- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇਂ-ਸਮੇਂ 'ਤੇ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਮਿਲੇ ਹਨ ਜਿਨ੍ਹਾਂ ਨੂੰ ਸਾਹਿਤ ਨਾਲ ਬਹੁਤ ਪਿਆਰ ਰਿਹਾ ਹੈ।

ਕਲਮ ਦੀ ਤਾਕਤ ਜਦ ਕੁਰਸੀ ਦੀ ਤਾਕਤ ਨਾਲ ਮਿਲ ਜਾਂਦੀ ਹੈ ਤਾਂ ਨਿਰਸੰਦੇਹ ਸਮਾਜ ਉਸਾਰੂ ਤਬਦੀਲੀ ਦੇ ਰਾਹ ਪੈ ਜਾਂਦਾ ਹੈ। ਵੰਡ ਦੀ ਚੀਸ ਕਾਰਨ ਕਈ ਸਾਹਿਤਕਾਰਾਂ ਦੀ ਕਲਮ ਨੇ ਖ਼ੂਨ ਦੇ ਅੱਥਰੂ ਰੋਏ ਸਨ। ਇਹ ਦੇਸ਼ ਪ੍ਰੇਮ ਦਾ ਅਨੋਖਾ ਜਜ਼ਬਾ ਸੀ। ਸੰਵੇਦਨਸ਼ੀਲ ਮਨ ਹੀ ਸਾਹਿਤ ਸਿਰਜਣਾ ਦਾ ਘਰ ਹੁੰਦਾ ਹੈ। ਇਨ੍ਹਾਂ ਸੰਵੇਦਨਾਵਾਂ ਨਾਲ ਜਦ ਇਕ ਸਾਹਿਤਕਾਰ ਰਾਜਨੀਤਕ ਮਾਹੌਲ 'ਚ ਪਹੁੰਚਦਾ ਹੈ ਤਾਂ ਉਸ ਦੇ ਵਿਚਾਰਾਂ ਦਾ ਪ੍ਰਭਾਵ ਉਸ ਦੇ ਕੰਮ 'ਚੋਂ ਵੀ ਝਲਕਦਾ ਹੈ। ਪੰਜਾਬ ਦੇ ਕਈ ਸਾਹਿਤਕਾਰਾਂ ਨੇ ਰਾਜਨੀਤੀ ਦੇ ਗਲਿਆਰਿਆਂ 'ਚ ਪਹੁੰਚ ਕੇ ਨਾ ਸਿਰਫ਼ ਆਪਣੇ ਵਿਚਾਰਾਂ ਨਾਲ ਹੋਰ ਨੇਤਾਵਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਜਨਤਾ ਨੂੰ ਵੀ ਆਪਣਾ ਮੁਰੀਦ ਬਣਾਇਆ ਹੈ।
ਮੁੱਖ ਮੰਤਰੀਆਂ ਦਾ ਕਲਮ ਪ੍ਰੇਮ
ਸਮੇਂ-ਸਮੇਂ 'ਤੇ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਮਿਲੇ ਹਨ ਜਿਨ੍ਹਾਂ ਨੂੰ ਸਾਹਿਤ ਨਾਲ ਬਹੁਤ ਪਿਆਰ ਰਿਹਾ ਹੈ। ਇਹ ਸਫ਼ਰ ਸ਼ੁਰੂ ਹੁੰਦਾ ਹੈ ਇਕ ਨਵੰਬਰ, 1966 ਨੂੰ ਬਣੇ ਪੰਜਾਬ ਸੂਬੇ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ 'ਮੁਸਾਫਿਰ', ਤੋਂ ਜੋ ਇਕ ਹਰਮਨ ਪਿਆਰੇ ਕਵੀ ਅਤੇ ਲੇਖਕ ਸਨ। ਉਨ੍ਹਾਂ ਨੂੰ 1919 'ਚ ਜਲ੍ਹਿਆਂਵਾਲਾ ਬਾਗ਼ ਅਤੇ 1921 'ਚ ਨਨਕਾਣਾ ਸਾਹਿਬ ਦੇ ਕਤਲੇਆਮ ਨੇ ਝੰਜੋੜ ਦਿੱਤਾ ਸੀ। ਅੰਮ੍ਰਿਤਸਰ ਦੇ ਨਿਵਾਸੀ ਗੁਰਮੁਖ ਸਿੰਘ ਉਦੋਂ ਬਤੌਰ ਅਧਿਆਪਕ ਆਪਣੀ ਨੌਕਰੀ ਛੱਡ ਕੇ ਅਕਾਲੀ ਲਹਿਰ 'ਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ। ਗੁਰਦੁਆਰਾ ਸੁਧਾਰ ਲਹਿਰ ਤਹਿਤ 'ਗੁਰੂ ਦਾ ਬਾਗ਼' ਮੋਰਚਾ 'ਚ ਸ਼ਾਮਲ ਹੋ ਕੇ ਜੇਲ੍ਹ ਵੀ ਗਏ। ਇਸ ਤੋਂ ਇਲਾਵਾ ਵੀ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਇਨਕਲਾਬੀ ਗਤੀਵਿਧੀਆਂ ਕਾਰਨ ਆਜ਼ਾਦੀ ਤੋਂ ਪਹਿਲਾਂ ਕਈ ਵਾਰ ਉਹ ਜੇਲ੍ਹ ਗਏ। ਜੇਲ੍ਹ 'ਚ ਉਨ੍ਹਾਂ ਨੇ ਆਪਣੀਆਂ ਦੇਸ਼ ਪਿਆਰ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ ਅਤੇ ਕਹਾਣੀਆਂ ਦੇ ਰੂਪ 'ਚ ਪੇਸ਼ ਕੀਤਾ। ਉਹ ਵੱਖ-ਵੱਖ ਲੋਕ ਇਕੱਠਾਂ 'ਚ ਆਪਣੀਆਂ ਲਿਖੀਆਂ ਜੋਸ਼ੀਲੀਆਂ ਕਵਿਤਾਵਾਂ ਸੁਣਾਉਂਦੇ ਅਤੇ ਲੋਕਾਂ 'ਚ ਦੇਸ਼ ਪਿਆਰ ਦਾ ਜਜ਼ਬਾ ਹੋਰ ਵਧਾਉਂਦੇ ਸਨ।
ਇਸ ਜਜ਼ਬੇ ਨੇ ਉਨ੍ਹਾਂ ਨੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਫਿਰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਵੀ ਬਣੇ। 1949 'ਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਉਨ੍ਹਾਂ ਨੇ 1952 'ਚ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਜਿੱਤੀ ਅਤੇ 1966 ਤਕ ਲਗਾਤਾਰ ਲੋਕ ਸਭਾ ਦੇ ਮੈਂਬਰ ਬਣਦੇ ਰਹੇ, ਜਿੱਥੇ ਉਹ ਨਾਗਰਿਕਤਾ ਅਤੇ ਵੱਖਰੇ ਚੋਣ ਮੰਡਲ ਦਾ ਮੁੱਦਾ ਵਾਰ-ਵਾਰ ਉਠਾਉਂਦੇ ਰਹੇ। ਮਹਾਂਪੰਜਾਬ ਦੀ ਵੰਡ ਪਿੱਛੋਂ 1966 'ਚ ਉਹ ਪੰਜਾਬੀ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ। 1968 ਤੋਂ 1976 ਤਕ ਉਹ ਰਾਜਸਭਾ ਦੇ ਮੈਂਬਰ ਰਹੇ। ਨੌਂ ਕਾਵਿ ਅਤੇ ਨੌਂ ਕਹਾਣੀ ਸੰਗ੍ਰਹਿਆਂ ਦੇ ਇਲਾਵਾ ਉਨ੍ਹਾਂ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਜੀਵਨੀਆਂ ਵੀ ਲਿਖੀਆਂ। ਇਹੋ ਨਹੀਂ, ਉਨ੍ਹਾਂ ਨੇ ਗਾਂਧੀ-ਨਹਿਰੂ ਨਾਲ ਜੁੜੀਆਂ ਯਾਦਾਂ ਨੂੰ ਆਪਣੀ ਆਵਾਜ਼ 'ਚ ਰਿਕਾਰਡ ਵੀ ਕਰਵਾਇਆ। ਇਨ੍ਹਾਂ ਨੂੰ ਨਾਂ ਦਿੱਤਾ-'ਦੇਖਿਆ ਸੁਣਿਆ ਗਾਂਧੀ' ਅਤੇ 'ਵੇਖਿਆ ਸੁਣਿਆ ਨਹਿਰੂ'। ਇਨ੍ਹਾਂ ਕਿਤਾਬਾਂ ਤੋਂ ਜਿੱਥੇ ਉਨ੍ਹਾਂ ਦੀ ਮਹਾਨ ਰਾਜਨੇਤਾਵਾਂ ਨਾਲ ਨੇੜਤਾ ਦਾ ਪਤਾ ਲੱਗਦਾ ਹੈ ਉੱਥੇ ਦੇਸ਼ ਤੋਂ ਜਾਨ ਵਾਰਨ ਵਾਲਿਆਂ ਨੂੰ ਸ਼ਰਧਾਂਜਲੀ ਦੇ ਰੂਪ 'ਚ 'ਮਾਰਟੀਅਰਜ਼ ਆਫ ਟਵੈਂਟਿਅਥ ਸੈਂਚਰੀ' ਨਾਮੀ ਕਿਤਾਬ ਉਨ੍ਹਾਂ ਦੀ ਤੀਹ ਸਾਲਾਂ ਦੀ ਖੋਜ 'ਤੇ ਅਧਾਰਿਤ ਸੀ। ਇਸ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸੁਰਜੀਤ ਸਿੰਘ ਬਰਨਾਲਾ ਨੇ ਵੀ ਆਪਣੇ ਅਨੁਭਵਾਂ 'ਤੇ ਆਧਾਰਤ 'ਦਿ ਸਟੋਰੀ ਆਫ ਅਸਕੇਪ' ਅਤੇ 'ਮਾਏ ਅਦਰ ਟੂ ਡਾਟਰਜ਼' ਲਿਖੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਹਿਤ ਨਾਲ ਗੂੜ੍ਹਾ ਨਾਤਾ ਰਿਹਾ ਹੈ ਅਤੇ ਉਨ੍ਹਾਂ ਨੇ ਕਈ ਪੁਸਤਕਾਂ ਸਿੱਖ ਇਤਿਹਾਸ ਅਤੇ ਜੰਗ ਬਾਰੇ ਲਿਖੀਆਂ ਹਨ। ਉਨ੍ਹਾਂ ਦੀ ਇਕ ਪੁਸਤਕ 1965 ਦੀ ਭਾਰਤ-ਪਾਕਿ ਜੰਗ ਦੇ ਉਨ੍ਹਾਂ ਦੇ ਆਪਣੇ ਅਨੁਭਵਾਂ 'ਤੇ ਅਧਾਰਤ ਹੈ।
ਆਮ ਲੋਕਾਂ ਦੀ 'ਆਹ' ਪਛਾਣਦੀ ਸੀ ਅੰਮ੍ਰਿਤਾ ਪ੍ਰੀਤਮ
ਘਰ ਦੀ ਛੱਤ 'ਤੇ ਮਾਲੀ ਕੁਝ ਪੌਦੇ ਲਾ ਰਿਹਾ ਸੀ ਅਤੇ ਅੰਮ੍ਰਿਤਾ ਪ੍ਰੀਤਮ ਉਸ ਕੋਲ ਬੈਠੀ ਇਨ੍ਹਾਂ ਪੌਦਿਆਂ ਦੇ ਨਾਂ ਉਸ ਤੋਂ ਪੁੱਛ ਰਹੀ ਸੀ। ਉਨ੍ਹਾਂ ਨੇ ਸਵਾਲ ਕੀਤਾ, 'ਇਨ੍ਹਾਂ 'ਚੋਂ ਕਿਹੜੇ ਫੁੱਲ ਕਿਸ ਦੇਵਤਾ ਨੂੰ ਚੜ੍ਹਾਏ ਜਾਂਦੇ ਹਨ? ਮਾਲੀ ਚੁੱਪ ਹੋ ਗਿਆ। ਅੰਮ੍ਰਿਤਾ ਨੇ ਸਵਾਲ ਦੁਹਰਾਇਆ ਪਰ ਜਵਾਬ ਨਾ ਮਿਲਿਆ। ਗੱਲਾਂ ਹੀ ਗੱਲਾਂ 'ਚ ਇਕ ਵਾਰ ਫਿਰ ਇਹੀ ਸਵਾਲ ਮਾਲੀ ਤੋਂ ਪੁੱਛਿਆ ਗਿਆ ਤਾਂ ਉਸ ਲੰਬੀ 'ਆਹ' ਭਰਦਿਆਂ ਕਿਹਾ,'ਹੁਣ ਫੁੱਲ ਦੇਵਤਿਆਂ ਨੂੰ ਕਿੱਥੇ ਚੜ੍ਹਦੇ ਹਨ... ਹੁਣ ਤਾਂ ਨੇਤਾਵਾਂ ਨੂੰ ਫੁੱਲ ਚੜ੍ਹਾਏ ਜਾਂਦੇ ਹਨ।' ਉਸ ਸਾਧਾਰਨ ਮਾਲੀ ਦੀ ਇਸ ਗੱਲ ਦੀ ਗਹਿਰਾਈ ਨੇ ਅੰਮ੍ਰਿਤਾ ਪ੍ਰੀਤਮ ਨੂੰ ਆਪਣੇ ਮੈਗਜ਼ੀਨ 'ਨਾਗਮਣੀ' 'ਚ ਲਿਖਣ ਲਈ ਮਜਬੂਰ ਕਰ ਦਿੱਤਾ ਕਿ ਆਮ ਆਦਮੀ ਦੇ ਸੀਨੇ 'ਚ ਦੇਸ਼ ਦੀ ਰਾਜਨੀਤੀ ਅਤੇ ਨੇਤਾਵਾਂ ਲਈ ਸਿਰਫ਼ 'ਹੂਕ' ਹੈ। ਆਮ ਆਦਮੀ ਦੇ ਮਨ ਨੂੰ ਨੇੜਿਓਂ ਜਾਣਨ-ਪਰਖਣ ਵਾਲੀ ਪੰਜਾਬੀ ਦੀ ਮਹਾਨ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਰਚਨਾਵਾਂ ਲਈ ਉਨ੍ਹਾਂ ਨੂੰ 1986 ਤੋਂ 1992 ਤਕ ਬਤੌਰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੀ ਕਰੀਬੀ ਡਾ. ਪਾਲ ਕੌਰ ਦੱਸਦੀ ਹੈ, '1984 ਦੇ ਦੰਗਿਆਂ ਪਿੱਛੋਂ ਮੁੱਖ ਮੰਤਰੀਆਂ ਦੀ ਇਕ ਬੈਠਕ 'ਚ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਵਿਚਾਰ ਰੱਖੇ ਸਨ। ਇਸ 'ਚ ਉਨ੍ਹਾਂ ਦੇਸ਼ 'ਚ ਫਿਰਕੂ ਏਕਤਾ 'ਤੇ ਜ਼ੋਰ ਦੇਣ ਦੀ ਗੱਲ ਆਖੀ ਸੀ। ਉਨ੍ਹਾਂ ਨੇ ਨਾਲ ਇਹ ਵੀ ਆਖਿਆ ਸੀ ਕਿ ਜੇ ਅਜਿਹੇ ਦੰਗੇ ਨਾ ਰੁਕੇ ਤਾਂ ਭਾਰਤ ਇਕ ਪਾਗ਼ਲਖਾਨਾ ਬਣ ਜਾਵੇਗਾ। ਉਨ੍ਹਾਂ ਦੇ ਇਸ ਭਾਸ਼ਣ ਦੀ ਰਿਕਾਰਡਿੰਗ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਈ ਵਾਰ ਸੁਣੀ ਅਤੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ। ਰਾਜ ਸਭਾ 'ਚ ਅੰਮ੍ਰਿਤਾ ਪ੍ਰੀਤਮ ਨੇ ਲੇਖਕਾਂ ਲਈ ਪ੍ਰਕਾਸ਼ਨ ਸਬੰਧੀ ਅਧਿਕਾਰਾਂ ਲਈ ਕਈ ਵਾਰ ਆਵਾਜ਼ ਉਠਾਈ। ਇਸ ਤੋਂ ਇਲਾਵਾ ਅਸਾਮ ਦੇ ਕਾਮਾਖਯਾ ਦੇਵੀ ਮੰਦਰ 'ਚ ਔਰਤਾਂ ਦਾ ਦਾਖ਼ਲਾ ਵਰਜਿਤ ਹੋਣ ਦਾ ਵਿਰੋਧ ਵੀ ਉਨ੍ਹਾਂ ਨੇ 1980 ਦੇ ਦੌਰ 'ਚ ਉਠਾਇਆ ਸੀ।
ਰਾਜ ਸਭਾ ਲਈ ਪੰਜਾਬ ਦੇ ਕਈ ਹੋਰ ਸਾਹਿਤਕਾਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ। ਇਨ੍ਹਾਂ 'ਚ ਸ਼ਾਮਲ ਖੁਸ਼ਵੰਤ ਸਿੰਘ (1980-1986) ਤਾਂ ਸੰਸਦ ਮੈਂਬਰ ਦੇ ਤੌਰ 'ਤੇ ਵੀ ਆਪਣੀ ਲੇਖਣੀ 'ਚ ਰਾਜਨੇਤਾਵਾਂ ਦੇ ਖ਼ਿਲਾਫ਼ ਖੁੱਲ੍ਹ ਕੇ ਲਿਖਦੇ ਰਹੇ। ਇਥੋਂ ਤਕ ਕਿ ਉਨ੍ਹਾਂ ਦੇ ਖ਼ਿਲਾਫ ਹੋਰ ਸੰਸਦ ਮੈਂਬਰਾਂ ਨੇ ਸ਼ਿਕਾਇਤ ਵੀ ਕੀਤੀ ਸੀ। ਇਸ ਤਰ੍ਹਾਂ ਪੰਜਾਬੀ ਹੀ ਨਹੀਂ ਬਲਕਿ ਅੰਗਰੇਜ਼ੀ, ਹਿੰਦੀ ਅਤੇ ਉਰਦੂ 'ਚ ਵੀ ਆਪਣੀਆਂ ਰਚਨਾਵਾਂ ਲਈ ਪ੍ਰਸਿੱਧ ਕਰਤਾਰ ਸਿੰਘ ਦੁੱਗਲ ਅਗਸਤ 1997 