- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਦਿਨਾਂ ਤੋਂ ਬਹੁਤ ਭੈੜੀਆਂ-ਭੈੜੀਆਂ ਖ਼ਬਰਾਂ ਆ ਰਹੀਆਂ ਸਨ। ਘਰਾਂ ਦੀਆਂ ਕੰਧਾਂ ’ਤੇ ਨਾਲ ਚਿੰਬੜੀਆਂ ਐੱਲਡੀ ਦੀਆਂ ਸਕਰੀਨਾਂ ’ਤੇ ਬੈਠੇ ਟੀਵੀ ਐਂਕਰ ਹੋਰ ਵੀ ਡਰਾਉਣੇ ਢੰਗ ਨਾਲ ਬੋਲ-ਬੋਲ ਕੇ ਆਮ ਲੋਕਾਂ ਦਾ ਤਰਾਹ ਕੱਢ ਰਹੇ ਸਨ। ਦੋਵਾਂ ਦੇਸ਼ਾਂ ’ਚ ਤਣਾਅ ਵਾਲੀ ਸਥਿਤੀ ਬਣੀ ਹੋਈ ਏ।’

ਕੁਝ ਦਿਨਾਂ ਤੋਂ ਬਹੁਤ ਭੈੜੀਆਂ-ਭੈੜੀਆਂ ਖ਼ਬਰਾਂ ਆ ਰਹੀਆਂ ਸਨ। ਘਰਾਂ ਦੀਆਂ ਕੰਧਾਂ ’ਤੇ ਨਾਲ ਚਿੰਬੜੀਆਂ ਐੱਲਡੀ ਦੀਆਂ ਸਕਰੀਨਾਂ ’ਤੇ ਬੈਠੇ ਟੀਵੀ ਐਂਕਰ ਹੋਰ ਵੀ ਡਰਾਉਣੇ ਢੰਗ ਨਾਲ ਬੋਲ-ਬੋਲ ਕੇ ਆਮ ਲੋਕਾਂ ਦਾ ਤਰਾਹ ਕੱਢ ਰਹੇ ਸਨ। ਦੋਵਾਂ ਦੇਸ਼ਾਂ ’ਚ ਤਣਾਅ ਵਾਲੀ ਸਥਿਤੀ ਬਣੀ ਹੋਈ ਏ।’ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਦੋਵਾਂ ਦੇਸ਼ਾਂ ਦਰਮਿਆਨ ਹਲਚਲ ਮੱਚੀ ਹੋਈ ਏ। ਕਿਸੇ ਵੀ ਵਕਤ ਜੰਗ ਸ਼ੁਰੂ ਹੋ ਸਕਦੀ ਏ। ਅਜਿਹੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਸੀ। ਜਿਨ੍ਹਾਂ ਦੇ ਜਵਾਨ ਪੁੱਤ ਫ਼ੌਜ ’ਚ ਸਨ, ਉਨ੍ਹਾਂ ਮਾਪਿਆਂ ਦੇ ਚਿਹਰੇ ਭੈਅ ਦੀ ਕਾਲੀ ਪਲੱਤਣ ਨੇ ਕਾਲੇ-ਸ਼ਾਹ ਤੇ ਉਦਾਸ ਕਰ ਦਿੱਤੇ ਸਨ। ਜੰਗ ਮਨੁੱਖਤਾ ਦੀ ਤਬਾਹੀ ਦਾ ਪ੍ਰਤੀਕ ਏ, ਜਿਹੜੀ ਜਿਉਂਦੇ ਮਨੁੱਖਾਂ ਨੂੰ ਤੁਰਦੀਆਂ-ਫਿਰਦੀਆਂ ਲਾਸ਼ਾਂ ਵਿਚ ਤਬਦੀਲ ਕਰ ਦਿੰਦੀ ਹੈ ਪਰ ਮਨਚਲਿਆਂ ਦੇ ਖੇਮੇ ’ਚ ਇਹ ਮਨੋਰੰਜਨ ਦਾ ਸਾਧਨ ਸੀ।
ਸਥਿਤੀ ਬੇਸ਼ੱਕ ਨਾਜ਼ੁਕ ਦੌਰ ਵਿਚ ਸੀ ਪਰ ਬਥੇਰੇ ਲੋਕ ਸਨ, ਜਿਹੜੇ ਇਨ੍ਹਾਂ ਖ਼ਬਰਾਂ ਨੂੰ ਬਹੁਤੀ ਤਵੱਜੋ ਨਹੀਂ ਸੀ ਦੇ ਰਹੇ। ਉਨ੍ਹਾਂ ਦੇ ਭਾਣੇ ਇਹ ਜੰਗੀ ਅਫ਼ਵਾਹਾਂ ਸਨ ਤੇ ਟੀਵੀ ਵਾਲਿਆਂ ਲਈ ਕੇਵਲ ਟੀਆਰਪੀ ਦਾ ਧੰਦਾ ਸੀ। ਦੋਵੇਂ ਪਾਸੇ ਤਿਆਰੀਆਂ ਹੋਣ ਲੱਗ ਪਈਆਂ। ਸਰਹੱਦਾਂ ’ਤੇ ਫ਼ੌਜਾਂ ਦੀ ਆਮਦ ਨੇ ਇਕ ਗੱਲ ਤਾਂ ਪੱਕੀ ਕਰ ਦਿੱਤੀ ਸੀ ਕਿ ਚਿਰਾਂ ਤੋਂ ਹੋ ਰਹੀ ਘੈਂਸ-ਘੈਂਸ ਦਾ ਨਿਬੇੜਾ ਗੱਲਾਂਬਾਤਾਂ ਨਾਲ ਨਹੀਂ ਹੋਣਾ। ਟੈਂਕਾ, ਤੋਪਾਂ ਤੇ ਜਹਾਜ਼ਾਂ ਤੋਂ ਇਲਾਵਾ ਸੈਂਕੜੇ ਮੀਲਾਂ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਅੱਡੇ ਮੂੰਹ ਆਦਮ ਖਾਣ ਲਈ ਖੁੱਲ੍ਹ ਚੁੱਕੇ ਹਨ। ਮਾਰੂ ਹਥਿਆਰਾਂ ਤੇ ਜੰਗੀ ਬੇੜਿਆਂ ਦੀ ਘੇਰਾਬੰਦੀ ਨੇ ਜੰਗ ਦੇ ਸਾਏ ਨੂੰ ਕੋਹਾਂ ਤੱਕ ਲੰਮਾ ਕਰ ਦਿੱਤਾ ਸੀ। ਸਮੁੰਦਰ ’ਚ ਗੇੜੇ ਕੱਢਦੇ ਬੇੜਿਆਂ ਨੇ ਸਮੁੰਦਰੀ ਜੀਵਾਂ ਨੂੰ ਵੀ ਭੈਅ-ਭੀਤ ਕਰ ਰੱਖਿਆ ਸੀ।
ਦਿਨ ਮੁੱਕਦਾ ਤਾਂ ਰਾਤ ਦਾ ਫ਼ਿਕਰ ਹੁੰਦਾ। ਰਾਤ ਨਿੱਬੜਦੀ ਤਾਂ ਚੜ੍ਹਨ ਵਾਲਾ ਦਿਨ ਜੰਗੀ ਮਾਹੌਲ ਦੀ ਚੁੰਜ-ਚਰਚਾ ਵਿਚ ਲੰਘ ਜਾਂਦਾ। ਜੰਗੀ ਮੁਹਾਜ਼ ’ਤੇ ਜਾਣ ਵਾਲਿਆਂ ਦੇ ਮਾਂ-ਬਾਪ ਅਰਦਾਸਾਂ ਕਰਦੇ, ‘ਪ੍ਰਮਾਤਮਾ ਸੁੱਖ ਰੱਖੀਂ।’ ਫਿਰ ਇਕ ਦਿਨ ਜੰਗ ਦਾ ਐਲਾਨ ਹੋ ਗਿਆ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਮ੍ਹਣੇ ਸਨ ਕਿਉਂਕਿ ਮਾਲਕਾਂ ਨੇ ਫ਼ੌਜਾਂ ਨੂੰ ਮੋਰਚਿਆਂ ’ਚ ਡਟਣ ਦਾ ਆਰਡਰ ਦੇ ਦਿੱਤਾ। ‘ਮਾਂ! ਮੈਂ ਚੱਲਿਆਂ’, ਅਹਿਮਦ ਨੇ ਮਾਂ ਨੂੰ ਝੂਠਾ ਜਿਹਾ ਮੁਸਕਰਾ ਕੇ ਕਿਹਾ। ‘ਅੱਲ੍ਹਾ ਮੇਹਰ ਕਰੇ’, ਮਾਂ ਨੇ ਮੋਹ ਤੇ ਉਦਾਸੀ ਨਾਲ ਭਿੱਜੇ ਬੋਲਾਂ ਨਾਲ ਸਿਰ ਪਲੋਸਿਆ। ਜਲਦੀ ਆਉਣਾ, ਮੈਂ ਉਡੀਕਾਂਗੀ। ‘ਬਿਲਕੁਲ’, ਅਹਿਮਦ ਦੇ ਅੰਦਰ ਕੋਈ ਅਣਜਾਣਾ ਜਿਹਾ ਡਰ ਉਸਲਵੱਟੇ ਲੈਣ ਲੱਗਿਆ। ਉਸ ਘਰਵਾਲੀ ਵੱਲ ਤੱਕਿਆ ਤੇ ਛੋਟੇ ਜਿਹੇ ਬਸ਼ੀਰ ਦਾ ਮੂੰਹ ਚੁੰਮ ਕੇ ਬੋਲਿਆ, ‘ਸ਼ੈਤਾਨ।’ ਝੱਟ ਅਹਿਮਦ ਦੇ ਮਨ ’ਚ ਖ਼ਿਆਲ ਆਇਆ ਕਿ ਬਸ਼ੀਰ ਤਾਂ ਮਾਸੂਮ ਏ, ਅਸਲੀ ਸ਼ੈਤਾਨ ਤਾਂ ਦੇਸ਼ਾਂ ਦੇ ਹੁਕਮਰਾਨ ਨੇ। ਜਿਹੜੇ ਆਪਣੀ ਫੋਕੀ ਚੌਧਰ ਲਈ ਜੰਗ ਛੇੜਦੇ ਹਨ। ਆਮ ਘਰਾਂ ਦੇ ਪੁੱਤ ਬਾਰੂਦ ’ਚ ਸੜ ਮਰਦੇ ਹਨ ਪਰ ਹੁਕਮਰਾਨ ਆਪਣੇ ਮਹਿਲਾਂ ’ਚ ਬੈਠੇ ਤਮਾਸ਼ਾ ਦੇਖਦੇ ਹਨ। ਜੰਗਾਂ ’ਚ ਬੱਚਿਆਂ ਦਾ ਭਵਿੱਖ ਤੇ ਵਡੇਰਿਆਂ ਦਾ ਬੁਢਾਪਾ ਉੱਜੜ ਜਾਂਦਾ ਏ। ਆਮ ਲੋਕਾਈ ਤੇ ਉਨ੍ਹਾਂ ਦੇ ਬੱਚੇ ਸਪੁਰਦੇ ਖ਼ਾਕ ਹੁੰਦੇ ਨੇ ਤੇ ਹੁਕਮਰਾਨ ਬਣ-ਠਣ ਕੇ ਸਕਰੀਨਾਂ ’ਤੇ ਬੈਠੇ ਜੰਗ ਜਿੱਤਣ ਦੀ ਸਮੀਖਿਆ ਕਰਦੇ ਹਨ।
ਉਹ ਚੰਦਰੀ ਘੜੀ ਵੀ ਆ ਗਈ, ਜਦੋਂ ਦੁਵੱਲੀ ਜੰਗ ਸ਼ੁਰੂ ਹੋ ਗਈ। ਗੋਲ਼ੀਆਂ ਦਾ ਖੜਾਕ ਤੇ ਬੰਬਾਂ ਦੇ ਧਮਾਕੇ ਕੰਨਾਂ ਦੇ ਪਰਦੇ ਪਾੜ ਰਹੇ ਸਨ। ਅਕਾਸ਼ ’ਚ ਇੱਲਾਂ ਵਾਂਗ ਉੱਡੇ ਫਿਰਦੇ ਫਾਈਟਰ ਪਲੇਨ ਦਿਲ ਖੋਲ੍ਹ ਕੇ ਬੰਬ ਵਰ੍ਹਸਾ ਰਹੇ ਸੀ। ਸੈਂਕੜੇ ਮੀਲਾਂ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦੀ ਅਤਿ ਭਿਆਨਕ ਗਰਜ਼ ਨੇ ਅਸਮਾਨ ਦਾ ਸ਼ੀਨਾ ਪਾੜਨਾ ਲਿਆ ਹੋਇਆ ਸੀ। ਆਕਾਸ਼ ’ਚ ਉੱਡੇ ਫਿਰਦੇ ਪੰਛੀਆਂ ਦੇ ਭਾਅ ਦੀ ਬਣ ਗਈ। ਮਾਸੂਮ ਜਿੰਦਾਂ ਲਈ ਜਿਵੇਂ ਪਰਲੋ ਆ ਗਈ ਸੀ। ਉਨ੍ਹਾਂ ਦਾ ਜਿੱਧਰ ਨੂੰ ਮੂੰਹ ਹੋਇਆ, ਉਹ ਆਪਣੇ ਸਾਥੀਆਂ ਨੂੰ ਵੀ ਛੱਡ ਕੇ ਨੱਸ ਉੱਠੇ। ਜਿੱਥੇ ਕਿਸੇ ਨੂੰ ਥਾਂ ਮਿਲਿਆ, ਉਥੇ ਹੀ ਛਹਿ ਮਾਰ ਕੇ ਬਹਿ ਗਿਆ।
