ਅਸਲ ਵਿਚ ਇਹ ਕਿਤਾਬ ਬਾਬਾ ਗੇਂਦਾ ਸਿੰਘ ਦੌਧਰ ਨੇ ਆਪਣੇ ਜੀਵਨ ਕਾਲ ਵਿਚ ਹੀ ਲਿਖ ਦਿੱਤੀ ਸੀ ਪਰ ਸਮੇਂ ਦੀ ਧੂੜ ਵਿਚ ਇਹ ਖਰੜਾ ਕਿਤਾਬੀ ਰੂਪ ਅਖ਼ਤਿਆਰ ਨਾ ਕਰ ਸਕਿਆ । ਸੁਖਦੇਵ ਸਿੰਘ ਸਿਰਸਾ ਨੇ ਇਸ ਖਰੜੇ ਨੂੰ ਪੜ੍ਹਨਯੋਗ ਕੀਤਾ ਅਤੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ ਪਰ ਨਾਲ਼ ਹੀ ਇਸ ਕਿਤਾਬ ਦੀ ਮੂਲ ਲਿਖਤ ਵੀ ਪਾਠਕਾਂ ਦੀ ਦਿਲਚਸਪੀ ਹਿੱਤ ਨਾਲ਼ ਛਪਵਾਈ ਹੈ।

ਪੁਸਤਕ : ਮੇਰੀ ਜੀਵਨ ਕਥਾ : ਸੱਚੋ ਸੱਚ ਬਾਬਾ ਗੇਂਦਾ ਸਿੰਘ ਦੌਧਰ
ਸੰਪਾਦਕ : ਸੁਖਦੇਵ ਸਿੰਘ ਸਿਰਸਾ
ਪੰਨੇ : 152, ਮੁੱਲ : 300 ਰੁ.
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਇਹ ਕਿਤਾਬ ਗ਼ਦਰੀ ਬਾਬਾ ਗੇਂਦਾ ਸਿੰਘ ਦੌਧਰ ਦੇ ਜੀਵਨ ਬਾਬਤ ਲਿਖੀ ਗਈ ਹੈ। ਅਸਲ ਵਿਚ ਇਹ ਕਿਤਾਬ ਬਾਬਾ ਗੇਂਦਾ ਸਿੰਘ ਦੌਧਰ ਨੇ ਆਪਣੇ ਜੀਵਨ ਕਾਲ ਵਿਚ ਹੀ ਲਿਖ ਦਿੱਤੀ ਸੀ ਪਰ ਸਮੇਂ ਦੀ ਧੂੜ ਵਿਚ ਇਹ ਖਰੜਾ ਕਿਤਾਬੀ ਰੂਪ ਅਖ਼ਤਿਆਰ ਨਾ ਕਰ ਸਕਿਆ । ਸੁਖਦੇਵ ਸਿੰਘ ਸਿਰਸਾ ਨੇ ਇਸ ਖਰੜੇ ਨੂੰ ਪੜ੍ਹਨਯੋਗ ਕੀਤਾ ਅਤੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ ਪਰ ਨਾਲ਼ ਹੀ ਇਸ ਕਿਤਾਬ ਦੀ ਮੂਲ ਲਿਖਤ ਵੀ ਪਾਠਕਾਂ ਦੀ ਦਿਲਚਸਪੀ ਹਿੱਤ ਨਾਲ਼ ਛਪਵਾਈ ਹੈ। ਇਸ ਵਿਚ ਬਾਬਾ ਜੀ ਦੀ ਵਿਚਾਰਧਾਰਾ, ਕੌੜੇ ਮਿੱਠੇ ਅਨੁਭਵ, ਸੰਘਰਸ਼ ਅਤੇ ਪੈਰ-ਪੈਰ ਉੱਤੇ ਕਠਿਨਾਈਆਂ ਬਿਆਨੀਆਂ ਹਨ।
