‘ਜਲਦੂਤ’ ਨਾਵਲ ਵਿਚ ਮੁੱਖ ਪਾਤਰ ਕਿਸ਼ਨ ਦੇ ਮਾਧਿਅਮ ਰਾਹੀਂ ਸਮਾਜ ਦੇ ਗੰਭੀਰ ਮਸਲੇ ਨੂੰ ਉਭਾਰ ਕੇ ਉਨ੍ਹਾਂ ਨੇ ਆਪਣੀ ਪ੍ਰੌੜ੍ਹ ਨਾਵਲ-ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਹੈ। ਸਰਲ ਭਾਸ਼ਾ, ਸਾਰਥਕ ਵਿਸ਼ਾ, ਸਜੀਵ ਪਾਤਰ-ਚਿਤਰਨ, ਆਂਚਲਿਕ ਰੰਗ ਅਤੇ ਸਮਾਜਿਕ ਪ੍ਰਤੀਬੱਧਤਾ ਉਨ੍ਹਾਂ ਦੀ ਨਾਵਲ-ਕਲਾ ਦੇ ਅਜਿਹੇ ਮਜ਼ਬੂਤ ਥੰਮ੍ਹ ਹਨ, ਜੋ ਉਨ੍ਹਾਂ ਨੂੰ ਅਜੋਕੇ ਦੌਰ ਦੇ ਪੰਜਾਬੀ ਨਾਵਲਕਾਰਾਂ ਵਿਚ ਕ ਵਿਸ਼ੇਸ਼ ਅਤੇ ਸਤਿਕਾਰਯੋਗ ਸਥਾਨ ਦਿਵਾਉਂਦੇ ਹਨ।
.jpg)
ਪੰਜਾਬੀ ਸਾਹਿਤ ਜਗਤ ਵਿਚ ਕੰਢੀ ਖੇਤਰ (ਹੁਸ਼ਿਆਰਪੁਰ) ਦੇ ਜਾਏ ਡਾ. ਧਰਮਪਾਲ ‘ਸਾਹਿਲ’ ਅਜਿਹਾ ਨਾਮ ਹੈ, ਜਿਸ ਨੇ ਵਿਗਿਆਨਕ ਸੋਚ ਅਤੇ ਸਾਹਿਤਕ ਸੰਵੇਦਨਸ਼ੀਲਤਾ ਦਾ ਬਹੁਤ ਹੀ ਖੂ਼ਬਸੂਰਤ ਸੁਮੇਲ ਪੇਸ਼ ਕੀਤਾ ਹੈ। ਅਧਿਆਪਨ ਦੇ ਪੇਸ਼ੇ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀ ਨਜ਼ਰ ਸਮਾਜਿਕ ਸਮੱਸਿਆਵਾਂ ਦੇ ਅੰਦਰੂਨੀ ਤਾਣੇ-ਬਾਣੇ ਨੂੰ ਬਹੁਤ ਬਰੀਕੀ ਨਾਲ ਦੇਖਦੀ ਹੈ। ਉਨ੍ਹਾਂ ਦੀ ਨਾਵਲ-ਕਲਾ ਕੇਵਲ ਕਹਾਣੀ ਸੁਣਾਉਣ ਤੱਕ ਮਹਿਦੂਦ ਨਹੀਂ ਹੈ, ਬਲਕਿ ਇਹ ਪਾਠਕ ਨੂੰ ਮਾਨਸਿਕ ਅਤੇ ਸਮਾਜਿਕ ਤੌਰ ’ਤੇ ਜਗਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਦਾ 2025 ਵਿਚ ਆਇਆ ਨਾਵਲ ‘ਜਲਦੂਤ’ ਇਸੇ ਪਰਪੱਕ ਨਾਵਲ-ਕਲਾ ਦਾ ਉੱਤਮ ਨਮੂਨਾ ਹੈ, ਜਿਸ ਵਿਚ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਦੇ ਕਈ ਅਹਿਮ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ।ਨਾਵਲ ਦੇ 24 ਕਾਂਡ ਹਨ ਤੇ ਹਰੇਕ ਕਾਂਡ ਦਾ ਸਿਰਲੇਖ ਦਿੱਤਾ ਗਿਆ ਹੈ ਜੋ ਹੱਥਲੇ ਨਾਵਲ ਦੀ ਵਲੱਖਣਤਾ ਵੀ ਕਹੀ ਜਾ ਸਕਦੀ ਹੈ।
ਡਾ. ਧਰਮਪਾਲ ਸਾਹਿਲ ਦੀ ਨਾਵਲ-ਕਲਾ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਉਨ੍ਹਾਂ ਦੇ ਵਿਸ਼ਿਆਂ ਦੀ ਚੋਣ ਅਤੇ ਸਮਾਜਿਕ ਪ੍ਰਾਸੰਗਿਕਤਾ ਹੈ। ਉਹ ਰੂੜ੍ਹੇ-ਘਸੇ ਵਿਸ਼ਿਆਂ ਦੀ ਬਜਾਏ ਵਰਤਮਾਨ ਸਮੇਂ ਦੇ ਸਭ ਤੋਂ ਭਖਦੇ ਮਸਲਿਆਂ ਨੂੰ ਆਪਣੇ ਨਾਵਲਾਂ ਦਾ ਆਧਾਰ ਬਣਾਉਂਦੇ ਹਨ। ਡਾ. ਸਾਹਿਲ ਦਾ ਨਾਵਲ ਜਲਦੂਤ ਬੌਧਿਕ ਜਟਿਲਤਾਵਾਂ ਨਾਲੋਂ ਕਿਤੇ ਵੱਧ ਮਨੁੱਖੀ ਸੰਵੇਦਨਾਵਾਂ ਅਤੇ ਦਿਲ ਨੂੰ ਟੁੰਬਣ ਵਾਲੀ ਬੇਮਿਸਾਲ ਰਚਨਾ ਹੈ। ਇਸ ਨਾਵਲ ਦਾ ਮੁੱਖ ਪਾਤਰ ਕਿਸ਼ਨਾ ਅਜਿਹਾ ਮੰਦਬੁੱਧੀ ਵਿਅਕਤੀ ਹੈ, ਜੋ ਖ਼ੁਦ ਅੰਦਰੋਂ ਉਮਰ ਭਰ ਤਿਰਹਾਇਆ ਰਹਿ ਕੇ ਵੀ ਪੂਰੇ ਸਮਾਜ ਦੀ ਤੇਹ ਬੁਝਾਉਣ ਦੇ ਲੇਖੇ ਲੱਗ ਜਾਂਦਾ ਹੈ। ਆਮ ਲੋਕਾਂ ਅਤੇ ਸਮਾਜ ਦੀਆਂ ਨਜ਼ਰਾਂ ਵਿਚ ਬੇਸ਼ੱਕ ਕਿਸ਼ਨਾ ਅਤਿ-ਸਾਧਾਰਣ ਜਿਹਾ ਪਾਤਰ ਪ੍ਰਤੀਤ ਹੁੰਦਾ ਹੈ ਪਰ ਨਾਵਲਕਾਰ ਨੇ ਉਸ ਨੂੰ ਗੂੜ੍ਹੇ ਦਾਰਸ਼ਨਿਕ ਰੰਗ ਵਿਚ ਰੰਗਿਆ ਹੈ। ਡਾ. ਸਾਹਿਲ ਨੇ ਕਿਸ਼ਨ ਦੇ ਕਿਰਦਾਰ ਨੂੰ ਬਿਲਕੁਲ ਉਸੇ ਤਰ੍ਹਾਂ ਦੀ ਮਾਨਸਿਕ ਉਚਾਈ ਅਤੇ ਸਤਿਕਾਰ ਬਖ਼ਸ਼ਿਆ ਹੈ, ਜਿਵੇਂ ਵਿਸ਼ਵ-ਪ੍ਰਸਿੱਧ ਲੇਖਕ ਨਿਕੋਸ ਕਜ਼ਾਂਤਾਜ਼ਾਕਿਸ ਨੇ ਆਪਣੇ ਸ਼ਾਹਕਾਰ ਨਾਵਲ ਜੋਰਬਾ ਦਾ ਗ੍ਰੀਕ ਵਿਚ ਜ਼ੋਰਬਾ ਦੇ ਪਾਤਰ ਨੂੰ ਦਿੱਤਾ ਹੈ। ਇਸ ਅਦਭੁਤ ਪਾਤਰ ਦੀ ਅੰਦਰੂਨੀ ਅਮੀਰੀ ਅਤੇ ਵਿਲੱਖਣਤਾ ਨੂੰ ਪਾਠਕ ਨਾਵਲ ਪੜ੍ਹ ਕੇ ਹੀ ਡੂੰਘਾਈ ਨਾਲ ਮਹਿਸੂਸ ਕਰ ਸਕਦੇ ਹਨ।
ਇਸ ਨਾਵਲ ਦੀ ਦੂਸਰੀ ਸਭ ਤੋਂ ਵੱਡੀ ਖ਼ੂਬਸੂਰਤੀ ਅਤੇ ਵਿਸ਼ੇਸ਼ਤਾ ਕੰਢੀ ਦੇ ਪਹਾੜੀ ਖੇਤਰ ਦੀ ਆਂਚਲਿਕਤਾ ਨੂੰ ਉੱਥੋਂ ਦੀ ਸਥਾਨਕ ਕੰਢੀ ਬੋਲੀ ਵਿਚ ਬਾਖ਼ੂਬੀ ਪੇਸ਼ ਕਰਨਾ ਹੈ। ਨਾਵਲਕਾਰ ਨੇ ਸਥਾਨਕ ਭਾਸ਼ਾ ਅਤੇ ਸੱਭਿਆਚਾਰ ਦੇ ਅਜਿਹੇ ਜੀਵੰਤ ਰੰਗ ਬਿਖੇਰੇ ਹਨ ਕਿ ਪਾਠਕ ਕਹਾਣੀ ਦੇ ਨਾਲ-ਨਾਲ ਖ਼ੁਦ ਨੂੰ ਉਸ ਖੂਬਸੂਰਤ ਪਹਾੜੀ ਇਲਾਕੇ ਦੀਆਂ ਵਾਦੀਆਂ ਵਿਚ ਵਿਚਰਦਾ ਹੋਇਆ ਮਹਿਸੂਸ ਕਰਦਾ ਹੈ। ਇਹ ਆਂਚਲਿਕ ਪ੍ਰਭਾਵ ਇੰਨਾ ਗੂੜ੍ਹਾ ਹੈ ਕਿ ਪੜ੍ਹਦਿਆਂ-ਪੜ੍ਹਦਿਆਂ ਪਾਠਕ ਦੇ ਮਨ ’ਤੇ ਰਸੂਲ ਹਮਜ਼ਾਤੋਵ ਦੇ ਵਿਸ਼ਵ-ਪ੍ਰਸਿੱਧ ਸ਼ਾਹਕਾਰ ਮੇਰਾ ਦਾਗਿਸਤਾਨ ਵਰਗਾ ਸਦੀਵੀ ਅਤੇ ਗੰਭੀਰ ਪ੍ਰਭਾਵ ਪੈਣ ਲੱਗਦਾ ਹੈ। ਆਪਣੇ ਵਿਲੱਖਣ ਵਿਸ਼ੇ, ਭਾਵੁਕ ਗਹਿਰਾਈ ਅਤੇ ਸਥਾਨਕ ਬੋਲੀ ਦੇ ਸਫ਼ਲ ਪ੍ਰਯੋਗ ਸਦਕਾ ਜਲਦੂਤ ਮਹਿਜ਼ ਇਕ ਕਹਾਣੀ ਨਹੀਂ ਰਹਿੰਦਾ, ਸਗੋਂ ਸਮਕਾਲੀ ਪੰਜਾਬੀ ਨਾਵਲ ਦੇ ਇਤਿਹਾਸ ਵਿਚ ਇਕ ਵੱਡੀ ਅਤੇ ਮਹੱਤਵਪੂਰਨ ਉਪਲਬਧੀ ਵਜੋਂ ਸਾਹਮਣੇ ਆਉਂਦਾ ਹੈ। ਇਹ ਨਾਵਲ ਮਨੁੱਖੀ ਹੋਂਦ ਅਤੇ ਨਿਰਸੁਆਰਥ ਸੇਵਾ ਦੀ ਇਕ ਅਜਿਹੀ ਮਿਸਾਲ ਹੈ ਜੋ ਪਾਠਕ ਦੇ ਦਿਲੋਂ-ਦਿਮਾਗ਼ ’ਤੇ ਹਮੇਸ਼ਾ ਲਈ ਉੱਕਰੀ ਜਾਂਦੀ ਹੈ।
