
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚਿਤੌੜਗੜ੍ਹ ਵਿਚ ਸੈਲਾਨੀਆਂ ਦੇ ਵੇਖਣ ਵਾਲੀ ਇਕੋ ਥਾਂ ਹੈ - ਇਥੋਂ ਦਾ ਕਿਲ੍ਹਾ। ਅਸੀਂ ਵੀ ਇਹੋ ਕਿਲ੍ਹਾ ਵੇਖ ਕੇ ਚਲੇ ਜਾਣਾ ਹੈ। ਅਗਲੀ ਸਵੇਰੇ ਹੋਟਲ ’ਚੋਂ ਚੈਕ-ਆਊਟ ਕੀਤਾ, ਆਪਣਾ ਸਮਾਨ ਕਾਰ ਵਿਚ ਰੱਖਿਆ ਤੇ ਕਾਰ ਕਿਲ੍ਹੇ ਵੱਲ ਨੂੰ ਤੋਰ ਲਈ। ਗੰਭੀਰੀ ਨਦੀ ਦਾ ਪੁਲ ਪਾਰ ਕਰ ਕੇ ਪੁਰਾਣੇ ਸ਼ਹਿਰ ਵਿਚ ਦਾਖ਼ਲ ਹੋਏ, ਤਾਂ ਇਕ ਮੋਟਰਸਾਈਕਲ ਸਵਾਰ ਸਾਡੇ ਪਿੱਛੇ-ਪਿੱਛੇ ਹੋ ਤੁਰਿਆ।

ਸਾਲ 2015 ਦੇ ਜਨਵਰੀ ਮਹੀਨੇ ਦਾ ਅੰਤ। ਰੀਟਾ ਤੇ ਮੈਂ ਜੈਪੁਰ ਸਾਹਿਤਕ ਮੇਲਾ ਵੇਖ ਕੇ ਚਿਤੌੜ ਦਾ ਕਿਲ੍ਹਾ ਵੇਖਣ ਚੱਲ ਪਏ। ਨੈਸ਼ਨਲ ਹਾਈਵੇਅ ਅੱਠ। ਮੁਲਾਇਮ ਚੌਹਰੀ ਸੜਕ ਉੱਤੇ ਕਾਰ ਉਡਦੀ ਜਾ ਰਹੀ ਸੀ। ਅਜਮੇਰ ਤੋਂ 40 ਕੁ ਕਿਲੋਮੀਟਰ ਪਹਿਲਾਂ ਸਾਨੂੰ ਇਹ ਸੜਕ ਛੱਡ ਕੇ ਖੱਬੇ ਪਾਸੇ ਨੂੰ ਜਾਂਦਾ ਹਾਈਵੇਅ ਉਨਾਸੀ ਲੈਣਾ ਚਾਹੀਦਾ ਸੀ ਪਰ ਉਸ ਥਾਂ ’ਤੇ ਸਾਨੂੰ ਦਿਸ਼ਾ-ਸੂਚਕ ਬੋਰਡ ਕੋਈ ਦਿਸਿਆ ਨਾ, ਇਸ ਲਈ ਸਿੱਧੇ ਅਜਮੇਰ ਵੱਲ ਚਲੇ ਗਏ। ਇਕਹਿਰੀ ਸੜਕ, ਉਹ ਵੀ ਕਿਤੇ ਕਿਤੇ ਪਾਸਿਆਂ ਤੋਂ ਭੁਰੀ ਹੋਈ। ਵਿਚ-ਵਿਚ ਸੜਕ ਨਿੱਕੀਆਂ-ਨਿੱਕੀਆਂ ਪਹਾੜੀਆਂ ਵਿਚੀਂ ਲੰਘਦੀ, ਤੇ ਜੰਗਲ ਬੀਆਬਾਨ ਰਾਹੀਂ ਵੀ। ਕਿਲੋਮੀਟਰਾਂ ਤੱਕ ਕੋਈ ਆਵਾਜਾਈ ਵੀ ਨਾ ਟੱਕਰਦੀ।
ਸ਼ਾਮ ਢਲਣ ਲੱਗੀ, ਰੀਟਾ ਡਰਨ ਲੱਗੀ। ਥੋੜ੍ਹਾ ਡਰ ਲਗਦਾ ਤਾਂ ਉਹ ਕਾਰ ਦਾ ਮਿਊਜ਼ਿਕ ਚਲਾ ਲੈਂਦੀ, ਡਰ ਵਧਣ ਲਗਦਾ ਤਾਂ ਉਹ ਮਿਊਜ਼ਿਕ ਬੰਦ ਕਰ ਦੇਂਦੀ। ਇਸ ਸੜਕ ਨੇ ਬਿਆਵਰ, ਬ੍ਰਾਹਮਣੋਂ ਕੀ ਸਰੇੜੀ ਆਦਿ ਵੱਲ ਦੀ ਲੰਘਾ ਕੇ ਸਾਨੂੰ ਭੀਲਵਾੜਾ ਦੇ ਨੇੜੇ ਮੁੜ ਠੀਕ-ਠਾਕ ਹਾਈਵੇਅ ਉੱਤੇ ਲਿਆ ਪਾਇਆ। ਹਿਸਾਬ ਲਾਇਆ ਕਿ ਸਾਨੂੰ 50 ਕੁ ਕਿਲੋਮੀਟਰ ਵਾਧੂ ਪੈਂਡਾ ਪਿਆ, ਤੇ ਡੇਢ ਘੰਟਾ ਸਮਾਂ ਵਾਧੂ ਲੱਗਾ। ਮੁੜ ਟੋਲ ਵਾਲੀ ਚੌਹਰੀ ਸੜਕੇ ਪੈ ਕੇ ਰੀਟਾ ਨੂੰ ਸੁਖ ਦਾ ਸਾਹ ਆਇਆ। ਉਹਦਾ ਡਰ ਲਹਿ ਚੁੱਕਾ ਸੀ, ਤੇ ਉਹ ਕਹਿ ਰਹੀ ਸੀ ਕਿ ਜਿਸ ਰਾਹੇ ਅਸੀਂ ਭੁੱਲ ਕੇ ਪੈ ਗਏ ਸਾਂ, ਸੀ ਤਾਂ ਭਾਵੇਂ ਲੰਮਾ ਪਰ ਸੀ ਸੁਹਣਾ। ਗ਼ਲਤੀ ਕਰ ਕੇ ਅਸੀਂ ਚੰਗਾ ਹੀ ਕੀਤਾ। ਸਿੱਧੀਆਂ-ਸਤੀਰ ਨਵੀਆਂ ਸੜਕਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤਾਈਂ ਸਾਨੂੰ ਜਲਦੀ ਤਾਂ ਪੁਚਾਂਦੀਆਂ ਨੇ, ਪਰੰਤੂ ਉਹ ਓਸ ਜ਼ਿੰਦਗੀ ਨੂੰ ਵੀ ਲਾਂਭੇ ਛੱਡ ਜਾਂਦੀਆਂ ਨੇ, ਜਿਹੜੀ ਪੁਰਾਣੀਆਂ, ਨਿੱਕੀਆਂ ਸੜਕਾਂ ਦੇ ਕੰਢਿਆਂ ’ਤੇ ਅਜੇ ਵੀ ਪਹਿਲਾਂ ਵਾਂਗ ਘੁੱਗ ਵਸਦੀ ਏ। ਚਿਤੌੜਗੜ੍ਹ ਪੁੱਜਦਿਆਂ ਨੂੰ ਸਮਾਂ ਅੱਠ ਤੋਂ ਉੱਤੇ ਹੋ ਚੁੱਕਾ ਸੀ। ਸ਼ਹਿਰ ਦੇ ਬਾਹਰਵਾਰ ਬੇੜਚ ਨਦੀ ਦਾ ਪੁਲ ਆਉਂਦਾ ਹੈ। ਇਸ ਪੁਲ ਦੇ ਨਾਲ ਲਗਦੇ ਕੁਝ ਹੋਟਲ ਦਿਸਦੇ ਹਨ। ਇਨ੍ਹਾਂ ’ਚੋਂ ਦੋਂਹ ਦਾ ਨਾਂਅ ਸਾਡੀ ਟਰੈਵਲ ਗਾਈਡ ਨੇ ਵੀ ਸੁਝਾਇਆ ਹੋਇਆ ਹੈ। ਇਨ੍ਹਾਂ ‘ਚੋਂ ਵੀ ਇਕ ਸਾਡੀ ਜੇਬ ਮੁਤਾਬਕ ਮਹਿੰਗਾ ਲੱਗਦਾ ਹੈ, ਇਸ ਲਈ ਉਹਦੇ ਵੱਲ ਅਸੀਂ ਮੂੰਹ ਹੀ ਨਹੀਂ ਕਰਦੇ। ਕਾਰ ਦੂਜੇ ਹੋਟਲ ਮੂਹਰੇ ਜਾ ਕੇ ਰੋਕਦੇ ਹਾਂ। ਅੰਦਰ ਜਾ ਕੇ ਕਮਰੇ ਦਾ ਪਤਾ ਕੀਤਾ। ਨਿੱਕਾ ਜਿਹਾ ਤੇ ਸਾਫ-ਸੁਥਰਾ ਕਮਰਾ ਹੈ, ਪਰ ਕਿਰਾਇਆ ਉਸ ਦੀ ਹਾਲਤ ਦੇ ਹਿਸਾਬ ਨਾਲ ਕੁਝ ਜ਼ਿਆਦਾ ਲੱਗ ਰਿਹਾ ਹੈ। ਉਥੋਂ ਨਿਕਲ ਕੇ ਅਸੀਂ ਨਾਲ ਦੇ ਹੋਟਲ ਵਿਚ ਚਲੇ ਗਏ, ਜਿਹਦਾ ਨਾਂਅ ਸਾਡੀ ਗਾਈਡ ਵਿਚ ਨਹੀਂ ਸੀ ਦਿੱਤਾ ਹੋਇਆ। ਕਮਰਾ ਪਹਿਲੇ ਹੋਟਲ ਨਾਲੋਂ ਦੁੱਗਣੇ ਸਾਈਜ਼ ਦਾ। ਸਫ਼ਾਈ ਪੱਖੋਂ ਪਹਿਲੇ ਨਾਲੋਂ ਜ਼ਰੂਰ ਕੁਝ ਊਣਾ, ਪਰ ਕਿਰਾਇਆ ਉਸ ਤੋਂ ਤਕਰੀਬਨ ਅੱਧਾ। ਅਸੀਂ ਇਹੋ ਕਮਰਾ ਲੈ ਲਿਆ, ਇਕ ਰਾਤ ਹੀ ਤਾਂ ਕੱਟਣੀ ਹੈ। ਰੀਟਾ ਨੇ ਸੇਵਾਦਾਰ ਨੂੰ ਕਹਿ ਕੇ ਥੋੜ੍ਹੀ ਸਫ਼ਾਈ ਹੋਰ ਕਰਵਾ ਲਈ, ਬੈੱਡ ਸ਼ੀਟ ਵੀ ਬਦਲਵਾ ਲਈ। ਬਿਸਤਰ ਦੇ ਉੱਤੇ ਤੇ ਕੰਬਲ ਦੇ ਹੇਠਾਂ ਅਸੀਂ ਆਪਣੇ ਨਾਲ ਲਿਆਦੀਂਆਂ ਚਾਦਰਾਂ ਜੋੜ ਲਈਆਂ। ਤੌਲੀਏ ਵੀ ਆਪਣੇ ਵਰਤ ਲਏ। ਖਾਣਾ ਇਸ ਹੋਟਲ ਵਿਚ ਨਹੀਂ ਮਿਲਦਾ, ਉਹ ਅਸੀਂ ਰੇਲਵੇ ਸਟੇਸ਼ਨ ਨੇੜੇ ਇਕ ਢਾਬੇ ਵਿਚ ਜਾ ਕੇ ਖਾਣ ਚਲੇ ਗਏ। ਢਾਬੇ ਵਾਲੇ ਨੇ ਘਰ ਵਾਂਗ ਬਿਠਾ ਕੇ, ਦਾਲ, ਸਬਜ਼ੀ ਨਾਲ ਗਰਮਾ-ਗਰਮ ਫੁਲਕੇ ਪਰੋਸੇ। ਉਹ ਓਨਾ ਚਿਰ ਦੂਜਾ ਫੁਲਕਾ ਨਹੀਂ ਸੀ ਲਾਹੁੰਦਾ, ਜਿੰਨਾ ਚਿਰ ਤਾਈਂ ਸਾਡੀ ਥਾਲੀ ਵਿਚ ਪਹਿਲਾ ਫੁਲਕਾ ਉਸਨੂੰ ਮੁੱਕਦਾ ਨਾ ਦਿਸੇ। ਨਿੱਕੇ-ਨਿੱਕੇ, ਗੋਲ-ਗੋਲ, ਪੂੜੀਆਂ ਵਾਂਗ ਫੁੱਲੇ ਹੋਏ ਫੁਲਕੇ ਖਾ ਕੇ ਮਜ਼ਾ ਆ ਗਿਆ। ਸਟੇਸ਼ਨ ਨੇੜਲੇ ਆਮ ਜਿਹੇ ਦਿਸਦੇ ਢਾਬੇ ’ਤੇ ਇਹੋ ਜਿਹੀ ਸਫ਼ਾਈ ਤੇ ਇਹੋ ਜਿਹੇ ਸਾਦੇ ਤੇ ਸੁਆਦੀ ਖਾਣੇ ਦੀ ਅਸੀਂ ਆਸ ਨਹੀਂ ਸੀ ਕੀਤੀ।