ਤੋਂ ਰਾਜ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਪੰਜਾਬ 'ਚ ਸੱਭਿਆਚਾਰਕ ਅਤੇ ਸਿਰਜਣਾਤਮਕ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ ਕਈ ਸ਼ਹਿਰਾਂ 'ਚ 'ਵਿਰਸਾ ਵਿਹਾਰ' ਦਾ ਨਿਰਮਾਣ ਕਰਵਾਇਆ। ਪ੍ਰੇਮ ਸਿੰਘ ਪ੍ਰੇਮ ਇਕ ਹੋਰ ਅਹਿਮ ਰਾਜਸੀ ਆਗੂ ਹੋਏ ਹਨ ਜਿਨ੍ਹਾਂ ਦਾ ਸਾਹਿਤ ਦੇ ਖੇਤਰ 'ਚ ਚੰਗਾ ਨਾਂ ਹੈ। ਉਹ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਦੇ ਸਾਥੀ ਸਨ। ਉਨ੍ਹਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ।

ਖੱਬੇਪੱਖੀ ਵਿਚਾਰਧਾਰਾ ਦਾ ਰਿਹਾ ਰਾਜਨੀਤੀ 'ਤੇ ਪ੍ਰਭਾਵ
ਡਾ. ਸੁਸ਼ੀਲ ਕੁਮਾਰ ਤਲਵੰਡੀ ਸਾਬੋ 'ਚ ਪੰਜਾਬੀ ਯੂਨੀਵਰਸਿਟੀ ਸਥਿਤ ਰਿਜਨਲ ਕੈਂਪਸ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਹਨ ਅਤੇ ਰਾਜਨੀਤੀ 'ਚ ਵਿਸ਼ੇਸ਼ ਰੁਚੀ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਖੱਬੇਪੱਖੀ ਵਿਚਾਰਧਾਰਾ ਵਾਲੇ ਲੇਖਕ ਸਦਾ ਹੀ ਇਥੋਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਸਵ. ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸੀਪੀਐੱਮ ਦੇ ਸਕੱਤਰ ਜਨਰਲ ਰਹੇ ਹਨ। ਉਨ੍ਹਾਂ ਦੀ ਪੁਸਤਕ 'ਮਾਰਚ ਆਫ ਦਿ ਕਮਿਊਨਿਸਟ ਮੂਵਮੈਂਟ ਇਨ ਇੰਡੀਆ' ਉਨ੍ਹਾਂ ਦੇ ਵਿਚਾਰਾਂ ਨੂੰ ਵਿਸਤਾਰ ਪੂਰਵਕ ਬਿਆਨ ਕਰਦੀ ਹੈ।
ਇਸੇ ਤਰ੍ਹਾਂ ਉਨ੍ਹਾਂ ਦੀਆਂ ਹੋਰ ਪੁਸਤਕਾਂ 'ਚ ਵੀ ਖੱਬੇਪੱਖੀ ਵਿਚਾਰਧਾਰਾ ਨਜ਼ਰ ਆਉਂਦੀ ਹੈ। ਅਜਿਹੀ ਹੀ ਸੋਚ ਵਾਲੇ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅੰਮ੍ਰਿਤਾ ਪ੍ਰੀਤਮ, ਅਵਤਾਰ ਪਾਸ਼ ਜਾਂ ਸੰਤ ਰਾਮ ਉਦਾਸੀ, ਸਾਰਿਆਂ ਦੀ ਲੇਖਣੀ ਦਾ ਸਮਾਜ ਦੇ ਸੁਧਾਰ ਲਈ ਸਕਾਰਾਤਮਕ ਅਸਰ ਰਿਹਾ ਹੈ। ਸਿਧਾਂਤ ਅਤੇ ਅਮਲ ਦਾ ਸੁਮੇਲ ਇਨ੍ਹਾਂ ਸਦਕਾ ਸਿਆਸਤ 'ਚ ਦੇਖਣ ਨੂੰ ਮਿਲਦਾ ਰਿਹਾ ਹੈ। ਕਾਮਰੇਡ ਜਗਜੀਤ ਸਿੰਘ ਆਨੰਦ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ ਰਹੇ ਹਨ। ਅਨੁਵਾਦ ਦੇ ਖੇਤਰ 'ਚ ਉਨ੍ਹਾਂ ਦਾ ਬਿਹਤਰੀਨ ਕੰਮ ਹੈ। ਉਹ ਵੀ 1974 'ਚ ਰਾਜ ਸਭਾ ਦੇ ਮੈਂਬਰ ਬਣੇ। 'ਕਮਿਊਨਿਸਟ ਲਹਿਰ ਦੇ ਅੰਗ-ਸੰਗ' ਵਰਗੀਆਂ ਉਨ੍ਹਾਂ ਦੀਆਂ ਕਿਤਾਬਾਂ ਖੱਬੇਪੱਖੀ ਵਿਚਾਰਧਾਰਾ ਤੋਂ ਹੀ ਪ੍ਰਭਾਵਿਤ ਰਹੀਆਂ।
