ਕੀ ਤੁਸੀਂ ਦੇਖਿਆ ਹੈ ਭਾਰਤ ਦਾ 'ਮਿਨੀ ਸਵਿਟਜ਼ਰਲੈਂਡ'? ਡਲਹੌਜ਼ੀ ਤੋਂ ਸਿਰਫ਼ 22 ਕਿਲੋਮੀਟਰ ਦੂਰ ਵਸੀ ਹੈ ਇਹ ਜੰਨਤ
ਸਵਿਟਜ਼ਰਲੈਂਡ ਆਪਣੀਆਂ ਖੂਬਸੂਰਤ ਵਾਦੀਆਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਦੁਨੀਆ ਭਰ ਦੇ ਸੈਲਾਨੀ ਇਸ ਖੂਬਸੂਰਤ ਦੇਸ਼ ਵਿੱਚ ਛੁੱਟੀਆਂ ਮਨਾਉਣ ਆਉਂਦੇ ਹਨ ਪਰ ਤੁਸੀਂ ਲੱਖਾਂ ਰੁਪਏ ਖਰਚ ਕੀਤੇ ਬਿਨਾਂ ਅਤੇ ਵੀਜ਼ਾ ਦੇ ਝੰਜਟ ਤੋਂ ਬਿਨਾਂ ਵੀ ਸਵਿਟਜ਼ਰਲੈਂਡ ਵਰਗੀਆਂ ਖੂਬਸੂਰਤ ਵਾਦੀਆਂ ਦੇਖ ਸਕਦੇ ਹੋ।
Publish Date: Mon, 15 Jun 2026 04:55 PM (IST)
Updated Date: Mon, 15 Jun 2026 04:59 PM (IST)

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਸਵਿਟਜ਼ਰਲੈਂਡ ਆਪਣੀਆਂ ਖੂਬਸੂਰਤ ਵਾਦੀਆਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਦੁਨੀਆ ਭਰ ਦੇ ਸੈਲਾਨੀ ਇਸ ਖੂਬਸੂਰਤ ਦੇਸ਼ ਵਿੱਚ ਛੁੱਟੀਆਂ ਮਨਾਉਣ ਆਉਂਦੇ ਹਨ ਪਰ ਤੁਸੀਂ ਲੱਖਾਂ ਰੁਪਏ ਖਰਚ ਕੀਤੇ ਬਿਨਾਂ ਅਤੇ ਵੀਜ਼ਾ ਦੇ ਝੰਜਟ ਤੋਂ ਬਿਨਾਂ ਵੀ ਸਵਿਟਜ਼ਰਲੈਂਡ ਵਰਗੀਆਂ ਖੂਬਸੂਰਤ ਵਾਦੀਆਂ ਦੇਖ ਸਕਦੇ ਹੋ।
ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਖੱਜੀਆਰ ਦੀ, ਜਿਸ ਨੂੰ ਭਾਰਤ ਦਾ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਇਹ ਸਮੁੰਦਰ ਤਲ ਤੋਂ ਲਗਪਗ 6,500 ਫੁੱਟ ਦੀ ਉਚਾਈ 'ਤੇ ਵਸਿਆ ਇੱਕ ਛੋਟਾ ਜਿਹਾ ਹਿੱਲ ਸਟੇਸ਼ਨ ਹੈ, ਜੋ ਆਪਣੇ ਵਿਸ਼ਾਲ ਹਰੇ-ਭਰੇ ਘਾਹ ਦੇ ਮੈਦਾਨਾਂ, ਦੇਵਦਾਰ ਦੇ ਜੰਗਲਾਂ ਅਤੇ ਖੂਬਸੂਰਤ ਝੀਲ ਲਈ ਮਸ਼ਹੂਰ ਹੈ। ਆਓ ਜਾਣਦੇ ਹਾਂ ਇਸ ਖੂਬਸੂਰਤ ਹਿੱਲ ਸਟੇਸ਼ਨ ਬਾਰੇ।
ਖੱਜੀਆਰ ਨੂੰ ਕਿਉਂ ਮਿਲਿਆ ਇਹ ਨਾਮ?
7 ਜੁਲਾਈ 1992 ਨੂੰ ਸਵਿਟਜ਼ਰਲੈਂਡ ਦੇ ਤਤਕਾਲੀ ਵਾਈਸ-ਕੌਂਸਲਰ ਵਿਲੀ ਪੀ. ਬਲੇਜ਼ਰ ਨੇ ਖੱਜੀਆਰ ਦੀ ਬੇਮਿਸਾਲ ਖੂਬਸੂਰਤੀ ਅਤੇ ਉੱਥੋਂ ਦੀ ਭੂਗੋਲਿਕ ਬਣਤਰ ਨੂੰ ਦੇਖ ਕੇ ਇਸ ਨੂੰ 'ਮਿਨੀ ਸਵਿਟਜ਼ਰਲੈਂਡ' ਦਾ ਖਿਤਾਬ ਦਿੱਤਾ ਸੀ। ਉਨ੍ਹਾਂ ਨੇ ਇੱਥੇ ਇੱਕ ਸਾਈਨਬੋਰਡ ਵੀ ਲਗਾਇਆ ਸੀ, ਜੋ ਇਹ ਦਿਖਾਉਂਦਾ ਹੈ ਕਿ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਇੱਥੋਂ ਕਿੰਨੀ ਦੂਰ ਹੈ। ਖੱਜੀਆਰ ਦੁਨੀਆ ਦੀਆਂ ਉਨ੍ਹਾਂ ਚੋਣਵੀਆਂ ਥਾਵਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਖੂਬਸੂਰਤੀ ਹੂ-ਬ-ਹੂ ਸਵਿਟਜ਼ਰਲੈਂਡ ਨਾਲ ਮਿਲਦੀ ਹੈ।
ਖੱਜੀਆਰ ’ਚ ਘੁੰਮਣ ਵਾਲੀਆਂ ਮੁੱਖ ਥਾਵਾਂ
ਖੱਜੀਆਰ ਝੀਲ: ਇਸ ਖੂਬਸੂਰਤ ਮੈਦਾਨ ਦੇ ਵਿਚਕਾਰ ਇੱਕ ਕੁਦਰਤੀ ਝੀਲ ਹੈ। ਇਸ ਦੇ ਚਾਰੋਂ ਪਾਸੇ ਫੈਲੀ ਹਰਿਆਲੀ ਅਤੇ ਝੀਲ ਦਾ ਸਾਫ਼ ਪਾਣੀ ਕੁਦਰਤ ਦੇ ਬਹੁਤ ਕਰੀਬ ਹੋਣ ਦਾ ਅਹਿਸਾਸ ਕਰਵਾਉਂਦਾ ਹੈ।
ਕਾਲਾਟਾਪ ਵਾਈਲਡ ਲਾਈਫ ਸੈਂਚੁਰੀ: ਬਲੈਕ ਬੀਅਰ (ਕਾਲਾ ਰਿੱਛ), ਚੀਤਾ, ਹਿਰਨ ਅਤੇ ਹੋਰ ਵੀ ਕਈ ਜੰਗਲੀ ਜੀਵ ਇਸ ਸੈਂਚੁਰੀ ਵਿੱਚ ਰਹਿੰਦੇ ਹਨ। ਇੱਥੇ ਤੁਹਾਨੂੰ ਕਈ ਤਰ੍ਹਾਂ ਦੇ ਪਹਾੜੀ ਪੌਦੇ ਵੀ ਦੇਖਣ ਨੂੰ ਮਿਲਦੇ ਹਨ, ਜੋ ਇੱਥੋਂ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ।
ਡੈਨਕੁੰਡ ਪੀਕ: ਜੇਕਰ ਤੁਹਾਨੂੰ ਟ੍ਰੈਕਿੰਗ ਦਾ ਸ਼ੌਕ ਹੈ, ਤਾਂ ਖੱਜੀਆਰ ਦੇ ਕੋਲ ਸਥਿਤ ਇਸ ਚੋਟੀ 'ਤੇ ਜ਼ਰੂਰ ਜਾਓ। ਇੱਥੋਂ ਪੂਰੀ ਘਾਟੀ ਦਾ ਬੇਹੱਦ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।
ਖੱਜੀ ਨਾਗ ਮੰਦਰ: ਖੱਜੀਆਰ ਝੀਲ ਤੋਂ ਕੁਝ ਹੀ ਦੂਰੀ 'ਤੇ 12ਵੀਂ ਸਦੀ ਦਾ ਇਤਿਹਾਸਕ ਖੱਜੀ ਨਾਗ ਮੰਦਰ ਸਥਿਤ ਹੈ। ਇਹ ਨਾਗ ਦੇਵਤਾ ਨੂੰ ਸਮਰਪਿਤ ਹੈ।
ਖੱਜੀਆਰ ਘੁੰਮਣ ਲਈ ਜ਼ਰੂਰੀ ਟ੍ਰੈਵਲ ਟਿਪਸ
ਇੱਥੇ ਘੁੰਮਣ ਦਾ ਸਭ ਤੋਂ ਵਧੀਆ ਸਮਾਂ ਮਾਰਚ ਤੋਂ ਜੂਨ ਤੱਕ ਦਾ ਹੈ, ਜਦੋਂ ਤੁਸੀਂ ਚਾਰੋਂ ਪਾਸੇ ਫੈਲੀ ਹਰਿਆਲੀ ਦੇਖ ਸਕਦੇ ਹੋ। ਜੇਕਰ ਤੁਸੀਂ ਬਰਫ਼ਬਾਰੀ ਦੇਖਣੀ ਹੈ, ਤਾਂ ਤੁਸੀਂ ਦਸੰਬਰ ਤੋਂ ਫਰਵਰੀ ਦੇ ਮਹੀਨੇ ਵਿੱਚ ਜਾਓ। ਇਸ ਸਮੇਂ ਵਾਦੀਆਂ ਬਰਫ਼ ਦੀ ਚਿੱਟੀ ਚਾਦਰ ਵਿੱਚ ਲਿਪਟ ਜਾਂਦੀਆਂ ਹਨ।
ਇੱਥੇ ਤੁਸੀਂ ਜ਼ੋਰਬਿੰਗ, ਪੈਰਾਗਲਾਈਡਿੰਗ, ਘੋੜਸਵਾਰੀ ਅਤੇ ਟ੍ਰੈਕਿੰਗ ਵਰਗੀਆਂ ਮਜ਼ੇਦਾਰ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਸਕਦੇ ਹੋ। ਨਾਲ ਹੀ, ਇਸ ਗੱਲ ਦਾ ਧਿਆਨ ਰੱਖੋ ਕਿ ਗਰਮੀ ਦੇ ਮੌਸਮ ਵਿੱਚ ਵੀ ਆਪਣੇ ਨਾਲ ਇੱਕ ਹਲਕੀ ਜੈਕਟ ਜ਼ਰੂਰ ਰੱਖੋ, ਕਿਉਂਕਿ ਸ਼ਾਮ ਨੂੰ ਠੰਡ ਵਧ ਜਾਂਦੀ ਹੈ।
ਉੱਥੇ ਕਿਵੇਂ ਪਹੁੰਚੀਏ?
ਹਵਾਈ ਮਾਰਗ: ਤੁਸੀਂ ਇੱਥੇ ਹਵਾਈ ਮਾਰਗ ਰਾਹੀਂ ਵੀ ਪਹੁੰਚ ਸਕਦੇ ਹੋ। ਖੱਜੀਆਰ ਦਾ ਸਭ ਤੋਂ ਨਜ਼ਦੀਕੀ ਐੇਅਰਪੋਰਟ ਕਾਂਗੜਾ ਦਾ ਗੱਗਲ ਏਅਰਪੋਰਟ ਹੈ, ਜੋ ਇੱਥੋਂ ਲਗਪਗ 130 ਕਿਲੋਮੀਟਰ ਦੂਰ ਹੈ।
ਰੇਲ ਮਾਰਗ: ਰੇਲ ਮਾਰਗ ਰਾਹੀਂ ਤੁਹਾਨੂੰ ਪਹਿਲਾਂ ਪਠਾਨਕੋਟ ਰੇਲਵੇ ਸਟੇਸ਼ਨ ਉਤਰਨਾ ਪਵੇਗਾ, ਜਿੱਥੋਂ ਖੱਜੀਆਰ 80-95 ਕਿਲੋਮੀਟਰ ਦੀ ਦੂਰੀ 'ਤੇ ਹੈ। ਸਟੇਸ਼ਨ ਤੋਂ ਤੁਸੀਂ ਟੈਕਸੀ ਜਾਂ ਬੱਸ ਲੈ ਸਕਦੇ ਹੋ।
ਸੜਕ ਮਾਰਗ: ਸੜਕ ਰਾਹੀਂ ਖੱਜੀਆਰ, ਡਲਹੌਜ਼ੀ ਤੋਂ ਸਿਰਫ਼ 22 ਕਿਲੋਮੀਟਰ ਦੂਰ ਹੈ। ਤੁਸੀਂ ਡਲਹੌਜ਼ੀ ਤੱਕ ਆਸਾਨੀ ਨਾਲ ਬੱਸ ਜਾਂ ਕਾਰ ਰਾਹੀਂ ਆ ਸਕਦੇ ਹੋ ਅਤੇ ਉੱਥੋਂ ਖੱਜੀਆਰ ਪਹੁੰਚ ਸਕਦੇ ਹੋ।