- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਜ਼ਾਖ ਭਾਸ਼ਾ ਵਿੱਚ ‘ਸ਼ੁਕਰੀਆ’ ਨੂੰ ‘ਰਖਮਤ’ ਆਖਦੇ ਹਨ। ਮੈਨੂੰ ਇਸ ਭਾਸ਼ਾ ਦਾ ਬਸ ਇਹੋ ਸ਼ਬਦ ਆਉਂਦਾ ਹੈ। ਅਗਸਤ 2019 ਵਿੱਚ ਜਦੋਂ ਮੈਂ ਕਜ਼ਾਖਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ‘ਚ ਸੈਰ ਸਪਾਟੇ ਲਈ ਗਿਆ ਸੀ ਤਾਂ ਇਸ ਇੱਕੋ ਸ਼ਬਦ ਨੂੰ ਸੁਣ ਕੇ ਕਜ਼ਾਖ ਲੋਕ ਖ਼ੁਸ਼ ਹੋ ਜਾਂਦੇ ਸਨ। ਇਹ ਓਦਾਂ ਹੀ ਹੈ ਜਿਵੇਂ ਜਦੋਂ ਕਿਸੇ ਗੋਰੇ ਜਾਂ ਵਿਦੇਸ਼ੀ ਦੇ ਮੂੰਹੋਂ ਅਸੀਂ ਪੰਜਾਬੀ ਭਾਸ਼ਾ ਦੇ ਇੱਕ ਦੋ ਸ਼ਬਦ ਸੁਣ ਕੇ ਖ਼ੁਸ਼ ਹੋ ਜਾਂਦੇ ਹਾਂ।

ਕਜ਼ਾਖ ਭਾਸ਼ਾ ਵਿੱਚ ‘ਸ਼ੁਕਰੀਆ’ ਨੂੰ ‘ਰਖਮਤ’ ਆਖਦੇ ਹਨ। ਮੈਨੂੰ ਇਸ ਭਾਸ਼ਾ ਦਾ ਬਸ ਇਹੋ ਸ਼ਬਦ ਆਉਂਦਾ ਹੈ। ਅਗਸਤ 2019 ਵਿੱਚ ਜਦੋਂ ਮੈਂ ਕਜ਼ਾਖਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ‘ਚ ਸੈਰ ਸਪਾਟੇ ਲਈ ਗਿਆ ਸੀ ਤਾਂ ਇਸ ਇੱਕੋ ਸ਼ਬਦ ਨੂੰ ਸੁਣ ਕੇ ਕਜ਼ਾਖ ਲੋਕ ਖ਼ੁਸ਼ ਹੋ ਜਾਂਦੇ ਸਨ। ਇਹ ਓਦਾਂ ਹੀ ਹੈ ਜਿਵੇਂ ਜਦੋਂ ਕਿਸੇ ਗੋਰੇ ਜਾਂ ਵਿਦੇਸ਼ੀ ਦੇ ਮੂੰਹੋਂ ਅਸੀਂ ਪੰਜਾਬੀ ਭਾਸ਼ਾ ਦੇ ਇੱਕ ਦੋ ਸ਼ਬਦ ਸੁਣ ਕੇ ਖ਼ੁਸ਼ ਹੋ ਜਾਂਦੇ ਹਾਂ। ਮਨੁੱਖੀ ਫਿਤਰਤ ਤਾਂ ਸਭ ਥਾਂਈਂ ਤਕਰੀਬਨ ਇੱਕੋ ਜਿਹੀ ਹੀ ਹੁੰਦੀ ਹੈ। ਖ਼ੈਰ, ਅਲਮਾਟੀ ਬਹੁਤ ਹੀ ਸੁੰਦਰ, ਸਾਫ਼-ਸੁਥਰਾ ਅਤੇ ਖੁੱਲ੍ਹਾ-ਡੁੱਲਾ ਸ਼ਹਿਰ ਹੈ। ਇਹ ਕਜ਼ਾਖਸਤਾਨ ਦੀ ਸਭ ਤੋਂ ਵੱਧ ਵੱਸੋਂ ਵਾਲਾ ਸ਼ਹਿਰ ਹੈ ਅਤੇ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ। 1997 ਤੱਕ ਅਲਮਾਟੀ ਕਜ਼ਾਖਸਤਾਨ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਅਦ ਅਸਤਾਨਾ ਸ਼ਹਿਰ ਨੂੰ ਇਸ ਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ। ਅੱਜ-ਕੱਲ੍ਹ ਭਾਰਤੀ ਪਾਸਪੋਰਟ ਧਾਰਕਾਂ ਨੂੰ ਕਜ਼ਾਖਸਤਾਨ ਦੀ 14 ਦਿਨਾਂ ਲਈ ਵੀਜ਼ਾ ਫ੍ਰੀ ਐਂਟਰੀ ਮਿਲ ਜਾਂਦੀ ਹੈ। ਇਸ ਮੁਲਕ ਵਿੱਚ ਬਹੁਤ ਘੱਟ ਪੰਜਾਬੀ ਘੁੰਮਣ ਜਾਂਦੇ ਹਨ।
ਅਲਮਾਟੀ ‘ਚ ਗਰਮੀ ਤੋਂ ਲੈ ਕੇ ਅੱਤ ਦੀ ਸਰਦੀ ਤੱਕ ਦਾ ਮੌਸਮ ਵੇਖਿਆ ਜਾ ਸਕਦਾ ਹੈ। ਜੂਨ ਤੋਂ ਅਗਸਤ ਤੱਕ ਦੇ ਮਹੀਨੇ ਗਰਮ ਹੁੰਦੇ ਹਨ। ਸਤੰਬਰ ਤੇ ਅਕਤੂਬਰ ਖੁਸ਼ਕ ਪਰ ਖੁਸ਼ਗਵਾਰ ਮਹੀਨੇ ਹਨ। ਨਵੰਬਰ ਤੋਂ ਮਾਰਚ ਠੰਢੇ ਅਤੇ ਬਰਫ਼ ਪੈਣ ਵਾਲੇ ਮਹੀਨੇ ਹਨ। ਮਾਰਚ ਤੇ ਅਪ੍ਰੈਲ ਵਿੱਚ ਕਦੇ ਮੀਂਹ, ਕਦੇ ਸੁਹਾਵਣਾ ਮੌਸਮ ਅਤੇ ਕਦੇ ਤੇਜ਼ ਧੁੱਪ ਨਿਕਲ ਆਉਂਦੀ ਹੈ। ਅਲਮਾਟੀ ਨੂੰ ‘ਸੇਬਾਂ ਦਾ ਸ਼ਹਿਰ’ ਵੀ ਕਿਹਾ ਜਾਂਦਾ ਹੈ। ਦਿੱਲੀ ਤੋਂ ਅਲਮਾਟੀ ਲਈ 3 ਕੁ ਘੰਟਿਆਂ ਦੀ ਸਿੱਧੀ ਉਡਾਣ ਹੈ। ਮੈਂ ਕਜ਼ਾਖਸਤਾਨ ਦੀ ਏਅਰਲਾਈਨ ‘ਏਅਰ ਅਸਤਾਨਾ’ ਰਾਹੀਂ ਗਿਆ ਸੀ। ਹਾਲਾਂਕਿ ਮੈਂ ਜਾਣਾ ਇੰਗਲੈਂਡ ਸੀ ਪਰ ‘ਏਅਰ ਅਸਤਾਨਾ’ ਦੀ ‘ਸਟਾਪ ਓਵਰ’ ਸਕੀਮ ਰਾਹੀਂ ਮੈਨੂੰ ਦੋ ਰਾਤਾਂ ਅਲਮਾਟੀ ਵਿੱਚ ਰੁਕਣ/ਘੁੰਮਣ ਦਾ ਮੌਕਾ ਮਿਲ ਗਿਆ। ‘ਸਟਾਪ ਓਵਰ’ ਸਕੀਮ ਬਹੁਤ ਸਾਰੀਆਂ ਏਅਰਲਾਈਨਾਂ ਵੱਲੋਂ ਦਿੱਤੀ ਜਾਂਦੀ ਹੈ। ਬਹੁਤ ਸਾਰੇ ਪਾਠਕਾਂ ਲਈ ਸ਼ਾਇਦ ਇਹ ਨਵੀਂ ਜਾਣਕਾਰੀ ਹੋਵੇ ਕਿ ਕਈ ਏਅਰਲਾਈਨਾਂ ਰਾਹੀਂ ਜਦੋਂ ਤੁਸੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਰਹੇ ਹੁੰਦੇ ਹੋ (ਆਮ ਤੌਰ ‘ਤੇ ਜਿਨ੍ਹਾਂ ਦੇਸ਼ਾਂ ਦਾ ਭਾਰਤੀਆਂ ਨੂੰ ਵੀਜ਼ਾ ਲੈਣਾ ਪੈਂਦਾ ਹੈ ਜਿਵੇਂ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਆਸਟ੍ਰੇਲੀਆ ਆਦਿ) ਅਤੇ ਤੁਹਾਡੀ ਫਲਾਈਟ ਵਿਚਕਾਰ ਉਸ ਏਅਰਲਾਈਨ ਵਾਲੇ ਦੇਸ਼ ਦੇ ਕਿਸੇ ਸ਼ਹਿਰ ਵਿੱਚ 24 ਘੰਟਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਰੁਕਦੀ ਹੈ, ਤਾਂ ਇਸ ਨੂੰ ਸਟਾਪਓਵਰ ਕਿਹਾ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਇੱਕੋ ਟਿਕਟ `ਤੇ ਇੱਕ ਹੋਰ ਸ਼਼ਹਿਰ ਜਾਂ ਦੇਸ਼ ਦੇਖਣ ਦਾ ਮੌਕਾ ਮਿਲ ਜਾਂਦਾ ਹੈ। ‘ਏਅਰ ਅਸਤਾਨਾ’ ਵਾਲਿਆਂ ਨੇ ਮੈਨੂੰ ਇੱਕ ਅਮਰੀਕੀ ਡਾਲਰ ਵਿੱਚ ਇੱਕ ਰਾਤ ਲਈ ਫੋਰ ਸਟਾਰ ਹੋਟਲ ਵੀ ਦਿੱਤਾ ਸੀ ਅਤੇ ਅਲਮਾਟੀ ਏਅਰਪੋਰਟ ਤੋਂ ਹੋਟਲ ਤੱਕ ਛੱਡਣ ਅਤੇ ਲਿਜਾਣ ਲਈ ਮੁਫ਼ਤ ਟੈਕਸੀ ਵੀ ਦਿੱਤੀ ਸੀ।
ਦਿੱਲੀ ਤੋਂ ਜਹਾਜ਼ ਰਾਹੀਂ ਪਹਿਲੇ ਦਿਨ ਮੈਂ ਦੁਪਹਿਰ ਵੇਲੇ ਤੱਕ ਆਪਣੇ ਹੋਟਲ (ਕਾਜ਼ਹੋਲ ਹੋਟਲ) ਵਿੱਚ ਪੁੱਜ ਗਿਆ ਅਤੇ ਥੋੜ੍ਹਾ ਆਰਾਮ ਕਰਕੇ 2 ਕੁ ਵਜੇ ਸ਼ਹਿਰ ਦੀਆਂ ਸੜਕਾਂ ‘ਤੇ ਤੁਰ ਪਿਆ। ਹਾਲਾਂਕਿ ਏਅਰਪੋਰਟ ਤੋਂ ਹੋਟਲ ਤੱਕ 14-15 ਕਿਲੋਮੀਟਰ ਦੇ ਸਫਰ ਦੌਰਾਨ ਹੀ ਮੈਂ ਦੇਖ ਲਿਆ ਸੀ ਕਿ ਆਲਾ-ਦੁਆਲਾ ਸੋਵੀਅਤ ਆਬੋ-ਹਵਾ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ। 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਪਹਿਲਾਂ ਤੱਕ ਕਜ਼ਾਖਸਤਾਨ ਦੇਸ਼ ਰੂਸ/ਸੋਵੀਅਤ ਸੰਘ ਦਾ ਹਿੱਸਾ ਰਿਹਾ ਹੈ। ਜਦੋਂ ਜਹਾਜ਼ ਅਲਮਾਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਉੱਤਰਦਾ ਹੈ ਤਾਂ ਚਾਰੋਂ ਪਾਸੇ ਪਹਾੜੀ ਇਲਾਕਾ ਦੇਖ ਕੇ ਰੂਹ ਨੂੰ ਵੱਖਰਾ ਜਿਹਾ ਸਕੂਨ ਮਿਲਦਾ ਹੈ। ਉਂਝ ਇੱਥੋਂ ਦਾ ਏਅਰਪੋਰਟ ਮੋਹਾਲੀ ਏਅਰਪੋਰਟ ਤੋਂ ਵੀ ਛੋਟਾ ਜਾਪਦਾ ਹੈ। ਅਲਮਾਟੀ ਸ਼ਹਿਰ ਵਿੱਚ ਪੁੱਜਣ ਲਈ ਏਅਰਪੋਰਟ ਤੋਂ 92 ਨੰਬਰ ਬੱਸ ਵੀ ਚੱਲਦੀ ਹੈ। ਅਲਮਾਟੀ ਸ਼ਹਿਰ ਦਾ ਆਫਲਾਈਨ ਮੈਪ ਮੈਂ ਪਹਿਲਾਂ ਹੀ ਗੂਗਲ ਤੋਂ ਡਾਊਨਲੋਡ ਕਰ ਲਿਆ ਸੀ ਅਤੇ ਵੇਖਣ/ਘੁੰਮਣ ਵਾਲੀਆਂ 5-7 ਥਾਂਵਾਂ ਵੀ ਪਹਿਲਾਂ ਹੀ ਨਿਸ਼ਚਿਤ ਕਰ ਲਈਆਂ ਸਨ। ਇੱਥੋਂ ਦੀਆਂ ਸੜਕਾਂ ਉੱਤੇ ਘੁੰਮਦਿਆਂ ਸਭ ਤੋਂ ਪਹਿਲਾਂ ਮੈਂ ਇੱਕ ਕਰੰਸੀ ਐਕਸਚੇਂਜ ਦੀ ਦੁਕਾਨ ‘ਚੋਂ 50 ਪੌਂਡ ਦੇ ਬਦਲੇ ਸਥਾਨਕ ਕਰੰਸੀ ‘ਟੇਂਗੇ’ ਲਈ, ਜਿਸ ਦੇ ਮੈਨੂੰ 24-25 ਹਜ਼ਾਰ ਟੇਂਗੇ ਮਿਲ ਗਏ ਸੀ। ਅੱਜ ਕੱਲ੍ਹ ਭਾਰਤੀ ਕਰੰਸੀ ਮੁਤਾਬਕ 100 ਰੁਪਏ ਦੇ ਕਰੀਬ 500 ਟੇਂਗੇ ਬਣਦੇ ਹਨ ਅਤੇ ਉਨ੍ਹਾਂ ਦਿਨਾਂ ਵਿੱਚ ਵੀ ਸ਼ਾਇਦ ਏਨੇ ਕੁ ਹੀ ਮਿਲਦੇ ਸੀ ਪਰ ਓਦੋਂ ਤੋਂ ਲੈ ਕੇ ਹੁਣ ਤੱਕ ਪੌਂਡ ਦੀ ਕੀਮਤ ਵਿੱਚ ਖਾਸਾ ਵਾਧਾ ਹੋ ਗਿਆ ਹੈ! ਖੈਰ, ਇੱਥੋਂ ਦੀ 70 ਫੀਸਦੀ ਦੇ ਕਰੀਬ ਵੱਸੋਂ ਮੁਸਲਿਮ ਹੈ ਪਰ ਲੋਕਾਂ ਦਾ ਪਹਿਰਾਵਾ, ਰਹਿਣ-ਸਹਿਣ ਅਤੇ ਖਾਣ-ਪੀਣ ਬਹੁਤ ਖੁੱਲ੍ਹਾ-ਡੁੱਲਾ ਹੈ। ਤਕਰੀਬਨ ਸਾਰੇ ਕੌਮਾਂਤਰੀ ਖਾਣ-ਪੀਣ ਦੇ ਬਰਾਂਡਾਂ ਦੀਆਂ ਦੁਕਾਨਾਂ/ਸ਼ੋਅਰੂਮ ਹਨ। ਬਹੁਤੇ ਸ਼ਹਿਰਵਾਸੀ ਆਧੁਨਿਕ ਰੂਪ/ਮਾਹੌਲ ਵਿੱਚ ਢਲੇ ਨਜ਼ਰ ਆਉਂਦੇ ਹਨ। 17 ਕੁ ਫੀਸਦੀ ਆਬਾਦੀ ਕ੍ਰਿਸ਼ਚਨ ਹੈ।
ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ੇ ਵਾਂਗ ਅਲਮਾਟੀ ਦੀ ‘ਅਰਬਾਤ ਵਾਕਿੰਗ ਸਟਰੀਟ’ (ਜ਼ੀਬੇਕ ਜੌਲੀ ਸਟਰੀਟ) ਵੀ ਕਾਫੀ ਪ੍ਰਸਿੱਧ ਹੈ। ਇਸ ਦੇ ਇੱਕ ਪਾਸੇ ਵੱਡੇ-ਵੱਡੇ ਸ਼ੋਅ ਰੂਮ, ਰੈਸਟੋਰੈਂਟ ਅਤੇ ਹੋਰ ਖ਼ਰੀਦੋ-ਫਰੋਖ਼ਤ ਦੀਆਂ ਦੁਕਾਨਾਂ ਹਨ। ਵਿਚਕਾਰ ਤੁਰਨ ਲਈ ਬਹੁਤ ਖੁੱਲ੍ਹਾ ਰਸਤਾ ਤੇ ਇੱਕ ਪਾਸੇ ਬੈਠਣ ਲਈ ਪੱਥਰ ਦੇ ਬੈਂਚ ਲੱਗੇ ਹੋਏ ਹਨ। ਸ਼ਾਮ ਦਾ ਮਾਹੌਲ ਪੂਰਾ ਰੰਗਮਈ ਹੁੰਦਾ ਹੈ। ਕਈ ਥਾਂਈਂ ਸਥਾਨਕ ਗਾਇਕ ਹਲਕੇ ਸੰਗੀਤ ਉੱਤੇ ਆਪਣੇ ਗਾਣੇ ਸੁਣਾ ਰਹੇ ਹੁੰਦੇ ਹਨ ਅਤੇ ਕਈ ਥਾਂਈਂ ਸ਼ੋਅਰੂਮ/ਕੰਪਨੀਆਂ ਦੀਆਂ ਮਸ਼ਹੂਰੀਆਂ ਦਾ ਸ਼ੋਰ ਸੁਣਾਈ ਦੇ ਰਿਹਾ ਹੁੰਦਾ ਹੈ। ਸਥਾਨਕ ਲੋਕਾਂ ਤੇ ਸੈਲਾਨੀਆਂ ਦੀ ਇੱਥੇ ਭਾਰੀ ਭੀੜ ਹੁੰਦੀ ਹੈ। ਪੈਨਫਿਲੋਵ ਪਾਰਕ 18 ਹੈਕਟੇਅਰ ਵਿੱਚ ਬਣੀ ਇੱਕ ਯਾਦਗਾਰ ਹੈ। ਇਹ ‘ਜੈਨਕੋਵ ਚਰਚ’ ਦੇ ਨਾਲ ਹੀ ਹੈ। ਇਸ ਪਾਰਕ ਦਾ ਨਾਂ 1942 ਵਿੱਚ ਉਨ੍ਹਾਂ 28 ਫ਼ੌਜੀਆਂ ਦੇ ਸਨਮਾਨ ਵੱਜੋਂ ਰੱਖਿਆ ਗਿਆ ਸੀ, ਜਿਹੜੇ ਦੂਜੇ ਵਿਸ਼ਵ ਯੁੱਧ ਦੌਰਾਨ ਮਾਸਕੋ (ਰੂਸ) ਦੀ ਰਾਖੀ ਕਰਦੇ ਹੋਏ ਬਹਾਦਰੀ ਨਾਲ ਲੜੇ ਸਨ। ਪੈਨਫਿਲੋਵ ਪਾਰਕ ਸਿਰਫ ਇੱਕ ਬਾਗ਼ ਨਹੀਂ, ਸਗੋਂ ਅਲਮਾਟੀ ਦੇ ਇਤਿਹਾਸ, ਸੱਭਿਆਚਾਰ ਅਤੇ ਕੁਦਰਤੀ ਸੁੰਦਰਤਾ ਦਾ ਪ੍ਰਤੀਕ ਹੈ।
ਘੋੜਿਆਂ ਤੇ ਭੇਡਾਂ ਦਾ ਮਾਸ ਵਿਕਦੇ ਵੇਖਿਆ
ਗ੍ਰੀਨ ਮਾਰਕਿਟ (ਜ਼ੇਲੇਨੀ ਬਾਜ਼ਾਰ/ਕੋਕ ਬਜ਼ਾਰ) ਅਲਮਾਟੀ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਬਾਜ਼ਾਰਾਂ ਵਿੱਚੋਂ ਇੱਕ ਹੈ। ਇੱਥੇ ਹਰੇਕ ਸੈਲਾਨੀ ਨੂੰ ਜ਼ਰੂਰ ਆਉਣਾ ਚਾਹੀਦਾ ਹੈ। ਇੱਥੇ ਕਜ਼ਾਖਸਤਾਨ ਦੇ ਸਥਾਨਕ ਜੀਵਨ, ਖਾਣ-ਪੀਣ ਅਤੇ ਸੱਭਿਆਚਾਰ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਦਾ ਹੈ। ਇਸ ਬਾਜ਼ਾਰ ਵਿੱਚ ਹੀ ਮੈਂ ਪਹਿਲੀ ਵਾਰ ਘੋੜਿਆਂ ਤੇ ਭੇਡਾਂ ਦਾ ਮਾਸ ਵਿਕਦੇ ਵੇਖਿਆ ਸੀ। ਗ੍ਰੀਨ ਮਾਰਕੀਟ ਦੀ ਸ਼ੁਰੂਆਤ 1875 ਵਿੱਚ ਹੋਈ ਸੀ। ਇਹ ਪੈਨਫਿਲੋਵ ਪਾਰਕ ਦੇ ਨਜ਼ਦੀਕ ਹੀ ਹੈ। ਇੱਥੇ ਸੁੱਕੇ ਮੇਵੇ, ਮਸਾਲੇ ਅਤੇ ਤਾਜ਼ੇ ਫਲਾਂ ਦੀਆਂ ਬਹੁਤ ਸਾਰੀਆਂ ਫੜ੍ਹੀਆਂ ਹਨ। ਕਜ਼ਾਖ ਟੋਪੀਆਂ ਅਤੇ ਕੱਪੜਿਆਂ ਦੇ ਵੀ ਬਹੁਤ ਸਾਰੇ ਖੋਖੇ ਹਨ। ਇਸ ਥਾਂ ‘ਤੇ ਤੋਲ-ਮੋਲ ਕੇ ਵਸਤਾਂ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਕੋਕ ਟੋਬੇ ਅਲਮਾਟੀ ਦਾ ਸਭ ਤੋਂ ਪ੍ਰਸਿੱਧ ਸੈਲਾਨੀ ਸਥਾਨ ਹੈ। ਇਹ ਕਰੀਬ 1100 ਮੀਟਰ ਦੀ ਉਚਾਈ `ਤੇ ਸਥਿਤ ਇੱਕ ਪਹਾੜੀ ਹੈ, ਜਿੱਥੋਂ ਪੂਰੇ ਅਲਮਾਟੀ ਸ਼ਹਿਰ ਅਤੇ ਆਸ-ਪਾਸ ਦੇ ਪਹਾੜਾਂ ਦਾ ਬੇਹੱਦ ਸੁੰਦਰ ਨਜ਼ਾਰਾ ਦਿਖਾਈ ਦਿੰਦਾ ਹੈ। ਕਜ਼ਾਖ ਭਾਸ਼ਾ ਵਿੱਚ “ਕੋਕ” ਦਾ ਅਰਥ ਹਰਾ ਜਾਂ ਨੀਲਾ ਅਤੇ “ਟੋਬੇ” ਦਾ ਅਰਥ ਪਹਾੜੀ ਜਾਂ ਟਿੱਲਾ ਹੁੰਦਾ ਹੈ। ਇਸ ਲਈ ਇਸ ਨੂੰ “ਹਰੀ ਪਹਾੜੀ” ਜਾਂ “ਨੀਲੀ ਪਹਾੜੀ” ਵੀ ਕਿਹਾ ਜਾਂਦਾ ਹੈ। ਇੱਥੇ ਕੇਬਲ ਕਾਰ ਰਾਹੀਂ ਜਾਂ ਸੜਕੀ ਮਾਰਗ ਰਾਹੀਂ ਪੁੱਜਿਆ ਜਾ ਸਕਦਾ ਹੈ। ਮੈਂ ਦੋਵਾਂ ਸਾਧਨਾਂ ਦਾ ਨਜ਼ਾਰਾ ਮਾਣਿਆ ਸੀ ਅਤੇ ਮੈਨੂੰ ਕੇਬਲ ਕਾਰ ਦਾ ਸਫ਼ਰ ਜ਼ਿਆਦਾ ਵਧੀਆ ਲੱਗਾ ਕਿਉਂਕਿ ਜਿਉਂ ਜਿਉਂ ਤੁਸੀਂ ਉਚਾਈ ਵੱਲ ਜਾਂਦੇ ਹੋ, ਅਲਮਾਟੀ ਸ਼ਹਿਰ ਦਾ ਨਜ਼ਾਰਾ ਮਨ ਟੁੰਬਦਾ ਜਾਂਦਾ ਹੈ। ਇੱਥੇ ਵੱਖ-ਵੱਖ ਕੈਫੇ, ਸੋਵੀਨਾਰ ਦੁਕਾਨਾਂ, ਬੀਟਲਜ਼ ਦੀ ਮੂਰਤੀ, ਬੱਚਿਆਂ ਲਈ ਖੇਡਾਂ ਅਤੇ ਹੋਰ ਨਿੱਕ-ਸੁੱਕ ਜਿਹਾ ਹੈ। ਇੱਥੋਂ ਅਲਮਾਟੀ ਟੀਵੀ ਟਾਵਰ ਵੀ ਵੇਖਿਆ ਜਾ ਸਕਦਾ ਹੈ, ਜੋ ਕਿ 1220 ਫੁੱਟ ਉੱਚਾ ਹੈ ਅਤੇ ਸ਼ਹਿਰ ਦਾ ਇੱਕ ਪ੍ਰਮੁੱਖ ਲੈਂਡਮਾਰਕ ਹੈ। ਇਹ ਦੁਨੀਆਂ ਦਾ ਸਭ ਤੋਂ ਉੱਚਾ ਸਟੀਲ ਢਾਂਚਾ ਹੈ।
ਮੈਟਰੋ ਰੇਲ ਕਰਦੀ ਹੈ ਪ੍ਰਭਾਵਿਤ
ਅਲਮਾਟੀ ਸ਼ਹਿਰ ਦੀ ਮੈਟਰੋ ਰੇਲ ਰੇਲ ਵੀ ਬਹੁਤ ਪ੍ਰਭਾਵਿਤ ਕਰਦੀ ਹੈ। ਮੈਟਰੋ ਸਟੇਸ਼ਨਾਂ ਉੱਤੇ ਸੋਵੀਅਤ ਸਜਾਵਟ ਬਹੁਤ ਹੀ ਆਕਰਸ਼ਕ ਹੈ। ਮੈਟਰੋ ਦੇ ਕਈ ਸਟੇਸ਼ਨ ਜ਼ਮੀਨ ਵਿੱਚ ਬਹੁਤ ਡੂੰਘਾਈ ‘ਤੇ ਬਣਾਏ ਹੋਏ ਹਨ। ਅਬੈ ਨਾਂ ਦਾ ਇੱਕ ਸਟੇਸ਼ਨ 256 ਫੁੱਟ ਧਰਤੀ ਦੇ ਹੇਠਾਂ ਬਣਾਇਆ ਹੋਇਆ ਹੈ ਅਤੇ ਸਟੇਸ਼ਨ ਤੱਕ ਪੁੱਜਣ ਲਈ ਮਸ਼ੀਨੀ ਪੌੜੀਆਂ ਰਾਹੀਂ ਵੀ 3 ਮਿੰਟ ਦੇ ਕਰੀਬ ਦਾ ਸਮਾਂ ਲੱਗ ਜਾਂਦਾ ਹੈ। ਸ਼ਹਿਰ ਦੇ ਕੁੱਲ 11 ਮੈਟਰੋ ਸਟੇਸ਼ਨਾਂ ਵਿੱਚੋਂ 3-4 ਉੱਤੇ ਤਾਂ ਮੈਂ ਸਫ਼ਰ ਕਰ ਲਿਆ ਸੀ। ਟਿਕਟ ਬਹੁਤ ਸਸਤੀ ਹੈ। ਟਿਕਟ ਦੀ ਪੱਕੀ ਕੀਮਤ 120 ਟੇਂਗੇ ਹੈ, ਭਾਵੇਂ ਸਟੇਸ਼ਨ ਨੇੜੇ ਤੋਂ ਨੇੜੇ ਦਾ ਹੋਵੇ ਜਾਂ ਸਭ ਤੋਂ ਦੂਰ ਦਾ ਹੋਵੇ।