ਭਿਆਨਕ ਗੋਲਾ-ਬਾਰੀ ਨੇ ਧਰਤੀ ਦਾ ਸੀਨਾ ਪਾੜ ਸੁੱਟਿਆ ਸੀ। ਹੱਸਦੇ-ਵੱਸਦੇ ਸ਼ਹਿਰ ਤੇ ਗਰ ਖੰਡਰ ਬਣਦੇ ਜਾ ਰਹੇ ਸਨ। ਢਹਿੰਦੀਆਂ ਛੱਤਾਂ ਦੇ ਮਲਬੇ ਥੱਲੇ ਦੱਬੇ ਗਏ ਬੇਗੁਨਾਹ ਮਾਸੂਮ ਲੋਕਾਂ ਦੀਆਂ ਚੀਕਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਸੀ। ਹਰ ਪਾਸੇ ਰੂਹ ਕੰਬਾਊ ਰੌਲਾ ਤੇ ਚੀਕ-ਚਿਹਾੜਾ ਮਚਿਆ ਹੋਇਆ ਸੀ। ਬੇਮੁਹਾਰੇ ਤੇ ਡਰੇ ਹੋਏ ਲੋਕ ਜਾਨਾਂ ਬਚਾਉਣ ਲਈ ਕੰਧਾਂ-ਕੌਲਿਆਂ ਵਿਚ ਸਿਰ ਲੁਕਾਉਂਦੇ ਸਾਫ਼ ਦੇਖੇ ਜਾ ਸਕਦੇ ਸਨ। ਪੰਜਾਬੀ ਕਹਾਵਤ ‘ਮਾਵਾਂ ਨੇ ਪੁੱਤ ਨਾ ਸੰਭਾਲੇ’ ਵਾਲੀ ਹਕੀਕਤ ਵਾਪਰ ਰਹੀ ਸੀ। ਵੱਡੀਆਂ-ਵੱਡੀਆਂ ਇਮਾਰਤਾਂ ’ਚ ਲੱਗੀਆਂ ਅੱਗਾਂ ਤੇ ਆਕਾਸ਼ ਵੱਲ ਉੱਠਦੇ ਕਾਲੇ-ਸੰਘਣੇ ਧੂੰਆਂ ਦਾ ਮੰਜ਼ਰ ਦੇਖ ਕੇ ਸਾਹ ਗੁੰਮ ਹੋ ਜਾਂਦਾ। ਮਚ ਰਹੇ ਬਾਰੂਦ ਦੀ ਅੱਗ ’ਚ ਸੜਦਾ ਮਨੁੱਖੀ ਮਾਸ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਸੀ। ਸੜਦੇ ਮਾਸ ਦੀ ਦੁਰਗੰਧ ਦਾ ਪ੍ਰਦੂਸ਼ਣ ਕਾਇਨਾਤ ਵਿਚ ਬੜੀ ਤੇਜ਼ੀ ਨਾਲ ਫੈਲ ਰਿਹਾ ਸੀ। ਅੱਗ ਤੇ ਧੂੰਏਂ ਨਾਲ ਭਰੇ ਆਸਮਾਨ ਵਿਚਕਾਰ ਲਟਕ ਰਹੀ ਇਨਸਾਨੀਅਤ ਦਾ ਵਜੂਦ ਗਵਾਚਦਾ ਜਾ ਰਿਹਾ ਸੀ।
ਰਾਤ ਬੜੀ ਤੇਜ਼ੀ ਨਾਲ ਬੀਤ ਰਹੀ ਸੀ। ਬਹੁਤ ਹੀ ਭਿਆਨਕ ਹਮਲਿਆਂ ਤੋਂ ਬਾਅਦ ਇਕਦਮ ਚੁੱਪ ਪਸਰ ਗਈ ਜਾਂ ਇੰਜ ਕਹਿ ਲਵੋ ਕਿ ਵਾਤਾਵਰਣ ’ਚ ਖ਼ਾਮੋਸ਼ੀ ਦਾ ਰਾਜ ਸੀ। ਸ਼ਾਇਦ ਤੋਪਾਂ ਆਪਣੇ ਗਰਮ ਹੋਏ ਮੂੰਹ ਨੂੰ ਠੰਢਾ ਕਰਨ ਲੱਗੀਆਂ ਸਨ ਜਾਂ ਫਿਰ ਖ਼ਾਲੀ ਹੋਏ ਪੇਟ ’ਚ ਬਾਰੂਦ ਭਰਿਆ ਜਾ ਰਿਹਾ ਸੀ। ‘ਅਕਬਰ ਆਪਾਂ ਏਹ ਜੰਗ ਕਿਉਂ ਲੜ ਰਹੇ ਆਂ’, ਅਹਿਮਦ ਆਪਣੇ ਸਾਥੀ ਨੂੰ ਪੁੱਛ ਰਿਹਾ ਸੀ। ‘ਆਪਾਂ ਨਹੀਂ ਲੜ ਰਹੇ ਦੋਸਤ। ਆਪਾਂ ਨੂੰ ਲੜਾਇਆ ਜਾ ਰਿਹਾ ਏ’, ਅਕਬਰ ਨੇ ਜਵਾਬ ਦਿੰਦਿਆਂ ਕਿਹਾ। ਇਹ ਲੜਾਈ ਕਿਸੇ ਹੋਰ ਦੀ ਏ ਪਰ ਲੜਨਾ ਆਪਾਂ ਨੂੰ ਪੈ ਰਿਹਾ ਏ।