ਸੰਤ ਸਿੰਘ ਸੇਖੋਂ ਨੇ ਵੀ ਵੰਡ ਦਾ ਦੁਖਾਂਤ ਦੇਖਿਆ ਸੀ ਅਤੇ ਲਾਇਲਪੁਰ (ਹੁਣ ਪਾਕਿਸਤਾਨ) ਤੋਂ ਉੱਜੜ ਕੇ ਜਦ ਲੁਧਿਆਣਾ ਦੇ ਇਕ ਪਿੰਡ ਦਾਖਾ 'ਚ ਪਰਿਵਾਰ ਆ ਵਸਿਆ ਤਾਂ ਉਸ ਸੰਘਰਸ਼ ਨੂੰ ਉਨ੍ਹਾਂ ਨੇ ਆਪਣੀਆਂ ਰਚਨਾਵਾਂ 'ਚ ਉਜਾਗਰ ਕੀਤਾ। ਉਹ ਮਾਰਕਸਵਾਦੀ ਸੋਚ ਦੇ ਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਦੇ ਰੂਪ 'ਚ ਉਨ੍ਹਾਂ ਨੇ ਤਿੰਨ ਵਾਰ ਪ੍ਰਦੇਸ਼ ਵਿਧਾਨ ਸਭਾ ਲਈ ਅਤੇ ਇਕ ਵਾਰ ਲੋਕ ਸਭਾ ਦੀ ਚੋਣ ਲੜੀ ਪਰ ਕਦੇ ਵੀ ਜੇਤੂ ਨਾ ਹੋ ਸਕੇ।
ਸਾਹਿਤ ਜਗਤ 'ਚ ਅੱਜ ਦੇ ਨੇਤਾ : ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਰੂਪ 'ਚ 2014 'ਚ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਪ੍ਰੋਫੈਸਰ ਸਾਧੂ ਸਿੰਘ ਨੇ ਲੰਬੇ ਸਮੇਂ ਤਕ ਅੰਗਰੇਜ਼ੀ ਦੇ ਪ੍ਰੋਫੈਸਰ ਦੇ ਰੂਪ 'ਚ ਕੰਮ ਕੀਤਾ ਪਰ ਉਨ੍ਹਾਂ ਦੀਆਂ ਰਚਨਾਵਾਂ ਮਾਤਭਾਸ਼ਾ ਪੰਜਾਬੀ 'ਚ ਹੀ ਰਹੀਆਂ। ਅਧਿਆਪਨ ਦੌਰਾਨ ਉਨ੍ਹਾਂ ਨੇ ਦੋ ਪੁਸਤਕਾਂ 'ਪਿਆਸੀ ਮਹਿਕ' (ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦੀ ਰਚਨਾ) ਅਤੇ 'ਛਾਲੇ ਤੇ ਸਰਗਮ'(ਗ਼ਜ਼ਲ ਸੰਗ੍ਰਹਿ) ਪ੍ਰਕਾਸ਼ਤ ਕੀਤੀ। ਉਨ੍ਹਾਂ ਦੇ ਕਰੀਬੀ ਅਤੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਗੁਰਦਿੱਤ ਸਿੰਘ ਸੇਖੋਂ ਅਨੁਸਾਰ ਪ੍ਰੋਫੈਸਰ ਸਾਧੂ ਸਿੰਘ ਦੀਆਂ ਜ਼ਿਆਦਾਤਰ ਰਚਨਾਵਾਂ ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਪ੍ਰਗਟ ਕਰਦੀਆਂ ਹਨ।
ਉਨ੍ਹਾਂ ਦੇ ਸ਼ੇਅਰ 'ਤਖ਼ਤ ਉੱਤੇ ਬੈਠਣਾ ਜਾਂ ਤਖ਼ਤ ਉਤੋਂ ਉਤਰਨਾ, ਸਭ ਮੇਰੇ ਹੱਥ ਏ, ਸੰਭਲ ਕੇ ਰਹੀਂ ਮੈਂ ਤੇਰਾ ਪਾਇਦਾਨ ਹਾਂ...' ਸਿਆਸਤ 'ਚ ਵੋਟਰ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਇਨ੍ਹਾਂ ਤੋਂ ਇਲਾਵਾ ਖੱਬੇਪੱਖੀ ਕਈ ਅਤੇ ਰਾਜਸੀ ਆਗੂ ਦਰਸ਼ਨ ਸਿੰਘ ਖਟਕੜ, ਕਾਮਰੇਡ ਜਗਰੂਪ ਅਤੇ ਵਿਸ਼ਵਨਾਥ ਤਿਵਾੜੀ ਵੀ ਸਾਹਿਤ ਦੇ ਖੇਤਰ 'ਚ ਆਪਣੀ ਪਛਾਣ ਰੱਖਦੇ ਹਨ।

ਸਿਆਸੀ ਸਿਤਾਰੇ
ਸਿਤਾਰੇ ਸਿਨਮਾ ਦੇ ਹੋਣ ਜਾਂ ਸੁਰਾਂ ਦੀ ਦੁਨੀਆ ਦੇ, ਉਨ੍ਹਾਂ ਦੀ ਚਮਕ ਨਾਲ ਲੋਕਾਂ ਦਾ ਪ੍ਰਭਾਵਤ ਹੋਣਾ ਸੁਭਾਵਿਕ ਹੈ। ਇਸੇ ਚਮਕ ਨੂੰ ਸਿਆਸਤ ਦੇ ਅਕਾਸ਼ 'ਤੇ ਫੈਲਾਉਣ ਦੀ ਕੋਸ਼ਿਸ਼ ਕਈ ਦਹਾਕਿਆਂ ਤੋਂ ਹੋ ਰਹੀ ਹੈ। ਪੰਜਾਬ ਵੀ ਇਸ ਤੋਂ ਅਣਭਿੱਜ ਨਹੀਂ ਹੈ। ਇਥੇ ਵੀ ਅਜਿਹੇ ਕਈ ਸਿਤਾਰੇ ਹਨ ਜਿਨ੍ਹਾਂ ਦੀ ਸ਼ੋਹਰਤ ਉਨ੍ਹਾਂ ਨੂੰ ਰਾਜਨੀਤੀ ਵੱਲ ਖਿੱਚ ਲਿਆਈ। ਇਨ੍ਹਾਂ ਸਿਤਾਰਿਆਂ 'ਚ ਕੁਝ ਦੀ ਕਿਸਮਤ ਦੇ ਸਿਤਾਰੇ ਇਥੇ ਚਮਕੇ ਅਤੇ ਕੁਝ ਦੀ ਪਹਿਲੀ ਚਮਕ ਵੀ ਫਿੱਕੀ ਪੈ ਗਈ।
ਭਗਵੰਤ ਮਾਨ
