- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਸਕੂਲ ਨੂੰ ਪ੍ਰਾਪਤ ਹੋਈ ਸਰਕਾਰੀ ਗ੍ਰਾਂਟ ਨਾਲ ਬੱਚਿਆਂ ਲਈ ਵਰਦੀਆਂ ਖ਼ਰੀਦ ਲਈਆਂ ਗਈਆਂ ਪਰ ਸਰਕਾਰੀ ਹਦਾਇਤਾਂ ਅਨੁਸਾਰ ਇਹ ਵਰਦੀਆਂ ਸਾਰੇ ਬੱਚਿਆਂ ਲਈ ਨਹੀਂ ਸਨ। ਸਾਡੇ ਸਾਰੇ ਸਟਾਫ਼ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਸਟਾਫ਼ ਵੱਲੋਂ ਆਪਣੇ ਪੱਲਿਓਂ ਪੈਸੇ ਪਾ ਕੇ ਅਜੇ ਪਿਛਲੇ ਹਫ਼ਤੇ ਹੀ ਸਟਾਫ਼ ਦੇ ਵਾਸ਼ਰੂਮ ਦੀ ਮੁਰੰਮਤ ਕਰਵਾ ਕੇ ਹਟੇ ਸੀ।

ਸਾਡੇ ਸਕੂਲ ਨੂੰ ਪ੍ਰਾਪਤ ਹੋਈ ਸਰਕਾਰੀ ਗ੍ਰਾਂਟ ਨਾਲ ਬੱਚਿਆਂ ਲਈ ਵਰਦੀਆਂ ਖ਼ਰੀਦ ਲਈਆਂ ਗਈਆਂ ਪਰ ਸਰਕਾਰੀ ਹਦਾਇਤਾਂ ਅਨੁਸਾਰ ਇਹ ਵਰਦੀਆਂ ਸਾਰੇ ਬੱਚਿਆਂ ਲਈ ਨਹੀਂ ਸਨ। ਸਾਡੇ ਸਾਰੇ ਸਟਾਫ਼ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਸਟਾਫ਼ ਵੱਲੋਂ ਆਪਣੇ ਪੱਲਿਓਂ ਪੈਸੇ ਪਾ ਕੇ ਅਜੇ ਪਿਛਲੇ ਹਫ਼ਤੇ ਹੀ ਸਟਾਫ਼ ਦੇ ਵਾਸ਼ਰੂਮ ਦੀ ਮੁਰੰਮਤ ਕਰਵਾ ਕੇ ਹਟੇ ਸੀ। ਸਕੂਲ ਮੁਖੀ ਵਜੋਂ ਮੇਰੀ ਇਹ ਹਿੰਮਤ ਨਹੀਂ ਸੀ ਪੈ ਰਹੀ ਕਿ ਮੈਂ ਇਸ ਹਫ਼ਤੇ ਫਿਰ ਸਭ ਨੂੰ ਆਪਣੇ ਕੋਲੋਂ ਪੈਸੇ ਇਕੱਠੇ ਕਰਨ ਲਈ ਕਹਾਂ, ਤਾਂ ਜੋ ਸਕੂਲ ’ਚ ਪੜ੍ਹਦੇ ਸਾਰੇ ਬੱਚਿਆਂ ਦੀਆਂ ਵਰਦੀਆਂ ਇਕਸਾਰ ਹੋ ਸਕਣ। ਸਟਾਫ਼ ਦੀ ਚੱਲ ਰਹੀ ਰਹੀ ਮੀਟਿੰਗ ’ਚ ਪਾਣੀ ਪਿਲਾ ਰਹੀ ਮਿਡ-ਡੇ-ਮੀਲ ਵਰਤਾਉਣ ਵਾਲੀ ਮਨਜੀਤ ਨੇ ਆਪਣੀ ਸਲਾਹ ਰੱਖ ਦਿੱਤੀ। ‘ਸਰ ਜੀ ਜੇ ਮੇਰੀ ਮੰਨੋ ਤਾਂ ਪਿੰਡ ’ਚ ਕੈਨੇਡਾ ਤੋਂ ਗਰਚਾ ਭਰਾ ਆਏ ਹੋਏ ਨੇ, ਜੇ ਤੁਸੀਂ ਉਨ੍ਹਾਂ ਨੂੰ ਮਿਲੋ ਤਾਂ ਉਹ ਇਸ ਕੰਮ ’ਚ ਆਪਣੀ ਮਦਦ ਕਰ ਦੇਣਗੇ।