‘ਮੈਂ ਵੀ ਇਹੀ ਸੋਚ ਰਿਹਾ ਕਿ ਇਹ ਲੜਾਈ ਸਾਡੀ ਨਹੀਂ’, ਅਹਿਮਦ ਨੇ ਸਹਿਮਤ ਹੁੰਦਿਆਂ ਕਿਹਾ। ਜਿਨ੍ਹਾਂ ਦੀ ਲੜਾਈ ਏ, ਉਹ ਆਰਾਮ ਨਾਲ ਸੁੱਤੇ ਹੋਏ ਆ ਪਰ ਅਸੀਂ ਅੱਗ ਵਿਚ ਸੜ ਰਹੇ ਹਾਂ।’‘ਇਹੀ ਤਾਂ ਸਾਡਾ ਦੁਖਾਂਤ ਏ। ਹਾਕਮਾਂ ਦੀ ਫੋਕੀ ਹਊਮੇ ਤੇ ਚੌਧਰ ਦਾ ਸੰਤਾਪ ਆਮ ਲੋਕਾਈ ਭੋਗ ਰਹੀ ਏ।’ ਅਹਿਮਦ ਡਾਹਢੇ ਦੁੱਖ ਨਾਲ ਬੋਲਿਆ, ‘ਲੋਕਾਂ ਦੇ ਰੀਝਾਂ ਨਾਲ ਬਣਾਏ ਹੋਏ ਘਰ ਮੈਂ ਮਲਬੇ ਦਾ ਢੇਰ ਬਣਦੇ ਦੇਖੇ ਤਾਂ ਮੇਰੇ ਦਿਲ ਨੂੰ ਹੌਲ ਪੈਣ ਲੱਗ ਪਿਆ। ਵੱਢੇ-ਟੁੱਕੇ ਤੇ ਜ਼ਖ਼ਮੀ ਮਾਸੂਮਾਂ ਦਾ ਮੰਜ਼ਰ ਮੈਥੋਂ ਦੇਖਿਆ ਨਹੀਂ ਸੀ ਜਾਂਦਾ।’
ਉਹ ਮੋਰਚੇ ’ਚ ਬੈਠੇ ਆਪਸ ਵਿਚ ਗੱਲਾਂ ਕਰ ਰਹੇ ਸਨ। ਉਨ੍ਹਾਂ ਦੇ ਦਿਲ ਤੇਜ਼-ਤੇਜ਼ ਧੜਕ ਰਹੇ ਸੀ। ਕੁਝ ਪਲਾਂ ਦੀ ਸ਼ਾਂਤੀ ਬਾਅਦ ਉੱਠੇ ਤੂਫ਼ਾਨਾਂ ਨੇ ਉਨ੍ਹਾਂ ਦੇ ਚਿਹਰੇ ਫਿਰ ਕਠੋਰ ਕਰ ਦਿੱਤੇ ਤੇ ਪਾਸੇ ਪਈਆਂ ਬੰਦੂਕਾਂ ਹੱਥਾਂ ਵਿਚ ਫੜਾ ਦਿੱਤੀਆਂ। ਹਮਲੇ ਹੋਰ ਤੇਜ਼ ਹੋ ਗਏ। ਜਿੱਥੇ-ਜਿੱਥੇ ਮਿਜ਼ਾਈਲਾਂ ਤੇ ਬੰਬ ਡਿੱਗਦੇ ਹਨ, ਉਥੇ ਧਰਤੀ ’ਚ ਡੂੰਘਾ ਪਾੜ ਪੈ ਜਾਂਦਾ। ਧਰਤੀ ਮਾਂ ਦਾ ਹਿਰਦਾ ਵਲੂੰਧਰਿਆ ਜਾਂਦਾ। ਜ਼ਖ਼ਮੀ ਪਿੰਡੇ ਦੀ ਮਿੱਟੀ ਧੂੜ ਬਣ ਕੇ ਅਸਮਾਨ ਵੱਲ ਉੱਡ ਜਾਂਦੀ। ਧਰਤੀ ਦਾ ਸ਼ਿੰਗਾਰ ਵੱਡੇ-ਵੱਡੇ ਰੁੱਖ ਤੇ ਧਰਤੀ ਦੀ ਬੁੱਕਲ ਵਿਚ ਉੱਗਿਆ ਘਾਹ-ਫੂਸ ਅੱਗ ਦੀਆਂ ਲਪਟਾਂ ਵਿਚ ਝੁਲਸ ਜਾਂਦਾ। ‘ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ’, ਅਹਿਮਦ ਨੇ ਆਪਣੀ ਗੰਨ ਨੂੰ ਨਿਸ਼ਾਨੇ ’ਤੇ ਕੀਤਾ। ‘ਅੱਬਾ ਜਾਨ ਕਹਿੰਦੇ ਸੀ, ਜੰਗ ਹਾਕਮ ਲੋਕਾਂ ਲਈ ਸ਼ੁਗਲ ਤੇ ਪੇਟ ਦੇ ਭੁੱਖਿਆਂ ਲਈ ਬਰਬਾਦੀ ਹੁੰਦਾ ਏ’, ਅਕਬਰ ਆਪਣੇ ਕੰਮ ਵਿਚ ਰੁੱਝਿਆ ਬੋਲਿਆ। ਏਹ ਕੌੜਾ ਸੱਚ ਏ ਤੇ ਏਵੇਂ ਹੀ ਹੁੰਦਾ ਏ। ਅਹਿਮਦ ਸਹਿਮਤ ਸੀ, ‘ਹਾਕਮ ਭਲੇ ਹੀ ਜਿੱਤ ਜਾਵੇ ਪਰ ਮਨੁੱਖਤਾ ਹਾਰ ਜਾਂਦੀ ਏ। ਉਹ ਲਾਚਾਰ ਮਾਵਾਂ ਤੇ ਬੁੱਢੇ ਬਾਪ ਹਾਰ ਜਾਂਦੇ ਆ, ਜਿਨ੍ਹਾਂ ਦੇ ਜਵਾਨ ਪੁੱਤ ਬਾਰੂਦ ਨਾਲ ਰਾਖ਼ ਹੋ ਜਾਂਦੇ ਆ। ਮੈਂ ਜਦ ਆਇਆ ਸੀ ਤਾਂ ਮੇਰੀ ਮਾਂ ਬੜੀ ਉਦਾਸ ਸੀ। ਸ਼ਾਇਦ...।’ ਅਹਿਮਦ ਨੂੰ ਘਰੋਂ ਆਉਣ ਸਮੇਂ ਦਾ ਦ੍ਰਿਸ਼ ਯਾਦ ਆ ਗਿਆ।
‘ਹਰ ਫ਼ੌਜੀ ਦੀ ਮਾਂ ਸਰ੍ਹਾਣੇ ਕੱਫ਼ਨ ਰੱਖ ਕੇ ਸੌਂਦੀ ਏ’, ਅਕਬਰ ਨੇ ਲੰਮਾ ਸਾਰਾ ਹਉਕਾ ਲਿਆ ਤੇ ਬਰਫ਼ ਨਾਲੋਂ ਠੰਢੇ ਸਵਰ ’ਚ ਕਿਹਾ, ‘ਵਿਚਾਰੀ ਮਾਂ।’ ‘ਤੈਨੂੰ ਉਹ ਦੁਸ਼ਮਣ ਫ਼ੌਜੀ ਯਾਦ ਏ।’‘ਹਾਂ ਚੰਗੀ ਤਰ੍ਹਾਂ ਯਾਦ ਏ’, ਅਕਬਰ ਨੇ ਜਵਾਬ ਦਿੰਦਿਆਂ ਕਿਹਾ। ਸ਼ਾਇਦ ਮੈਂ ਓਹਨੂੰ ਕਦੇ ਭੁੱਲ ਨਹੀਂ ਸਕਾਂਗਾ।’ ਜਦ ਉਹਦੇ ਗੋਲੀ ਲੱਗੀ ਸੀ। ਪਤੈ, ਉਹ ਕੀ ਕਰ ਰਿਹਾ ਸੀ’?