ਸੰਨ 2006 'ਚ ਜਦ ਭਗਵੰਤ ਮਾਨ ਨੇ ਹਾਸਮਈ ਵੀਡੀਓ 'ਪੱਪੂ ਬਣੇਗਾ ਨੇਤਾ' ਕੱਢੀ ਤਾਂ ਉਦੋਂ ਸ਼ਾਇਦ ਉਨ੍ਹਾਂ ਇਹ ਤੈਅ ਨਹੀਂ ਕੀਤਾ ਹੋਵੇਗਾ ਕਿ ਉਹ ਖ਼ੁਦ ਇਕ ਦਿਨ ਨੇਤਾ ਬਣੇਗਾ। ਸਾਲਾਂ ਤਕ ਆਪਣੀ ਕਾਮੇਡੀ ਕਲਾ ਨਾਲ ਲੋਕਾਂ ਨੂੰ ਲੋਟਪੋਟ ਕਰਨ ਵਾਲੇ ਭਗਵੰਤ ਮਾਨ 2011 'ਚ ਰਾਜਨੀਤੀ ਨਾਲ ਅਜਿਹਾ ਜੁੜੇ ਕਿ ਹੁਣ ਤਾਂ ਸਿਰਫ਼ 'ਵੋਟ-ਵੋਟ' ਕਰਦੇ ਹਨ। ਕਾਮੇਡੀ ਦੀ ਦੁਨੀਆ 'ਚ ਕਰੀਬ 15 ਸਫਲ ਐਲਬਮ ਕੱਢਣ ਤੋਂ ਬਾਅਦ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ। 'ਪੀਪਲਜ਼ ਪਾਰਟੀ ਆਫ ਪੰਜਾਬ' ਰਾਹੀਂ ਰਾਜਨੀਤੀ 'ਚ ਕਦਮ ਰੱਖਿਆ ਤਾਂ ਕੁਝ ਸਾਲ ਇਸ ਸਿਨਮਾ ਸਿਤਾਰੇ ਦੀ ਕਿਸਮਤ ਦਾ ਤਾਰਾ ਡੁੱਬਿਆ ਰਿਹਾ। ਫਿਰ 2014 'ਚ ਉਸ ਨੇ 'ਆਮ ਆਦਮੀ ਪਾਰਟੀ' ਦਾ ਪੱਲਾ ਫੜਿਆ ਅਤੇ ਕਰੀਬ ਦੋ ਲੱਖ ਵੋਟਾਂ ਨਾਲ ਜਿੱਤ ਕੇ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਹੁਣ ਪੰਜਾਬ 'ਆਪ' ਦੇ ਪ੍ਰਧਾਨ ਹਨ।
.jpg)
ਕਿਰਨ ਖੇਰ
ਚੰਡੀਗੜ੍ਹ 'ਚ ਪਲੀ ਤੇ ਵੱਡੀ ਹੋਈ ਕਿਰਨ ਖੇਰ ਲੰਬੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੀ ਰਹੀ ਹੈ। 'ਲਾਡਲੀ' ਅਤੇ 'ਰੋਕੋ ਕੈਂਸਰ' ਨਾਮੀ ਸੰਸਥਾਵਾਂ ਲਈ ਕੰਮ ਕਰਨ ਪਿੱਛੋਂ ਕਿਰਨ ਨੇ 2009 'ਚ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। 2011 ਦੀਆਂ ਨਿਗਮ ਚੋਣਾਂ 'ਚ ਵੀ ਕਿਰਨ ਨੇ ਡਟ ਕੇ ਭਾਜਪਾ ਲਈ ਪ੍ਰਚਾਰ ਕੀਤਾ ਅਤੇ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਪ੍ਰਸੰਸਾ ਕਰਦੀ ਰਹੀ। 2014 ਦੀਆਂ ਲੋਕ ਸਭਾ ਚੋਣਾਂ 'ਚ ਚੰਡੀਗੜ੍ਹ ਤੋਂ ਪਾਰਟੀ ਨੇ ਕਿਰਣ ਨੂੰ ਚੋਣ ਲੜਾਈ ਅਤੇ ਉਸ ਨੇ ਕਾਂਗਰਸ ਉਮੀਦਵਾਰ ਪਵਨ ਬਾਂਸਲ ਨੂੰ ਕਰੀਬ ਸੱਤਰ ਹਜ਼ਾਰ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਚੰਡੀਗੜ੍ਹ ਤੋਂ ਸੰਸਦ ਬਣੀ ਕਿਰਨ ਖੇਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1983 'ਚ ਪੰਜਾਬੀ ਫਿਲਮ 'ਆਸਰਾ ਪਿਆਰ ਦਾ' ਨਾਲ ਕੀਤੀ ਸੀ। ਦਰਜਨਾਂ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਵਾਲੀ ਕਿਰਨ ਖੇਰ ਦੀ ਦੂਜੀ ਪੰਜਾਬੀ ਫਿਲਮ 'ਖ਼ਾਮੋਸ਼ ਪਾਣੀ' ਲਈ ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਅਵਾਰਡ ਮਿਲੇ ਅਤੇ 'ਪੰਜਾਬੀ 1984' 'ਚ ਵੀ ਉਨ੍ਹਾਂ ਦੀ ਦਮਦਾਰ ਅਦਾਕਾਰੀ ਦੀ ਹਰ ਪਾਸੇ ਸ਼ਲਾਘਾ ਹੋਈ।

ਮੁਹੰਮਦ ਸਦੀਕ
