- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਸ਼ਹਿਰ ਪੰਜਾਬ ਦਾ ਰਿਆਸਤੀ ਤੇ ਵਿਰਾਸਤੀ ਸ਼ਹਿਰ ਹੈ। ਫ਼ਰੀਦਕੋਟ ਦੀ ਰਿਆਸਤ ਬ੍ਰਿਟਿਸ਼ ਸਰਕਾਰ ਦੀ ਹਮੇਸ਼ਾ ਭਰੋਸੇਯੋਗ ਰਹੀ ਸੀ, ਜਿਸ ਦੀ ਗਵਾਹੀ ਫ਼ਰੀਦਕੋਟ ਰਿਆਸਤ ’ਚ ਬ੍ਰਿਟਿਸ਼ ਹੁਕਮਰਾਨਾਂ ਦੇ ਨਾਂ ਅਤੇ ਨਕਸ਼ੇ ’ਤੇ ਬਣਾਈਆਂ ਗਈਆਂ ਇਮਾਰਤਾਂ ਭਰਦੀਆਂ ਹਨ, ਜੋ ਅੱਜ ਵੀ ਆਪਣੀ ਦਿੱਖ ਤੇ ਵੇਸ਼ ਭੂਸ਼ਾ ਤੋਂ ਬ੍ਰਿਟਿਸ਼ ਸਰਕਾਰ ਦੀ ਯਾਦ ਦਿਵਾਉਂਦੀਆਂ ਹਨ।

ਫ਼ਰੀਦਕੋਟ ਸ਼ਹਿਰ ਪੰਜਾਬ ਦਾ ਰਿਆਸਤੀ ਤੇ ਵਿਰਾਸਤੀ ਸ਼ਹਿਰ ਹੈ। ਫ਼ਰੀਦਕੋਟ ਦੀ ਰਿਆਸਤ ਬ੍ਰਿਟਿਸ਼ ਸਰਕਾਰ ਦੀ ਹਮੇਸ਼ਾ ਭਰੋਸੇਯੋਗ ਰਹੀ ਸੀ, ਜਿਸ ਦੀ ਗਵਾਹੀ ਫ਼ਰੀਦਕੋਟ ਰਿਆਸਤ ’ਚ ਬ੍ਰਿਟਿਸ਼ ਹੁਕਮਰਾਨਾਂ ਦੇ ਨਾਂ ਅਤੇ ਨਕਸ਼ੇ ’ਤੇ ਬਣਾਈਆਂ ਗਈਆਂ ਇਮਾਰਤਾਂ ਭਰਦੀਆਂ ਹਨ, ਜੋ ਅੱਜ ਵੀ ਆਪਣੀ ਦਿੱਖ ਤੇ ਵੇਸ਼ ਭੂਸ਼ਾ ਤੋਂ ਬ੍ਰਿਟਿਸ਼ ਸਰਕਾਰ ਦੀ ਯਾਦ ਦਿਵਾਉਂਦੀਆਂ ਹਨ। ਫ਼ਰੀਦਕੋਟ ’ਚ ਦੂਰੋਂ-ਨੇੜਿਓਂ ਆਉਣ ਵਾਲੇ ਲੋਕਾਂ ਲਈ ਇਹ ਰਿਆਸਤੀ ਇਮਾਰਤਾਂ ਅੱਜ ਵੀ ਖਿੱਚ ਦਾ ਕੇਂਦਰ ਹਨ। ਜੇ ਇਨ੍ਹਾਂ ਇਮਾਰਤਾਂ ਦੀ ਬਣਤਰ ਦੀ ਗੱਲ ਕਰੀਏ ਤਾਂ ਪਹਿਲੀ ਨਜ਼ਰੇ ਹੀ ਇਹ ਚੁਣੀਂਦਾ ਇਮਾਰਤਾਂ ਇੰਗਲੈਂਡ ਦੀ ਭਵਨ ਕਲਾ ਦਾ ਭੁਲੇਖਾ ਪਾਉਂਦੀਆਂ ਹਨ। ਇਹੀ ਨਹੀਂ ਭਾਰਤ ਭਰ ’ਚ ਮਸ਼ਹੂਰ ਫ਼ਰੀਦਕੋਟ ਦੀਆਂ ਕਚਿਹਰੀਆਂ ਦਾ ਮਾਡਲ ਵੀ ਬ੍ਰਿਟਿਸ਼ ਭਵਨ ਕਲਾ ’ਤੇ ਆਧਾਰਿਤ ਹੈ, ਜਿਸ ਦਾ ਪਤਾ ਇਸ ਬਿਲਡਿੰਗ ਦੇ ਗੁੰਬਦਾਂ ਉਪਰ ਬਣੀ ਇੰਗਲੈਂਡ ਦੀ ਮਹਾਰਾਣੀ ਦੀ ਛੜੀ ਤੇ ਤਾਜ ਦੇ ਨਮੂਨੇ ਦੀ ਕਲਾਕ੍ਰਿਤੀ ਤੋਂ ਚੱਲਦਾ ਹੈ। ਜੇ ਗੱਲ ਕਰੀਏ ਇਨ੍ਹਾਂ ਇਮਾਰਤਾਂ ਦੀ ਉਸਾਰੀ ਤੇ ਇਤਿਹਾਸ ਦੀ ਤਾਂ ਇਸ ਲਈ ਸਾਨੂੰ ਫ਼ਰੀਦਕੋਟ ਰਿਆਸਤ ਦੇ ਇਤਿਹਾਸਕ ਪੰਨਿਆਂ ਨੂੰ ਫਰੋਲਣਾ ਪਵੇਗਾ ਪਰ ਕੁਝ ਵੀ ਕਿਹਾ ਜਾਵੇ, ਇਨ੍ਹਾਂ ਇਮਾਰਤਾਂ ਦੀ ਭਵਨ ਕਲਾ ਤੇ ਉਸਾਰੀ ਇੰਨੀ ਮਜ਼ਬੂਤ ਹੈ ਕਿ ਇਹ ਇਮਾਰਤਾਂ ਅੱਜ ਵੀ ਜਿਉਂ ਦੀਆ ਤਿਉਂ ਖੜ੍ਹੀਆਂ ਹਨ ਤੇ ਆਪਣੀ ਵਿੱਲਖਣ ਸੁੰਦਰਤਾ ਨਾਲ ਲੋਕਾਂ ਦੇ ਮਨਾਂ ਨੂੰ ਮੋਹ ਰਹੀਆਂ ਹਨ।
ਫੇਅਰੀ ਕਾਟੇਜ਼, ਬੀੜ ਚਹਿਲ
ਇਹ ਇਮਾਰਤ ਫ਼ਰੀਦਕੋਟ ਸ਼ਹਿਰ ਤੋਂ ਛੇ ਕੁ ਕਿਲੋਮੀਟਰ ਦੂਰ ਪਿੰਡ ਚਹਿਲ ਨੇੜੇ ਹੈ। ਆਇਨਾ-ਏ ਬਰਾੜ ਬੰਸ ’ਚ ਇਸ ਇਮਾਰਤ ਕੰਪਲੈਕਸ ਨੂੰ ‘ਸ਼ਿਕਾਰਗਾਹ’ ਲਿਖਿਆ ਗਿਆ ਹੈ, ਜਿਸ ਦੀ ਉਸਾਰੀ ਰਾਜਾ ਬਲਬੀਰ ਸਿੰਘ ਨੇ ਕਰਵਾਈ ਸੀ। ਇਸ ਦੀ ਮੁੱਖ ਕੇਂਦਰੀ ਇਮਾਰਤ ਵਿਚ ਚਾਰ ਕਮਰੇ ਹਨ। ਇਸ ਦੇ ਪੂਰਬ ਵੱਲ ‘ਜਨਾਨਾ ਕੋਠੀ’ ਹੈ। ਕੋਠੀ ਦੇ ਦੱਖਣ ਵੱਲ ਛੋਟਾ ਜਿਹਾ ਘੰਟਾ ਘਰ ਹੈ, ਜਿਸ ਦੀ ਘੜੀ ਖ਼ਰਾਬ ਹੋ ਚੁੱਕੀ ਹੈ। ਉੱਤਰ ਵੱਲ ਇਕ ਪੱਕਾ ਤਲਾਅ ਤੇ ਨੇੜੇ ਹੀ ਖੂਹ ਹੈ।
ਸਕੱਤਰੇਤ ਜਾਂ ਦਰਬਾਰ ਹਾਲ (ਹੁਣ ਜ਼ਿਲ੍ਹਾ ਅਦਾਲਤਾਂ)
ਫ਼ਰੀਦਕੋਟ ਦੇ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਇਹ ਖ਼ੂਬਸੂਰਤ ਇਮਾਰਤ ਤਿੰਨ ਭਾਗਾਂ ’ਚ ਵੰਡੀ ਹੋਈ ਹੈ। ਕੇਂਦਰੀ ਬਲਾਕ ਤੇ ਇਸ ਦੇ ਦੋਵੇਂ ਪਾਸੇ ਇੱਕੋ ਜਿਹੇ ਉੱਤਰੀ ਤੇ ਦੱਖਣੀ ਬਲਾਕ ਹਨ। ਇਮਾਰਤ ਦਾ ਕੇਂਦਰੀ ਹਿੱਸਾ ਗੁੰਬਦਕਾਰ ਛੱਤ ਵਾਲਾ ਅੱਠ-ਭੁਜਾ ਹਾਲ ਹੈ, ਜਿਸ ਦੇ ਹਰ ਪਾਸੇ ਕਾਰੀਡੋਰ ਹੈ, ਜੋ ਅੱਗੇ ਅਨੇਕਾਂ ਕਮਰਿਆਂ ਨਾਲ ਜੁੜੀ ਹੋਈ ਹੈ। ਇਹ ਕੇਂਦਰੀ ਪ੍ਰਬੰਧਕੀ ਬਲਾਕ ਸੀ। ਵਿਚਲੇ ਹਾਲ ’ਚ ਇਜਲਾਸ-ਏ ਖ਼ਾਸ (ਵਿਸ਼ੇਸ਼ ਮੀਟਿੰਗਾਂ) ਹੁੰਦੇ ਸਨ। ਇਸ ਵਿਚ ਰਾਜਾ, ਉਸ ਦੇ ਪ੍ਰਾਈਵੇਟ ਸਕੱਤਰ ਤੇ ਏਡੀਸੀ ਦੇ ਦਫ਼ਤਰ ਸਨ। ਸਕੱਤਰ ਦਾ ਦਫ਼ਤਰ ਅੱਠ ਭੁਜੇ ਲਾਂਘੇ ਦੁਆਲੇ ਹੁੰਦਾ ਸੀ। ਇਸ ਬਲਾਕ ਦਾ ਪਿਛਲਾ ਹਿੱਸਾ ਦੋ ਮੰਜ਼ਿਲਾ ਹੈ। ਹੇਠਲੀ ਮੰਜ਼ਿਲ ’ਤੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਦਫ਼ਤਰ ਸਨ ਤੇ ਉਪਰਲੀ ਮੰਜ਼ਿਲ ’ਤੇ ਮੁੱਖ ਅਕਾਊਂਟੈਂਟ, ਮੀਰ ਮੁਨਸ਼ੀ, ਆਡਿਟ ਅਫ਼ਸਰ, ਸਕੂਲਾਂ ਦੇ ਇੰਸਪੈਕਟਰ, ਮਕੈਨੀਕਲ ਇੰਜੀਨੀਅਰ ਤੇ ਪੀਡਬਲਿਊਡੀ ਦੇ ਡਰਾਫਟਮੈਨ ਦੇ ਦਫ਼ਤਰ ਸਨ। ਹਰੇਕ ਪਾਸੇ ਵਾਲੇ ਬਲਾਕ ਦੇ ਵਿਚਾਲੇ ਖੁੱਲ੍ਹਾ ਵਿਹੜਾ ਹੈ, ਜਿਸ ਦੇ ਵਿਚਕਾਰ ਇਕ ਫੁਆਰਾ ਹੈ। ਆਲੇ-ਦੁਆਲੇ ਕਾਰੀਡੋਰ ਤੇ ਕਮਰੇ ਹਨ। ਉੱਤਰੀ ਬਲਾਕ ’ਚ ਨਿਆਂ ਦੀਆਂ ਅਦਾਲਤਾਂ ਹੁੰਦੀਆਂ ਸਨ ਤੇ ਦੱਖਣੀ ਬਲਾਕ ’ਚ ਮਾਲੀਏ ਸਬੰਧੀ ਅਦਾਲਤਾਂ, ਮਿਊਂਸੀਪਲਿਟੀ ਤੇ ਕੋਆਪਰੇਟਿਵ ਵਿਭਾਗ ਸਨ। ਸਾਰੀ ਇਮਾਰਤ ਦਾ ਮੁੱਖ ਪ੍ਰਵੇਸ਼ ਦੁਆਰ ਪੱਛਮ ਵੱਲ ਸੀ। ਇਸ ਪ੍ਰਵੇਸ਼ ਦੀਆਂ ਕੰਧਾਂ ’ਤੇ ਲੱਗੇ ਆਲੇਖਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੀ ਨੀਂਹ 23 ਦਸੰਬਰ 1933 ਨੂੰ ਪੰਜਾਬ ਸਟੇਟ ਦੇ ਗਵਰਨਰ ਜਨਰਲ ਦੇ ਏਜੰਟ ਸਰ ਜੇਮਜ਼ ਫਿਟਜ਼ਪੈਟ੍ਰਿਕ ਨੇ ਰੱਖੀ ਸੀ ਤੇ ਇਸ ਦਾ ਉਦਘਾਟਨ ਰਾਜਾ ਹਰਇੰਦਰ ਸਿੰਘ ਨੇ ਆਪਣੇ ਵਰੋਸਾਉਣ ਦੇ ਮੌਕੇ ’ਤੇ 18 ਅਕਤੂਬਰ 1934 ਨੂੰ ਕੀਤਾ ਸੀ। ਇਕ ਦਿਨ ਪਹਿਲਾਂ ਹੀ ਉਸ ਨੂੰ ਵਰੋਸਾਇਆ ਗਿਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਵਿਸ਼ਾਲ ਇਮਾਰਤ ਦੀ ਉਸਾਰੀ ਦਸ ਮਹੀਨੇ ਤੋਂ ਵੀ ਘੱਟ ਸਮੇਂ ’ਚ ਕੀਤੀ ਗਈ। ਇਹ ਇਮਾਰਤ ਬ੍ਰਿਟਿਸ਼ ਸਰਕਾਰ ਦੇ ਕਾਲ ਦੀ ਪੂਰੀ ਤਰ੍ਹਾਂ ਹਾਮੀ ਭਰਦੀ ਨਜ਼ਰ ਆਉਂਦੀ ਹੈ। ਇਸ ਇਮਾਰਤ ਦੀ ਚਾਰਦੀਵਾਰੀ ਉਪਰ ਲੱਗੇ ਐਂਗਲ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਦੇ ਨਕਸ਼ੇ ’ਚ ਬਣੇ ਹੋਏ ਹਨ। ਇਸੇ ਤਰ੍ਹਾਂ ਇਸ ਦੇ ਛੋਟੇ ਗੁੰਬਦਾਂ ’ਤੇ ਇੰਗਲੈਂਡ ਦੀ ਮਹਾਰਾਣੀ ਦੀ ਛੜੀ ਦੇ ਨਕਸ਼ੇ ਦੀਆਂ ਉਪਰ ਨੂੰ ਉੱਠੀਆਂ ਹੋਈਆਂ ਪਾਈਪਾਂ ਬਣੀਆਂ ਹੋਈਆਂ ਹਨ ਤੇ ਪ੍ਰਮੁੱਖ ਗੁੰਬਦ ’ਤੇ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਦਾ ਨਕਸ਼ਾ ਲੋਹੇ ਦੇ ਐਂਗਲਾਂ ਨਾਲ ਬਣਾਇਆ ਗਿਆ ਹੈ, ਜੋ ਫ਼ਰੀਦਕੋਟ ਰਿਆਸਤ ਦੇ ਬ੍ਰਿਟਿਸ਼ ਸ਼ਾਸਕਾਂ ਦੇ ਭਰੋਸੇਯੋਗ ਤੇ ਵਫ਼ਾਦਾਰ ਹੋਣ ਦਾ ਸਬੂਤ ਹੈ।
ਗੈਸਟ ਹਾਊਸ ਕੋਠੀ ਦਰਬਾਰਗੰਜ
ਇਸ ਇਮਾਰਤ ’ਚ ਇਕ ਮੁੱਖ ਹਾਲ ਤੇ ਕਮਰਿਆਂ ਦੇ ਕੁੱਲ 12 ਸੈੱਟ ਤੇ ਸਾਂਝੀ ਰਸੋਈ ਹੈ। ਹਰ ਕਮਰੇ ਨਾਲ ਬਾਥਰੂਮ ਜੁੜਿਆ ਹੋਇਆ ਹੈ। ਆਇਨਾ-ਏ ਬਰਾੜ ਬੰਸ ’ਚ ਇਸ ਇਮਾਰਤ ਦਾ ਨਾਂ ‘ਪਰੇਡਵਾਲੇ ਬਾਗ਼ ਕੀ ਰਫ਼ੀ ਅਲ-ਸ਼ਾਨ ਕੋਠੀ ਮੋਸਮਾ ਦਰਬਾਰਗੰਜ’ ਦਿੱਤਾ ਗਿਆ ਹੈ ਤੇ ਇਸ ਨੂੰ ਰਾਜਾ ਬਲਬੀਰ ਸਿੰਘ ਰਾਹੀਂ ਬਣਵਾਈਆਂ ਇਮਾਰਤਾਂ ’ਚ ਸ਼ੁਮਾਰ ਕੀਤਾ ਗਿਆ ਹੈ। ਇਸ ਇਮਾਰਤ ਦੀ ਉਸਾਰੀ ਰਾਜਾ ਬਲਬੀਰ ਸਿੰਘ ਦੀ ਭੈਣ ਬੀਬੀ ਬਲਵੰਤ ਕੌਰ ਦੇ ਵਿਆਹ ਦੀ ਬਰਾਤ ਦੇ ਠਹਿਰਨ ਲਈ ਕੀਤੀ ਗਈ ਸੀ। ਇਹ ਵਿਆਹ 24 ਜੂਨ 1898 ਨੂੰ ਹੋਇਆ ਸੀ। ਸ਼ੈਲੀ ਪੱਖੋਂ ਵੀ ਇਹ ਰਾਜਮਹਿਲ, ਇਸ ਦੀ ਡਿਓੜੀ ਤੇ ਘੰਟਾ ਘਰ ਦੀ ਸ਼ੈਲੀ ਨਾਲ ਮਿਲਦੀ-ਜੁਲਦੀ ਹੈ, ਜੋ ‘ਗੋਥਿਕ ਰਿਵਾਇਵਲ’ ਸ਼ੈਲੀ ਵਿਚ ਹਨ। ਇਮਾਰਤ ਦੇ ਪਿਛਲੇ ਛੇ ਸੈੱਟ ਬਾਅਦ ਦੇ ਹਨ, ਜਿਨ੍ਹਾਂ ਦੀ ਉਸਾਰੀ ਰਾਜਾ ਹਰਇੰਦਰ ਸਿੰਘ ਨੇ 1945-46 ਵਿਚ ਕਰਵਾਈ ਸੀ। ਇਹ ਗੈਸਟ ਹਾਊਸ ਗੁਆਂਢੀ ਰਾਜਾਂ ਦੇ ਹਾਕਮਾਂ ਤੇ ਗਵਰਨਰ ਜਨਰਲ ਦੇ ਏਜੈਂਟ ਲਈ ਰਾਖਵਾਂ ਸੀ।