‘ਸ਼ਾਇਦ ਉਹ ਆਪਣੀ ਮਾਂ ਨੂੰ ਜਲਦੀ ਘਰ ਪਰਤਣ ਲਈ ਕਹਿ ਰਿਹਾ ਸੀ।’
‘ਪਰ ਉਹਦੀ ਮੌਤ ਹੋ ਚੁੱਕੀ ਏ’, ਅਹਿਮਦ ਦੀ ਆਵਾਜ਼ ’ਚ ਦਰਦ ਦਾ ਦਰਿਆ ਛੱਲਾਂ ਮਾਰ ਰਿਹਾ ਸੀ।
‘ਹੁਣ ਉਹ ਆਪਣੀ ਮਾਂ ਨੂੰ ਕਦੇ ਨ੍ਹੀਂ ਮਿਲ ਸਕੇਗਾ’? ‘ਇਨਸਾਂ ਅੱਲ੍ਹਾ! ਉਹਦੀ ਆਤਮਾ ਨੂੰ ਸ਼ਾਂਤੀ ਦੇਵੇ’, ਅਹਿਮਦ ਨੇ ਉੱਪਰ ਵੱਲ ਤੱਕਦਿਆਂ ਦੁਆ ਕੀਤੀ।
ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਫ਼ੌਜੀ ਦੀ ਸ਼ਕਲ ਘੁੰਮ ਗਈ। ਫਿਰ ਉਨ੍ਹਾਂ ਦੇ ਜ਼ਿਹਨ ’ਚ ਮਰ ਚੁੱਕੇ ਫ਼ੌਜੀ ਦੀ ਵਿਰਲਾਪ ਕਰਦੀ ਮਾਂ ਦਾ ਦ੍ਰਿਸ਼ ਆ ਗਿਆ, ਜਿਹੜੇ ਪੁੱਤਰ ਨੂੰ ਉਡੀਕਦੀ ਸੁੱਕ ਕੇ ਤੀਲਾ ਹੋਈ ਬੂਹੇ ਦੀ ਦਹਿਲੀਜ਼ ਨਾਲ ਲੱਗੀ ਖੜ੍ਹੀ ਸੀ। ਉਸ ਦੀਆਂ ਸੁੰਨੀਆਂ-ਸੁੰਨੀਆਂ ਅੱਖਾਂ ਵਿਚਲਾ ਸੁੰਨ੍ਹਾਪਣ ਤੇ ਚਿਹਰੇ ’ਤੇ ਉਦਾਸੀ ਦਾ ਸੈਲਾਬ ਸਾਫ਼ ਨਜ਼ਰ ਆ ਰਿਹਾ ਸੀ। ਇਕ ਪਲ ਅਹਿਮਦ ਤੇ ਅਕਬਰ ਨੂੰ ਉਹ ਆਪਣੀ ਮਾਂ ਲੱਗੀ। ਉਹ ਖੜ੍ਹੇ-ਖੜੋਤੇ ਧੁੜ-ਧੜੀ ਲੈ ਕੇ ਕੰਬ ਗਏ। ਉਨ੍ਹਾਂ ਦੇ ਸਰੀਰ ’ਤੇ ਉਗਿਆ ਇਕ-ਇਕ ਰੋਮ ਕਿੱਕਰ ਦੀ ਸੂਲ ਵਾਂਗ ਖੜ੍ਹਾ ਹੋ ਗਿਆ। ਸੇਮ ਏਹੀ ਹਾਲ ਦੂਜੇ ਪਾਸੇ ਲੜ ਰਹੇ ਡੇਵਿਡ ਤੇ ਮਾਈਕਲ ਹੋਰਾਂ ਦਾ ਸੀ। ਉਹ ਵੀ ਆਪਣੇ ਪਿਆਰਿਆਂ ਨੂੰ ਮਿਲਣ ਲਈ ਤਰਲੋਮੱਛੀ ਹੋ ਰਹੇ ਸੀ ਪਰ ਉਨ੍ਹਾਂ ਦੇ ਪਿੱਛੇ ਖੜ੍ਹਾ ਹਾਕਮ ਬਾਰੂਦ ਨਾਲ ਰਾਖ਼ ਹੋਣ ਲਈ ਹੱਲਾਸ਼ੇਰੀ ਦੇ ਰਿਹਾ ਸੀ।
‘ਮਾਈਕਲ! ਤੈਨੂੰ ਇਸ ਜੰਗੀ ਮੈਦਾਨ ਵਿਚ ਕੋਈ ਦੁਸ਼ਮਣ ਨਜ਼ਰ ਆਉਂਦਾ ਏ’, ਡੇਵਿਡ ਨਾਲ’ਦੇ ਸਾਥੀ ਤੋਂ ਪੁੱਛ ਰਿਹਾ ਸੀ। ‘ਸਾਹਮਣੇ ਖੜ੍ਹੇ ਬੰਦੇ ਦੁਸ਼ਮਣ ਹੀ ਤਾਂ ਹਨ’, ਮਾਈਕਲ ਨੇ ਉੱਤਰ ਦਿੱਤਾ। ‘ਬੱਟ ਮੈਨੂੰ ਤਾਂ ਏਹ ਆਪਣੇ ਵਰਗੇ ਲੋਕ ਹੀ ਦਿਸਦੇ ਆ। ਕੋਈ ਫ਼ਰਕ ਹੈ ਤਾਂ ਦੱਸ’, ਡੇਵਿਡ ਨੇ ਆਪਣੇ ਮਨ ’ਚ ਚੱਲ ਰਹੇ ਖ਼ਿਆਲ ਪ੍ਰਗਟ ਕੀਤੇ। ‘ਕੋਈ ਮੰਨੇ ਜਾਂ ਨਾ ਮੰਨੇ, ਬੱਟ ਏਹੀ ਅਸਲ ਸੱਚ ਏ। ਉਹ ਲੋਕ ਵੀ ਸਾਡੇ ਵਰਗੇ ਆ ਤੇ ਸਾਡੇ ਆਪਣੇ ਆ। ਸਾਡੇ ਵਾਂਗ ਮਜਬੂਰ ਤੇ ਲਾਚਾਰ’, ਮਾਈਕਲ ਨੇ ਸੀਰੀਅਸ ਹੋ ਕੇ ਆਖਿਆ। ਜਦੋਂ ਏਹ ਜੰਗ ਸਾਡੀ ਹੈ ਈ ਨਹੀਂ ਤਾਂ ਉਹ ਸਾਡੇ ਤੋਂ ਵੱਖਰੇ ਕਿਵੇਂ ਦਿਸ ਸਕਦੇ ਆ? ਏਹ ਜੰਗ ਨਾ ਸਾਡੀ ਏ, ਨਾ ਬਾਊਂਡਰੀ ਲਾਈਨ ਤੋਂ ਪਾਰ ਵਾਲਿਆਂ ਦੀ ਏ।