ਬਰਨਾਲਾ ਦੇ ਭਦੌੜ ਤੋਂ ਕਾਂਗਰਸ ਉਮੀਦਵਾਰ ਦੇ ਰੂਪ 'ਚ ਜਦ ਗਾਇਕ ਅਤੇ ਅਦਾਕਾਰ ਮੁਹੰਮਦ ਸਦੀਕ ਨੇ 2012 'ਚ ਵਿਧਾਨ ਸਭਾ ਚੋਣ ਲੜੀ ਤਾਂ ਉਨ੍ਹਾਂ ਦੇ ਵਿਰੋਧੀ ਮੁੱਖ ਮੰਤਰੀ ਦੇ ਮੁੱਖ ਸਕੱਤਰ ਰਹੇ ਦਰਬਾਰਾ ਸਿੰਘ ਗੁਰੂ ਸਨ। ਚੋਣ 'ਚ ਜਿੱਤ ਪ੍ਰਾਪਤ ਕੀਤੀ। ਵਿਧਾਇਕ ਬਣਨ ਪਿਛੋਂ ਵੀ ਮੁਹੰਮਦ ਸਦੀਕ ਦੇ ਸਟਾਈਲ 'ਚ ਕੋਈ ਵਿਸ਼ੇਸ਼ ਫ਼ਰਕ ਨਾ ਪਿਆ। ਉਹ ਕੁੜਤਾ ਅਤੇ ਚਾਦਰਾ ਪਹਿਨ ਕੇ ਵਿਧਾਨ ਸਭਾ ਵੀ ਜਾਂਦੇ ਰਹੇ ਅਤੇ ਚੋਣ ਰੈਲੀਆਂ 'ਚ ਪਹਿਲਾਂ ਵਾਂਗ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰ ਕੇ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰਦੇ ਰਹੇ। 20017 'ਚ ਜੈਤੋਂ ਤੋਂ ਉਹ ਮੁੜ ਚੋਣ ਲੜੇ ਪਰ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਤੋਂ ਜਿੱਤ ਨਾ ਸਕੇ।

ਫਿੱਕੀ ਰਹੀ ਇਨ੍ਹਾਂ ਦੀ ਚਮਕ
ਹਾਲਾਂਕਿ ਕਈ ਸਿਤਾਰੇ ਪੰਜਾਬ ਦੀ ਰਾਜਨੀਤੀ ਦੇ ਦੰਗਲ ' ਕੁੱਦੇ ਪਰ ਜ਼ਿਆਦਾਤਰ ਨੂੰ ਇਥੇ ਮੂੰਹ ਦੀ ਖਾਣੀ ਪਈ। ਕਿਸੇ ਨੇ ਚੋਣ ਲੜਨ ਤੋਂ ਪਹਿਲਾਂ ਹੀ ਤੌਬਾ ਕਰ ਲਈ ਤੇ ਕਿਸੇ ਨੇ ਹਾਰ ਤੋਂ ਬਆਦ।
ਹੰਸ ਰਾਜ ਹੰਸ
ਸੂਫ਼ੀ ਗਾਇਕ ਦੇ ਰੂਪ 'ਚ ਪ੍ਰਸਿੱਧੀ ਖੱਟਣ ਪਿੱਛੋਂ 'ਰਾਜ ਗਾਇਕ' ਦੀ ਉਪਾਧੀ ਪਾਉਣ ਵਾਲੇ ਪਦਮਸ੍ਰੀ ਹੰਸ ਰਾਜ ਹੰਸ ਵਾਰ-ਵਾਰ ਪਾਰਟੀ ਬਦਲਣ ਕਾਰਨ ਚਰਚਿਤ ਰਹੇ ਹਨ। 2008 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਹੰਸ 2009 'ਚ ਜਲੰਧਰ ਤੋਂ ਚੋਣ ਲੜੇ ਪਰ ਕਾਂਗਰਸ ਉਮੀਦਵਾਰ ਤੋਂ ਹਾਰ ਗਏ। 2014 'ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਤੇ ਮੰਨਿਆ ਕਿ 'ਰਾਜਨੀਤੀ 'ਚ ਆਉਣਾ ਮੇਰੀ ਸਭ ਤੋਂ ਵੱਡੀ ਭੁੱਲ ਸੀ' ਪਰ 2016 'ਚ ਕਾਂਗਰਸ ਦਾ ਹੱਥ ਫੜ ਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਦਸੰਬਰ 2016 'ਚ ਮੁੜ ਪਾਰਟੀ ਬਦਲ ਕੇ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਹੁਣ ਦਿੱਲੀ ਤੋਂ ਚੋਣ ਲੜ ਰਹੇ ਹਨ।

ਗੁਰਪ੍ਰੀਤ ਘੁੱਗੀ
ਸਮਾਜਿਕ ਸਰੋਕਾਰਾਂ ਨਾਲ ਜੁੜੀ ਆਪਣੀ ਕਾਮੇਡੀ ਕਾਰਨ ਗੁਰਪ੍ਰੀਤ ਸਿੰਘ ਘੁੱਗੀ ਲੋਕਾਂ ਦੇ ਦਿਲਾਂ 'ਤੇ ਬਤੌਰ ਕਾਮੇਡੀਅਨ ਰਾਜ ਕਰਦੇ ਹਨ। ਲਗਪਗ ਹਰ ਦੂਜੀ ਪੰਜਾਬੀ ਫਿਲਮ 'ਚ ਦਿਸਣ ਵਾਲੇ ਘੁੱਗੀ ਨੇ ਇਸੇ ਰਾਜ਼ ਨੂੰ ਹੁਣ ਰਾਜਨੀਤੀ ਨਾਲ ਜੋੜਨਾ ਚਾਹਿਆ ਤਾਂ ਬਹੁਤੇ ਦਿਲ ਦੁਖੀ ਵੀ ਹੋਏ। ਭਾਰਤੀ ਚੋਣ ਕਮਿਸ਼ਨ ਦੇ ਬਰਾਂਡ ਅੰਬੈਸਡਰ ਰਹੇ ਘੁੱਗੀ ਨੇ ਸਤੰਬਰ 2016 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਪਾਰਟੀ ਨੇ ਉਨ੍ਹਾਂ ਨੂੰ ਪ੍ਰਦੇਸ਼ 'ਚ ਕਨਵੀਨਰ ਬਣਾਇਆ ਪਰ ਮਈ 2017 'ਚ ਪਾਰਟੀ ਨੇ ਇਹ ਵਾਗਡੋਰ ਭਗਵੰਤ ਮਾਨ ਨੂੰ ਸੌਂਪ ਦਿੱਤੀ। ਇਸ ਤੋਂ ਰੁਸ ਕੇ ਘੁੱਗੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

