- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਦਰ ਦੀ ਬਣਾਈ ਇਹ ਕੁਦਰਤ ਬਹੁਤ ਖ਼ੂਬਸੂਰਤ ਹੈ ਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈਣਾ, ਘੁੰਮ-ਫਿਰ ਕੇ ਨਵੀਆਂ ਥਾਵਾਂ ਵੇਖਣਾ ਮਨੁੱਖ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਹੈ। ਬੀਤੇ ਸਮੇ ਦੌਰਾਨ ਲੋਕ ਆਪਣੀਆਂ ਯਾਤਰਾਵਾਂ ਦੇ ਤਜਰਬੇ ਕਿਤਾਬਾਂ ਰਾਹੀਂ ਲੋਕਾਂ ਨਾਲ ਸਾਂਝੇ ਕਰਦੇ ਸਨ। ਸੰਸਾਰ ਦੇ ਪ੍ਰਸਿੱਧ ਯਾਤਰੀਆਂ ਨੇ ਮਨੁੱਖਤਾ ਦੇ ਗਿਆਨ-ਭੰਡਾਰ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਕਾਦਰ ਦੀ ਬਣਾਈ ਇਹ ਕੁਦਰਤ ਬਹੁਤ ਖ਼ੂਬਸੂਰਤ ਹੈ ਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲੈਣਾ, ਘੁੰਮ-ਫਿਰ ਕੇ ਨਵੀਆਂ ਥਾਵਾਂ ਵੇਖਣਾ ਮਨੁੱਖ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਹੈ। ਬੀਤੇ ਸਮੇ ਦੌਰਾਨ ਲੋਕ ਆਪਣੀਆਂ ਯਾਤਰਾਵਾਂ ਦੇ ਤਜਰਬੇ ਕਿਤਾਬਾਂ ਰਾਹੀਂ ਲੋਕਾਂ ਨਾਲ ਸਾਂਝੇ ਕਰਦੇ ਸਨ। ਸੰਸਾਰ ਦੇ ਪ੍ਰਸਿੱਧ ਯਾਤਰੀਆਂ ਨੇ ਮਨੁੱਖਤਾ ਦੇ ਗਿਆਨ-ਭੰਡਾਰ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਟਲੀ ਦੇ ਪ੍ਰਸਿੱਧ ਵਪਾਰੀ ਮਾਰਕੋ ਪੋਲੋ, ਮੋਰੱਕੋ ਦੇ ਪ੍ਰਸਿੱਧ ਮੁਸਲਿਮ ਯਾਤਰੀ ਇਬਨ ਬਤੂਤਾ ਤੇ ਉਨ੍ਹਾਂ ਤੋਂ ਬਾਅਦ ਚੀਨ ਦੇ ਬੋਧੀ ਭਿਕਸ਼ੂ ਤੇ ਵਿਦਵਾਨ ਹਿਊਨ ਸਾਂਗ ਨੇ ਆਪਣੀਆਂ ਲਿਖਤਾਂ ਰਾਹੀਂ ਦੂਰ-ਦੁਰਾਡੇ ਦੇਸ਼ਾਂ ਦੀ ਜਾਣਕਾਰੀ ਦਿੱਤੀ। ਭਾਰਤੀ ਖਿੱਤੇ ਦੀ ਗੱਲ ਕਰੀਏ ਤਾਂ ਰਾਹੁਲ ਸਾਂਕ੍ਰਿਤਯਾਯਨ ਜਿਨ੍ਹਾਂ ਨੂੰ ਦੇਸ਼ ਦੇ ਮਹਾਪੰਡਿਤ ਵੀ ਕਿਹਾ ਗਿਆ ਹੈ, ਦੀਆਂ ਯਾਤਰਾਵਾਂ ਤੇ ਸਾਹਿਤ ਰਚਨਾ ਅਤੇ ਪ੍ਰਸਿੱਧ ਫਿਲਮਕਾਰ ਬਲਰਾਜ ਸਾਹਨੀ ਦੀਆਂ ਪੰਜਾਬੀ ਸਾਹਿਤ ਰਚਨਾਵਾਂ ਤੇ ਸਫ਼ਰਨਾਮਿਆਂ ਤੋਂ ਭਲਾ ਕੌਣ ਵਾਕਫ਼ ਨਹੀਂ ਹੈ। ਯਾਤਰੀਆਂ ਦੀ ਇਹ ਫਹਿਰਿਸਤ ਬਹੁਤ ਲੰਮੀ ਹੈ ਪਰ ਮੌਜੂਦਾ ਸਮਾਂ ਸੋਸ਼ਲ ਮੀਡੀਆ ਤੇ ਇੰਟਰਨੈੱਟ ਦਾ ਹੈ। ਸੋਸ਼ਲ ਮੀਡੀਆ ਨੇ ਦੁਨੀਆ ਘੁੰਮਣ ਦਾ ਰਾਹ ਬਹੁਤ ਸੁਖਾਲਾ ਕਰ ਦਿੱਤਾ ਹੈ। ਹੁਣ ਬਹੁਤ ਸਾਰੇ ਯਾਤਰੀ (ਘੁਮੱਕੜ) ਖ਼ੁਦ ਵੀ ਦੇਸ਼-ਦੁਨੀਆ ਦੀ ਸੈਰ ਕਰਦੇ ਹਨ ਤੇ ਨਾਲੋ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਯੂ-ਟਿਊਬ, ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਆਦਿ ਰਾਹੀਂ ਲੋਕਾਂ ਨੂੰ ਵੀਡੀਓ ਬਲੌਗਾਂ ਰਾਹੀਂ ਵਿਖਾ ਰਹੇ ਹਨ। ਉਹ ਆਪਣਾ ਚੈਨਲ, ਪੇਜ ਜਾਂ ਅਕਾਊਂਟ ਮੌਨਿਟਾਈਜ਼ ਕਰਵਾ ਕੇ ਨਾਲੋ-ਨਾਲ ਕਮਾਈ ਵੀ ਕਰ ਰਹੇ ਹਨ। ਇਨ੍ਹਾਂ ਨੂੰ ਭਾਵੇਂ ਸੋਸ਼ਲ ਮੀਡੀਆ ਇਨਫਲੂਐਂਸਰ ਆਖ ਲਵੋ ਜਾਂ ਟਰੈਵਲ ਵਲੌਗਰ (ਬਲੌਗਰ) ਪਰ ਅਸਲ ’ਚ ਇਹ ਹਨ ਡਿਜੀਟਲ ਕੰਟੈਂਟ ਕ੍ਰਿਏਟਰ। ਅਨੇਕਾਂ ਦੇਸ਼ਾਂ, ਰਾਜਾਂ ਤੇ ਭਾਸ਼ਾਵਾਂ ਦੇ ਟਰੈਵਲ ਬਲੌਗਰ ਹਨ ਪਰ ਹੱਥਲੇ ਲੇਖ ’ਚ ਅਸੀਂ ਸਿਰਫ਼ ਪੰਜਾਬੀ ਜ਼ੁਬਾਨ ਨਾਲ ਸਬੰਧਿਤ ਟਰੈਵਲ ਬਲੌਗਰਾਂ ਬਾਰੇ ਹੀ ਜਾਣਕਾਰੀ ਸਾਂਝੀ ਕਰਾਂਗੇ।
ਦੁਨੀਆ ਦੇਖਣ ਦਾ ਸ਼ੌਕ ਬਣਿਆ ਪੇਸ਼ਾ
ਰਿਪਨਦੀਪ ਸਿੰਘ ਤੇ ਖੁਸ਼ੀ ਦਾ ਚੈਨਲ ਹੈ ਪੰਜਾਬੀ ਟਰੈਵਲ ਕਪਲ। ਇਹ ਜੋੜੀ ਬਰਨਾਲਾ ਜ਼ਿਲ੍ਹੇ ਦੇ ਰਾਜੀਆ ਪਿੰਡ ਤੋਂ ਹੈ। ਪਹਿਲੋ-ਪਹਿਲ ਇਨ੍ਹਾਂ ਨੇ ਯੂ-ਟਿਊਬ ਵੀਡੀਓ ਬਣਾਉਣੀਆਂ ਸ਼ੌਕ ਵਜੋਂ ਸ਼ੁਰੂ ਕੀਤੀਆਂ ਸਨ। ਹੌਲੀ-ਹੌਲੀ ਲੋਕ ਜੁੜਦੇ ਗਏ, ਹੌਸਲਾ ਵਧਦਾ ਗਿਆ ਤੇ ਦੁਨੀਆ ਵੇਖਣ ਦਾ ਸ਼ੌਕ ਪੇਸ਼ਾ ਬਣ ਗਿਆ। 2019 ’ਚ ਰੋਡ ਟਰਿੱਪ ਰਾਹੀਂ ਇੰਡੋਨੇਸ਼ੀਆ ਤੱਕ ਗਏ। ਨਾਲ ਹੋਰ ਯੂਨੀਵਰਿਸਟੀ ਦੇ ਦੋਸਤ ਵੀ ਸਨ ਤੇ ਬਰ੍ਹਮਾ, ਥਾਈਲੈਂਡ, ਲਾਓ, ਕੰਬੋਡੀਆ, ਵੀਅਤਨਾਮ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆਸੱਤ-ਅੱਠ ਦੇਸ਼ਾਂ ਦਾ ਟੂਰ ਕੱਢਿਆ। ਤਕਰੀਬਨ ਦੋ ਮਹੀਨੇ ਲੱਗੇ, ਸਾਊਥ-ਈਸਟ ਏਸ਼ੀਆ ਦਾ ਦੌਰਾ ਪੂਰਾ ਕੀਤਾ। ਹੁਣ ਜਿਸ ਮੁਕਾਮ ’ਤੇ ਪੁੱਜੇ ਹਨ, ਇਥੇ ਪੁੱਜਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਜਿਨ੍ਹਾਂ ਦੇਸ਼ਾਂ ’ਚ ਲੋਕ 25 ਤੋਂ 50 ਲੱਖ ਰੁਪਏ ਖ਼ਰਚ ਕਰ ਕੇ ਜਾਂ ਹੋਰ ਢੰਗ ਤਰੀਕਿਆਂ ਰਾਹੀਂ ਪੁੱਜਦੇ ਹਨ, ਉਨ੍ਹਾਂ ਦੇਸ਼ਾਂ ਦੇ ਵੀਜ਼ੇ ਬਹੁਤ ਆਸਾਨੀ ਨਾਲ ਮਿਲੇ।
ਮਜ਼ਾਕੀਆ ਤੌਰ ’ਤੇ ਰੱਖਿਆ ਸੀ ਚੈਨਲ ਦਾ ਨਾਂ
ਪਰਗਟ ਦਾ ਚੈਨਲ ਹੈ ਫਲੌਪ ਯੂਟਿਊਬਰ। ਪਰਗਟ ਸਿੰਘ ਨੂੰ ਪਰਗਟ ਖੋਖਰ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਸੰਗਰੂਰ ਦੇ ਪਿੰਡ ਖੋਖਰ ਨਾਲ ਸਬੰਧਿਤ ਹੈ। 2016-17 ਤੋਂ ਗਾਇਕਾਂ ਦੀਆਂ ਵੀਡੀਓ ਬਣਾ ਕੇ ਯੂਟਿਊਬ ’ਤੇ ਅਪਲੋਡ ਕਰਦੇ ਸਨ। ਉਸ ਨੇ ਟਰੈਵਲ ਵੀਡੀਓਜ਼ ਬਣਾਉਣ ਦੀ ਸ਼ੁਰੁਆਤ 2018 ’ਚ ਕੀਤੀ ਸੀ। ਸ਼ੁਰੂਆਤ ’ਚ ਚੈਨਲ ਦਾ ਨਾਂ ਫਲੌਪ ਯੂਟਿਊਬਰ ਮਜ਼ਾਕੀਆ ਤੌਰ ’ਤੇ ਰੱਖਿਆ ਸੀ। ਪਰਗਟ ਨੂੰ ਸਾਈਕੋਲੌਜੀ ਆਫ ਬ੍ਰਾਂਡਿੰਗ ਆਰਟੀਕਲ ਪੜ੍ਹ ਕੇ ਚੈਨਲ ਦਾ ਨਾਂ ਅਹੁੜਿਆ ਸੀ ਕਿ ਨਾਂ ਵੱਖਰਾ ਜਿਹਾ ਹੋਣਾ ਚਾਹੀਦਾ ਹੈ। ਬਾਅਦ ’ਚ ਇਸੇ ਨਾਂ ਤੋਂ ਪ੍ਰਸਿੱਧੀ ਮਿਲੀ। 2020 ਵਿਚ ਉਸ ਨੇ ਲਗਪਗ 40 ਹਜ਼ਾਰ ਰੁਪਏ ਦੇ ਥੋੜ੍ਹੇ ਜਿਹੇ ਬਜਟ ਨਾਲ ਪੂਰੇ ਭਾਰਤ ਦੀ ਯਾਤਰਾ ਸ਼ੁਰੂ ਕੀਤੀ ਸੀ। ਇਸ ਦੌਰਾਨ ਉਹ ਅਕਸਰ ਗੁਰੂਘਰਾਂ, ਧਰਮਸ਼ਾਲਾਵਾਂ ਤੇ ਰੇਲਵੇ ਸਟੇਸ਼ਨਾਂ ’ਤੇ ਰੁਕਿਆ। ਬਾਅਦ ’ਚ ਉਸ ਨੇ ਕੌਮਾਂਤਰੀ ਬੈਕਪੈਕਿੰਗ ਤੇ ਹਿਚਹਾਈਕਿੰਗ (ਮੁਫ਼ਤ ਜਾਂ ਘੱਟ ਖ਼ਰਚ ਵਿਚ ਗੱਡੀਆਂ ਰਾਹੀਂ ਯਾਤਰਾ) ਸ਼ੁਰੂ ਕੀਤੀ। ਉਹ ਹਣ ਤੱਕ 35-40 ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਹੈ। ਪਟਿਆਲਾ ਦੇ ਮੋਦੀ ਕਾਲਜ ’ਚ ਪੜ੍ਹੇ ਪਰਗਟ ਨੇ ਮੁੰਬਈਕਰ ਨਿਖਿਲ ਨੂੰ ਵੇਖ ਕੇ ਟਰੈਵਲ ਬਲੌਗਿੰਗ ਸ਼ੁਰੂ ਕੀਤੀ ਸੀ। ਉਹ ਪਹਿਲਾ ਬਲੌਗਰ ਹੈ, ਜਿਸ ਨੇ ਆਪਣੀ ਯੂਟਿਊਬ ਤੋਂ ਹੁੰਦੀ ਆਮਦਨੀ ਬਾਰੇ ਵੀ ਇੰਕਸ਼ਾਫ ਕੀਤਾ ਹੈ। ਉਹ ਕਹਿੰਦਾ ਕਿ ਸ਼ੁਰੂਆਤ ’ਚ ਜਿੰਨੇ ਵੀ ਕਮਾਏ, ਸਾਰੇ ਕੰਮ ਵਿਚ ਲਾਏ। ਉਸ ਦਾ ਕਹਿਣਾ ਹੈ ਕਿ ਦੇਸ਼ਾਂ ਦੇ ਦੇਸ਼, ਵੱਧ ਤੋਂ ਵੱਧ ਦੇਸ਼ ਘੁੰਮਣਾ ਸਿਰਫ ਇਕ ਨੰਬਰ ਹੈ, ਘੁੰਮਣ ਦਾ ਮਕਸਦ ਵੱਧ ਤੋਂ ਵੱਧ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ।
ਅੰਟਾਰਕਟਿਕਾ ਜਾਣ ਵਾਲਾ ਪਹਿਲਾ ਪੰਜਾਬੀ
ਨਵਦੀਪ ਬਰਾੜ ਫਾਜ਼ਿਲਕਾ ਜ਼ਿਲ੍ਹੇ ਤੋਂ ਹੈ ਤੇ 12-13 ਸਾਲ ਤੋਂ ਮੁਹਾਲੀ ਵਿਖੇ ਰਹਿ ਰਿਹਾ ਹੈ। ਉਹ ਕ੍ਰਿਕਟ ਖੇਡਣ ਦਾ ਸ਼ੌਕੀਨ ਹੈ। 92 ਦੇਸ਼ ਤੇ 7 ਕੌਂਟੀਨੈਂਟ ਘੁੰਮ ਚੁੱਕਿਆ ਹੈ। ਇਹ ਗਿਣਤੀ ਉਂਝ 100 ਦੇਸ਼ਾਂ ਤੋਂ ਵੱਧ ਹੈ, ਟਰਾਂਜ਼ਿਟ ਵੀਜ਼ੇ ਕਾਰਨ ਕਈ ਦੇਸ਼ਾਂ ਵਿਚ ਤਾਂ ਇਕ ਜਾਂ ਦੋ ਦਿਨ ਬਿਤਾਏ। ਨਵਦੀਪ ਦਾ ਮੰਨਣਾ ਹੈ ਕਿ ਕਮਰਿਆਂ ’ਚ ਬੈਠ ਕੇ ਸਿਰਫ਼ ਸਰਟੀਫਿਕੇਟ ਲੈ ਸਕਦੇ ਹਾਂ ਜਾਂ ਨੌਕਰ ਹੀ ਬਣ ਸਕਦੇ ਹਾਂ। ਇਸ ਲਈ ਟਰੈਵਲ ਕਰਨਾ ਬਹੁਤ ਜ਼ਰੂਰੀ ਹੈ। ਟਰੈਵਲ ਬਹੁਤ ਕੁਝ ਸਿਖਾਉਂਦਾ ਹੈ, ਸੈਂਕੜੇ ਵਿਚਾਰ ਦਿਮਾਗ਼ ਵਿਚ ਆਉਂਦੇ ਹਨ। ਇਜ਼ਰਾਈਲ ਤੇ ਜਾਪਾਨ ਦੀਆਂ ਸਰਕਾਰਾਂ ਘੁੰਮਣ ’ਤੇ ਪੈਸਾ ਖ਼ਰਚ ਕਰਦੀਆਂ ਹਨ। ਸਾਡੇ ਦੇਸ਼ ’ਚ ਬੱਚਿਆਂ ’ਤੇ ਪੜ੍ਹਾਈ ਦਾ ਬੋਝ ਪਾਇਆ ਜਾ ਰਿਹਾ ਹੈ ਪਰ ਬਹੁਤ ਸਾਰੇ ਲੋਕ ਡਿਗਰੀ ਲੈ ਕੇ ਵੀ ਵਿਹਲੇ ਹਨ। ਨਵਦੀਪ 2018 ਤੋਂ ਵੱਖ-ਵੱਖ ਦੇਸ਼ਾਂ ਵਿਚ ਘੁੰਮ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਤੱਕ ਤਾਂ ਇੰਨੀ ਦੁਨੀਆ ਘੁੰਮ ਲਈ ਹੈ ਕਿ ਦੋ ਪਾਸਪੋਰਟ ਮੋਹਰਾਂ ਲੱਗ-ਲੱਗ ਕੇ ਭਰ ਚੁੱਕੇ ਹਨ ਤੇ ਤੀਜਾ ਪਾਸਪੋਰਟ ਚੱਲ ਰਿਹਾ ਹੈ। ਉਹ ਅੰਟਾਰਕਟਿਕਾ ਜਾਣ ਵਾਲਾ ਦੁਨੀਆ ਦਾ ਸਭ ਤੋਂ ਪਹਿਲਾ ਪੰਜਾਬੀ ਹੈ ਤੇ 1932 ਤੋਂ ਹਾਲੇ ਤੱਕ ਸਿਰਫ 7 ਭਾਰਤੀ ਹੀ ਉਥੇ ਪੁੱਜ ਸਕੇ।