ਮੈਨੂੰ ਮਨਜੀਤ ਦੀ ਗੱਲ ਪਸੰਦ ਤਾਂ ਆਈ ਪਰ ਇਸ ਛੋਟੇ ਜਿਹੇ ਕੰਮ ਲਈ ਕੈਨੇਡਾ ਵਾਲਿਆਂ ਨੂੰ ਕਹਿਣਾ ਜਚਿਆ ਨਹੀਂ। ਮੈਂ ਮੀਟਿੰਗ ਮੁਕਾ ਦਿੱਤੀ ਪਰ ਤਿੰਨ-ਚਾਰ ਦਿਨ ਤੱਕ ਸਾਡੇ ’ਚੋਂ ਕੋਈ ਵੀ ਉਨ੍ਹਾਂ ਦੇ ਘਰ ਜਾਣ ਦਾ ਹਿਆਂ ਨਾ ਕਰ ਸਕਿਆ ਤੇ ਨਵੀਆਂ ਖ਼ਰੀਦੀਆਂ ਵਰਦੀਆਂ ਜਿਉਂ ਦੀਆਂ ਤਿਉਂ ਹੀ ਲਿਫਾਫਿਆਂ ’ਚ ਪੈਕ ਹੀ ਪਈਆਂ ਰਹੀਆਂ। ਅਗਲੀ ਸਵੇਰ ਮਨਜੀਤ ਰਸੋਈ ਤੋਂ ਭੱਜੀ-ਭੱਜੀ ਮੇਰੇ ਦਫ਼ਤਰ ‘ਚ ਦਾਖਲ ਹੋਈ, ’ਸਰ ਜੀ ਬਾਹਰ ਕੈਨੇਡਾ ਵਾਲੇ ਸਕੂਲ ਵੇਖਣ ਲਈ ਆਏ ਨੇ, ਤੁਸੀਂ ਉਨ੍ਹਾਂ ਨੂੰ ਦਫ਼ਤਰ ’ਚ ਬਿਠਾ ਕੇ ਉਨ੍ਹਾਂ ਨਾਲ ਵਰਦੀਆਂ ਵਾਲੀ ਗੱਲ ਵੀ ਕਰ ਲਿਓ, ਮੈਂ ਚਾਹ ਰੱਖਦੀ ਆਂ ਸਾਰਿਆਂ ਲਈ।’ ਮੈਂ ਹਾਂ ’ਚ ਸਿਰ ਹਿਲਾਉਂਦਿਆੰ ਉਨ੍ਹਾਂ ਨੂੰ ਜੀ ਆਇਆਂ ਆਖਣ ਲਈ ਸਕੂਲ ਦੇ ਵਿਹੜੇ ’ਚ ਆ ਗਿਆ।
ਗਰਚਾ ਭਰਾਵਾਂ ਨਾਲ ਭਾਵੇਂ ਇਹ ਮੇਰੀ ਪਹਿਲੀ ਮੁਲਾਕਾਤ ਹੀ ਸੀ ਪਰ ਉਹ ਮੈਨੂੰ ਏਨੇ ਨਿੱਘ ਨਾਲ ਮਿਲੇ, ਜਿਵੇਂ ਮੈਂ ਕਦੇ ਇਨ੍ਹਾਂ ਨਾਲ ਹੀ ਪੜ੍ਹਦਾ ਰਿਹਾ ਹੋਵਾਂ। ਨਾਲ ਆਏ ਪਿੰਡ ਦੇ ਸਰਪੰਚ ਸਾਬ੍ਹ ਨੇ ਸਾਨੂੰ ਮਿਲਾਇਆ ਤਾਂ ਪਤਾ ਚੱਲਿਆ ਕਿ ਇਹ ਪੰਜ ਭਰਾ ਹਨ ਇਹ ਪਰ ਇਸ ਵਾਰ ਇੰਡੀਆ ਤਿੰਨ ਹੀ ਆਏ ਨੇ।’ ਇਨ੍ਹਾਂ ਦੀਆਂ ਦੁੱਧ ਚਿੱਟੀਆਂ ਦਾੜ੍ਹੀਆਂ ਤੇ ਸਰ੍ਹੂ ਵਰਗੇ ਕੱਦ। ਮੈਨੂੰ ਜਦ ਇਹ ਗਲਵੱਕੜੀ ਪਾ ਕੇ ਮਿਲੇ ਤਾਂ ਮੈਂ ਖ਼ੁਦ ਨੂੰ ਇਨ੍ਹਾਂ ਦੇ ਕਲਾਵੇ ’ਚ ਜੁਆਕੜਾ ਜਿਹਾ ਮਹਿਸੂਸ ਕੀਤਾ। ਮੈਂ ਨਾਲ ਹੋ ਕੇ ਉਨ੍ਹਾਂ ਨੂੰ ਸਾਰਾ ਸਕੂਲ ਵਿਖਾਇਆ। ਸਕੂਲ ਵੇਖ ਕੇ ਤਿੰਨੋਂ ਭਰਾ ਅਸ਼-ਅਸ਼ ਕਰ ਉੱਠੇ। ਅਸੀਂ ਦਫ਼ਤਰ ’ਚ ਪਹੁੰਚੇ ਤਾਂ ਮਨਜੀਤ ਸਮੇਤ ਬਾਕੀ ਹੈਲਪਰਾਂ ਨੇ ਇੱਥੇ ਚਾਹ ਪਾਣੀ ਦਾ ਪੂਰਾ-ਪੂਰਾ ਪ੍ਰਬੰਧ ਕਰ ਰੱਖਿਆ ਸੀ। ਚਾਹ ਪੀਂਦਿਆਂ ਇਨ੍ਹਾਂ ਤਿੰਨਾਂ ਭਰਾਵਾਂ ਵਿੱਚੋਂ ਸੁਖਦੇਵ ਸਿੰਘ ਹੋਰੀਂ ਆਪ ਹੀ ਆਖ ਦਿੱਤਾ, ‘ਮਾਸਟਰ ਜੀ ਸਕੂਲ ਨੂੰ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਬਿਨਾਂ ਕਿਸੇ ਝਿਜਕ ਦੱਸਣਾ।’
ਮੈਂ ਪਹਿਲਾਂ ਤਾਂ ਜਕਿਆ ਪਰ ਸੁਖਦੇਵ ਸਿੰਘ ਜੀ ਫਿਰ ਆਖਣ ਲੱਗੇ, ‘ਜਕੋ ਨਾ! ਮੈਂ ਵੀ ਪਹਿਲਾਂ ਇੰਡੀਆਂ ਵਿਚ ਸਰਕਾਰੀ ਟੀਚਰ ਹੀ ਸੀ, ਮੈਨੂੰ ਪਤਾ ਕਿ ਇਕ ਸਕੂਲ ਮੁਖੀ ਵਜੋਂ ਕਿੰਨੇ ਖ਼ਰਚੇ ਪੱਲਿਓਂ ਕਰਨੇ ਪੈਂਦੇ ਨੇ।’ ਜਦੋਂ ਉਨ੍ਹਾਂ ਮੇਰੇ ਲਈ ਗੱਲਬਾਤ ਦਾ ਰਾਹ ਪੱਧਰਾ ਹੀ ਕਰ ਦਿੱਤਾ ਤਾਂ ਮੈਂ ਸਭ ਖੋਲ੍ਹ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਕਿ ਜਦੋਂ ਦਾ ਮੈਂ ਇਸ ਸਕੂਲ ਵਿਚ ਮੈਂ ਆਇਆ ਹਾਂ, ਅਸੀਂ ਸਾਰਾ ਸਟਾਫ਼ ਰਲ-ਮਿਲ ਕੇ ਸਕੂਲ ’ਚ ਕੀ-ਕੀ ਬਣਾਇਆ ਹੈ ਅਤੇ ਨਾਲ ਹੀ ਮੈਂ ਵਰਦੀਆਂ ਵਾਲੀ ਸਾਰੀ ਗੱਲ ਉਨ੍ਹਾਂ ਨਾਲ ਸਾਂਝੀ ਕਰ ਲਈ ਕਿ ਗ੍ਰਾਂਟ ਕਿੰਨੀ ਆਈ ਹੈ, ਸਰਕਾਰੀ ਹਦਾਇਤਾਂ ਕੀ ਨੇ ਤੇ ਸਕੂਲ ਵਿਚ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ। ਮਾਸਟਰ ਸੁਖਦੇਵ ਸਿੰਘ ਜੀ ਨੂੰ ਸਾਡੀ ਮੁਸ਼ਕਲ ਸਮਝਣ ’ਚ ਜ਼ਰਾ ਜਿੰਨੀ ਵੀ ਦੇਰ ਨਾ ਲੱਗੀ। ਤਿੰਨੋਂ ਭਰਾਵਾਂ ਨੇ ਆਪ ਲਿਫਾਫੇ ਖੋਲ੍ਹ ਕੇ ਨਵੀਆਂ ਵਰਦੀਆਂ ਚੈੱਕ ਕੀਤੀਆਂ ਤੇ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਕੱਲ੍ਹ ਜਾਂ ਪਰਸੋਂ ਇਹ ਵਰਦੀਆਂ ਸਪਲਾਈ ਕਰਨ ਵਾਲੇ ਬੰਦੇ ਨੂੰ ਸਕੂਲ ਦੁਬਾਰਾ ਬੁਲਾਓ ਤੇ ਜਦੋਂ ਉਹ ਆ ਜਾਵੇ ਤਾਂ ਸਾਨੂੰ ਸੁਨੇਹਾ ਲਾ ਦਿਓ, ਫਿਰ ਅਸੀਂ ਦੱਸਾਂਗੇ ਕਿ ਕੀ ਤੇ ਕਿਵੇਂ ਕਰਨਾ ਹੈ।
ਅਸੀਂ ਸਭ ਖ਼ੁਸ਼ ਸੀ ਕਿ ਇਹ ਤਾਂ ਚੁਟਕੀ ਮਾਰਦਿਆਂ ਹੀ ਸਮੱਸਿਆ ਹੱਲ ਹੋ ਗਈ। ਸਕੂਲਾਂ ਵਿਚ ਵਰਦੀ ਸਪਲਾਈ ਕਰਨ ਵਾਲਾ ਜਿੰਦਰ ਤਾਂ ਜਿਵੇਂ ਸਾਡੀ ਫੋਨ ਕਾਲ ਹੀ ਉਡੀਕ ਰਿਹਾ ਹੋਵੇ। ਉਹ ਅਗਲੇ ਦਿਨ ਹੀ ਸਕੂਲ ਆ ਧਮਕਿਆ। ਮੈਂ ਕੈਨੇਡਾ ਵਾਲੇ ਮਾਸਟਰ ਸਖਦੇਵ ਸਿੰਘ ਹੋਰਾਂ ਨੂੰ ਕਾਲ ਕੀਤੀ ਤਾਂ ਥੋੜ੍ਹੇ ਇੰਤਜ਼ਾਰ ਤੋਂ ਬਾਅਦ ਤਿੰਨੋਂ ਭਰਾ ਵੀ ਆ ਗਏ। ਉਨ੍ਹਾਂ ਜਿੰਦਰ ਨਾਲ ਲੰਬੀ-ਚੌੜੀ ਗੱਲਬਾਤ ਕਰਨ ਉਪਰੰਤ ਪਹਿਲਾਂ ਆਈਆ ਸਾਰੀਆਂ ਵਰਦੀਆਂ ਉਸ ਨੂੰ ਵਾਪਸ ਚੁਕਵਾ ਦਿੱਤੀਆਂ ਤੇ ਉੱਚ ਦਰਜੇ ਦੀਆਂ ਹਰ ਬੱਚੇ ਲਈ ਦੋ-ਦੋ ਵਰਦੀਆਂ ਦਾ ਆਰਡਰ ਦੇ ਦਿੱਤਾ। ਗਰਚਾ ਭਰਾਵਾਂ ਨੇ ਬੱਚਿਆਂ ਲਈ ਆਏ ਬੂਟ ਵੀ ਵਾਪਸ ਕਰਦਿਆਂ ਮਾਰਕੇ ਦੇ ਬੂਟ ਲਿਆਉਣ ਲਈ ਕਹਿ ਦਿੱਤਾ। ਸਕੂਲ ’ਚ ਖਾਣਾ ਬਣਾਉਣ ਵਾਲੀਆਂ ਚਾਰੋ ਮੈਡਮਾਂ ਲਈ ਵਰਦੀਨੁਮਾ ਦੋ-ਦੋ ਸੂਟ ਅਤੇ ਹਰ ਬੱਚੇ ਦਾ ਆਈ ਕਾਰਡ ਬਣਵਾਉਣ ਦੀ ਵੀ ਜ਼ਿੰਮੇਵਾਰੀ ਲੈ ਲਈ। ਉਨ੍ਹਾਂ ਸਾਡੇ ਸਾਰੇ ਸਟਾਫ਼ ਲਈ ਕੁਝ ਮੰਗਵਾਉਣ ਲਈ ਵੀ ਗੱਲ ਰੱਖੀ ਪਰ ਅਸੀਂ ਹੱਥ ਜੋੜ ਦਿੱਤੇ ਪਰ ਸਾਡੇ ਕੰਪਊਟਰ ਅਧਿਆਪਕਾ ਨੀਰੂ ਨੇ ਬਿਨਾਂ ਕੋਈ ਸਲਾਹ ਕੀਤਿਆਂ ਬੱਚਿਆਂ ਵੱਲੋਂ ਵਰਤੇ ਜਾਂਦੇ ਕੰਪਿਊਟਰਾਂ ਦੀ ਹਾਲਤ ਵਾਲਾ ਚੈਪਟਰ ਵੀ ਉਨ੍ਹਾਂ ਅੱਗੇ ਖੋਲ੍ਹ ਦਿੱਤਾ। ਗਰਚਾ ਭਰਾਵਾਂ ਵਿੱਚੋਂ ਛੋਟੇ ਭਰਾ ਰਣਜੀਤ ਸਿੰਘ ਜੀ ਬੋਲੇ, ‘ਜਿੰਨੇ ਕੰਪਿਊਟਰ ਖ਼ਰਾਬ ਨੇ, ਠੀਕ ਕਰਵਾਉਣ ਲਈ ਅੱਜ ਹੀ ਭੇਜ ਦਿਓ ਤੇ ਤਿੰਨ ਕੰਪਿਊਟਰ-ਸੈੱਟ ਤੇ ਇਕ ਪ੍ਰਿੰਟਰ ਜਿਵੇਂ ਦੇ ਤੁਹਾਨੂੰ ਚਾਹੀਦੇ ਹਨ, ਨਵੇਂ ਲੈ ਆਓ।’ ਕੋਲ਼ ਬੈਠੇ ਜਸਵਿੰਦਰ ਸਿੰਘ ਨੇ ਸਕੂਲ ਵਿਚ ਹਾਈ ਸਪੀਡ ਵਾਲਾ ਇੰਟਰਨੈੱਟ ਲਗਵਾ ਕੇ ਦੇਣ ਤੇ ਬਿੱਲ ਭਰਦੇ ਰਹਿਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।
ਇਹ ਸਭ ਵੇਖਦਿਆਂ ਮੇਰੀ ਤਾਂ ਜਿਵੇਂ ਜੀਭ ਹੀ ਦੰਦਾਂ ਵਿਚਕਾਰ ਆ ਗਈ। ‘ਕੋਈ ਹੋਰ ਫਰਮਾਇਸ਼ ਹੈ ਤਾਂ ਦੱਸੋ, ਜੋ ਚਾਹੀਦਾ ਹੈ, ਅਸੀਂ ਹਾਜ਼ਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਸਾਨੂੰ ਤੁਹਾਡੇ ਤੋਂ ਨਤੀਜੇ ਚਾਹੀਦੇ ਦੇ ਹਨ, ਸਰਕਾਰਾਂ ਵਾਲੀ ਫਾਰਮਿਲਟੀ ਨਹੀਂ।’ ਮਾ. ਸੁਖਦੇਵ ਸਿੰਘ ਹੁਰਾਂ ਸਾਡੀਆਂ ਇੱਛਾਵਾਂ ਪੂਰੀਆਂ ਕਰਦਿਆਂ ਆਪਣੀ ਇੱਛਾ ਸਾਡੇ ਅੱਗੇ ਰੱਖ ਦਿੱਤੀ। ਮੈਂ ਪੂਰੇ ਸਟਾਫ਼ ਦੀ ਹਾਜ਼ਰੀ ਵਿਚ ਗਰਚਾ ਭਰਾਵਾਂ ਤੋਂ ਉਨ੍ਹਾਂ ਦੇ ਬੋਲਾਂ ’ਤੇ ਖ਼ਰੇ ਉਤਰਨ ਦਾ ਵਾਅਦਾ ਕਰਦਿਆਂ ਇਕ ਸਾਲ ਦਾ ਸਮਾਂ ਮੰਗਿਆ ਤਾਂ ਮਾ. ਸੁਖਦੇਵ ਸਿੰਘ ਜੀ ਨੇ ‘ਚਲੋ ