- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦੁਆਰਾ ਸਿੰਘ ਸਿੰਘਣੀਆਂ ’ਚ ਮੈਂ ਠਹਿਰਿਆ ਹੋਇਆ ਸੀ। ਗੁਰਦੁਆਰੇ ਦੀ ਬਹੁਤ ਖ਼ੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ, ਜਿਸ ਨੂੰ ਵਿਦੇਸ਼ੀ ਸਿੱਖਾਂ ਖ਼ਾਸ ਕਰਕੇ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਇਤਿਹਾਸਿਕ ਜਗ੍ਹਾ ਨੂੰ ਪਾਕਿਸਤਾਨ ’ਚ ਰਹਿਣ ਵਾਲੇ ਸਿੱਖਾਂ ਨੇ ਇਕ ਮੁਕੱਦਮੇ ਵਿਚ ਆਪਣਾ ਹੱਕ ਜਤਾ ਕੇ ਲਿਆ ਸੀ।

ਲਾਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦੁਆਰਾ ਸਿੰਘ ਸਿੰਘਣੀਆਂ ’ਚ ਮੈਂ ਠਹਿਰਿਆ ਹੋਇਆ ਸੀ। ਗੁਰਦੁਆਰੇ ਦੀ ਬਹੁਤ ਖ਼ੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ, ਜਿਸ ਨੂੰ ਵਿਦੇਸ਼ੀ ਸਿੱਖਾਂ ਖ਼ਾਸ ਕਰਕੇ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਇਤਿਹਾਸਿਕ ਜਗ੍ਹਾ ਨੂੰ ਪਾਕਿਸਤਾਨ ’ਚ ਰਹਿਣ ਵਾਲੇ ਸਿੱਖਾਂ ਨੇ ਇਕ ਮੁਕੱਦਮੇ ਵਿਚ ਆਪਣਾ ਹੱਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪਰਿਵਾਰ ਵੀ ਇਸ ਗੁਰਦੁਆਰੇ ਵਿਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ’ਤੇ ਆਉਣ ਲਈ ਸਿਰਫ਼ ਇਕ ਰੇਲਗੱਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸੀ ਕਰ ਸਕਦੇ ਕਿਉਂਕਿ ਪੈਦਲ ਲੰਘਣ ਲਈ ਵੱਖਰੀ ਇਜਾਜ਼ਤ ਚਾਹੀਦੀ ਸੀ, ਜੋ ਸਾਡੇ ਕੋਲ ਨਹੀਂ ਸੀ। ਅੱਜ ਤੋਂ ਬਾਅਦ ਜਦੋਂ ਫਿਰ ਗੱਡੀ ਆਉਣੀ ਤੇ ਜਾਣੀ ਸੀ, ਉਸ ਦਿਨ ਤੱਕ ਸਾਡਾ ਵੀਜ਼ਾ ਖ਼ਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝਣਾਂ ਵਿੱਚੋਂ ਲੰਘਣਾ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਸ ਅੰਮ੍ਰਿਤਸਰ ਆਉਣਾ ਸੀ, ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਨੂੰ ਮੇਰੇ ਕੋਲ ਇਕ ਵਿਅਕਤੀ ਆਇਆ, ਜੋ ਅੰਮ੍ਰਿਤਸਰ ਯੂਨੀਵਰਸਿਟੀ ਦੀ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ਼ ਸੀ ਤੇ ਉਸ ਨੇ ਮੈਨੂੰ ਦੋ ਵੱਡੇ-ਵੱਡੇ ਪੈਕੇਟ ਦਿੱਤੇ, ਜਿਨ੍ਹਾਂ ਵਿੱਚੋਂ ਇਕ ਉਸ ਪ੍ਰੋਫੈਸਰ ਨੂੰ ਦੇਣਾ ਸੀ ਤੇ ਇਕ ਮੇਰੇ ਲਈ ਸੀ। ਜਦੋਂ ਉਸ ਨੇ ਇਹ ਦੱਸਿਆ ਕਿ ਇਕ-ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ-ਲਿਖੀ ਜਮਾਤ ਦੀ ਸਿਆਣਪ, ਜ਼ਿੰਦਾਦਿਲੀ ਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਾਮਾਨ ਦੀ ਚੋਣ ਸਬੰਧੀ ਸੋਚ ’ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰੱਖ ਤਾਂ ਲਏ ਪਰ ਬਾਅਦ ਵਿਚ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੱਕ ਕਈ ਵਾਰ ਉਨ੍ਹਾਂ ਨੂੰ ਨਾਲ ਲਿਆਉਣ ਜਾਂ ਉਥੇ ਛੱਡ ਆਉਣ ਦੀ ਦੁਚਿੱਤੀ ਵਿੱਚ ਰਿਹਾ ਕਿਉਂਕਿ ਜਿੰਨਾ ਆਕਾਰ ਮੇਰੇ ਬਰੀਫਕੇਸ ਦਾ ਸੀ, ਓਨਾ ਹੀ ਇਨ੍ਹਾਂ ਦੋ ਕੇਕਾਂ ਦਾ ਸੀ, ਜਿਸ ਨੂੰ ਉਹ ਅੰਮ੍ਰਿਤਸਰ ਦੇ ਪ੍ਰੋਫੈਸਰ ਲਈ ਤੋਹਫ਼ੇ ਦੇ ਤੌਰ ’ਤੇ ਭੇਜ ਰਿਹਾ ਸੀ।
ਪੈਦਲ ਹੀ ਪਹੁੰਚ ਗਿਆ ਸਟੇਸ਼ਨ
ਮੈਂ ਸਵੇਰੇ ਪੈਦਲ ਹੀ ਸਟੇਸ਼ਨ ’ਤੇ ਪਹੁੰਚ ਗਿਆ ਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹੱਥ ਵਾਲੇ ਪਲੇਟਫਾਰਮ ਵੱਲ ਆ ਗਿਆ। ਅਜੇ ਬਹੁਤ ਹੀ ਥੋੜ੍ਹੇ ਜਿਹੇ ਲੋਕ ਆਏ ਸਨ। ਗੱਡੀ ਪਲੇਟਫਾਰਮ ’ਤੇ ਲੱਗੀ ਹੋਈ ਸੀ, ਮੈਂ ਆਪਣਾ ਸਾਮਾਨ ਗੱਡੀ ਦੀ ਸੀਟ ’ਤੇ ਰੱਖ ਕੇ ਪਲੇਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਵੱਲ ਵੇਖਣ ਲਈ ਬਾਹਰ ਆ ਕੇ ਖੜ੍ਹਾ ਹੋ ਗਿਆ। ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦੁਆਰੇ ਵਿਚ ਰਹਿ ਰਿਹਾ ਪਰਿਵਾਰ ਵੀ ਆ ਕੇ ਇਕ ਡੱਬੇ ’ਚ ਵੜ ਗਿਆ। ਜ਼ਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ ਪਹਿਲਾਂ ਭਾਰਤ ਤੋਂ ਪਾਕਿਸਤਾਨ ’ਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ, ਜੋ ਉਨ੍ਹਾਂ ਦੇ ਪਹਿਰਾਵੇ ਅਤੇ ਗੱਲਬਾਤ ਤੋਂ ਲੱਗ ਰਿਹਾ ਸੀ। ਹੌਲੀ-ਹੌਲੀ ਸਟੇਸ਼ਨ ’ਤੇ ਕਾਫ਼ੀ ਭੀੜ ਹੋ ਰਹੀ ਸੀ ਪਰ ਹਰ ਇਕ ਜਾਣ ਵਾਲੇ ਦੇ ਨਾਲ ਤਕਰੀਬਨ ਓਨੇ ਹੀ ਉਨ੍ਹਾਂ ਨੂੰ ਰੁਖ਼ਸਤ ਕਰਨ ਵਾਲੇ ਜਾਪਦੇ ਸਨ।
ਸਭ ਜਾਣਨ ਦੀ ਵਧਦੀ ਗਈ ਉਤਸੁਕਤਾ
ਫਿਰ ਇਕ ਵੱਡਾ ਗਰੁੱਪ ਜਿਸ ਵਿੱਚ ਔਰਤਾਂ, ਮਰਦ ਤੇ ਬੱਚੇ ਸਨ, ਉਨ੍ਹਾਂ ਨੇ ਬੜੇ ਸਧਾਰਨ ਜਿਹੇ ਕੱਪੜੇ ਪਾਏ ਹੋਏ ਸਨ, ਇਕੱਠੇ ਹੀ ਆ ਰਹੇ ਸਨ ਅਤੇ ਉਨ੍ਹਾਂ ਵਿਚ ਇਕ ਸਿੱਖ ਸਰਦਾਰ ਕੋਈ 6 ਕੁ ਫੁੱਟ ਉਚਾਈ ਤੇ ਕਾਫ਼ੀ ਚੰਗੀ ਸਿਹਤ ਵਾਲਾ 70 ਕੁ ਸਾਲ ਦੀ ਉਮਰ ਹੱਥ ’ਚ ਇਕ ਕੱਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਿਹਾ ਸੀ। ਉਨ੍ਹਾਂ ਵਿੱਚੋਂ ਇਕ ਬਜ਼ੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜੱਫੀ ਪਾ ਲਈ ਤੇ ਬੜੀ ਅਪਣੱਤ ਨਾਲ ਕਹਿਣ ਲੱਗੀ, ‘ਇਸ ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ’ਚ ਇਸ ਦਾ ਖ਼ਿਆਲ ਰੱਖੀਂ।’ ਉਸ ਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ, ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ ਪਰ ਮੈਂ ਅਜੇ ਉਸ ਵਕਤ ਤੱਕ ਉਨ੍ਹਾਂ ਬਾਰੇ ਕੁਝ ਵੀ ਨਹੀਂ ਸੀ ਸਮਝ ਸਕਿਆ। ਇਸ ਦੇ ਨਾਲ ਉਨ੍ਹਾਂ ਰੁਖ਼ਸਤ ਕਰਨ ਵਾਲਿਆਂ ਵਿੱਚੋਂ ਮਰਦਾਂ ਅਤ ਲੜਕਿਆਂ ਨੇ ਮੇਰੇ ਨਾਲ ਹੱਥ ਮਿਲਾਏ ਅਤੇ ਉਹ ਸਿੱਖ ਸਰਦਾਰ ਵੀ ਆ ਕੇ ਮਿਲਿਆ। ‘ਕਿੱਥੇ ਜਾਣਾ ਹੈ ਤੁਸਾਂ’? ‘ਅੰਮ੍ਰਿਤਸਰ’, ਮੈਂ ਜਵਾਬ ਦਿੱਤਾ ਤੇ ਨਾਲ ਹੀ ਬੜੀ ਉਤਸੁਕਤਾ ਨਾਲ ਪੁੱਛਣ ਲੱਗ ਪਿਆ ਕਿ ਤੁਸੀਂ ਕਦੋਂ ਆਏ ਸੀ, ਕਿੱਥੋਂ ਆਏ ਤੇ ਇਹ ਸਭ ਲੋਕ ਕੌਣ ਹਨ? ‘ਮੈਂ ਮੋਗੇ ਦੇ ਲਾਗੇ ਇਕ ਪਿੰਡ ਤੋਂ ਹਾਂ, ਇਹ ਮੇਰੀ ਭੂਆ ਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ। ਉਹ ਮੇਰਾ ਭਣਵਈਆ ਹੈ, ਇਹ ਲੜਕੇ ਮੇਰੇ ਭਣੇਵੇ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਤੇ ਇਹ ਮੇਰੀ ਭਣੇਵੀ ਦਾ ਪਤੀ ਹੈ ਅਤੇ ਉਹ ਦੂਰ ਖੜ੍ਹੇ ਮੇਰੀ ਭੂਆ ਦੇ ਜਵਾਈ, ਮੇਰੇ ਭਣਵਈਏ ਹਨ।’ ਇੰਨੇ ਨੂੰ ਉਹ ਦੂਰ ਖੜ੍ਹੇ ਉਸ ਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਗਏ ਅਤੇ ਮੈਨੂੰ ਮਿਲੇ ਪਰ ਮੈਨੂੰ ਇਹ ਸਭ ਕੁਝ ਜਾਣਨ ਦੀ ਉਤਸੁਕਤਾ ਵਧਦੀ ਗਈ ਪਰ ਮੈਂ ਉਹ ਸਮਾਂ ਅਜੇ ਯੋਗ ਨਾ ਸਮਝਿਆ। ਮੈਨੂੰ ਇੰਨੀ ਕੁ ਸਮਝ ਤਾਂ ਲੱਗ ਗਈ ਸੀ ਕਿ ਇਹ ਇਕ ਵਿਛੜਿਆ ਪਰਿਵਾਰ ਹੈ। ਫਿਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, ਮੈਂ ਆਪਣੀ ਭੂਆ ਤੇ ਭੈਣ ਨੂੰ 59 ਸਾਲਾਂ ਬਾਅਦ ਮਿਲਿਆ ਹਾਂ ਅਤੇ ਇਸ ਮਿਲਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਤੇ ਹੁਣ ਅੱਗੋਂ ਕਿਥੇ ਮਿਲਣਾ ਹੈ।’
ਦਲੀਪ ਦੀ ਸਾਰੀ ਕਹਾਣੀ ਸੁਣਨ ਦੀ ਸੀ ਕਾਹਲ
ਉਸ ਦੀ ਭੂਆ ਵਾਰ-ਵਾਰ ਉਸ ਨੂੰ ਜੱਫੀਆਂ ਪਾ ਰਹੀ ਸੀ, ‘ਮੇਰੇ ਪੇਕਿਆਂ ਦੀ ਨਿਸ਼ਾਨੀ ਪਰ ਹੁਣ ਕਦੋਂ ਮਿਲਾਂਗੇ’? ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਉਸ ਨੂੰ ਵਾਰ-ਵਾਰ ਮਿਲ ਰਹੀਆਂ ਸਨ, ‘ਭਾਅ ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ, ਅਸੀਂ ਵੀਜ਼ਾ ਲੈ ਕੇ ਜ਼ਰੂਰ ਆਵਾਂਗੀਆਂ, ਵਿਆਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ, ਬਹੁਤ ਸਮਾਂ ਲੱਗ ਜਾਂਦਾ ਹੈ ਵੀਜ਼ਾ ਲੈਣ ਲਈ, ਇਸਲਾਮਾਬਾਦ ਤੋਂ ਵੀਜ਼ਾ ਮਿਲਦਾ ਹੈ, ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ।’‘ਤੁਸੀਂ ਕਦੋਂ ਆਏ ਸੀ’? ‘ਤਿੰਨ-ਚਾਰ ਦਿਨ ਹੋਏ ਹਨ’, ਕਿਸ ਜਗ੍ਹਾ ਤੋਂ ਆਏ ਹੋ, ਦੂਸਰਾ ਪੁੱਛ ਰਿਹਾ ਸੀ। ਕਿੰਨੀ ਦੂਰ ਹੈ ਅੰਮ੍ਰਿਤਸਰ ਲਾਹੌਰ ਤੋਂ ਤੇ ਕਦੋਂ ਪਹੁੰਚ ਜਾਓਗੇ। ਉਹ ਸੁਆਲ ਜ਼ਿਆਦਾ ਪੁੱਛ ਰਹੇ ਸਨ ਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵੱਲੋਂ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਹੋਰ ਸੁਆਲ ਕਰ ਦਿੰਦੇ ਸਨ ਪਰ ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਪੁੱਛਣਾ ਚਾਹੁੰਦਾ ਸੀ। ਕਿਹੜੀ ਜਗ੍ਹਾ ਤੋਂ ਆਏ ਹੋ, ‘ਵੱਖ-ਵੱਖ ਪਿੰਡਾਂ ਤੋਂ’, ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿਚ ਰਹਿੰਦੇ ਸਨ ਤੇ ਛੋਟੀ ਕਿਸਾਨੀ ਨਾਲ ਸਬੰਧਿਤ ਸਨ। ਦਲੀਪ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਉਨ੍ਹਾਂ ਦੇ ਭਣਵਈਏ ਬਹੁਤ ਕੁਝ ਸੁਣਦੇ ਤਾਂ ਰਹੇ ਸਨ ਪਰ ਮਿਲੇ ਪਹਿਲੀ ਵਾਰ ਸਨ। ‘ਸਾਡਾ ਪ੍ਰਾਹੁਣਾ (ਦਲੀਪ ਸਿੰਘ) ਸ਼ਰਾਬ ਦਾ ਬਹੁਤ ਸ਼ੌਕੀਨ ਸੀ, ਸਾਡੇ ਵਿੱਚੋਂ ਕੋਈ ਵੀ ਨਹੀਂ ਪੀਂਦਾ ਪਰ ਅਸੀਂ ਰੋਜ਼ਾਨਾ ਹੀ ਇਸ ਲਈ ਇੰਤਜ਼ਾਮ ਕਰਦੇ ਰਹੇ ਹਾਂ, ਇੱਥੇ ਇਸ ਦਾ ਇੰਤਜ਼ਾਮ ਕਰਨਾ ਪੈਂਦਾ ਹੈ, ਖੁੱਲ੍ਹੀ ਨਹੀਂ ਮਿਲਦੀ। ਹਰ ਘਰ ਵਿਚ ਇਸ ਦਾ ਸੁਆਗਤ ਹੁੰਦਾ ਰਿਹਾ ਹੈ। ਪਤਾ ਹੀ ਨਹੀਂ ਲੱਗਿਆ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੱਲ੍ਹ ਇਸ ਨੂੰ ਲਾਹੌਰੋਂ ਲੈ ਕੇ ਗਏ ਸੀ ਤੇ ਅੱਜ ਛੱਡਣ ਵੀ ਆ ਗਏ ਹਾਂ। ਅਜੇ ਤਾਂ ਅਸੀਂ ਇਸ ਦੇ ਪੂਰੇ ਪਰਿਵਾਰ ਬਾਰੇ ਵਾਕਫ਼ੀ ਵੀ ਨਹੀਂ ਕਰ ਸਕੇ, ਇਸ ਨੂੰ ਪਹਿਲੀ ਵਾਰ ਮਿਲੇ ਹਾਂ, ਇਨ੍ਹਾਂ ਦੇ ਲੜਕੇ, ਲੜਕੀਆਂ, ਪੋਤਰੇ, ਪੋਤਰੀਆਂ, ਨੂੰਹਾਂ ਕਿਸੇ ਬਾਰੇ ਵੀ ਕੁਝ ਵੀ ਨਹੀਂ ਪੁੱਛਿਆ। ਉਹ ਤਾਂ ਇਧਰ ਆ ਵੀ ਨਹੀਂ ਸਕਦੇ, ਵੀਜ਼ੀ ਮਿਲਣਾ ਵੱਡੀ ਮੁਸ਼ਕਲ ਹੈ, ਰਿਸ਼ਤੇਦਾਰ ਵੀ ਮਿਲਣ ਲਈ 59 ਸਾਲ ਉਡੀਕਦੇ ਰਹੇ’ ਅਤੇ ਉਨ੍ਹਾਂ ਵੱਲੋਂ ਦੱਸੀਆਂ ਗੱਲਾਂ ਭਾਵੇਂ ਬਹੁਤ ਕੁਝ ਆਪਣੇ ਆਪ ਦੱਸ ਰਹੀਆਂ ਸਨ ਪਰ ਮੈਨੂੰ ਅਜੇ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਤੇ ਮੈਂ ਬੜੀ ਉਤਸੁਕਤਾ ਨਾਲ ਇਸ ਬਾਰੇ ਜਾਣਨਾ ਚਾਹੁੰਦਾ ਸੀ। ਇੰਨੇ ਨੂੰ ਗੱਡੀ ਦੀ ਪਹਿਲੀ ਵਿਸਲ ਵੱਜ ਗਈ। ਦਲੀਪ ਸਿੰਘ ਸਾਰਿਆਂ ਨੂੰ ਵਾਰੀ-ਵਾਰੀ ਮਿਲਣ ਲੱਗਾ ਪਰ ਹਰ ਇਕ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ, ਕੋਈ ਵੀ ਬੋਲ ਨਹੀਂ ਸੀ ਰਿਹਾ। ਦਲੀਪ ਸਿੰਘ ਦੇ ਨਾਲ ਹਰ ਕੋਈ ਵਾਰ-ਵਾਰ ਮਿਲ ਰਿਹਾ ਸੀ ਤੇ ਗੱਡੀ ਦੀ ਜਦੋਂ ਦੂਸਰੀ ਵਿਸਲ ਵੱਜੀ ਤਾਂ ਉਸ ਦੀ ਭੂਆ ਫਿਰ ਆ ਕੇ ਉਸ ਨੂੰ ਮਿਲੀ ਅਤੇ ਹੱਥ ਫੜ ਕੇ ਡੱਬੇ ਦੇ ਕੋਲ ਲੈ ਆਈ ਤੇ ਮੈਨੂੰ ਸੰਬੋਧਨ ਕਰ ਕੇ ਫਿਰ ਕਹਿਣ ਲੱਗੀ, ‘ਵੀਰ ਦਾ ਖ਼ਿਆਲ ਰੱਖੀਂ’, ਮੈਨੂੰ ਦਲੀਪ ਸਿੰਘ ਤੇ ਉਸ ਦੀ ਸਾਰੀ ਕਹਾਣੀ ਸੁਣਨ ਦੀ ਕਾਹਲੀ ਸੀ, ਉਸ ਨਾਲ ਹਮਦਰਦੀ ਹੋ ਰਹੀ ਸੀ।
ਮੁਸਲਮਾਨ ਲੜਕਿਆਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼
ਮੈਂ ਅਤੇ ਦਲੀਪ ਸਿੰਘ ਗੱਡੀ ਵਿੱਚ ਇਕੱਠੇ ਬੈਠ ਗਏ। ਮੇਰੇ ਪੁੱਛਣ ਤੋਂ ਪਹਿਲਾਂ ਹੀ ਦਲੀਪ ਸਿੰਘ ਦੱਸਣ ਲੱਗ ਪਿਆ। ‘ਜਦੋਂ ਪਾਕਿਸਤਾਨ ਬਣਿਆ, ਮੈਂ 11 ਕੁ ਸਾਲ ਦਾ ਸਾਂ, ਮੈਨੂੰ ਪੂਰੀ ਹੋਸ਼ ਹੈ। ਕਈ ਦਿਨ ਚਰਚਾ ਚੱਲਦੀ ਰਹੀ, ਸਾਡਾ ਪਿੰਡ ਪਾਕਿਸਤਾਨ ਵਿਚ ਨਹੀਂ ਜਾਵੇਗਾ। ਮੈਨੂੰ ਅਜੇ ਵੀ ਯਾਦ ਹੈ ਕਿ ਪਿੰਡ ਦੇ ਮੁਸਲਮਾਨ ਤੇ ਸਿੱਖ ਵੱਖ-ਵੱਖ ਥਾਵਾਂ ’ਤੇ ਰੋਜ਼ ਇਕੱਠੇ ਹੁੰਦੇ ਸਨ, ਉਹ ਕਈ ਮਤੇ ਪਕਾਉਂਦੇ ਸਨ ਤੇ ਗੁਪਤ ਤੌਰ ’ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇਕ-ਦੂਜੇ ਦੀ ਮਦਦ ਵੀ ਕਰਦੇ ਸਨ। ਉਨ੍ਹਾਂ ਨੇ ਇਕ-ਦੂਜੇ ਦੀ ਮਦਦ ਕੀਤੀ ਵੀ। ਜਦੋਂ ਇਹ ਤੈਅ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿਚ ਆਉਣਾ ਹੈ ਤਾਂ ਪਿੰਡ ਦੇ ਸਿੱਖ, ਹਿੰਦੂ ਉਥੋਂ ਜਾਣ ਲਈ ਤਿਆਰ ਹੋਣ ਲੱਗ ਪਏ। ਪਿੰਡ ਦੇ ਮੁਸਲਮਾਨ ਉਨ੍ਹਾਂ ਨੂੰ ਕੈਂਪ ਵਿਚ ਛੱਡਣ ਲਈ ਜਾਂਦੇ ਸਨ। ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ, ਉਨ੍ਹਾਂ ਨੇ ਸਾਡਾ ਸਾਮਾਨ ਚੁੱਕਿਆ ਹੋਇਆ ਸੀ ਪਰ ਰਸਤੇ ’ਚ ਹੋਰ ਪਿੰਡਾਂ ਦੇ ਗੁੰਡਿਆਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਮੇਰਾ ਬਾਪ, ਦੋ ਭਰਾ ਮਾਰੇ ਗਏ, ਮੇਰੀ ਮਾਂ ਜਦੋਂ ਅੱਗੇ ਹੋ ਕੇ ਆਪਣੇ ਬੱਚਿਆਂ ਨੂੰ ਬਚਾਉਣ ਲੱਗੀ ਤਾਂ ਉਸ ਦੀ ਵੱਖੀ ਵਿਚ ਵੀ ਬਰਛੀ ਵੱਜੀ, ਉਹ ਲਹੂ-ਲੁਹਾਨ ਹੋ ਗਈ ਤੇ ਉਸ ਨੇ ਮੈਨੂੰ ਇੰਨਾ ਹੀ ਕਿਹਾ ਕਿ ਭੱਜ ਜਾ ਅਤੇ ਦਮ ਤੋੜ ਦਿੱਤੇ। ਉਨ੍ਹਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ ’ਤੇ ਬਿਠਾ ਲਿਆ। ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ।’ ਉਹ ਇਕ ਸਾਹੇ ਹੀ ਇੰਨਾ ਕੁਝ ਦਸ ਗਿਆ।
ਜੀਆਂ ਦੀਆਂ ਲਾਸ਼ਾਂ ਦਾ ਨਹੀਂ ਕਰ ਸਕੇ ਸਸਕਾਰ