ਸਭ ਤੋਂ ਵੱਡੀ ਭਾਸ਼ਾ ਦੀ ਦਿੱਕਤ
ਇੱਥੇ ਟ੍ਰੈਫਿਕ ਬਹੁਤ ਅਨੁਸ਼ਾਸਿਤ ਹੈ ਅਤੇ ਲੋਕ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਪਹਾੜੀ ਪਾਣੀ ਦੇ ਨਾਲੇ ਵੀ ਖਾਸ ਧਿਆਨ ਖਿੱਚਦੇ ਹਨ। ਚੌੜੀਆਂ-ਚੌੜੀਆਂ ਸੜਕਾਂ ਦੇ ਨਾਲ ਖੁੱਲ੍ਹੀ ਸਾਈਕਲ ਲੇਨ, ਉਸ ਤੋਂ ਬਾਅਦ ਪੈਦਲ ਤੁਰਨ ਵਾਲਿਆਂ ਲਈ ਥਾਂ ਅਤੇ ਉਸ ਤੋਂ ਬਾਅਦ ਸਾਫ਼ ਪਾਣੀ ਵਾਲੇ ਨਾਲੇ। ਸ਼ਹਿਰ ਵਿਚਲੀ ਹਰਿਆਵਲ ਵੀ ਕਮਾਲ ਦੀ ਹੈ। ਅਲਮਾਟੀ ਖਾਣ-ਪੀਣ ਪੱਖੋਂ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈ। ਇੱਥੇ ਸਭ ਤੋਂ ਵੱਡੀ ਦਿੱਕਤ ਭਾਸ਼ਾ ਦੀ ਹੈ। ਲੋਕਾਂ ਨੂੰ ਅੰਗਰੇਜ਼ੀ ਗੁਜ਼ਾਰਾ-ਮਾਤਰ ਵੀ ਨਹੀਂ ਆਉਂਦੀ। ਤਕਰੀਬਨ ਸਾਰੀਆਂ ਦੁਕਾਨਾਂ ਦੇ ਬੋਰਡ ਕਜ਼ਾਖ ਭਾਸ਼ਾ ਵਿੱਚ ਲਿਖੇ ਹੋਏ ਹਨ।
ਸੈਲਾਨੀਆਂ ਦੀ ਖਿੱਚ ਜੈਨਕੋਵ ਚਰਚ
ਅਲਮਾਟੀ ਦੀ ‘ਜੈਨਕੋਵ ਚਰਚ’ ਕਾਫੀ ਪ੍ਰਸਿੱਧ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇਹ ਸਾਰੀ ਚਰਚ ਲੱਕੜ ਦੀ ਬਣੀ ਹੋਈ ਹੈ, ਜਿਸ ਨੂੰ ਬਿਨਾਂ ਮੇਖਾਂ ਦੇ ਬਣਾਇਆ ਗਿਆ ਸੀ। ਇਸ ਦਾ ਨਾਂ ਦੁਨੀਆ ਦੀਆਂ ਉਨ੍ਹਾਂ ਉੱਚੀਆਂ ਇਮਾਰਤਾਂ ਵਿੱਚ ਸ਼ਾਮਲ ਹੈ, ਜਿਹੜੀਆਂ ਬਿਨਾਂ ਮੇਖਾਂ ਤੋਂ ਲੱਕੜ ਦੀਆਂ ਬਣੀਆਂ ਹੋਈਆਂ ਹਨ। ਇਸ ਦੇ ਆਲੇ-ਦੁਆਲੇ ਸ਼ਾਮ ਨੂੰ ਅਨੇਕਾਂ ਸਥਾਨਕ ਲੋਕ ਆਪਣੇ ਬੱਚਿਆਂ ਨਾਲ ਮਸਤੀ ਮਾਰਦੇ ਜਾਂ ਖੇਡਦੇ ਨਜ਼ਰੀਂ ਪੈ ਜਾਂਦੇ ਹਨ।