‘ਤੂੰ ਠੀਕ ਕਹਿ ਰਿਹਾ ਏਂ। ਇਨ੍ਹਾਂ ਜੰਗਾਂ ਦਾ ਰਚੇਤਾ ਤਾਂ ਕੋਈ ਹੋਰ ਏ। ਬੱਟ ਉਹ ਜੰਗ ਦੇ ਮੈਦਾਨ ’ਚ ਨਹੀਂ ਆਉਂਦਾ’, ਡੇਵਿਡ ਆਪਣੇ ਸਿਰ ਉਤਲੇ ਲੋਹ ਟੋਪ ਨੂੰ ਸੁਆਰਦਾ ਹੋਇਆ ਬੋਲਿਆ। ਜੰਗ ਦੀ ਭੱਠੀ ’ਚ ਬਾਲਣ ਬਣ ਕੇ ਸਾਡੇ ਵਰਗਿਆਂ ਨੂੰ ਬਲਣਾ ਪੈਂਦਾ ਏ। ਅਥਵਾ ਬਾਲਣ ਵਜੋਂ ਵਰਤਿਆ ਜਾਂਦਾ ਏ ਤੇ ਉਸ ਦੇ ਸੇਕ ’ਤੇ ਪੱਕਿਆ ਭੋਜਨ ਉਹ ਮਜ਼ੇ ਨਾਲ ਖਾ ਜਾਂਦਾ ਏ। ਇਸ ਜੰਗ ਰੂਪੀ ਭੱਠੀ ’ਚ ਮਾਵਾਂ ਦੀਆਂ ਖ਼ਾਹਿਸ਼ਾਂ, ਬੱਚਿਆਂ ਦਾ ਭਵਿੱਖ ਤੇ ਭੈਣ-ਭਰਾਵਾਂ ਦੇ ਸੁਪਨੇ ਸੜ ਜਾਂਦੇ ਆ। ਬੱਟ ਹਾਕਮ ਦਾ ਮਨ ਨਹੀਂ ਪਸੀਜਦਾ। ‘ਏਹ ਦੇਸ਼ਾਂ ਜਾਂ ਲੋਕਾਂ ਦੀ ਲੜਾਈ ਨਹੀਂ ਸਗੋਂ ਇਨਸਾਨੀਅਤ ਤੇ ਹੰਕਾਰ ਦਾ ਝਗੜਾ ਏ’, ਮਾਈਕਲ ਨੂੰ ਜੰਗ ਦੀ ਅਸਲ ਕਹਾਣੀ ਦਾ ਸੱਚ ਸਮਝ ਆ ਰਿਹਾ ਸੀ। ਹਿਸਟਰੀ ਦੇ ਲੇਖ ਵਾਚਿਆਂ ਗੱਲ ਸਮਝ ਆਉਂਦੀ ਏ ਕਿ ਜ਼ਿਆਦਾਤਰ ਹੰਕਾਰ ਜਿੱਤ ਜਾਂਦਾ ਏ ਤੇ ਮਨੁੱਖਤਾ ਹਾਰ ਜਾਂਦੀ ਏ। ਡੇਵਿਡ ਦੀਆਂ ਰਗਾਂ ਵਿਚ ਦਰਦ ਤੇ ਦਿਲ ’ਚ ਮਨੁੱਖੀ ਪੀੜ ਸੀ।
ਜੰਗ ਸ਼ੁਰੂ ਤਾਂ ਕੁਝ ਦਿਨਾਂ ਲਈ ਹੋਈ ਸੀ ਪਰ ਦਿਨਾਂ ਤੋਂ ਹਫ਼ਤੇ ਤੇ ਹਫ਼ਤਿਆਂ ਤੋਂ ਮਹੀਨਿਆਂ ਤੱਕ ਲੰਮੀ ਹੋ ਗਈ। ਹਜ਼ਾਰਾਂ ਲੋਕ ਬਾਰੂਦ ਦੀ ਅੱਗ ’ਚ ਸੜ ਮੋਏ। ਸ਼ਹਿਰਾਂ ਦੇ ਸ਼ਹਿਰ ਖੰਡਰ ਬਣ ਗਏ। ਕਾਦਰ ਦੀ ਕੁਦਰਤ ਤਹਿਸ-ਨਹਿਸ ਹੋ ਗਈ। ਅਨੇਕਾਂ ਮਾਵਾਂ ਦੀਆਂ ਗੋਦਾਂ ਖ਼ਾਲੀ ਹੋ ਗਈਆਂ ਪਰ ਆਦਮ-ਖਾਣੇ ਹਾਕਮਾਂ ਤੇ ਚੱਲਦਿਆਂ ਤੋਪਾਂ-ਮਿਜ਼ਾਈਲਾਂ ਨੂੰ ਭੋਰਾ ਤਰਸ ਨਹੀਂ ਸੀ ਆ ਰਿਹਾ। ਵਿਧਵਾ ਹੋਈਆਂ ਨਾਰਾਂ ਤੇ ਯਤੀਮ ਹੋਏ ਬੱਚੇ ਉਨ੍ਹਾਂ ਵੱਲ ਤਰਸ ਭਰਪੂਰ ਨਜ਼ਰਾਂ ਨਾਲ ਵੇਖ ਰਹੇ ਸੀ ਪਰ ਹਾਕਮਾਂ ਦੇ ਦਿਲਾਂ ’ਚ ਰਹਿਮ ਨਾਂ ਦੀ ਚੀਜ਼ ਦਾ ਵਾਸਾ ਨਹੀਂ ਸੀ। ਚੱਲਦੀਆਂ ਮਿਜ਼ਾਇਲਾਂ ਤੇ ਵਰ੍ਹਦੇ ਬੰਬਾਂ ਵਿਚ ਇੱਕ ਦਿਨ ਜੰਗਬੰਦੀ ਦਾ ਐਲਾਨ ਹੋ ਗਿਆ। ਬਾਰੂਦ ਨਾਲ ਆਫ਼ਰੀਆਂ ਤੋਪਾਂ-ਬੰਦੂਕਾਂ ਨੇ ਆਪਣੇ ਮੂੰਹ ਬੰਦ ਕੀਤੇ ਤਾਂ ਲੁਕਾਈ ਨੇ ਸੁੱਖ ਦਾ ਸਾਹ ਲਿਆ। ਜੰਗਬੰਦੀ ਦੌਰਾਨ ਦੋਵਾਂ ਦੇਸ਼ਾਂ ਦੇ ਹੁਕਮਰਾਨ ਗੱਲਬਾਤ ਕਰਨ ਲਈ ਮੇਜ਼ ਦੁਆਲੇ ਬੈਠੇ। ਅੰਤਾਂ ਦੀ ਬਰਬਾਦੀ ਤੇ ਕੁਦਰਤੀ ਸ੍ਰੋਤਾਂ ਦੀ ਤਬਾਹੀ ਤੋਂ ਬਾਅਦ ਸਮਝੌਤਾ ਹੋ ਗਿਆ।