ਸਤਵਿੰਦਰ ਬਿੱਟੀ
ਗਾਇਕੀ 'ਚ ਮੁਕਾਮ ਹਾਸਲ ਕਰਨ ਵਾਲੀ ਸਤਵਿੰਦਰ ਬਿੱਟੀ ਨੇ ਜੂਨ 2016 'ਚ ਪੰਜਾਬ 'ਚ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਸਾਹਨੇਵਾਲ ਤੋਂ ਪਾਰਟੀ ਨੇ ਬਿੱਟੀ ਦੀ ਹਰਮਨਪਿਆਰਤਾ ਨੂੰ ਭਨਾਉਣ ਦੀ ਕੋਸ਼ਿਸ਼ ਕੀਤੀ ਪਰ ਬਤੌਰ ਨੇਤਾ ਉਹ ਜਨਤਾ ਨੂੰ ਮੋਹ ਨਾ ਸਕੀ।

ਗੁਲ ਪਨਾਗ
ਨੌਜਵਾਨ ਪੀੜ੍ਹੀ ਦੀ ਪ੍ਰਤੀਨਿਧੀ ਦੇ ਰੂਪ 'ਚ ਦੇਖੀ ਜਾਣ ਵਾਲੀ ਗੁਲ ਪਨਾਗ 2014 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਰੂਪ 'ਚ ਚੰਡੀਗੜ੍ਹ ਤੋਂ ਕਿਰਣ ਖੇਰ ਦੇ ਵਿਰੁੱਧ ਖੜ੍ਹੀ ਹੋਈ ਸੀ। ਉਦੋਂ ਸਭ ਨੂੰ ਲੱਗਾ ਸੀ ਕਿ ਯੁਵਾ ਜੋਸ਼ ਕੁਝ ਕਰ ਦਿਖਾਵੇਗਾ ਪਰ ਉਨ੍ਹਾਂ ਨੂੰ ਚੋਣ 'ਚ 1,08679 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਸਬਰ ਕਰਨਾ ਪਿਆ। 1999 'ਚ ਮਿਸ ਇੰਡੀਆ ਰਹੀ ਗੁਲ ਪਨਾਗ ਨੇ ਕਈ ਹਿੰਦੀ ਫਿਲਮਾਂ ਤੋਂ ਇਲਾਵਾ 'ਸਿਕੰਦਰ' ਅਤੇ 'ਅੰਬਰਸਰੀਆ' ਵਰਗੀਆਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। 2014 ਦੀ ਚੋਣ 'ਚ ਮਿਹਨਤ ਦੇ ਬਾਵਜੂਦ ਆਪਣੇ ਪ੍ਰਦਰਸ਼ਨ ਪਿੱਛੋਂ ਗੁਲ ਪਨਾਗ ਨੇ ਰਾਜਨੀਤੀ ਤੋਂ ਤੌਬਾ ਕਰ ਕੇ ਆਪਣੇ ਪਰਿਵਾਰ, ਕਰੀਅਰ ਅਤੇ ਸਮਾਜ ਸੇਵਾ ਨੂੰ ਸਮਾਂ ਦੇਣਾ ਦਾ ਫ਼ੈਸਲਾ ਕੀਤਾ ਹੈ।

ਮਿਸ ਪੂਜਾ
ਹਰਮਨ ਪਿਆਰੀ ਗਾਇਕੀ ਦੇ ਨਾਲ-ਨਾਲ ਸੁੰਦਰਤਾ ਮਿਸ ਪੂਜਾ ਦੀ ਪਛਾਣ ਰਹੀ ਹੈ। ਆਪਣੀ ਮਿੱਠੀ ਆਵਾਜ਼ ਨਾਲ ਜਵਾਨਾਂ ਨੂੰ ਦੀਵਾਨਾ ਬਣਾਉਣ ਵਾਲੀ ਗੁਰਿੰਦਰ ਕੌਰ ਕੈਂਥ ਨੇ ਦਸੰਬਰ 2013 'ਚ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਜੋੜਿਆ ਸੀ। ਉਨ੍ਹਾਂ ਨੂੰ ਉਮੀਦ ਸੀ ਕਿ 2014 'ਚ ਹੁਸ਼ਿਆਰਪੁਰ ਤੋਂ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਐਲਾਨੇਗੀ ਪਰ ਸ਼ੋਹਰਤ ਅਤੇ ਰੁਝੇਵਿਆਂ ਕਾਰਨ ਮਿਸ ਪੂਜਾ ਜਨਤਾ ਵਿਚ ਜਾਂ ਰਾਜਨੀਤੀ ਦੇ ਗਲਿਆਰਿਆਂ 'ਚ ਨਾਂਹ ਦੇ ਬਰਾਬਰ ਹੀ ਨਜ਼ਰ ਆਉਂਦੀ ਸੀ। ਪਾਰਟੀ ਵੀ ਉਸ ਦੀ ਹਰਮਨ ਪਿਆਰਤਾ ਦਾ ਜ਼ਿਆਦਾ ਫ਼ਾਇਦਾ ਉਠਾਉਣ 'ਚ ਨਾਕਾਮ ਰਹੀ ਅਤੇ ਮਿਸ ਪੂਜਾ ਨੇ ਮੰਨ ਲਿਆ ਕਿ ਉਨ੍ਹਾਂ ਦੀ ਜਗ੍ਹਾ ਰਾਜਨੀਤੀ 'ਚ ਨਹੀਂ ਬਲਕਿ ਗਲੈਮਰ ਵਰਲਡ 'ਚ ਹੀ ਹੈ। ਉਨ੍ਹਾਂ ਦਾ ਫਿਲਮੀ ਅਤੇ ਸੰਗੀਤ ਸਫ਼ਰ ਜਾਰੀ ਹੈ। ਇਸੇ ਖੇਤਰ 'ਚ ਨਿਵੇਕਲੀ ਪਛਾਣ ਹੀ ਉਨ੍ਹਾਂ ਨੂੰ ਲੋਕ ਮਨਾਂ 'ਚ ਜਿਉਂਦਾ ਰੱਖ ਸਕਦੀ ਹੈ।

- ਵੰਦਨਾ ਵਾਲੀਆ ਬਾਲੀ
7311192453