‘ਜਲਦੂਤ’ ਨਾਵਲ ਵਿਚ ਉਨ੍ਹਾਂ ਨੇ ਪੰਜਾਬ ਅਤੇ ਖ਼ਾਸ ਕਰਕੇ ਕੰਢੀ ਖੇਤਰ ਦੇ ਪਾਣੀ ਦੇ ਡੂੰਘੇ ਹੋ ਰਹੇ ਸੰਕਟ, ਵਾਤਾਵਰਨ ਦੀ ਹੋ ਰਹੀ ਬਰਬਾਦੀ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਨੂੰ ਮੁੱਖ ਵਿਸ਼ਾ ਬਣਾਇਆ ਹੈ। ਇਹ ਨਾਵਲ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਹਕੀਕਤ ਅਤੇ ਲੋੜ ਨੂੰ ਪੇਸ਼ ਕਰਦਾ ਹੈ, ਜੋ ਪਾਠਕ ਨੂੰ ਗੰਭੀਰ ਚਿੰਤਨ ਕਰਨ ਲਈ ਮਜਬੂਰ ਕਰਦੀ ਹੈ। ਡਾ. ਸਾਹਿਲ ਦੇ ਨਾਵਲਾਂ ਦੇ ਪਾਤਰ ਹਵਾ ਵਿੱਚੋਂ ਪੈਦਾ ਨਹੀਂ ਹੁੰਦੇ, ਬਲਕਿ ਉਹ ਸਾਡੇ ਆਮ ਸਮਾਜ ਵਿੱਚੋਂ ਹੀ ਉੱਭਰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਪਾਤਰ-ਚਿਤਰਨ ਬਹੁਤ ਸਜੀਵ ਪ੍ਰਤੀਤ ਹੁੰਦਾ ਹੈ। ‘ਜਲਦੂਤ’ ਦਾ ਮੁੱਖ ਪਾਤਰ ‘ਕਿਸ਼ਨ’ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਕਿਸ਼ਨ ਕੋਈ ਕਲਪਨਾਤਮਕ ਸੁਪਰ-ਹੀਰੋ ਨਹੀਂ ਹੈ, ਬਲਕਿ ਉਹ ਇਕ ਅਜਿਹਾ ਮੰਦ-ਬੁੱਧੀ ਨੌਜਵਾਨ ਹੈ ਜੋ ਆਪਣੇ ਆਲੇ-ਦੁਆਲੇ ਪਾਣੀ ਦੀ ਕਮੀ ਦੀ ਪੂਰਤੀ ਕਰ ਰਿਹਾ ਹੈ।
ਲੇਖਕ ਨੇ ਕਿਸ਼ਨ ਦੇ ਕਿਰਦਾਰ ਨੂੰ ਬਹੁਤ ਹੀ ਸਹਿਜ ਅਤੇ ਜਿਉਂਦਾ-ਜਾਗਦਾ ਪੇਸ਼ ਕੀਤਾ ਹੈ। ਉਸ ਦਾ ਸੰਘਰਸ਼, ਉਸ ਦੀਆਂ ਚੁਣੌਤੀਆਂ ਅਤੇ ਸਮਾਜ ਨੂੰ ਜਗਾਉਣ ਦੇ ਉਸ ਦੇ ਯਤਨ ਪਾਠਕ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਦੇ ਹਨ ਅਤੇ ਉਹ ਸੱਚਮੁੱਚ ਹੀ ਸਮਾਜ ਲਈ ਇਕ ‘ਦੂਤ’ ਬਣ ਕੇ ਉੱਭਰਦਾ ਹੈ। ਇਕ ਥਾਂ ਨਾਵਲਕਾਰ ਕਿਸ਼ਨ ਦੇ ਪਾਤਰ ਨੂੰ ਜਾਤਾਂ-ਪਾਤਾ ਤੋਂ ਉਪਰ ਦੱਸਦਾ ਹੋਇਆ ਲਿਖਦਾ ਹੈ ਕਿ ਕਿਵੇਂ ਇਸ ਮੰਦ-ਬੁੱਧੀ ਸਮਾਜ ਦੇ ਸਿਆਣਿਆ ਨੂੰ ਇਨਸਾਨਿਅਤ ਦਾ ਸਬਕ ਦਿੰਦਾ ਹੈ। ਲੇਖਕ ਕਿਸੇ ਪਾਤਰ ਰਾਹੀ ਲਿਖਦਾ ਹੈ, ‘ਉਏ, ਕਿਸ਼ਨ ਤਾਂ ਸੁਦਾਈ ਹੈ, ਤੁਸੀਂ ਵੀ ਉਧੇ ਮਗਰ ਲੱਗੀ ਕੇ ਕਮਲੇ ਹੋਈ ਜਾਂਦੇ ਹੋ। ਉਹ ਤਾਂ ਆਪਣਾ ਧਰਮ ਭ੍ਰਿਸ਼ਟ ਕਰਨ ’ਚ ਲੱਗਾ ਹੋਇਆ ਹੈ, ਤੁਸੀਂ ਕੈਂਹ ਬੇਅਕਲੇ ਹੋਣ ਲੱਗੇ ਹੋ।’ ਦੁਚਿੱਤੀ ਵਿਚ ਫਸੇ ਨੌਜਵਾਨ ਪਿੱਛੇ ਹੱਟ ਗਏ ਸਨ ਪਰ ਹਨ੍ਹੇਰਾ ਹੋਣ ਤੱਕ ਕਿਸ਼ਨ ਇਕੱਲਾ ਹੀ ਜਲ ਸੇਵਾ ਕਰਦਾ ਰਿਹਾ ਸੀ। ਅਗਲੇ ਦੋ ਦਿਨ ਵੀ ਉਸ ਨੇ ਦਲਿਤਾਂ ਦੀ ਇੰਝ ਹੀ ਜਲ ਸੇਵਾ ਕੀਤੀ। ਲੱਜ ਖਿੱਚ-ਖਿੱਚ ਕੇ ਕਿਸ਼ਨ ਦੇ ਹੱਥਾਂ ’ਚ ਰੱਟਣ ਪੈ ਗਏ ਸਨ ਤੇ ਲੱਤਾਂ ’ਚ ਖੱਲ਼ੀਆਂ। ਫਿਰ ਦਲਿਤਾਂ ਨੇ ਆਪਣੇ ਖੂਹਾਂ ਅਤੇ ਬਾਉਲੀਆਂ ਦੀ ਗਾਰ ਕੱਢ ਲਈ ਸੀ ਪਰ ਧਰਮਾਂ-ਜਾਤੀਆਂ ਦੇ ਮਾਰੇ ਮਨਾਂ ’ਚੋਂ ਜਾਤ-ਪਾਤ ਦੀ ਗਾਰ ਕੱਢਣਾ ਉਨ੍ਹਾਂ ਦੇ ਬਸ ਦੀ ਗੱਲ ਨਹੀਂ ਸੀ। ਗਾਰ ਕੱਢਣ ਉਪਰੰਤ ਉਨ੍ਹਾਂ ਦੇ ਖੂਹ ਸਾਫ਼ ਪਾਣੀ ਨਾਲ ਭਰ ਗਏ ਸਨ ਨਾਲ ਹੀ ਉਨ੍ਹਾਂ ਦੇ ਮਨ ਵੀ ਕਿਸ਼ਨ ਪ੍ਰਤੀ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਲਾਬਾਲਬ ਹੋ ਗਏ ਸਨ। ਉਹ ਕਿਸ਼ਨ ਨੂੰ ਆਪਣਾ ਜੀਵਨ ਦਾਤਾ ਸਮਝ ਰਹੇ ਸਨ ਜਿਸ ਨੇ ਆਪਣੀ ਬਰਾਦਰੀ ਦੀ ਪਰਵਾਹ ਨਾ ਕਰਦਿਆਂ, ਇੱਕਲੇ ਹੀ ਪਾਣੀ ਢੋਅ-ਢੋਅ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਸੀ। ਇਸ ਦੇ ਨਾਲ ਹੀ ਡਾ. ਧਰਮਪਾਲ ਸਾਹਿਲ ਦੀ ਨਾਵਲ-ਕਲਾ ਵਿੱਚੋਂ ਕੰਢੀ ਖੇਤਰ ਦੀ ਆਂਚਲਿਕਤਾ ਯਾਨੀ ਖੇਤਰੀ ਰੰਗ ਬਹੁਤ ਖੂ਼ਬਸੂਰਤੀ ਨਾਲ ਟਪਕਦਾ ਹੈ। ਉਨ੍ਹਾਂ ਦੇ ਨਾਵਲਾਂ ਵਿਚ ਕੰਢੀ ਖੇਤਰ ਦੇ ਭੂਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦੀ ਝਲਕ ਸਾਫ਼ ਦੇਖਣ ਨੂੰ ਮਿਲਦੀ ਹੈ। ‘ਜਲਦੂਤ’ ਵਿਚ ਵੀ ਪਹਾੜੀ ਅਤੇ ਕੰਢੀ ਖੇਤਰ ਦੀਆਂ ਪਾਣੀ ਨਾਲ ਜੁੜੀਆਂ ਮੁਸ਼ਕਿਲਾਂ, ਉੱਥੋਂ ਦੇ ਲੋਕਾਂ ਦਾ ਰਹਿਣ-ਸਹਿਣ ਅਤੇ ਉਨ੍ਹਾਂ ਦੀ ਵਿਸ਼ੇਸ਼ ਮਾਨਸਿਕਤਾ ਨੂੰ ਬਹੁਤ ਹੀ ਸੱਚੇ ਅਤੇ ਪ੍ਰਮਾਣਿਕ ਰੂਪ ਵਿਚ ਚਿਤਰਿਆ ਗਿਆ ਹੈ, ਜੋ ਕਹਾਣੀ ਨੂੰ ਸਥਾਨਕ ਪੱਧਰ ’ਤੇ ਮਜ਼ਬੂਤੀ ਦਿੰਦਾ ਹੈ।
ਬਿਰਤਾਂਤਕ ਸ਼ੈਲੀ ਅਤੇ ਵਾਰਤਾਲਾਪ ਦੇ ਪੱਖੋਂ ਵੀ ਡਾ. ਸਾਹਿਲ ਦੀ ਲਿਖਤ ਬਹੁਤ ਪ੍ਰਭਾਵਸ਼ਾਲੀ ਅਤੇ ਵਹਾਅ ਵਾਲੀ ਹੈ। ਨਾਵਲ ਵਿਚ ਵਰਤੇ ਗਏ ਸੰਵਾਦ ਛੋਟੇ, ਚੁਸਤ ਅਤੇ ਪਾਤਰਾਂ ਦੇ ਸੁਭਾਅ ਦੇ ਬਿਲਕੁਲ ਅਨੁਕੂਲ ਹਨ। ਉਹ ਵਿਗਿਆਨਕ ਤੱਥਾਂ ਅਤੇ ਸਮਾਜਿਕ ਸੱਚਾਈਆਂ ਨੂੰ ਇਸ ਤਰੀਕੇ ਨਾਲ ਬਿਰਤਾਂਤ ਵਿਚ ਪਰੋਂਦਾ ਹੈ ਕਿ ਪਾਠਕ ਨੂੰ ਇਹ ਕਿਤੇ ਵੀ ਬੋਝਲ ਨਹੀਂ ਲੱਗਦਾ। ਕਹਾਣੀ ਦਾ ਤਾਣਾ-ਬਾਣਾ ਅਤੇ ਘਟਨਾਵਾਂ ਦਾ ਕ੍ਰਮ ਪਾਠਕ ਦੀ ਉਤਸੁਕਤਾ ਨੂੰ ਅਖ਼ੀਰ ਤੱਕ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਹਿੰਦਾ ਹੈ। ਡਾ. ਸਾਹਿਲ ਦੀ ਨਾਵਲ-ਕਲਾ ਕੇਵਲ ਮਨੋਰੰਜਨ ਲਈ ਨਹੀਂ ਹੈ, ਬਲਕਿ ਇਹ ਪੂਰੀ ਤਰ੍ਹਾਂ ਉਦੇਸ਼ਪੂਰਨ ਹੈ। ਉਨ੍ਹਾਂ ਦਾ ਹਰ ਨਾਵਲ ਸਮਾਜ ਨੂੰ ਕੋਈ ਨਾ ਕੋਈ ਸਾਰਥਕ ਸੁਨੇਹਾ ਦਿੰਦਾ ਹੈ। ‘ਜਲਦੂਤ’ ਰਾਹੀਂ ਉਹ ਪਾਠਕ ਨੂੰ ਇਹ ਅਹਿਸਾਸ ਕਰਵਾਉਣ ਵਿਚ ਸਫ਼ਲ ਹੁੰਦੇ ਹਨ ਕਿ ਜੇਕਰ ਅਸੀਂ ਅੱਜ ਰਾਧਾ-ਕਿਸ਼ਨ ਦੀ ਪ੍ਰੇਮਭਾਵਨਾ ਦੀ ਕਦਰ ਨਾ ਕੀਤੀ ਤਾਂ ਸਾਡਾ ਭਵਿੱਖ ਪੂਰੀ ਤਰ੍ਹਾਂ ਅੰਧਕਾਰਮਈ ਹੋ ਹੋ ਸਕਦਾ ਹੈ। ਇਹ ਨਾਵਲ ਕੇਵਲ ਇਕ ਕਹਾਣੀ ਨਹੀਂ, ਬਲਕਿ ਸਮਾਜਿਕ ਜਾਗਰੂਕਤਾ ਦੀ ਲਹਿਰ ਬਣ ਕੇ ਸਾਹਮਣੇ ਆਉਂਦਾ ਹੈ ਕਿ ਕਿਵੇਂ ਇਕ ਮੰਦ-ਬੁੱਧੀ ਇਨਸਾਨ ਸਮਾਜ ਵਿਚ ਵਸਦੇ ਲੋਕਾਂ ਦੀਆਂ ਜ਼ਰੂਰਤਾ ਦਾ ਖ਼ਿਆਲ ਰੱਖਦਾ ਹੈ ਤੇ ਪਿਆਰ (ਰਾਧਾ) ਮਿਲਣ ’ਤੇ ਕਿੱਦਾਂ ਆਪਣੀ ਦਸ਼ਾ ਤੇ ਦਿਸ਼ਾ ਵਿਚ ਸੁਧਾਰ ਲਿਆਉਂਦਾ ਹੈ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਡਾ. ਧਰਮਪਾਲ ‘ਸਾਹਿਲ’ ਦੀ ਨਾਵਲ-ਕਲਾ ਪੰਜਾਬੀ ਸਾਹਿਤ ਵਿਚ ਵੱਖਰੀ ਅਤੇ ਨਿਵੇਕਲੀ ਸੁਰ ਸਥਾਪਿਤ ਕਰਦੀ ਹੈ। ‘ਜਲਦੂਤ’ ਨਾਵਲ ਵਿਚ ਮੁੱਖ ਪਾਤਰ ਕਿਸ਼ਨ ਦੇ ਮਾਧਿਅਮ ਰਾਹੀਂ ਸਮਾਜ ਦੇ ਗੰਭੀਰ ਮਸਲੇ ਨੂੰ ਉਭਾਰ ਕੇ ਉਨ੍ਹਾਂ ਨੇ ਆਪਣੀ ਪ੍ਰੌੜ੍ਹ ਨਾਵਲ-ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਹੈ। ਸਰਲ ਭਾਸ਼ਾ, ਸਾਰਥਕ ਵਿਸ਼ਾ, ਸਜੀਵ ਪਾਤਰ-ਚਿਤਰਨ, ਆਂਚਲਿਕ ਰੰਗ ਅਤੇ ਸਮਾਜਿਕ ਪ੍ਰਤੀਬੱਧਤਾ ਉਨ੍ਹਾਂ ਦੀ ਨਾਵਲ-ਕਲਾ ਦੇ ਅਜਿਹੇ ਮਜ਼ਬੂਤ ਥੰਮ੍ਹ ਹਨ, ਜੋ ਉਨ੍ਹਾਂ ਨੂੰ ਅਜੋਕੇ ਦੌਰ ਦੇ ਪੰਜਾਬੀ ਨਾਵਲਕਾਰਾਂ ਵਿਚ ਕ ਵਿਸ਼ੇਸ਼ ਅਤੇ ਸਤਿਕਾਰਯੋਗ ਸਥਾਨ ਦਿਵਾਉਂਦੇ ਹਨ। ਨਾਵਲ ਦੇ 114 ਪੰਨੇ, ਮੁੱਲ 300 ਰੁਪਏ ਤੇ ਇਸ ਨੂੰ ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ ਨੇ ਪ੍ਰਕਾਸ਼ਤ ਕੀਤਾ ਹੈ।
-ਜਸਵਿੰਦਰ ਦੂਹੜਾ
98723-36944
----------------