ਦੋਵਾਂ ਧਿਰਾਂ ਵੱਲੋਂ ਸਮਝੌਤੇ ’ਤੇ ਹੋਏ ਦਸਤਖ਼ਤਾਂ ਤੋਂ ਬਾਅਦ ਅਹਿਮਦ, ਅਕਬਰ, ਡੇਵਿਡ ਤੇ ਮਾਈਕਲ ਨੇ ਇਕ-ਦੂਜੇ ਵੱਲ ਦੇਖਿਆ। ਕੁਝ ਚਿਰ ਪਹਿਲਾਂ ਜਿਹੜੇ ਇਕ-ਦੂਜੇ ਦੇ ਸਾਹਮਣੇ ਬੰਦੂਕਾਂ ਤਾਣੀ ਖੜ੍ਹੇ ਸਨ, ਹੁਣ ਉਨ੍ਹਾਂ ਦੀਆਂ ਨਜ਼ਰਾਂ ਵੈਰ ਭਾਵਨਾ ਤੋਂ ਬਿਲਕੁਲ ਖ਼ਾਲੀ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਦੁਸ਼ਮਣੀ ਦਾ ਭਾਵ ਨਹੀਂ ਸਗੋਂ ਥਕਾਵਟ ਭਰਪੂਰ ਮਾਨਸਿਕ ਪੀੜ ਸੀ ਤੇ ਜਾਂ ਫਿਰ ਆਪਣੇ ਘਰਾਂ ਨੂੰ ਵਾਪਸ ਮੁੜਨ ਦੀ ਕਾਹਲ ਤੇ ਨੇੜਲੇ ਸਨੇਹੀਆਂ ਨੂੰ ਵੇਖਣ-ਮਿਲਣ ਦੀ ਤਾਂਘ ਸੀ। ‘ਏਹ ਸਮਝੌਤਾ ਪਹਿਲਾਂ ਵੀ ਤਾਂ ਹੋ ਸਕਦਾ ਸੀ’, ਮਾਈਕਲ ਦੀ ਆਵਾਜ਼ ’ਚ ਡੂੰਘੀ ਪੀੜ ਸੀ। ‘ਜੇ ਏਹ ਸਮਝੌਤਾ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਸਾਨੂੰ ਏਨੀਆਂ ਲਾਸ਼ਾਂ ਵੇਖਣ ਨੂੰ ਨਾ ਮਿਲਦੀਆਂ’, ਅਹਿਮਦ ਦੇ ਦਰਦ ਭਿੱਜੇ ਬੋਲ ਸਨ।
‘ਤੇ ਨਾ ਹੀ ਪੁੱਤਰਾਂ ਨੂੰ ਰੋਂਦੀਆਂ ਮਾਵਾਂ, ਵੀਰਾਂ ਨੂੰ ਲੱਭਦੀਆਂ ਭੈਣਾਂ, ਗੁਆਚੇ ਪਿਉ ਭਾਲਦੇ ਬੱਚੇ ਤੇ ਟੁੱਟ ਗਈਆਂ ਡੰਗੋਰੀਆਂ ’ਤੇ ਹੰਝੂ ਕੇਰਦੇ ਮਾਪੇ ਦੇਖਣੇ ਪੈਂਦੇ’, ਡੇਵਿਡ ਨੇ ਹੌਲੀ ਜਿਹੀ ਆਵਾਜ਼ ਵਿਚ ਉੱਤਰ ਦਿੱਤਾ। ‘ਏਹ ਕੌੜਾ ਸੱਚ ਏ, ਮਲਬੇ ਦੇ ਢੇਰਾਂ ਥੱਲੇ ਦੱਬੀਆਂ ਸੱਧਰਾਂ ਤੇ ਕਤਲ ਹੋਏ ਚਾਵਾਂ ਦਾ ਜਨਾਜ਼ਾ ਨਾ ਨਿਕਲਦਾ’, ਅਕਬਰ ਚੁੱਪ ਨਾ ਰਹਿ ਸਕਿਆ। ਉਹਦੇ ਬੁੱਲ੍ਹਾਂ 'ਚੋਂ ਆਪ-ਮੁਹਾਰੇ ਸ਼ਬਦ ਡੁੱਲ੍ਹ ਪਏ, ‘ਨਾ ਏਹ ਜੰਗ ਲੱਗਦੀ, ਨਾ ਸਾਨੂੰ ਏਹ ਮੰਜ਼ਰ ਦੇਖਣਾ ਪੈਂਦਾ। ਕਾਸ਼! ਸਾਡੇ ਕੁਛ ਵੱਸ ਹੁੰਦਾ।’ ਮਗਰ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ।