ਬਰਜਿੰਦਰਾ ਕਾਲਜ ਤੇ ਬਲਬੀਰ ਹਾਈ ਸਕੂਲ ਦੀ ਇਮਾਰਤ
ਫ਼ਰੀਦਕੋਟ ਰਿਆਸਤ ’ਚ ਸਕੂਲਾਂ ਦੀ ਸ਼ੁਰੂਆਤ 1875 ਵਿਚ ਰਾਜਾ ਬਿਕਰਮ ਸਿੰਘ ਨੇ ਕੀਤੀ ਸੀ। ਅਪ੍ਰੈਲ 1901 ਵਿਚ ਰਿਆਸਤ ਦੇ ਮਿਡਲ ਸਕੂਲ ਦਾ ਦਰਜਾ ਵਧਾ ਕੇ ਇਸ ਨੂੰ ਐਂਗਲੋ-ਵਰਨੈਕਲਰ ਹਾਈ ਸਕੂਲ ਬਣਾ ਦਿੱਤਾ ਗਿਆ ਤੇ ਇਸ ਦਾ ਨਾਂ ਬਲਬੀਰ ਇੰਸਟਾਲੇਸ਼ਨ ਹਾਈ ਸਕੂਲ ਰੱਖ ਦਿੱਤਾ ਗਿਆ ਪਰ ਇਸ ਸਕੂਲ ਲਈ ਇਮਾਰਤ 12 ਸਾਲ ਮਗਰੋਂ 1913 ਵਿਚ ਤਿਆਰ ਕੀਤੀ ਗਈ (ਸਾਲ 1915 ਦੇ ਆਸ-ਪਾਸ ਇਸ ਸਕੂਲ ਵਿਚ 538 ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ 132 ਬੋਰਡਰ ਸਨ, ਅਸਲ ਵਿਚ ਇਹ ਬੋਰਡਿੰਗ 70 ਵਿਦਿਆਰਥੀਆਂ ਲਈ ਬਣਵਾਏ ਗਏ ਸਨ)। 1942 ’ਚ ਸੰਸਥਾ ਨੂੰ ਇੰਟਰਮੀਡੀਏਟ ਕਾਲਜ ਬਣਾ ਦਿੱਤਾ ਗਿਆ ਤੇ ਦੋ ਸਾਲ ਮਗਰੋਂ ਡਿਗਰੀ ਕਾਲਜ। ਸਕੂਲ ਬ੍ਰਾਂਚ ਬੋਰਡਿੰਗ ਦੇ ਪੱਛਮੀ ਬਲਾਕ ਵਿਚ ਸ਼ਿਫ਼ਟ ਕਰ ਕੇ ਇਸ ਨੂੰ ਬਲਬੀਰ ਹਾਈ ਸਕੂਲ ਦਾ ਨਾਂ ਦਿੱਤਾ ਗਿਆ। 1948 ਵਿਚ ਜਦ ਇਹ ਰਿਆਸਤ ਪੈਪਸੂ ਦਾ ਭਾਗ ਬਣ ਗਈ ਤਾਂ ਕਾਲਜ ਅਤੇ ਸਕੂਲ ਦੋਵੇਂ ਸਰਕਾਰੀ ਹੋ ਗਏ। ਸਾਰੀ ਇਮਾਰਤ ਤਿੰਨ ਪ੍ਰਮੁੱਖ ਹਿੱਸਿਆਂ ਵਿਚ ਉਸਾਰੀ ਗਈ ਸੀ, ਵਿਚਲਾ ਸਿੱਖਿਆ ਬਲਾਕ ਤੇ ਇਸ ਦੇ ਆਸੇ-ਪਾਸੇ ਬੋਰਡਿੰਗ ਬਲਾਕ ਹੈ। ਪ੍ਰਿੰਸੀਪਲ ਦੀ ਰਿਹਾਇਸ਼ ਵੱਖਰੀ ਸੀ। ਮੁੱਖ ਇਮਾਰਤ ’ਚ ਹੁਣ ਬਰਜਿੰਦਰਾ ਕਾਲਜ ਹੈ। ਉੱਤਰੀ ਬੋਰਡਿੰਗ ਦੀ ਇਮਾਰਤ ਵਿਚ ਬਲਬੀਰ ਸਕੂਲ ਤੇ ਪੂਰਬੀ ਭਾਗ ਵਿਚ ਹਾਲੇ ਵੀ ਬੋਰਡਿੰਗ ਹੀ ਹੈ। ਇਮਾਰਤ ਦਾ ਉਸਾਰੀ ਵਰ੍ਹਾ 1913 ਇਕ ਪੁਰਾਤਨ ਪੱਥਰ’‘ਤੇ ਦਰਜ ਹੈ। ਉਸ ਵਕਤ ਸਾਰੀ ਇਮਾਰਤ ਦੀ ਉਸਾਰੀ ’ਤੇ 73,000 ਰੁਪਏ ਖ਼ਰਚ ਆਏ ਸਨ।
ਵਿਕਟਰੀ ਸਟੇਡੀਅਮ (ਹੁਣ ਨਹਿਰੂ ਸਟੇਡੀਅਮ)