ਬਾਬਾ ਗੇਂਦਾ ਸਿੰਘ ਮਾਰਕਸਵਾਦੀ ਸਨ। ਉਨ੍ਹਾਂ ਆਪਣੀ ਇਹ ਸਵੈ-ਜੀਵਨੀ ਸੱਤ ਦਹਾਕੇ ਪਹਿਲਾਂ ਲਿਖੀ ਹੈ. ਇਸ ਵਿੱਚੋਂ ਪਤਾ ਲੱਗਦਾ ਹੈ ਕਿ ਬਾਬਾ ਜੀ ਦਾ ਜਨਮ ਪਿਤਾ ਬੁੱਧ ਸਿੰਘ ਅਤੇ ਮਾਤਾ ਸ਼ਾਮ ਕੌਰ ਦੇ ਘਰ 1888 ਵਿੱਚ ਹੋਇਆ। ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ। ਘਰ ਵਿਚ ਆਰਥਿਕ ਤੰਗੀ ਸੀ, ਜਿਸ ਕਾਰਨ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਦਾ ਅਨੁਭਵ ਬੜਾ ਵਿਸ਼ਾਲ ਸੀ। ਰੁਜ਼ਗਾਰ ਦੀ ਭਾਲ਼ ਵਿਚ ਆਪ ਕੁਆਲਾਲੰਪਰ ਚਲੇ ਗਏ। ਗ਼ਦਰੀ ਬਾਬਿਆਂ ਦੇ ਮੇਲ-ਜੋਲ ਕਾਰਨ ਆਪ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਫਿਰ ਆਪ ਨੂੰ ਮਲਾਇਆ ਤੋਂ ਵੀ ਬਾਹਰ ਕੱਢ ਦਿੱਤਾ ਗਿਆ। ਪਿੰਡ ਆ ਕੇ ਘਰ ਦਿਆਂ ਦੀ ਨਰਾਜ਼ਗੀ ਸਹੇੜੀ.। ਅਖੀਰ ਨੂੰ ਨੌਕਰੀ ਦੀ ਭਾਲ਼ ਵਿਚ ਰੁੜਕੀ, ਪਿਸ਼ਾਵਰ, ਰਾਵਲਪਿੰਡੀ ਅਤੇ ਕਲਕੱਤੇ ਵੱਲ ਚਾਲੇ ਪਾਏ। ਕਲਕੱਤੇ ਆਪ ਟੈਕਸੀ ਚਲਾਉਣ ਲੱਗੇ। ਸਰਕਾਰ ਵਿਰੋਧੀ ਸਰਗਰਮੀਆਂ ਕਾਰਨ ਉੱਥੇ ਵੀ ਛੇ ਮਹੀਨੇ ਕੈਦ ਹੋ ਗਈ ਪਰ ਛੇਤੀ ਹੀ ਸਰਕਾਰ ਨੇ ਸਾਰੇ ਸਿਆਸੀ ਕੈਦੀ ਰਿਹਾਅ ਕਰ ਦਿੱਤੇ। ਇੰਨੇ ਨੂੰ ਬਾਬਾ ਜੀ ‘ਕਿਰਤੀ ਕਿਸਾਨ ਪਾਰਟੀ ਬੰਗਾਲ’ ਨਾਲ਼ ਜੁੜ ਗਏ। ਡਰਾਈਵਰਾਂ ਦੀ ਹੜਤਾਲ ਵਿਚ ਸਾਥ ਦੇਣ ਲਈ ਆਪ ਨੂੰ ਫਿਰ ਗ੍ਰਿਫ਼ਤਾਰ ਕਰ ਕੇ ਤਿੰਨ ਮਹੀਨੇ ਦੀ ਜੇਲ੍ਹ ਹੋਈ, ਜਿੱਥੇ ਆਪ ਦੀ ਸਿਹਤ ਖ਼ਰਾਬ ਹੋ ਗਈ। ਦੂਜੇ ਪਾਸੇ ਘਰ ਦੀ ਮਾਲੀ ਹਾਲਤ ਵੀ ਖ਼ਰਾਬ ਸੀ।ਅਜੋਕੇ ਦੌਰ ਵਿਚ ਅਜਿਹੀਆਂ ਸੰਘਰਸ਼ਸ਼ੀਲ ਸ਼ਖ਼ਸੀਅਤਾਂ ਆਟੇ ਵਿਚ ਲੂਣ ਦੇ ਬਰਾਬਰ ਹਨ, ਜਿਨ੍ਹਾਂ ਨੇ ਆਪਣੇ ਪਰਿਵਾਰ ਬਾਰੇ ਨਹੀਂ ਬਲਕਿ ਸਮਾਜ ਦੇ ਲੁੱਟੇ ਜਾ ਰਹੇ ਵਰਗ ਬਾਰੇ ਸੋਚਿਆ।
- ਰਾਬਿੰਦਰ ਸਿੰਘ ਰੱਬੀ ਮੋਰਿੰਡਾ