ਜਨਤਕ ਆਵਾਜਾਈ ਪ੍ਰਣਾਲੀ ਸੁਚਾਰੂ ਹੈ ਪਰ ਭਾਸ਼ਾ ਦੀ ਦਿੱਕਤ ਕਰਕੇ ਕੁਝ ਸਮਝ ਨਹੀਂ ਪੈਂਦਾ ਕਿ ਕਿਹੜੀ ਬੱਸ ਕਿੱਧਰ ਜਾ ਰਹੀ ਹੈ। ਮੇਰੇ ਕੋਲ ਸਥਾਨਕ ਮੋਬਾਈਲ ਸਿਮ ਨਹੀਂ ਸੀ ਇਸ ਕਰਕੇ ਮੈਂ ਕੋਈ ਟੈਕਸੀ ਐਪ ਵੀ ਨਹੀਂ ਡਾਊਨਲੋਡ ਕਰ ਸਕਿਆ। ਸੜਕਾਂ ‘ਤੇ ਤੁਰੀਆਂ ਫਿਰਦੀਆਂ ਕਾਰਾਂ ਤੋਂ ਪਤਾ ਹੀ ਨਹੀਂ ਚੱਲਦਾ ਕਿ ਕਿਹੜੀ ਟੈਕਸੀ ਹੈ ਅਤੇ ਕਿਹੜੀ ਪ੍ਰਾਈਵੇਟ ਕਾਰ ਹੈ। ਇੱਕ ਗੱਲ ਹੋਰ ਇੱਥੇ ਰਿਕਸ਼ੇ ਅਤੇ ਥ੍ਰੀ ਵੀਲ੍ਹਰ ਵੇਖਣ ਨੂੰ ਵੀ ਨਹੀਂ ਮਿਲਦੇ। ਅਲਮਾਟੀ ਦਾ ਮੈਪ ਗੂਗਲ ਤੋਂ ਡਾਊਨਲੋਡ ਕਰ ਲਿਆ ਹੋਣ ਕਰਕੇ ਮੈਂ ਓਸ ਦੇ ਹਿਸਾਬ ਨਾਲ ਸ਼ਹਿਰ ਵਿਚ ਤੁਰ-ਫਿਰ ਕੇ ਥਾਂਵਾਂ ਵੇਖਦਾ ਰਿਹਾ। ਜਿਹੜੀ ਥਾਂ ਜ਼ਿਆਦਾ ਦੂਰ ਸੀ, ਉਸ ਲਈ ਮੈਟਰੋ ਰੇਲ ਦੀ ਵਰਤੋਂ ਕਰ ਲਈ। 29 ਹਜ਼ਾਰ ਤੋਂ ਜ਼ਿਆਦਾ ਕਦਮਾਂ ਨਾਲ ਪੂਰੇ ਸ਼ਹਿਰ ਨੂੰ ਮਾਪ ਛੱਡਿਆ। ਵੱਖ-ਵੱਖ ਮੋਬਾਈਲ ਐਪਸ ਦੇ ਹਿਸਾਬ ਨਾਲ ਕਦਮਾਂ ਦੀ ਇਹ ਗਿਣਤੀ 23 ਤੋਂ 27 ਕਿਲੋਮੀਟਰ ਬਣਦੀ ਹੈ । ਵੈਸੇ ਇਸ ਸੈਰ-ਸਫਰ ਦੌਰਾਨ ਮੈਂ ਮਹਿਸੂਸ ਕੀਤਾ ਕਿ ਕਿਸੇ ਵੀ ਥਾਂ ਨੂੰ ਪੈਦਲ ਘੁੰਮਣ ਦਾ ਵੱਖਰਾ ਹੀ ਨਜ਼ਾਰਾ ਹੈ! ਬਸ ਪੱਟਾਂ ‘ਚ ਜ਼ੋਰ ਹੋਣਾ ਚਾਹੀਦਾ ਹੈ ਅਤੇ ਖੁੱਲ੍ਹਾ ਸਮਾਂ। ਕਜ਼ਾਖਸਤਾਨ ਦੇ ਭਲਵਾਨ (ਰੈਸਲਰ) ਵੀ ਮਸ਼ਹੂਰ ਹਨ। ਅਲਮਾਟੀ ਸ਼ਹਿਰ ਦੇ ਲੋਕ ਬਹੁਤ ਹੀ ਨਿਮਰ ਅਤੇ ਮਿਲਣਸਾਰ ਲੱਗੇ।
ਮੇਰੇ ਪੱਗ ਬੰਨ੍ਹੀ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਤਸਵੀਰਾਂ ਖਿਚਵਾਈਆਂ ਅਤੇ ਬਹੁਤ ਸਾਰੇ ਗੱਲ ਕਰਨਾ ਚਾਹੁੰਦੇ ਸਨ ਪਰ ਭਾਸ਼ਾ ਦੀ ਦਿੱਕਤ ਕਰਕੇ ਬਸ ਮੁਸਕਰਾ ਛੱਡਦੇ ਸਨ। ‘ਅਰਬਾਤ ਵਾਕਿੰਗ ਸਟਰੀਟ’ ’ਤੇ ਇੱਕ ਪਰਿਵਾਰ ਦੀਆਂ 3-4 ਔਰਤਾਂ ਨੇ ਕੰਮ ਚਲਾਊ ਜਿਹੀ ਅੰਗਰੇਜ਼ੀ ਵਿੱਚ ਮੇਰੇ ਨਾਲ ਕਈ ਗੱਲਾਂ ਕੀਤੀਆਂ। ਜਦੋਂ ਮੈਂ ਤੁਰਨ ਲੱਗਾ ਤੇ ਕਿਹਾ ਕਿ ‘ਰਖਮਤ’ ਤਾਂ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਵੇਖਣ ਵਾਲੀ ਸੀ।