ਮੁਕਾਮ ਹਾਸਲ ਕਰਨ ਲਈ ਕੀਤਾ ਲੰਮਾ ਸੰਘਰਸ਼
ਸਿੱਖ ਟਰੈਵਲਰ ਹਰਸਿਮਰਨਜੀਤ ਸਿੰਘ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਊਧਮ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਉਸ ਨੇ ਪੜ੍ਹਾਈ ਮੰਡੀ ਗੋਬਿੰਦਗੜ੍ਹ ’ਚ ਕੀਤੀ, ਫਿਰ ਜੌਬ ਚੰਡੀਗੜ੍ਹ ਵਿਚ ਕੀਤੀ। ਟ੍ਰੇਨਿੰਗ ਦੌਰਾਨ ਹੀ ਨੌਕਰੀ ਲੱਗ ਗਈ ਸੀ। ਉਸ ਨੇ ਪਹਿਲਾਂ ਯੂਟਿਊਬ ਚੈਨਲ ਗੁਰੂਘਰਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤਾ ਸੀ। ਪਹਿਲਾਂ ਕੇਂਦਰ ਸਿਰਫ਼ ਗੁਰੂ ਘਰ ਸਨ ਪਰ ਹੁਣ ਹੌਲੀ-ਹੌਲੀ ਟਰੈਵਲਰ ਵਜੋਂ ਪੱਕੇ ਪੈਰੀਂ ਹੋ ਗਏ। ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਤੋਂ ਬਾਹਰ ਘੁੰਮੇਗਾ। ਹੌਲੀ-ਹੌਲੀ ਰਾਹ ਬਣਦੇ ਗਏ। ਇਕ ਲੱਖ ਕਿਲੋਮੀਟਰ ਤੋਂ ਵੱਧ ਮੋਟਰਸਾਈਕਲ ਦੇਸ਼ ’ਚ ਚਲਾਇਆ। ਫਿਰ ਵਿਦੇਸ਼ਾਂ ਦੇ ਦੌਰੇ ਸ਼ੁਰੂ ਕੀਤੇ। ਉਸ ਨੇ 2021 ਦੇ ਅਖ਼ੀਰ ’ਚ ਸ਼ੁਰੂ ਕੀਤੀ ਸੀ ਯਾਤਰਾ। ਉਹ ਦੱਸਦਾ ਹੈ ਕਿ ਸ਼ੁਰੂਆਤ ਵਿਚ 4-5 ਮਿੰਟ ਦੇ ਧਾਰਮਿਕ ਬਲੌਗ ਤਿਆਰ ਕੀਤੇ। ਹੌਲੀ-ਹੌਲੀ ਵੱਡੀਆਂ ਵੀਡੀਓਜ਼ ਬਣਾਈਆਂ। ਫਿਰ ਚੈਨਲ ਮੌਨਿਟਾਈਜ਼ ਕੀਤਾ ਤੇ ਪੈਸਾ ਆਉਣਾ ਸ਼ੁਰੂ ਹੋ ਗਿਆ। ਗੁਰੂਘਰ ਤੋਂ ਅਜਿਹਾ ਆਸ਼ੀਰਵਾਦ ਮਿਲਿਆ ਕਿ ਮੁੜ ਕੇ ਪਿੱਛੇ ਨਹੀਂ ਵੇਖਿਆ। ਇਤਿਹਾਸਕ ਧਾਰਮਿਕ ਅਸਥਾਨਾਂ ਬਾਰੇ ਪਹਿਲਾਂ ਪਰਿਵਾਰ ਤੋਂ ਹੀ ਸੁਣਿਆ ਸੀ। ਵੀਡੀਓ ਬਣਾਉਣ ਲਈ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਤੋਂ ਪ੍ਰੇਰਿਤ ਹੋਇਆ। ਉਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ, ਬੋਲਣ ਦਾ ਤਰੀਕਾ, ਸ਼ਬਦਾਂ ਦੀ ਚੋਣ ਵੀ ਉਨ੍ਹਾਂ ਤੋਂ ਹੀ ਸਿੱਖੀ। ਇੰਟਰਨੈਸ਼ਨਲ ਦੌਰੇ ਉਦੋਂ ਸ਼ੁਰੂ ਕੀਤੇ, ਜਦੋਂ ਪੂਰਾ ਆਤਮ-ਵਿਸ਼ਵਾਸ ਹੋ ਗਿਆ। ਪਹਿਲਾਂ ਸ਼੍ਰੀਲੰਕਾ ਗਏ ਪਰ ਗੱਲ ਨਾ ਬਣੀ। ਹੁਣ ਜਿਸ ਮੁਕਾਮ ’ਤੇ ਹਨ, ਉਸ ਪਿੱਛੇ ਵੱਡਾ ਸੰਘਰਸ਼ ਹੈ। ਜ਼ੀਰੋ ਤੋਂ ਸ਼ੁਰੂਆਤ ਕੀਤੀ ਹੈ। ਹੁਣ ਤੱਕ 22-23 ਮੁਲਕ ਘੁੰਮੇ ਹਨ, ਕੁਝ ਮੁਲਕਾਂ ਦਾ ਟਰਾਂਜ਼ਿਟ ਵੀਜ਼ਾ ਹੀ ਮਿਲਿਆ। ਕਈ ਮੁਲਕਾਂ ’ਚ 30 ਦਿਨ ਲਾਏ ਤੇ ਕਈਆਂ ਵਿਚ 15-15 ਦਿਨ ਲਾਏ। ਕਦੇ ਵੀ ਭਾਵਨਾਤਮਕ ਪਲ ਕੈਮਰੇ ’ਤੇ ਨਹੀਂ ਵਿਖਾਏ।
ਸਾਈਕਲਿਸਟ ਟ੍ਰੈਵਲਰ
ਘੁੱਦਾ ਸਿੰਘ ਚੈਨਲ ਵਾਲੇ ਅੰਮ੍ਰਿਤਪਾਲ ਸਿੰਘ ਘੁੱਦਾ (ਸਾਈਕਲਿਸਟ ਟ੍ਰੈਵਲਰ) ਬਠਿੰਡਾ ਦੇ ਪਿੰਡ ਘੁੱਦਾ ਦਾ ਰਹਿਣ ਵਾਲਾ ਹੈ। ਉਸ ਨੇ ਵਕਾਲਤ ਕੀਤੀ ਹੈ। ਅਪ੍ਰੈਲ 2015 ਤੋਂ ਯੂਟਿਊਬ ਪਰਿਵਾਰ ਨਾਲ ਰਲਿਆ। ਉਹ ਸਾਈਕਲਿਸਟ, ਲੇਖਕ ਤੇ ਗੀਤਕਾਰ ਵੀ ਹੈ। ਸਾਈਕਲ ’ਤੇ ਪਹਿਲਾਂ ਪੰਜਾਬ ਘੁੰਮਿਆ, ਫਿਰ ਸਾਰਾ ਭਾਰਤ। ਅਫਰੀਕਾ ਤੇ ਯੂਰਪ ਵਰਗੇ ਮਹਾਦੀਪ ਸਾਈਕਲ ’ਤੇ ਪਾਰ ਕੀਤੇ। ਸਾਈਕਲ ਯਾਤਰਾ ਬਾਰੇ ਦੱਸਦੇ ਹਨ ਕਿ ਨਵਾਂ ਸਾਈਕਲ ਖ਼ਰੀਦਿਆ ਸੀ ਤੇ ਬੱਸ ਐਵੇਂ ਹੀ ਯਾਤਰਾ ’ਤੇ ਨਿਕਲ ਗਿਆ। ਪਹਿਲਾ ਸਫ਼ਰ ਦੋਸਤ ਸਿਕੰਦਰ ਨਾਲ ਕੀਤਾ। ਪਹਿਲਾਂ-ਪਹਿਲ ਸ਼ੌਕ ਨਾਲ ਗੇੜੇ ਦਿੰਦੇ ਰਹੇ ਤੇ ਗੁਰਧਾਮਾਂ ਦੀ ਯਾਤਰਾ ਕਰਦੇ ਰਹੇ। ਕਦੇ ਨਹੀਂ ਸੀ ਸੋਚਿਆ ਕਿ ਇਸ ਮੁਕਾਮ ’ਤੇ ਪੁੱਜਾਂਗਾ। ਸੋਸ਼ਲ ਮੀਡੀਆ ’ਤੇ ਸਟੋਰੀਆਂ ਪਾਉਣੀਆਂ ਸ਼ੁਰੂ ਕੀਤੀਆਂ। ਫਿਰ ਰਾਜਸਥਾਨ ਦੀ ਯਾਤਰਾ ਕੀਤੀ ਤੇ ਸਫ਼ਰ ਦਾ ਆਨੰਦ ਆਉਣ ਲੱਗ ਪਿਆ। ਸਾਈਕਲ ’ਤੇ ਜਾਣਾ ਆਰਾਮਦਾਇਕ, ਸੌਖਾ ਲੱਗਦਾ ਤੇ ਆਨੰਦ ਬਹੁਤ ਆਉਂਦਾ। ਉਸ ਦਾ ਕਹਿਣਾ ਹੈ ਕਿ ਵੀਡੀਓ ਬਣਾਉਣ ਦਾ ਸਵਾਦ ਸਾਈਕਲ ਯਾਤਰਾ ਦੌਰਾਨ ਹੀ ਆਉਂਦਾ ਹੈ।
ਪੁਰਾਣੇ ਬਲੌਗਰਾਂ ’ਚੋਂ ਹੈ ਸਰਬਜੀਤ ਸਾਬੀ
‘ਓਹੀ ਸਾਬੀ’ ਵਾਲੇ ਸਰਬਜੀਤ ਸਿੰਘ ਸਾਬੀ ਸਭ ਤੋਂ ਪੁਰਾਣੇ ਬਲੌਗਰਾਂ ਵਿੱਚੋਂ ਹੈ। ਉਹ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਤਲਵੰਡੀ ਚੌਧਰੀਆਂ ਦਾ ਰਹਿਣ ਵਾਲੈ ਹੈ ਤੇ ਹੁਣ ਸਪੇਨ ਵਿਚ ਸੈਟਲ ਹੈ। ਫਰਵਰੀ 2005 ਵਿਚ ਉਹ ਸਪੇਨ ਗਿਆ ਤੇ ਉਥੇ ਰੈਸਟੋਰੈਂਟ ਦਾ ਕਾਰੋਬਾਰ ਸ਼ੁਰੂ ਕੀਤਾ। ਕੰਮ ਚੱਲ ਪਿਆ ਤੇ ਉਹ ਉਥੋਂ ਦੇ ਵਸਨੀਕ ਹੋ ਗਿਆ। ਕੰਮ ਦੇ ਨਾਲ-ਨਾਲ ਘੁੰਮਣ ਦਾ ਸ਼ੌਕ ਵੀ ਸੀ ਤੇ ਕੰਮ ਵਿੱਚੋਂ ਸਮਾਂ ਕੱਢ ਕੇ ਦੇਸ਼-ਦੁਨੀਆ ਦੀ ਸੈਰ ’ਤੇ ਤੁਰ ਪਿਆ। ਉਹ ਹੁਣ ਤੱਕ ਲਗਪਗ 50 ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਹਨ ਤੇ ਸਫ਼ਰ ਹਾਲੇ ਜਾਰੀ ਹੈ। ਦੋਸਤ ਇੰਦੀ ਜਸਵਾਲ ਓਰਕੁੱਟ ਵੇਲੇ ਤੋਂ ਵਾਕਿਫ਼ ਸੀ ਤੇ ਵਧੀਆ ਕੰਮ ਕਰਦਾ ਸੀ। ਫਿਰ ਉਹ ਸਪੇਨ ਤੋਂ ਕੈਨੇਡਾ ਗਿਆ ਤੇ 2013-14 ਦੌਰਾਨ ਯੂਟਿਊਬ ’ਤੇ ਵੀਡੀਓ ਪਾਈਆਂ। ਫਿਰ ਉਸੇ ਲਈ ਵੀਡੀਓ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਇੰਦੀ ਜਸਵਾਲ ਤੋਂ ਵੱਖ ਹੋ ਕੇ ਵੱਖਰਾ ਯੂਟਿਊਬ ਚੈਨਲ ਬਣਾਇਆ। ਸ਼ੁਰੂਆਤ ਵਿਚ ਆਪਣੇ ਵਿਚਾਰ ਸ਼ੇਅਰ ਕੀਤੇ, ਜੋ ਕਈ ਵਾਰ ਡਿਸਪਿਊਟ ਵਾਲੇ ਵੀ ਬਣ ਜਾਂਦੇ। ਫਿਰ ਟਰੈਵਲ ਬਲੌਗਿੰਗ ਵਾਲੇ ਪਾਸੇ ਆ ਗਏ। ਯੂਟਿਊਬ ਚੈਨਲ ’ਤੇ ਪਹਿਲਾਂ ਡਿਸਕ੍ਰਿਪਸ਼ਨ ਲਿਖੀ ਸੀ ਕਿ 100 ਦੇਸ਼ ਘੁੰਮਣਾ ਹੈ, ਫਿਰ ਲੱਗਿਆ ਕਿ ਗੱਲ ਆਨੰਦ ਲੈਣ ਦੀ ਹੈ। ਜਿਨ੍ਹਾਂ ਦੇਸ਼ਾਂ ’ਚ ਆਨੰਦ ਆਉਂਦਾ ਹੈ, ਉਥੇ ਹੀ ਜਾਂਦਾ ਹੈ। ਸਾਬੀ ਦਾ ਪਾਸਪੋਰਟ ਦੁਨੀਆ ਦੇ ਸਟਰਾਂਗੈਸਟ ਦੇਸ਼ਾਂ ’ਚੋਂ ਇਕ ਦਾ ਹੈ। 192 ਦੇਸ਼ਾਂ ਵਿੱਚੋਂ ਉਸ ਦੀ ਦੂਜੀ ਜਾਂ ਤੀਜੀ ਰੈਂਕਿੰਗ ਹੈ।
