚੰਪੂ ਖਾਂਗਪੋਕ ਪਿੰਡ ਦੇ ਤੈਰਨ ਪਿੱਛੇ ਕੋਈ ਜਾਦੂ ਨਹੀਂ, ਸਗੋਂ ਵਿਗਿਆਨ ਦਾ ਕਮਾਲ ਹੈ। ਇਸ ਦਾ ਕਾਰਨ ਇਸ ਥਾਂ ਦੀ ਕੁਦਰਤ ਤੇ ਬਾਇਓਮਾਸ ਦੀ ਪ੍ਰਕਿਰਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਪਿੰਡ ਦੀ ਜ਼ਮੀਨ ਕਿਸੇ ਮਿੱਟੀ ਜਾਂ ਚੱਟਾਨ ਤੋਂ ਬਣੀ ਹੋਈ ਨਹੀਂ, ਸਗੋਂ ਫੁਮਡੀ ਨਾਂ ਦੀ ਕੁਦਰਤੀ ਜ਼ਮੀਨ ਹੈ। ਇਹ ਸੜੇ-ਗਲੇ ਪੌਦਿਆਂ, ਜੜ੍ਹਾਂ, ਮਿੱਟੀ ਅਤੇ ਜੈਵਿਕ ਪਦਾਰਥਾਂ ਦੀਆਂ ਪਰਤਾਂ ਤੋਂ ਬਣਦੀ ਹੈ। ਸਾਲ-ਦਰ-ਸਾਲ ਜਦੋਂ ਇਹ ਸਾਰੇ ਤੱਤ ਇਕ ਥਾਂ ’ਤੇ ਇਕੱਠੇ ਹੁੰਦੇ ਰਹਿੰਦੇ ਹਨ ਤਾਂ ਇਨ੍ਹਾਂ ਦੀਆਂ ਪਰਤਾਂ ਤੋਂ ਜ਼ਮੀਨ ਤਿਆਰ ਹੋ ਜਾਂਦੀ ਹੈ। ਇਸ ਦੀ ਮਜ਼ਬੂਤੀ ਇੰਨੀ ਹੁੰਦੀ ਹੈ ਕਿ ਇਸ ’ਤੇ ਘਰਾਂ ਦਾ ਨਿਰਮਾਣ ਵੀ ਕੀਤਾ ਜਾ ਸਕਦਾ ਹੈ।
ਇੱਥੇ ਰਹਿਣ ਵਾਲੇ ਲੋਕਾਂ ਦੇ ਘਰ, ਜਿਨ੍ਹਾਂ ਨੂੰ ਫੁਮਸ਼ੰਗ ਕਿਹਾ ਜਾਂਦਾ ਹੈ, ਆਪਣੀ ਲੋਕੇਸ਼ਨ ਬਦਲਦੇ ਰਹਿੰਦੇ ਹਨ। ਹੁਣ ਕਿਉਂਕਿ ਇਹ ਘਰ ਜ਼ਮੀਨ ’ਤੇ ਨਹੀਂ, ਸਗੋਂ ਫੁਮਡੀ ’ਤੇ ਬਣੇ ਹੁੰਦੇ ਹਨ, ਇਸ ਲਈ ਹਵਾ ਦੇ ਦਬਾਅ ਅਤੇ ਪਾਣੀ ਦੇ ਵਹਾਅ ਕਾਰਨ ਇਨ੍ਹਾਂ ਦੀ ਲੋਕੇਸ਼ਨ ਬਦਲਦੀ ਰਹਿੰਦੀ ਹੈ। ਇਹੀ ਵਜ੍ਹਾ ਹੈ ਕਿ ਚੰਪੂ ਖਾਂਗਪੋਕ ਅੱਜ ਦੁਨੀਆ ਭਰ ਵਿਚ ਆਪਣੀ ਇਸੇ ਵਿਸ਼ੇਸ਼ਤਾ ਕਾਰਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਕ ਅਨੋਖੇ ਪਿੰਡ ਤੋਂ ਇਲਾਵਾ ਲੋਕਟਕ ਝੀਲ 'ਚ ਤੁਹਾਨੂੰ ਤੈਰਦਾ ਹੋਇਆ ਕੀਬੁਲ ਲਾਮਜਾਓ ਨੈਸ਼ਨਲ ਪਾਰਕ ਵੀ ਦੇਖਣ ਨੂੰ ਮਿਲੇਗਾ। ਇਹ ਪਾਰਕ ਬਿਸ਼ਨੂਪੁਰ ਜ਼ਿਲ੍ਹੇ 'ਚ ਲੋਕਟਕ ਝੀਲ ਦੇ ਦੱਖਣ-ਪੱਛਮ ਵਿਚ ਕਰੀਬ 40 ਵਰਗ ਕਿਲੋਮੀਟਰ ਦੇ ਖੇਤਰ ਵਿਚ ਸਥਿਤ ਹੈ। ਇਸ ਥਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਵਿਲੁਪਤ ਹੋਣ ਦੀ ਕਗਾਰ ’ਤੇ ਖੜ੍ਹੇ ਸੰਗਾਈ ਹਿਰਨ ਰਹਿੰਦੇ ਹਨ ਅਤੇ ਇਹੀ ਉਨ੍ਹਾਂ ਦਾ ਇਕਲੌਤਾ ਆਵਾਸ ਸਥਾਨ ਵੀ ਹੈ।