ਜੰਗੀ ਮੁਹਾਜ਼ ਤੋਂ ਜਦ ਅਹਿਮਦ ਘਰ ਪਹੁੰਚਿਆ ਤਾਂ ਮਾਂ ਬੂਹੇ ’ਚ ਖੜ੍ਹੀ ਉਡੀਕ ਰਹੀ ਸੀ। ਉਸ ਮਾਂ ਨੂੰ ਬਾਹਵਾਂ ’ਚ ਘੁੱਟ ਲਿਆ। ਉਸ ਦੀਆਂ ਅੱਖਾਂ ਵਿਚ ਹੰਝੂ ਸੀ ਤੇ ਗਲਾ ਭਰ ਆਇਆ। ਪਿੱਛੇ ਖੜ੍ਹੀ ਪਤਨੀ ਨੀਝ ਨਾਲ ਤੱਕਦੀ ਹੋਈ ਮੁਸਕਰਾ ਰਹੀ ਸੀ। ਫਿਰ ਉਸ ਆਪਣੇ ਪੁੱਤਰ ਬਸ਼ੀਰ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ। ਬਸ਼ੀਰ ਮੁਸਕਰਾ ਰਿਹਾ ਸੀ ਪਰ ਅਹਿਮਦ ਦੀਆਂ ਅੱਖਾਂ ’ਚ ਹੰਝੂ ਤਰ ਆਏ। ਉਸ ਦੀਆਂ ਅੱਖਾਂ ਅੱਗੇ ਜੰਗ ਦੀ ਅਹੂਤੀ ਬਣਿਆ ਉਹ ਫ਼ੌਜੀ ਆ ਗਿਆ। ਅਹਿਮਦ ਨੂੰ ਅਹਿਸਾਸ ਹੋਇਆ ਕਿ ਸਰਹੱਦ ਦੇ ਉਸ ਪਾਰ ਵੀ ਕੋਈ ਬਸ਼ੀਰ ਕਿਸੇ ਅਹਿਮਦ ਦਾ ਇੰਤਜ਼ਾਰ ਕਰ ਰਿਹਾ ਏ। ਮਗਰ ਉਹ ਹੁਣ ਕਦੇ ਵਾਪਸ ਨਹੀਂ ਆਏਗਾ। ਉਹਦੇ ਕੰਬਦੇ ਬੁੱਲ੍ਹ ਫਰਕੇ,‘ਹੇ ਅੱਲ੍ਹਾ! ਆਪਣੀ ਖ਼ਲਕਤ ’ਤੇ ਰਹਿਮ ਕਰ, ਕੋਈ ਮਾਸੂਮ ਜੰਗਾਂ-ਯੁੱਧਾਂ ਵਿਚ ਆਪਣਾ ਅੱਬਾ ਨਾ ਗੁਆਏ।’ ਉਹ ਕਿੰਨਾ ਈ ਚਿਰ ਬੂਹੇ ’ਚ ਖੜ੍ਹਾ ਆਪਣੇ ਮਨ ਨਾਲ ਗੱਲਾਂ ਕਰਦਾ ਰਿਹਾ, ‘ਸਰਹੱਦ ਦੇ ਏਧਰ ਹੋਏ ਜਾਂ ਓਧਰ ਹੋਏ। ਮਾਵਾਂ ਦੇ ਵੈਣ ਜਾਂ ਕੀਰਨਿਆਂ ਵਿਚ ਕੋਈ ਅੰਤਰ ਨਹੀਂ ਹੁੰਦਾ। ਉਹ ਇੱਕੋ ਜਿਹੇ ਵੈਣ ਪਾਉਂਦੀਆਂ ਨੇ। ਬੱਚੇ ਹੋਣ ਜਾਂ ਬਜ਼ੁਰਗ, ਉਹ ਇੱਕੋ ਜਿਹਾ ਹੱਸਦੇ ਆ। ਦੋਵਾਂ ਪਾਸਿਆਂ ਦੇ ਫ਼ੌਜੀਆਂ ਦੀਆਂ ਸੱਧਰਾਂ ਤੇ ਸੁਪਨੇ ਵੀ ਸੇਮ ਹੁੰਦੇ ਆ। ਇਨ੍ਹਾਂ ਜੰਗਾਂ-ਯੁੱਧਾਂ ਵਿਚ ਇਨਸਾਨ ਅਥਵਾ ਕੋਈ ਨਹੀਂ ਜਿੱਤਦਾ। ਹਾਂ, ਇਨਸਾਨੀਅਤ ਦਾ ਕਤਲ ਜ਼ਰੂਰ ਹੁੰਦਾ ਏ। ਮਨੁੱਖਤਾ ਦੀ ਹਾਰ ਤੇ ਕੁਦਰਤ ਦੀ ਤਬਾਹੀ ਹੁੰਦੀ ਏ। ਅਸਲੀ ਜਿੱਤ ਤਾਂ ਦਿਲਾਂ ’ਚੋਂ ਨਫ਼ਰਤ, ਸਾੜਾ ਤੇ ਵੈਰ-ਭਾਵ ਖ਼ਤਮ ਕਰਨ ਨਾਲ ਹੁੰਦੀ ਏ। ਬੰਦੂਕਾਂ-ਤੋਪਾਂ ਦਾ ਚੁੱਪ ਹੋ ਜਾਣਾ ਹੀ ਬਹਾਦਰੀ ਏ ਤੇ ਆਪਸ ਵਿਚ ਮਿਲ-ਬੈਠ ਕੇ ਗੱਲਬਾਤ ਕਰਨੀ ਸਿਆਣਪ ਏ।’
ਰਾਤ ਮੁੱਕ ਚੁੱਕੀ ਸੀ ਤੇ ਨਵੇਂ ਸਵੇਰੇ ਦਾ ਸੂਰਜ ਚੜ੍ਹ ਰਿਹਾ ਸੀ। ਜਿਸ ਦੇ ਮੁੱਖ ’ਚੋਂ ਨਿਕਲ ਰਹੀਆਂ ਸੁਨਹਿਰੀ ਕਿਰਨਾਂ ਘਰ-ਘਰ ਸੁਨੇਹਾ ਪਹੁੰਚਾ ਰਹੀਆਂ ਸਨ, ‘ਏਹ ਜੰਗ ਸਾਡੀ ਨਹੀਂ ਸੀ ਪਰ ਅਮਨ ਤੇ ਸ਼ਾਂਤੀ ਰੱਖਣੀ ਸਾਡੀ ਜ਼ਿੰਮੇਵਾਰੀ ਏ। ਜਿਉਂਦੇ ਮਨੁੱਖ ਦਾ ਮੁੱਢਲਾ ਫ਼ਰਜ਼ ਏ।’
- ਸੁਖਦੇਵ ਸਿੰਘ ਭੁੱਲੜ