ਪੱਤਰਕਾਰੀ ਤੋਂ ਬਾਅਦ ਦੁਨੀਆ ਘੁੰਮਣ ਦਾ ਲਿਆ ਫ਼ੈਸਲਾ
ਵਾਕ ਵਿਦ ਟੁਰਨਾ ਤੇ ਟਾਕ ਵਿਦ ਟੁਰਨਾ ਚੈਨਲ ਵਾਲੇ ਅਮਰੀਕ ਸਿੰਘ ਟੁਰਨਾ ਤੇ ਮਨਪ੍ਰੀਤ ਕੌਰ ਦੀ ਜੋੜੀ ਦਾ ਸਲੋਗਨ ਹੈ ‘ਟੁਰਦੇ ਰਹੋ, ਦੁਨੀਆ ਵੇਖਦੇ ਰਹੋ।’ ਦੋਵਾਂ ਨੇ ਪੱਤਰਕਾਰਤਾ ਦੇ ਖੇਤਰ ’ਚ ਲੰਮਾ ਸਮਾਂ ਨੌਕਰੀ ਕਰਨ ਤੋਂ ਬਾਅਦ ਦੁਨੀਆ ਘੁੰਮਣ ਦਾ ਫ਼ੈਸਲਾ ਲਿਆ। ਪਹਿਲਾ ਟੂਰ ਪੰਜਾਬ ਤੋਂ ਹੀ ਸ਼ੁਰੂ ਕੀਤਾ ਤੇ ਬਾਅਦ ਵਿਚ ਧਾਰਮਿਕ ਯਾਤਰਾਵਾਂ ਸ਼ੁਰੂ ਕੀਤੀਆਂ ਤੇ ਫਿਰ ਹੋਰ ਸੂਬਿਆਂ ਦੀਆਂ ਪ੍ਰਸਿੱਧ ਥਾਵਾਂ ਦੀ ਬਲੌਗਿੰਗ ਕੀਤੀ। ਦੂਜੇ ਸੂਬਿਆਂ ਵਿਚ ਵਸਦੇ ਸਿੱਖ ਭਾਈਚਾਰੇ ਨਾਲ ਗੱਲਬਾਤ ਦੀਆਂ ਵੀਡੀਓਜ਼ ਬਣਾਈਆਂ, ਜੋ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ। ਹੁਣ ਤੱਕ 8 ਕੁ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਣ ਦੀ ਯੋਜਨਾ ਹੈ। ਕਈ ਵਾਰ ਰੁਝੇਵਿਆਂ ਕਾਰਨ ਘੁੰਮਣ ਦੀ ਵਿਚੋਂ ਲੜੀ ਟੁੱਟ ਵੀ ਗਈ ਪਰ ਹੁਣ ਇਸ ਨੂੰ ਲਗਾਤਾਰ ਜਾਰੀ ਰੱਖਣ ਦੀ ਸੋਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਬਹੁਤ ਯਾਦਗਾਰੀ ਰਹੀ। ਪਹਿਲਾ ਵੀਜ਼ਾ ਪਿਲਗਰਿਮ (ਸ਼ਰਧਾਲੂ) ਸੀ ਤੇ ਦੂਜਾ ਟੂਰਿਸਟ ਵੀਜ਼ਾ ਮਿਲਿਆ। ਪਾਕਿਸਤਾਨ ਦੇ ਦੌਰੇ ਦੀ ਇਕ ਯਾਦਗਾਰ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਉਥੇ ਇਕ ਵਿਆਹ ਅਟੈਂਡ ਕੀਤਾ ਤਾਂ ਉਥੋਂ ਦੇ ਲੋਕਾਂ ਨੇ ਓਨੀਆ ਤਸਵੀਰਾਂ ਲਾੜੇ-ਲਾੜੀ ਨਾਲ ਨਹੀਂ ਕਰਵਾਈਆਂ, ਜਿੰਨੀਆ ਉਨ੍ਹਾਂ ਨਾਲ ਕਰਵਾਈਆਂ। ਉਹ ਕਹਿੰਦੇ ਹਨ ਕਿ ਟੂਰ ’ਤੇ ਜਾਣ ਲਈ ਖ਼ਰਚਾ ਤਾਂ ਆਉਂਦਾ ਹੀ ਹੈ ਪਰ ਕਮਾਈ ਵੀ ਹੁੰਦੀ ਹੈ। ਵਿਦੇਸ਼ ਦੇ ਟੂਰ ’ਤੇ ਲੱਖਾਂ ਰੁਪਏ ਖ਼ਰਚਾ ਆਉਂਦਾ ਹੈ, ਕਈ ਵਾਰ ਘਾਟਾ ਵੀ ਪੈ ਜਾਂਦਾ ਹੈ ਪਰ ਬਹੁਤ ਵਧੀਆ ਚੱਲ ਰਿਹਾ ਹੈ।
ਨੇਵੀ ਸਰਦਾਰ ਨਾਲ ਮਸ਼ੂਹਰ ਗੁਰਜੰਟ ਪੰਨੂ
ਨੇਵੀ ਸਰਦਾਰ ਚੈਨਲ ਵਾਲੇ ਗੁਰਜੰਟ ਸਿੰਘ ਪੰਨੂ (ਤਰਨਤਾਰਨ) ਦੇ ਪਿੰਡ ਪੋਜੀਆਂ ਤੋਂ ਹਨ। ਗੁਰਜੰਟ ਸਿੰਘ ਪੰਨੂ ਨੇਵੀ ਸਰਦਾਰ ਦੇ ਨਾਂ ਨਾਲ ਮਸ਼ਹੂਰ ਹੈ। ਸਮੁੰਦਰੀ ਜਹਾਜ਼ਾਂ ’ਤੇ ਬਤੀਤ ਕੀਤੀ ਜ਼ਿੰਦਗੀ ਦੇ ਤਜਰਬੇ ਯੂਟਿਊਬ ’ਤੇ ਸਾਂਝੇ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਘਰ ਤੇ ਇਕ ਵਾਰ ’ਚ ਨੌਂ ਮਹੀਨੇ ਦਾ ਸਫ਼ਰ, ਉਸ ਤੋਂ ਬਾਅਦ ਫਿਰ ਤਿੰਨ ਮਹੀਨੇ ਦੀਆਂ ਛੁੱਟੀਆਂ। ਗੁਰਜੰਟ ਨੇ ਪੜ੍ਹਾਈ ਬੀਐੱਸਸੀ ਕੰਪਿਊਟਰ ਸਾਇੰਸ ਕੀਤੀ ਤੇ ਜੀਪੀ ਰੇਟਿੰਗ ਦਾ ਕੋਰਸ ਕੀਤਾ। ਮਰਚੈਂਟ ਨੇਵੀ ਵਿਚ 2013 ਤੋਂ ਨੌਕਰੀ ਕਰ ਰਹੇ ਹਨ। ਇਸ ਕੰਮ ਵਿਚ ਇੰਗਲਿਸ਼ ਆਉਣੀ ਲਾਜ਼ਮੀ ਹੈ ਕਿਉਂਕਿ ਇਸ ਕੰਮ ਦੀ ਆਫੀਸ਼ੀਅਲ ਭਾਸ਼ਾ ਇੰਗਲਿਸ਼ ਹੀ ਹੈ। 12 ਮਹੀਨੇ ਦੀ ਟ੍ਰੇਨਿੰਗ ਮਗਰੋਂ ਸਾਊਥ ਅਫ਼ਰੀਕਾ ਦੇ ਡਰਬਨ ਸ਼ਹਿਰ ਤੋਂ ਪਹਿਲੀ ਜੁਆਇਨਿੰਗ ਹੋਈ। ਇਸ ਕੰਮ ਵਿਚ ਜਿਹੜੀ ਡਿਊਟੀ ਮਿਲਦੀ ਹੈ, ਬਿਨਾਂ ਨਾਗਾ ਕਰਨੀ ਪੈਣੀ ਹੈ ਤੇ ਉਹ ਵੀ ਬਿਨਾਂ ਛੁੱਟੀ। ਸ਼ਿਪ ਨੂੰ ਕੋਈ ਵੀ ਸਮੱਸਿਆ ਹੋਵੇ, ਸਾਰੀ ਟੀਮ ਨੂੰ ਮਿਲ ਕੇ ਉਸ ਦਾ ਹੱਲ ਕਰਨਾ ਪੈਂਦਾ ਹੈ ਕਿਉਂਕਿ ਸ਼ਿਪ ਸਮੁੰਦਰ ਵਿਚਕਾਰ ਹੁੰਦਾ ਹੈ, ਇਸ ਲਈ ਆਮ ਵਾਂਗ ਬਾਹਰੋਂ ਕੋਈ ਮਕੈਨਿਕ ਨਹੀਂ ਮਿਲਣਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਜੌਬ ਤਾਂ ਬਹੁਤ ਵਧੀਆ ਹੈ ਪਰ ਸੈਕਰੀਫਾਈਜ਼ ਵੀ ਬਹੁਤ ਵੱਡਾ ਹੈ। ਪਰਿਵਾਰ ਤੇ ਦੋਸਤਾਂ ਤੋਂ ਦੂਰ ਸੋਸ਼ਲ ਲਾਈਫ ਤੋਂ ਵੀ ਦੂਰ, ਜ਼ਿਆਦਾ ਸਮਾਂ ਸਮੁੰਦਰ ਵਿਚ ਹੀ ਲੰਘਦਾ ਹੈ। ਜਦੋਂ ਵੀ ਸ਼ਿਪ ਦੀ ਵੀਡੀਓ ਬਣਾਉਂਦੇ ਹਨ ਤਾਂ ਉਸ ਦੀ ਬਕਾਇਦਾ ਇਜਾਜ਼ਤ ਲੈਣੀ ਪੈਂਦੀ ਹੈ। ਸ਼ਿਪ ਦੇ ਬਹੁਤ ਸਾਰੇ ਅਜਿਹੇ ਹਿੱਸੇ ਵੀ ਹੁੰਦੇ ਹਨ ਜਿਨ੍ਹਾਂ ਦੀ ਵੀਡੀਓਗ੍ਰਾਫੀ ਦੀ ਮਨਾਹੀ ਹੁੰਦੀ ਹੈ ਤੇ ਉਸ ਪ੍ਰੋਟੋਕਾਲ ਦੀ ਪਾਲਣਾ ਕਰਨੀ ਪੈਂਦੀ ਹੈ। ਉਂਝ ਸ਼ਿਪ ’ਤੇ ਵੀਡੀਓ ਬਲੌਗ ਬਣਾਉਣ ਦੀ ਮਨਾਹੀ ਨਹੀਂ ਹੈ। ਵੀਡੀਓ ਲਈ ਡਿਊਟੀ ਅਫ਼ਸਰ ਤੇ ਕੈਪਟਨ ਦੀ ਆਗਿਆ ਲੈਣੀ ਪੈਂਦੀ ਹੈ। ਹਰ ਵੀਡੀਓ ਬਾਰੇ ਦੱਸਣਾ ਪੈਂਦਾ ਹੈ। ਕੰਪਨੀ ਜਾਂ ਸ਼ਿਪ ਨੂੰ ਨੁਕਸਾਨ ਹੋਣ ਵਾਲੀਆਂ ਵੀਡੀਓਜ਼ ਨਹੀਂ ਵਿਖਾ ਸਕਦੇ।
ਧਾਰਮਿਕ ਮਨੌਤਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਸਮਝੀ ਜ਼ਰੂਰੀ
ਸੁਖਪ੍ਰੀਤ ਸਿੰਘ ਸਿੱਧੂ, ਜਿਸ ਦੇ ਚੈਨਲ ਦਾ ਨਾਂ ਹੈ ‘ਰਾਹਗੀਰ’। ਉਸ ਦਾ ਮੰਨਣਾ ਹੈ ਕਿ ਆਪਾਂ ਸਾਰੇ ਹੀ ਰਾਹਗੀਰ ਹਾਂ। ਉਸ ਨੂੰ ਪਹਿਲਾਂ ਥੋੜ੍ਹਾ ਘੁੰਮਣ-ਫਿਰਨ ਦਾ ਸ਼ੌਕ ਸੀ। ਜਦੋਂ ਪੱਕੇ-ਪੈਰੀਂ ਹੋਏ ਤਾਂ ਆਪਣੇ ਚੈਨਲ ਦਾ ਨਾਂ ਵੀ ‘ਰਾਹਗੀਰ’ ਹੀ ਰੱਖ ਲਿਆ। ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਨੇੜੇ ਪੈਂਦੇ ਪਿੰਡ ਜਿਓਂਦ ਦੇ ਰਹਿਣ ਵਾਲਾ ਹੈ ਸਿੱਧੂ। ਪਹਿਲਾਂ ਚੰਡੀਗੜ੍ਹ ਵਿਖੇ ਲਗਪਗ 10 ਸਾਲ ਅਮਰੀਕੀ ਕੰਪਨੀ ’ਚ ਮੈਡੀਕਲ ਬਿਲਿੰਗ ਦਾ ਕੰਮ ਕੀਤਾ। ਇਥੇ ਹੀ ਕੰਮ ਦੌਰਾਨ ਯੂਟਿਊਬਰ ਹਰਸਿਮਰਨਜੀਤ ਸਿੰਘ ਨਾਲ ਮਿਲਿਆ ਤੇ ਇਕੱਠਿਆਂ ਘੁੰਮਣ-ਫਿਰਨ ਤੇ ਬਲੌਗ ਬਣਾਉਣੇ ਸ਼ੁਰੂ ਕੀਤੇ। ਫਿਰ ਪ੍ਰੋਫੈਸ਼ਨਲ ਤੌਰ ’ਤੇ ਚੈਨਲ ਦੀ ਸ਼ੁਰੂਆਤ ਇਕੱਠਿਆਂ ਕੀਤੀ। ਸਭ ਤੋਂ ਪਹਿਲਾਂ 2022 ’ਚ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਦਰਸ਼ਨ ਸ਼ੁਰੂ ਕੀਤੇ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ, ਹਰਸਿਮਰਨ ਸਿੰਘ ਦੇ ਨਾਲ। ਉਸ ਤੋਂ ਬਾਅਦ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ। ਉਨ੍ਹਾਂ ਨੇ ਬਲੌਗਾਂ ਰਾਹੀਂ ਇਕੱਲੀ ਥਾਂ ਦੀ ਨਹੀਂ ਸਗੋਂ ਉਥੇ ਵਸਦੇ ਲੋਕਾਂ ਤੇ ਹੋਰ ਧਾਰਮਿਕ ਮਨੌਤਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਸਮਝੀ। ਸਫ਼ਰ ਦੀ ਸ਼ੁਰੂਆਤ ਪਹਿਲਾਂ ਤੋਂ ਹੀ ਮੋਟਰਸਾਈਕਲ ’ਤੇ ਕੀਤੀ। ਇਸ ਦੌਰਾਨ ਦੇਸ਼ ਦੇ 26 ਰਾਜ ਤੇ ਰਾਜਧਾਨੀਆਂ ਕਵਰ ਕਰ ਚੁੱਕੇ ਹਨ ਤੇ ਸਿਰਫ ਦੋ ਸੂਬੇ ਬਾਕੀ ਹਨ। ਉਸ ਦਾ ਮੰਨਣਾ ਹੈ ਕਿ ਜੇ ਤੁਹਾਡੇ ਲਈ ਸਾਰਾ ਕੁਝ ਸਹੀ ਹੋ ਰਿਹਾ ਹੈ ਤਾਂ ਸਮਝ ਲਵੋ ਕਿ ਕੁਝ ਵੀ ਸਹੀ ਨਹੀਂ ਹੋ ਰਿਹਾ। ਇਸ ਕਰਕੇ ਜੀਵਨ ਵਿਚ ਸਮੱਸਿਆਵਾਂ ਦਾ ਹੋਣਾ ਵੀ ਲਾਜ਼ਮੀ ਹੈ।
ਦੇਸ਼ ਦੇ ਜੀਡੀਪੀ ’ਚ ਵੀ ਹੈ ਯੋਗਦਾਨ
30 ਸਤੰਬਰ ਨੂੰ ‘ਪੰਜਾਬੀ ਜਾਗਰਣ’ ਵਿਚ ਆਕਸਫੋਰਡ ਇਕਨਾਮਿਕਸ ਦੇ ਹਵਾਲੇ ਨਾਲ ਇਕ ਰਿਪੋਰਟ ਛਪੀ ਹੈ। ਰਿਪੋਰਟ ਰਾਹੀਂ ਖੁਲਾਸਾ ਕੀਤਾ ਗਿਆ ਹੈ ਕਿ ਸਾਲ 2025 ਦੌਰਾਨ ਭਾਰਤ ਦੀ ਜੀਡੀਪੀ ਵਿਚ ਯੂਟਿਊਬ ਦਾ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਰਿਹਾ ਹੈ। ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ 9.6 ਲੱਖ ਤੋਂ ਵੱਧ ਪੂਰਨਕਾਲੀ ਨੌਕਰੀਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ। ਰਿਪੋਰਟ ਮੁਤਾਬਕ ਦੇਸ਼ ਵਿਚ ਲੱਖਾਂ ਰੁਪਏ ਦੀ ਕਮਾਈ ਕਰਨ ਵਾਲੇ ਚੈਨਲਾਂ ਦੀ ਗਿਣਤੀ ਸਾਲਾਨਾ ਆਧਾਰ ’ਤੇ 30 ਫ਼ੀਸਦ ਤੋਂ ਵੱਧ ਵਧੀ ਹੈ। 18 ਹਜ਼ਾਰ ਤੋਂ ਵੱਧ ਭਾਰਤੀ ਚੈਨਲਾਂ ਨੇ ਸਬਸਕ੍ਰਾਈਬਰਾਂ ਦਾ ਅੰਕੜਾ 10 ਲੱਖ ਤੋਂ ਪਾਰ ਕਰ ਲਿਆ ਹੈ। ਯੂਟਿਊਬ ’ਤੇ ਆਪਣੇ ਕੰਟੈਂਟ ਨੂੰ ਮੌਨਿਟਾਈਜ਼ ਕਰਨ ਵਾਲੇ 73 ਫੀਸਦ ਕ੍ਰਿਏਟਰ ਇਸ ਪਲੇਟਫਾਰਮ ਨੂੰ ਆਪਣੀ ਆਮਦਨ ਦਾ ਮੁੱਖ ਸੋਮਾ ਮੰਨਦੇ ਹਨ।
- ਰਮੇਸ਼ ਲਾਲ