ਚਿਤੌੜਗੜ੍ਹ ਵਿਚ ਸੈਲਾਨੀਆਂ ਦੇ ਵੇਖਣ ਵਾਲੀ ਇਕੋ ਥਾਂ ਹੈ - ਇਥੋਂ ਦਾ ਕਿਲ੍ਹਾ। ਅਸੀਂ ਵੀ ਇਹੋ ਕਿਲ੍ਹਾ ਵੇਖ ਕੇ ਚਲੇ ਜਾਣਾ ਹੈ। ਅਗਲੀ ਸਵੇਰੇ ਹੋਟਲ ’ਚੋਂ ਚੈਕ-ਆਊਟ ਕੀਤਾ, ਆਪਣਾ ਸਮਾਨ ਕਾਰ ਵਿਚ ਰੱਖਿਆ ਤੇ ਕਾਰ ਕਿਲ੍ਹੇ ਵੱਲ ਨੂੰ ਤੋਰ ਲਈ। ਗੰਭੀਰੀ ਨਦੀ ਦਾ ਪੁਲ ਪਾਰ ਕਰ ਕੇ ਪੁਰਾਣੇ ਸ਼ਹਿਰ ਵਿਚ ਦਾਖ਼ਲ ਹੋਏ, ਤਾਂ ਇਕ ਮੋਟਰਸਾਈਕਲ ਸਵਾਰ ਸਾਡੇ ਪਿੱਛੇ-ਪਿੱਛੇ ਹੋ ਤੁਰਿਆ। ਸੜਕ ਦੇ ਕਿਨਾਰੇ ਸਾਨੂੰ ਇਕ ਢਾਬਾ ਦਿਸਿਆ, ਤਾਂ ਅਸੀਂ ਬ੍ਰੇਕਫਾਸਟ ਲਈ ਬਰੇਕ ਮਾਰੀ। ਉਸੇ ਵੇਲੇ ਉਹ ਮੋਟਰਸਾਈਕਲ ਸਵਾਰ ਵੀ ਸਾਡੇ ਕੋਲ ਆ ਰੁਕਿਆ। “ਸਰ, ਮੇਰਾ ਨਾਂਅ ਰਵੀ ਹੈ, ਮੈਂ ਏਥੇ ਗਾਈਡ ਦਾ ਕੰਮ ਕਰਦਾ ਹਾਂ।“ ਸਾਫ-ਸੁਥਰੀ ਖਾਕੀ ਪੈਂਟ ਦੇ ਨਾਲ ਚਿੱਟੀ ਟੀ-ਸ਼ਰਟ, ਉਮਰ ਹੋਊ 20-22 ਸਾਲ, ਕੱਦ ਮਧਰਾ ਪਰ ਗਠੀਲਾ, ਵਾਲਾਂ ਦੀ ਹਜਾਮਤ ਤਾਜ਼ੀ ਤਾਜ਼ੀ ਕਰਾਈ ਹੋਈ, ਗੋਲ ਕਣਕ ਵਿੰਨੇ ਚਿਹਰੇ ‘ਤੇ ਹਲਕੀ ਜਿਹੀ ਗੰਭੀਰ ਮੁਸਕਾਨ। ਰਵੀ ਨੇ ਅਗਲੇ ਹੀ ਫਿਕਰੇ ਵਿਚ ਦੱਸ ਦਿੱਤਾ ਕਿ ਉਹ ਪੂਰਾ ਕਿਲ੍ਹਾ ਵਿਖਾਣ ਦੇ ਸਿਰਫ਼ 100 ਰੁਪਏ ਲਵੇਗਾ। “ਗਾਈਡ ਤਾਂ ਸਾਨੂੰ ਚਾਹੀਦਾ ਹੈ, ਪਰ ਅਜੇ ਠਹਿਰ ਕੇ। ਪਹਿਲਾਂ ਅਸੀਂ ਨਾਸ਼ਤਾ ਕਰਨਾ ਹੈ।” ਰਵੀ ਸਾਡੀ ਉਡੀਕ ਕਰਨ ਲਈ ਰਾਜ਼ੀ ਸੀ। ਨਾਲ ਲਗਦੀ ਉਸ ਨੇ ਸਲਾਹ ਦਿੱਤੀ ਕਿ ਅਸੀਂ ਇਸ ਵਾਲੇ ਢਾਬੇ ਦੀ ਬਜਾਏ ਥੋੜ੍ਹੀ ਕੁ ਦੂਰ ਇਕ ਹੋਰ ਢਾਬੇ ‘ਤੇ ਬ੍ਰੇਕਫਾਸਟ ਕਰੀਏ, ਉਹ ਇਸ ਨਾਲੋਂ ਬਿਹਤਰ ਹੈ। ਉਸ ਨੇ ਆਪਣਾ ਮੋਟਰਸਾਈਕਲ ਓਥੇ ਹੀ ਖੜ੍ਹਾ ਕਰ ਦਿੱਤਾ ਅਤੇ ਸਾਡੀ ਕਾਰ ਵਿਚ ਆਣ ਬੈਠਾ ਤੇ ਸਾਨੂੰ ਇਕ ਸਾਫ-ਸੁਥਰੇ ਰੈਸਟੋਰੈਂਟ ਵਿਚ ਲੈ ਗਿਆ। ਉਸ ਵਲੋਂ ਸੁਝਾਇਆ ਗਿਆ ਢਾਬਾ ਵਧੀਆ ਨਿਕਲਿਆ। ਅਸੀਂ ਦਹੀਂ ਨਾਲ ਆਲੂ ਪਿਆਜ਼ ਦੇ ਪਰਾਂਠੇ ਖਾਧੇ, ਪਰ ਰਵੀ ਨੇ ਸਿਰਫ਼ ਚਾਹ ਦਾ ਕੱਪ ਪੀਤਾ। ਹੁਣ ਰਵੀ ਨੇ ਦੱਸਿਆ ਕਿ ਉਹ ਸਵੇਰੇ-ਸਵੇਰੇ ਤਿਆਰ ਹੋ ਕੇ ਕਿਲ੍ਹੇ ਨੂੰ ਜਾਂਦੇ ਰਾਹ ਵਿਚ ਆ ਖੜੋਂਦਾ ਹੈ ਤੇ ਹਰ ਉਸ ਕਾਰ ਉੱਤੇ ਨਜ਼ਰ ਰਖਦਾ ਹੈ, ਜਿਹੜੀ ਸੈਲਾਨੀਆਂ ਦੀ ਜਾਪਦੀ ਹੋਵੇ। ਬਿਲਕੁਲ ਉਵੇਂ, ਜਿਵੇਂ ਇਕ ਬਾਜ਼ ਆਪਣੀ ਤਿੱਖੀ ਨਜ਼ਰ ਸ਼ਿਕਾਰ ਨੂੰ ਢੂੰਡਣ ਲਈ ਲਗਾ ਕੇ ਰੱਖਦਾ ਹੈ। ਸਾਡੀ ਕਾਰ ਦਾ ਨੰਬਰ ਪੰਜਾਬ ਦਾ ਹੈ, ਇਸ ਲਈ ਰਵੀ ਵਲੋਂ ਸਾਨੂੰ ਪਛਾਨਣ ਵਿਚ ਸੁਖਾਲ ਹੋਈ। ਰਵੀ ਵਰਗੇ ਮਿਹਨਤੀ ਨੌਜਵਾਨ ਨੂੰ ਸਵੇਰੇ ਸਵੇਰੇ ਮਿਲ ਕੇ ਚੰਗਾ ਲੱਗ ਰਿਹਾ ਹੈ।
ਬ੍ਰੇਕਫਾਸਟ ਕਰ ਕੇ ਅਸੀਂ ਕਿਲ੍ਹਾ ਵੇਖਣ ਤੁਰ ਪਏ। ਕਿਲ੍ਹੇ ਦੇ ਅੰਦਰ ਜਾਣ ਵਾਲਾ ਪੱਥਰ ਜੜਿਆ ਰਾਹ ਵਲਵਲੇਵਿਆਂ ਵਾਲਾ ਹੈ। ਉੱਚੀ ਦੀਵਾਰ ਦੇ ਨਾਲ-ਨਾਲ, ਮਿਹਰਾਬਦਾਰ ਗੇਟਾਂ ਵਿਚ ਦੀ ਚੜ੍ਹਾਈ ਪੈਦਲ ਚੜ੍ਹਨੀ ਤਾਂ ਭਾਵੇਂ ਔਖੀ ਲਗਦੀ ਪਰੰਤੂ ਸਾਡੀ ਕਾਰ ਨੂੰ ਕੋਈ ਔਖ ਨਾ ਹੋਈ। ਜਿਨ੍ਹਾਂ ਸੈਲਾਨੀਆਂ ਕੋਲ ਆਪਣੀ ਕਾਰ ਨਹੀਂ ਹੁੰਦੀ, ਉਹ ਆਮ ਤੌਰ ’ਤੇ ਆਟੋ-ਰਿਕਸ਼ਾ ਲੈ ਲੈਂਦੇ ਹਨ। ਕਿਲ੍ਹੇ ਦੇ ਆਲੇ-ਦੁਆਲੇ 13 ਕਿਲੋਮੀਟਰ ਲੰਮੀ ਦੀਵਾਰ ਹੈ, ਜਿਸ ਦੇ ਬਾਹਰਲੇ ਪਾਸੇ 45 ਡਿਗਰੀ ਦੇ ਕੋਣ ‘ਤੇ ਖੜ੍ਹੀ ਪਹਾੜੀ ਨੂੰ ਪਾਰ ਕਰ ਸਕਣਾ ਅਸੰਭਵ ਹੈ। ਕਿਲ੍ਹੇ ਦੇ ਕੁੱਲ ਸੱਤ ਦਰਵਾਜ਼ੇ ਹਨ, ਜਿਹੜੇ ਰਾਣਾ ਕੁੰਭ (1433–1468) ਵਲੋਂ ਬਣਵਾਏ ਗਏ ਸਨ। ਕਿਲ੍ਹਿਆਂ ਦੇ ਦਰਵਾਜ਼ਿਆਂ ਨੂੰ ਏਥੇ ‘ਪੋਲ’ ਆਖਦੇ ਹਨ। ਪੱਥਰ ਦੇ ਇਨ੍ਹਾਂ ਗੇਟਾਂ ਦੇ ਉੱਪਰ ਫ਼ੌਜੀਆਂ ਦੇ ਮੋਰਚੇ ਬਣੇ ਹੋਏ ਹਨ। ਗੇਟਾਂ ਦੇ ਦਰਵਾਜ਼ੇ ਮਜ਼ਬੂਤ ਲੱਕੜ ਦੇ ਬਣੇ ਹੋਏ ਹਨ, ਜਿਨ੍ਹਾਂ ਉੱਤੇ ਹਾਥੀਆਂ ਤੇ ਤੋਪਾਂ ਦੇ ਗੋਲਿਆਂ ਤੋਂ ਬਚਾਅ ਲਈ ਨੁਕੀਲੇ ਕਿੱਲ ਜੜੇ ਹੋਏ ਹਨ। ਭਾਰਤ ਦੇ ਤਕਰੀਬਨ ਹਰ ਕਿਲ੍ਹੇ ਵਿਚ ਅਸੀਂ ਇਹੋ ਜਿਹੇ ਦਰਵਾਜ਼ੇ ਵੇਖੇ ਹਨ ਪਰ ਜਿਹੋ ਜਿਹਾ ਦਰਵਾਜਾ ਅਸੀਂ ਹੋਰ ਕਿਧਰੇ ਨਹੀਂ ਵੇਖਿਆ, ਉਹ ਹੈ ਜੋੜਲਾ ਪੋਲ। ਇਹ ਗੇਟ ਵੈਸੇ ਤਾਂ ਲਕਸ਼ਮਣ ਗੇਟ ਤੋਂ ਬਾਅਦ ਵਾਲੇ ਗਣੇਸ਼ ਗੇਟ ਨੂੰ ਵੀ ਪਾਰ ਕਰ ਕੇ ਆਉਂਦਾ ਹੈ, ਪਰੰਤੂ ਇਹ ਜੁੜਿਆ ਹੋਇਆ ਹੈ ਹੇਠਾਂ ਵਾਲੇ ‘ਲਕਸ਼ਮਣ ਪੋਲ’ ਦੇ ਨਾਲ। ਜੁੜਵਾਂ ਹੋਣ ਕਰਕੇ ਹੀ ਸ਼ਾਇਦ ਇਸ ਦਾ ਨਾਂਅ ਜੋੜਵਾਂ ਪੋਲ ਹੈ। ਪਾਦਨ, ਭੈਰਵ, ਹਨੂੰਮਾਨ, ਲਕਸ਼ਮਣ, ਗਣੇਸ਼ ਤੇ ਜੋੜਲਾ ਪੋਲਾਂ ਵਿਚੀਂ ਲੰਘ ਕੇ ਅਸੀਂ ਰਾਮ ਪੋਲ ਕੋਲ ਜਾ ਕੇ ਰੁਕੇ, ਜਿਥੋਂ ਕਿਲ੍ਹੇ ਦੀ ਦਾਖ਼ਲਾ ਫੀਸ ਮਿਲਦੀ ਹੈ। ਭਾਰਤੀਆਂ ਲਈ ਦਾਖ਼ਲਾ ਫੀਸ ਕੇਵਲ 5 ਰੁਪਏ ਪ੍ਰਤੀ ਵਿਅਕਤੀ ਹੈ ਜਦਕਿ ਵਿਦੇਸ਼ੀਆਂ ਲਈ ਇਸਦੀ ਕੀਮਤ 100 ਰੁਪਏ ਹੈ। ਕਾਰ ਦੀ ਪਾਰਕਿੰਗ ਟਿਕਟ ਵੀ ਏਥੇ ਹੀ ਕੱਟੀ ਗਈ, ਅੰਦਰ ਵੜ ਕੇ ਵਾਰ-ਵਾਰ ਟਿਕਟ ਕਟਾਉਣ ਦਾ ਝੰਝਟ ਨਹੀਂ ਰਿਹਾ।
ਰਾਮ ਪੋਲ ਤੋਂ ਕਾਰ ਤੁਰੀ ਤਾਂ ਰਵੀ ਨੇ ਕਿਲ੍ਹੇ ਬਾਰੇ ਦੱਸਣਾ ਸ਼ੁਰੂ ਕਰਦਾ ਹੈ। “ਸਰ ਜੀ, ਇਹ ਬਹੁਤ ਪ੍ਰਾਚੀਨ ਕਿਲ੍ਹਾ ਹੈ। ਇਸ ਕਿਲ੍ਹੇ ਦਾ ਜ਼ਿਕਰ ਮਹਾਂਭਾਰਤ ਵਿਚ ਵੀ ਮਿਲਦਾ ਹੈ। ਕਿਲ੍ਹੇ ਵਿਚ ਮੈਂ ਤੁਹਾਨੂੰ ਉਹ ਭੀਮਲਤ ਤਲਾਬ ਵਿਖਾਵਾਂਗਾ, ਜਿਥੇ ਦ੍ਰੋਪਦੀ ਦੀ ਪਿਆਸ ਬੁਝਾਉਣ ਲਈ ਭੀਮ ਨੇ ਅੱਡੀ ਮਾਰ ਕੇ ਜ਼ਮੀਨ `ਚੋਂ ਪਾਣੀ ਕੱਢਿਆ ਸੀ। ਸਰ ਜੀ, ਇਹ ਭੀਮਲਤ ਤਲਾਬ ਹਮੇਸ਼ਾ ਪਾਣੀ ਨਾਲ ਭਰਿਆ ਰਹਿੰਦਾ ਹੈ।” ਰਵੀ ਨੂੰ ਖ਼ੁਦ ਇਸ ਗੱਲ `ਤੇ ਪੂਰਾ ਯਕੀਨ ਜਾਪਦੈ ਤੇ ਉਸਨੂੰ ਲਗਦੈ ਕਿ ਹੋਰ ਕਿਸੇ ਨੂੰ ਵੀ ਇਸ ਬਾਰੇ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ। ਗੱਲ ਕਰਨ ਵੇਲੇ ਜਦੋਂ ਉਹ ‘ਸਰ ਜੀ’ ਆਖਦਾ ਹੈ ਤਾਂ ਆਪਣੇ ਸਿਰ ਨੂੰ ਖੱਬੇ ਪਾਸੇ ਝੁਕਾ ਕੇ ਇਕ ਤੁਣਕਾ ਜਿਹਾ ਵੀ ਮਾਰਦਾ ਹੈ। ਅਗਲੇ ਹੀ ਪਲ ਰਵੀ ਮਿਥਿਹਾਸ `ਚੋਂ ਬਾਹਰ ਨਿਕਲ ਕੇ ਇਤਿਹਾਸ ਵੱਲ ਰੁੱਖ ਕਰ ਲੈਂਦਾ ਹੈ। ਚਿਤੌੜ ਦਾ ਕਿਲ੍ਹਾ ਮੋਰੀ ਖਾਨਦਾਨ ਦੇ ਰਾਜਪੂਤ ਚਿਤ੍ਰਾਂਗਦ ਨੇ ਸੱਤਵੀਂ ਸਦੀ ਵਿਚ ਉਸਾਰਿਆ ਸੀ। ਉਸੇ ਦੇ ਨਾਂਅ ਪਿੱਛੇ ਇਸਦਾ ਨਾਂਅ ਪਹਿਲਾਂ ਸ਼ਾਇਦ ਚਿਤ੍ਰਾਂਗਕੋਟ ਪਿਆ, ਜਿਹੜਾ ਹੌਲੀ-ਹੌਲੀ ਚਿਤ੍ਰਕੋਟ ਤੇ ਫੇਰ ਚਿਤੌੜਗੜ੍ਹ ਹੋ ਗਿਆ। ਇਕ ਤਾਂ ਵੱਡੇ ਪੱਧਰੇ ਮੈਦਾਨ ਦੇ ਵਿਚਕਾਰ ਖੜ੍ਹੀ ਇਹ ਪਹਾੜੀ ਕਿਲ੍ਹਾ ਉਸਾਰਨ ਲਈ ਯੋਗ ਥਾਂ ਸੀ ਤੇ ਦੂਜਾ ਗੰਭੀਰੀ ਤੇ ਬੇੜਚ ਨਦੀਆਂ ਦਾ ਪਾਣੀ ਮੁਹੱਈਆ ਸੀ। 