ਇਹ ਬਰਜਿੰਦਰਾ ਕਾਲਜ ਦੇ ਬਿਲਕੁਲ ਸਾਹਮਣੇ ਸਥਿਤ ਹੈ। ਇਸ ਦੀ ਮੁੱਖ ਇਮਾਰਤ ਦੇ ਅੰਦਰ ਲੱਗੇ ਦੋ ਆਲੇਖਾਂ ਮੁਤਾਬਿਕ 1939-45 ਦੀ ਯੂਰਪੀ ਜੰਗ ਵਿਚ ਮਹਾਰਾਜਾ ਫ਼ਰੀਦਕੋਟ ਦੀਆਂ ਫ਼ੌਜਾਂ ਦੀ ਜਿੱਤ ਦੀ ਯਾਦਗਾਰ ਦੇ ਤੌਰ ’ਤੇ ਇਸ ਸਟੇਡੀਅਮ ਦਾ ਨੀਂਹ ਪੱਥਰ 14 ਮਈ 1945 ਦੇ ਦਿਨ ਰਾਜਾ ਹਰਇੰਦਰ ਸਿੰਘ ਨੇ ਰੱਖਿਆ ਤੇ ਇਸ ਦਾ ਉਦਘਾਟਨ ਪੰਜਾਬ ਸਟੇਟਸ ਦੇ ਰੈਜ਼ੀਡੈਂਟ ਮਿਸਟਰ ਜੇਐੱਸ ਥਾਮਪਸਨ ਨੇ 20 ਨਵੰਬਰ 1945 ਨੂੰ ਕੀਤਾ। 1947 ਤੋਂ ਬਾਅਦ ਇਸ ਦਾ ਨਾਂ ਵਿਕਟਰੀ ਸਟੇਡੀਅਮ ਤੋਂ ਬਦਲ ਕੇ ਨਹਿਰੂ ਸਟੇਡੀਅਮ ਰੱਖ ਦਿੱਤਾ ਗਿਆ।
ਲੇਡੀ ਡੇਨ ਰਾਣੀ ਸੂਰਜ ਕੌਰ ਜਨਾਨਾ ਹਸਪਤਾਲ
ਇਹ ਇਮਾਰਤ ਘੰਟਾ ਘਰ ਦੇ ਨਜ਼ਦੀਕ ਭਾਈ ਕਨ੍ਹੱਈਆ ਚੌਕ ’ਚ ਹੈ। ਇਸ ਉੱਪਰ ਤਿੰਨ ਅਭਿਲੇਖ ਹਨ, ਜਿਨ੍ਹਾਂ ਵਿੱਚੋਂ ਇਕ ਮੁਤਾਬਿਕ ਇਸ ਹਸਪਤਾਲ ਦਾ ਬੁਨਿਆਦੀ ਪੱਥਰ ਇਕ ਮਾਰਚ 1911 ਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਲੂਈ ਵਿਲਿਅਮ ਡੇਨ ਦੀ ਪਤਨੀ ਲੇਡੀ ਡੇਨ ਨੇ ਰੱਖਿਆ ਸੀ। ਦੋ ਹੋਰ ਆਲੇਖਾਂ ’ਚ ਇਹੋ ਇਬਾਰਤ ਉਰਦੂ ਤੇ ਅੰਗਰੇਜ਼ੀ ਵਿਚ ਖੁਣੀ ਹੋਈ ਹੈ। ਇਕ ਹੋਰ ਅਭਿਲੇਖ ਵਿਚ ਇਸ ਹਸਪਤਾਲ ਦੇ 12 ਮਾਰਚ 1912 ਦੇ ਦਿਨ ਲੇਡੀ ਡੇਨ ਰਾਹੀਂ ਇਸ ਹਸਪਤਾਲ ਦੇ ਉਦਘਾਟਨ ਦਾ ਜ਼ਿਕਰ ਹੈ। 1934 ਵਿਚ ਇਸ ਹਸਪਤਾਲ ਦੀ ਲੇਡੀ ਡਾਕਟਰ ਐੱਮਬੀਬੀਐੱਸ ਡਿਗਰੀਸ਼ੁਦਾ ਸੀ, ਜਿਸ ਨੂੰ ਰਿਆਸਤ ਦੇ ਖ਼ਰਚੇ ’ਤੇ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਪੜ੍ਹਾਇਆ ਗਿਆ ਸੀ।
ਵਿਕਟੋਰੀਆ ਕਲਾਕ ਟਾਵਰ
ਸ਼ਹਿਰ ਦੇ ਵਿਚਕਾਰ ਸਥਿਤ ਇਹ ਕਲਾਕ ਟਾਵਰ ਯੂਰਪੀ ਗੋਥਿਕ ਰਿਵਾਇਵਲ ਸ਼ੈਲੀ ਵਿਚ ਬਣਿਆ ਹੋਇਆ ਹੈ। ਆਪਣੀ ਅਸਲ ਹਾਲਤ ’ਚ ਇਹ ਉੱਚੇ ਚਬੂਤਰੇ ’ਤੇ ਸਥਿਤ ਸੀ ਪਰ ਆਲਾ-ਦੁਆਲਾ ਉੱਚਾ ਹੋ ਜਾਣ ਕਾਰਨ ਇਸ ਦਾ ਚਬੂਤਰਾ ਹੁਣ ਦਿਖਾਈ ਨਹੀਂ ਦਿੰਦਾ। ਇਸ ਦੀ ਚਾਰ- ਮੰਜ਼ਿਲਾ ਇਮਾਰਤ ਦੇ ਹਰ ਪਾਸੇ ਇਕ ਵੱਡਾ ਕਲਾਕ ਹੈ। ਦੀਵਾਰ ਦੇ ਅੰਦਰਲੇ ਪਾਸੇ ਤੋਂ ਇਕ ਪੌੜੀ ਪਹਿਲੀ ਮੰਜ਼ਿਲ ਤੱਕ ਪੁੱਜਦੀ ਹੈ ਤੇ ਉੱਥੋਂ ਲੋਹੇ ਦੀ ਪੌੜੀ ਰਾਹੀਂ ਤੀਸਰੀ ਮੰਜ਼ਿਲ ’ਤੇ ਅੱਪੜਿਆ ਜਾਂਦਾ ਹੈ, ਜਿੱਥੇ ਕਲਾਕ ਦੀ ਮਸ਼ੀਨ ਫਿੱਟ ਹੈ। 1929 ਵਿਚ ਬਣਿਆ ਇਹ ਕਲਾਕ ਇੰਗਲੈਂਡ ਵਿਖੇ ਵਹਿਟਚਰਚ, ਸੈਲੋਪ ਵਿਚ ਸਥਿਤ ਕੰਪਨੀ ਜਾਯਸਿ ਵੱਲੋਂ ਬਣਾਇਆ ਗਿਆ ਸੀ। ਇਸ ਦੀ ਸਪਲਾਈ ਕਲਕੱਤੇ ਦੀ ਫਰਮ ਐਂਗਲੋ-ਸਵਿਸ ਵਾਚ ਕੰਪਨੀ ਨੇ ਕੀਤੀ ਸੀ। ਸ਼ਾਇਦ ਇਹ ਨਵਾਂ ਕਲਾਕ ਸੀ ਜੋ ਕਾਊਂਸਿਲ ਔਵ ਰਿਜੈਂਸੀ (1918-34) ਨੇ ਪੰਜ ਹਜ਼ਾਰ ਰੁਪਏ ਦੀ ਲਾਗਤ ਨਾਲ ਖ਼ਰੀਦਿਆ ਸੀ ਕਿਉਂਕਿ ਘੰਟਾ ਘਰ ਦੀ ਉਸਾਰੀ ਤਾਂ ਰਾਜਾ ਬਲਬੀਰ ਸਿੰਘ ਨੇ ਬ੍ਰਿਟਿਸ਼ ਮਹਾਰਾਣੀ ਵਿਕਟੋਰੀਆ ਦੀ 22 ਜਨਵਰੀ 1901 ਨੂੰ ਮੌਤ ਸਮੇਂ ਉਸ ਦੀ ਯਾਦਗਾਰ ਦੇ ਤੌਰ ’ਤੇ ਕਰਵਾਈ ਸੀ। ਸ਼ਾਇਦ ਪਹਿਲਾ ਕਲਾਕ ਨਕਾਰਾ ਹੋ ਗਿਆ ਹੋਵੇ। ਘੰਟਾ ਘਰ ਦਾ ਟੱਲ ਜੋ ਹਰ ਘੰਟੇ ਬਾਅਦ ਵੱਜਦਾ ਸੀ ‘ਟੇਲਰ ਲਗਬਰੇਅ ਕੰਪਨੀ’ ਦਾ ਬਣਿਆ ਹੋਇਆ ਹੈ, ਜਿਸ ਦਾ ਪੂਰਾ ਨਾਂ ਮੈਸਰਜ਼ ਟੇਲਰਜ਼ ਏਰ ਸਮਿਥ ਲਿਮਟਿਡ ਸੀ, ਜੋ 1784 ਵਿਚ ਸਥਾਪਿਤ ਦੁਨੀਆ ਦੀ ਮੁੱਖ ਫਾਊਂਡਰੀ ਸੀ। ਆਪਣੇ ਅਸਲ ਰੂਪ ਵਿਚ ਇਹ ਘੰਟਾ ਘਰ ਇਕੱਲੀ ਇਮਾਰਤ ਨਹੀਂ ਸੀ ਸਗੋਂ ਇਸ ਦੇ ਚਾਰੇ ਪਾਸੇ ਚਾਰ ਹੋਰ ਇਮਾਰਤਾਂ ਵੀ ਸਨ। ਇਨ੍ਹਾਂ ਇਮਾਰਤਾਂ ਦੇ ਕੁਝ ਭਾਗ ਹੁਣ ਤੱਕ ਬਚੇ ਹੋਏ ਹਨ। ਅਸੀਂ ਇਸ ਗੱਲ ਦਾ ਸਹਿਜੇ ਅੰਦਾਜ਼ਾ ਨਹੀਂ ਲਾ ਸਕਦੇ ਕਿ ਆਪਣੇ ਸਮੇਂ ਇਹ ਘੰਟਾ ਘਰ ਕਿੰਨਾ ਮਹੱਤਵਪੂਰਨ ਹੋਵੇਗਾ, ਜਦੋਂ ਕਿਸੇ ਬੰਦੇ ਕੋਲ ਨਿੱਜੀ ਤੌਰ ’ਤੇ ਘੜੀ ਨਹੀਂ ਸੀ ਹੁੰਦੀ।
ਕਿਲ੍ਹਾ ਮੁਬਾਰਕ
ਯੂਰਪੀ ਤੇ ਭਾਰਤੀ ਸ਼ਿਲਪਕਾਰਾਂ ਵੱਲੋਂ 10 ਏਕੜ ’ਚ ਬਣੇ ਇਸ ਕਿਲ੍ਹੇ ਦੀ ਬਣਤਰ ਹਰ ਪੱਖੋਂ ਲਾਜਵਾਬ ਹੈ। ਕਿਲ੍ਹਾ ਮੁਬਾਰਕ ਦੀ ਮੁੱਢਲੀ ਉਸਾਰੀ ਰਾਜਾ ਮੋਕਲਸੀ ਨੇ ਕਰਵਾਈ । ਸਾਲ 1732 ਈਸਵੀ ਵਿਚ ਬਣੇ ਇਸ ਇਤਿਹਾਸਕ ਕਿਲ੍ਹੇ ਨੂੰ ਅੱਜ ਵੀ ਫ਼ਰੀਦਕੋਟ ਦੀ ਸ਼ਾਨ ਮੰਨਿਆ ਜਾਂਦਾ ਹੈ। ਇਸ ਕਿਲ੍ਹੇ ਦੀ ਮੁੜ ਉਸਾਰੀ 1890 ਵਿਚ ਮਹਾਰਾਜਾ ਬਿਕਰਮ ਸਿੰਘ ਤੇ ਰਾਜਾ ਬਲਬੀਰ ਸਿੰਘ ਨੇ ਕਰਵਾਈ। ਇਸ ਕਿਲ੍ਹੇ ’ਚ ਜੈਸਲਮੇਰ ਲੱਕੜੀ ਨਾਲ ਬਣਿਆ ਮੋਤੀ ਮਹਿਲ, ਮਹਿਲ ਮੁਬਾਰਕ, ਤੋਸ਼ਾਖਾਨਾ, ਦਰਸ਼ਨੀ ਡਿਓੜੀ, ਸ਼ੀਸ ਮਹਿਲ ਆਦਿ ਬਣੇ ਹੋਏ ਹਨ। ਇਸ ਕਿਲ੍ਹੇ ਦੀ ਉਸਾਰੀ ਵੇਲੇ ਛੱਤਾਂ ’ਤੇ ਕੀਤਾ ਗਿਆ ਪਲਾਸਟਰ ਆਫ ਪੈਰਿਸ ਦਾ ਕੰਮ ਤੇ ਦੀਵਾਰਾਂ ’ਤੇ ਕੀਤੀ ਗਈ ਖ਼ੂਬਸੂਰਤ ਲੱਕੜੀ ਦੀ ਪੈਨਲਿੰਗ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ। ਇਸ ਕਿਲ੍ਹੇ ’ਚ ਬਾਬਾ ਫ਼ਰੀਦ ਜੀ ਵੱਲੋਂ ਵੰਗਾਰ ’ਤੇ ਕੰਮ ਕੀਤਾ ਮੰਨਿਆ ਜਾਂਦਾ ਹੈ।
ਰਾਜ ਮਹਿਲ
14 ਏਕੜ ’ਚ ਤਿਰਛੀਆ ਮੀਨਾਰਾਂ ਤੇ ਨੁਕੀਲੇ ਗੁੰਬਦਾਂ ਨਾਲ ਫ਼ਾਰਸੀਸੀ ਡਿਜ਼ਾਈਨ ਦੇ ਆਧਾਰ ’ਤੇ 1885 ਈਸਵੀ ਵਿਚ ਇਹ ਸ਼ਾਨਦਾਰ ਇਮਾਰਤ ਸ਼ਾਹੀ ਪ੍ਰਵਾਰ ਦੀ ਰਿਹਾਇਸ਼ ਲਈ ਬਣਾਈ ਗਈ ਸੀ। ਸ਼ਹਿਰ ਦੀ ਠੰਢੀ ਸੜਕ ਨਾਂ ਨਾਲ ਮਸ਼ਹੂਰ ਦੀ ਮਾਲ ’ਤੇ ਬਣੇ ਰਾਜ ਮਹਿਲ ਵਿਚ 37 ਕਮਰੇ, ਬੱਚਿਆ ਲਈ ਸਵੀਮਿੰਗ ਪੂਲ ਦੇ ਨਾਲ-ਤਿੰਨ ਡੋਲ ਹਾਊਸ ਬਣੇ ਹੋਏ ਹਨ। ਇਸ ਰਾਜ ਮਹਿਲ ਵਿਚ ਅੱਜ ਵੀ ਸ਼ਾਹੀ ਪਰਿਵਾਰ ਦੇ ਵਾਰਸ ਰਹਿ ਰਹੇ ਹਨ।
- ਸਤੀਸ਼ ਕੁਮਾਰ