- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਪੁਸਤਕਾਂ ਦੇ ਰਚੇਤਾ ਮੁਖਤਿਆਰ ਸਿੰਘ ਦੀ 15ਵੀਂ ਪੁਸਤਕ ‘ਬਚਦਿਆਂ ਬਚਾਉਂਦਿਆਂ’ (ਸਫ਼ਰਨਾਮਾ) ਪ੍ਰਕਾਸ਼ਿਤ ਹੋਈ ਹੈ, ਜੋ ਬਹੁਤ ਰੌਚਕ, ਪ੍ਰਭਾਵਸ਼ਾਲੀ ਤੇ ਯਥਾਰਥਕ ਸਫ਼ਰਨਾਮਾ ਹੈ। ਇਹ ਪੁਸਤਕ ਲੇਖਕ ਵੱਲੋਂ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਹੇਮਕੁੰਟ ਸਾਹਿਬ ਅਤੇ ਨੇਪਾਲ ਤੱਕ ਕੀਤੀ ਗਈ ਯਾਤਰਾ ਦੇ ਅਨੁਭਵਾਂ ਨੂੰ ਬਿਆਨ ਕਰਦੀ ਹੈ।

ਪੁਸਤਕ : ਬਚਦਿਆਂ -ਬਚਾਉਂਦਿਆਂ (ਸਫ਼ਰਨਾਮਾ)
ਲੇਖਕ : ਮੁਖਤਿਆਰ ਸਿੰਘ
ਪੰਨੇ : 120, ਮੁੱਲ : 295 ਰੁਪਏ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
14 ਪੁਸਤਕਾਂ ਦੇ ਰਚੇਤਾ ਮੁਖਤਿਆਰ ਸਿੰਘ ਦੀ 15ਵੀਂ ਪੁਸਤਕ ‘ਬਚਦਿਆਂ ਬਚਾਉਂਦਿਆਂ’ (ਸਫ਼ਰਨਾਮਾ) ਪ੍ਰਕਾਸ਼ਿਤ ਹੋਈ ਹੈ, ਜੋ ਬਹੁਤ ਰੌਚਕ, ਪ੍ਰਭਾਵਸ਼ਾਲੀ ਤੇ ਯਥਾਰਥਕ ਸਫ਼ਰਨਾਮਾ ਹੈ। ਇਹ ਪੁਸਤਕ ਲੇਖਕ ਵੱਲੋਂ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਹੇਮਕੁੰਟ ਸਾਹਿਬ ਅਤੇ ਨੇਪਾਲ ਤੱਕ ਕੀਤੀ ਗਈ ਯਾਤਰਾ ਦੇ ਅਨੁਭਵਾਂ ਨੂੰ ਬਿਆਨ ਕਰਦੀ ਹੈ। ਇਸ ਸਫ਼ਰਨਾਮੇ ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਉਹ ਹਿੱਸਾ ਹੈ, ਜਦੋਂ ਲੇਖਕ ਦਾ ਪਰਿਵਾਰ ਉਤਰਾਖੰਡ ਵਿਚ ਆਏ ਕੁਦਰਤੀ ਕਹਿਰ (2013 ਦੇ ਹੜ੍ਹਾਂ) ’ਚ ਘਿਰ ਜਾਂਦਾ ਹੈ। ਸਫ਼ਰ ਦੀ ਸ਼ੁਰੂਆਤ ਪੰਜਾਬ ਦੇ ਖੰਨੇ (ਸ਼ਹਿਰ) ਤੋਂ ਹੁੰਦੀ ਹੈ, ਜਿੱਥੇ ਲੇਖਕ ਦਾ ਪਰਿਵਾਰ ਬੜੇ ਚਾਅ ਤੇ ਸ਼ਰਧਾ ਨਾਲ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਕਾਰ ਰਾਹੀਂ ਰਵਾਨਾ ਹੁੰਦਾ ਹੈ। ਲੇਖਕ ਨੇ ਰਸਤੇ ’ਚ ਆਉਂਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ, ਜਿਵੇਂ ਹਰਿਦੁਆਰ, ਰਿਸੀਕੇਸ਼, ਦੇਵਪ੍ਰਯਾਗ, ਸ਼੍ਰੀਨਗਰ, ਰੁਦਰਪ੍ਰਯਾਗ, ਕਰਨ ਪ੍ਰਯਾਗ, ਨੰਦ ਪ੍ਰਯਾਗ ਅਤੇ ਜੋਸ਼ੀਮੱਠ ਆਦਿ ਦਾ ਬਹੁਤ ਹੀ ਸੁੰਦਰ ਅਤੇ ਇਤਿਹਾਸਕ ਵੇਰਵਾ ਦਿੱਤਾ ਹੈ। ਹਰ ਪੜਾਅ ’ਤੇ ਆਉਂਦੀਆਂ ਮਿਥਿਹਾਸਕ ਕਥਾਵਾਂ ਤੇ ਇਤਿਹਾਸਕ ਪਿਛੋਕੜ ਨੂੰ ਪਾਠਕਾਂ ਅੱਗੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਕਿਤਾਬ ਦਾ ਸਭ ਤੋਂ ਸੰਵੇਦਨਸ਼ੀਲ ਤੇ ਰੂਹ ਕੰਬਾਊ ਮੋੜ ਉਦੋਂ ਆਉਂਦਾ ਹੈ, ਜਦੋਂ ਪਰਿਵਾਰ ਗੋਬਿੰਦਘਾਟ ਪਹੁੰਚਦਾ ਹੈ ਤੇ ਉੱਥੇ ਬੱਦਲ ਫ਼ਟਣ ਕਾਰਨ ਅਲਕਨੰਦਾ ਨਦੀ ਵਿੱਚ ਭਿਆਨਕ ਹੜ੍ਹ ਆ ਜਾਂਦਾ ਹੈ ਤਾਂ ਮਿੰਟਾਂ ਵਿਚ ਗੱਡੀਆਂ, ਹੋਟਲ ਤੇ ਗੁਰਦੁਆਰੇ ਦਾ ਕੁਝ ਹਿੱਸਾ ਪਾਣੀ ਵਿਚ ਰੁੜ੍ਹ ਜਾਂਦਾ ਹੈ। ਮੌਤ ਨੂੰ ਆਪਣੇ ਬਹੁਤ ਨੇੜੇ ਦੇਖਦਿਆਂ ਪਰਿਵਾਰ ਉੱਤੇ ਜੋ ਬੀਤਦੀ ਹੈ, ਉਸ ਦਾ ਯਥਾਰਥਕ ਚਿੱਤਰਨ ਪਾਠਕ ਨੂੰ ਭਾਵੁਕ ਕਰ ਦਿੰਦਾ ਹੈ। ਇਸ ਕੁਦਰਤੀ ਆਫ਼ਤ ਵਿੱਚੋਂ 'ਬਚਦਿਆਂ ਬਚਾਉਂਦਿਆਂ' ਬਾਹਰ ਨਿਕਲਣ ਦਾ ਸੰਘਰਸ਼ ਹੀ ਇਸ ਪੁਸਤਕ ਦਾ ਮੂਲ ਆਧਾਰ ਹੈ। ਇਸ ਸਫ਼ਰਨਾਮੇ ਦੀ ਖ਼ੂਬੀ ਇਹ ਹੈ ਕਿ ਇਹ ਸਿਰਫ਼ ਘੁੰਮਣ-ਫਿਰਨ ਦੀ ਕਹਾਣੀ ਨਹੀਂ ਸਗੋਂ ਇਹ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਤੇ ਅੰਨ੍ਹੇਵਾਹ ਉਸਾਰੀਆਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਲੇਖਕ ਨੇ ਪੰਜਾਬੀਅਤ ਦੇ ਦਰਦ, ਪਹਾੜੀ ਲੋਕਾਂ ਦੀ ਜੀਵਨਸ਼ੈਲੀ ਤੇ ਔਖੇ ਵੇਲੇ ਆਪਸੀ ਮਾਨਵਤਾ ਦੀ ਸਾਂਝ ਨੂੰ ਵੀ ਬਾਖ਼ੂਬੀ ਉਜਾਗਰ ਕੀਤਾ ਹੈ।
ਭਾਸ਼ਾ ਅਤੇ ਸ਼ੈਲੀ ਦੇ ਪੱਖੋਂ ਇਹ ਪੁਸਤਕ ਬਹੁਤ ਸਰਲ, ਰਵਾਨਦਾਰ ਤੇ ਪੜ੍ਹਨਯੋਗ ਹੈ। ਲੇਖਕ ਦੀ ਬਿਆਨ ਕਰਨ ਦੀ ਸ਼ਕਤੀ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਇਹ ਸਫ਼ਰਨਾਮਾ ਸਿਰਫ਼ ਇਕ ਯਾਤਰਾ ਦਾ ਵਰਣਨ ਨਹੀਂ ਸਗੋਂ ਜੀਵਨ ਦੇ ਔਖੇ ਹਾਲਾਤਾਂ ’ਚ ਹੌਸਲਾ ਨਾ ਹਾਰਨ ਦਾ ਸੁਨੇਹਾ ਦਿੰਦਾ ਹੈ।
- ਜਸਵਿੰਦਰ ਸਿੰਘ ਕਾਈਨੌਰ