734 ਈਸਵੀ ਵਿਚ ਇਹ ਕਿਲ੍ਹਾ ਮੇਵਾੜ ਰਾਜ ਦਾ ਮੁੱਢ ਬੰਨ੍ਹਣ ਵਾਲੇ ਰਾਜੇ ਬੱਪਾ ਰਾਵਲ ਦੇ ਕਬਜ਼ੇ ਵਿਚ ਆ ਗਿਆ। ਕੋਈ ਕਹਿੰਦਾ ਹੈ ਉਸਨੇ ਇਹ ਮੋਰੀ ਖਾਨਦਾਨ ਤੋਂ ਹਥਿਆ ਲਿਆ ਤੇ ਕੋਈ ਕਹਿੰਦਾ ਹੈ ਕਿ ਇਥੋਂ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਣ ਵੇਲੇ ਇਹ ਕਿਲ੍ਹਾ ਉਸਨੂੰ ਦਹੇਜ ਵਿਚ ਮਿਲਿਆ। ਉਦੋਂ ਤੋਂ ਲੈ ਕੇ ਸੰਨ 1567 ਤੱਕ (ਕੁਝ ਨਿੱਕੇ ਵਕਫਿਆਂ ਨੂੰ ਛੱਡ ਕੇ) 834 ਵਰ੍ਹਿਆਂ ਲਈ ਇਸ ਕਿਲ੍ਹੇ ਉੱਤੇ ਰਾਜੇ ਬੱਪਾ ਰਾਵਲ ਦੇ ਖਾਨਦਾਨ ਦਾ ਕਬਜ਼ਾ ਰਿਹਾ। 180 ਮੀਟਰ ਉੱਚੀ ਪਹਾੜੀ ਉੱਤੇ 692 ਏਕੜ ਰਕਬੇ ਵਿਚ ਫੈਲਿਆ ਹੋਇਆ ਇਹ ਕਿਲ੍ਹਾ ਯੂਨੈਸਕੋ ਵਲੋਂ ਬਤੌਰ ਵਿਸ਼ਵ ਧਰੋਹਰ ਐਲਾਨਿਆ ਗਿਆ ਹੈ। ਮੱਛੀ ਦੀ ਸ਼ਕਲ ਵਿਚ ਫੈਲੇ ਕਿਲ੍ਹੇ ਦੀ ਚੌੜਾਈ ਤਾਂ ਸਿਰਫ 1200 ਗਜ ਹੈ, ਪਰੰਤੂ ਲੰਬਾਈ ਸਵਾ ਤਿੰਨ ਮੀਲ ਹੈ। ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਲੰਮੂਤਰਾ ਕਿਲ੍ਹਾ ਹੈ। ਖੇਤਰਫਲ ਪੱਖੋਂ ਵੀ ਇਸਦਾ ਨਾਂਅ ਸਭ ਤੋਂ ਵੱਡੇ ਕਿਲ੍ਹਿਆਂ ਵਿਚ ਸ਼ੁਮਾਰ ਹੈ। ਕਿਲ੍ਹੇ ਉੱਤੇ ਚਾਰ ਮਹਿਲ ਅਤੇ 19 ਮੰਦਰ ਮੌਜੂਦ ਹਨ। ਤਿੰਨ ਚਾਰ ਜੈਨ ਮੰਦਰਾਂ ਨੂੰ ਛੱਡ ਕੇ ਬਾਕੀ ਸਾਰੇ ਹਿੰਦੂ ਮੰਦਰ ਹਨ। ਦਰਜਨਾਂ ਤਲਾਬ ਤੇ ਬਾਓਲੀਆਂ ਹਨ। “ਸਾਰਾ ਕਿਲ੍ਹਾ ਵੇਖਣ ਨੂੰ ਸਮਾਂ ਕਿੰਨਾ ਕੁ ਲੱਗੂ?” ਮੈਂ ਪੁੱਛਿਆ। “ਸਰ ਜੀ, ਜਦੋਂ ਤੱਕ ਤੁਸੀਂ ਥੱਕ ਨਾ ਜਾਓ!” ਮੂੰਹ ’ਤੇ ਮੁਸਕਾਨ ਲਿਆ ਕੇ ਰਵੀ ਨੇ ਸਿਰ ਨੂੰ ਫੇਰ ਤੁਣਕਾ ਮਾਰਿਆ ਸੀ।