‘ਤੁਸੀਂ ਕਿੰਨੇ ਆਦਮੀ ਬਚ ਗਏ ਸੀ’, ਮੈਂ ਪੁੱਛਿਆ। ‘ਸਾਡੇ ਪਰਿਵਾਰ ਵਿੱਚੋਂ ਸਿਰਫ਼ ਮੈਂ ਤੇ ਮੇਰਾ ਚਾਚਾ ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ। ਮਿਲਟਰੀ ਵਾਲਿਆਂ ਨੇ ਸਾਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ਦੀ ਕਾਹਲੀ ਪਾਈ ਹੋਈ ਸੀ। ਪਤਾ ਨਹੀਂ ਉਸ ਹਮਲੇ ਵਿਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿਨ੍ਹੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤਕ ਵੀ ਉਹ ਸੀਨ ਨਹੀਂ ਭੁੱਲਿਆ। ਮੇਰੀ ਭੂਆ ਤੇ ਭੈਣਾਂ ਨੇ ਬੜੇ ਦੁੱਖ ਵੇਖੇ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਫਿਰ ਇਕ ਮੁਸਲਮਾਨ ਚੌਧਰੀ ਨੇ ਇਨ੍ਹਾਂ ਦੇ ਵਿਆਹ ਕਰਵਾ ਦਿੱਤੇ। ਜਦੋਂ ਸਸਕਾਰ ਵੱਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਿਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜ਼ਿਆਦਾ ਹੀ ਡਿਪਰੈਸ਼ਨ ਵਿਚ ਸੀ, ਮੈਂ ਛੋਟਾ ਸਾਂ।’ ਕੋਈ ਪੰਜ ਸਾਲ ਤੋਂ ਮੇਰੀ ਭੂਆ ਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ ਅਤੇ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਇਆ ਸਾਂ। ਮੈਂ ਤਾਂ ਭੂਆ ਨੂੰ ਪਛਾਣ ਲਿਆ ਪਰ ਉਨ੍ਹਾਂ ਦੇ ਬੱਚਿਆਂ, ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਉਹ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਿਫ਼ ਹੋਣ। ਵਾਰ-ਵਾਰ ਕਹਿੰਦੇ ਸਨ, ਮਾਮਾ ਇੱਥੇ ਹੀ ਰਹੋ, ਹਰ ਘਰ ਵਿਚ ਮੈਂ ਜਾਂਦਾ ਸਾੀ, ਹਰ ਘਰ ਵਿਚ ਸ਼ਾਮ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦਾ ਇੰਤਜ਼ਾਮ ਕੀਤਾ ਹੁੰਦਾ ਸੀ, ਰੋਜ਼ਾਨਾ ਵੱਖ-ਵੱਖ ਘਰਾਂ ਵਿਚ ਬੁਲਾਉਂਦੇ ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ, ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ। ਰਾਤ ਨੂੰ ਤਕਰੀਬਨ ਇਕ-ਦੋ ਵੱਜ ਜਾਂਦੇ ਸਨ, ਗੱਲਾਂ ਹੀ ਨਹੀਂ ਸਨ ਮੁੱਕਦੀਆਂ।’
ਛੱਡ ਆਇਆ ਹਾਂ ਦੁੱਗਣਾ ਸਾਮਾਨ
ਫਿਰ ਉਸ ਨੇ ਸਾਮਾਨ ਵੱਲ ਉਂਗਲ ਕਰ ਕੇ ਦੱਸਿਆ ਕਿ ਇਹ ਜਿਹੜਾ ਸਾਮਾਨ ਪਿਆ ਹੈ, ਇਸ ਤੋਂ ਦੁੱਗਣਾ ਮੈਂ ਛੱਡ ਆਇਆ ਹਾਂ। ਇੰਨਾ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ। ਸਾਮਾਨ ਵਿਚ ਕੱਪੜੇ, ਭਾਂਡੇ, ਖਾਣ ਦੀਆਂ ਚੀਜ਼ਾ, ਖੋਏ ਦੀਆਂ ਪਿੰਨੀਆਂ, ਗੁੜ ਜਿਸ ਵਿਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਂਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇੱਥੋਂ ਤੱਕ ਕਿ ਤਿਲ ਵੀ ਸਨ। ‘ਮੈਂ ਬਹੁਤ ਮਨ੍ਹਾ ਕੀਤਾ ਪਰ ਉਨ੍ਹਾਂ ਨੇ ਬਦੋਬਦੀ ਇਹ ਸਾਮਾਨ ਨਾਲ ਲਿਜਾਣ ਦੀ ਜ਼ਿੱਦ ਕੀਤੀ ਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ, ਜਿਸ ਪਿਆਰ ਨਾਲ ਉਹ ਸਾਮਾਨ ਲੈ ਕੇ ਆਈਆਂ ਸਨ, ਜੇ ਮੈਂ ਨਾ ਲਿਆਉਂਦਾ ਤਾਂ ਚੰਗਾ ਨਾ ਲੱਗਦਾ।’ ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸੀ ਤੇ ਮੈਨੂੰ ਉਨ੍ਹਾਂ ਦਾ ਭਾਰ ਇਸ ਸਾਮਾਨ ਦੇ ਭਾਰ ਤੋਂ ਕਿਤੇ ਜ਼ਿਆਦਾ ਲੱਗ ਰਿਹਾ ਸੀ। ਇੰਨਾ ਮਗਰ ਛਿਪੇ ਜਜ਼ਬਾਤਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ’ਤੇ ਖੜ੍ਹ ਗਈ। ਉਸ ਨੇ ਦੋਵਾਂ ਹੱਥਾਂ ਵਿਚ ਕੁਝ ਸਾਮਾਨ ਵਾਲੇ ਕੱਪੜੇ ਦੇ ਝੋਲੇ ਫੜ ਲਏ ਤੇ ਇਕ ਤੋੜਾ ਸਿਰ ’ਤੇ ਚੁੱਕ ਲਿਆ।
ਅੱਖਾਂ ’ਚ ਲੁਕਿਆ ਸੀ ਦੁਖਾਂਤ ਦਾ ਵੱਡਾ ਇਤਿਹਾਸ
ਜਦੋਂ ਅਸੀਂ ਪਾਸਪੋਰਟ ਚੈੱਕ ਕਰਵਾ ਕੇ ਸਾਮਾਨ ਨੂੰ ਐਕਸਰੇ ਵਾਲੀ ਮਸ਼ੀਨ ’ਤੇ ਰੱਖਿਆ ਤੇ ਦੂਸਰੀ ਤਰਫ਼ ਸਾਮਾਨ ਲੈਣ ਆਏ ਤਾਂ ਐਕਸਰੇ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ, ‘ਸਰਦਾਰ ਜੀ ਇਹ ਗੁੜ, ਤਿਲ ਭਾਰਤ ਵਿਚ ਨਹੀਂ ਮਿਲਦੇ’? ‘ਸਭ ਕੁਝ ਹੀ ਮਿਲਦਾ ਹੈ ਭਾਰਤ ਵਿਚ ਪਰ ਭੈਣਾਂ ਅਤੇ ਭੂਆ ਵੱਲੋਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ।’ ਨਾਲ ਦੇ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵੱਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ੱਕ ਹੋਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿਚ ਹੋ ਸਕਦੀਆਂ ਹਨ ਪਰ ਦਲੀਪ ਸਿੰਘ ਦੀਆਂ ਅੱਖਾਂ ਵਿਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ।
- ਡਾ. ਸ.ਸ. ਛੀਨਾ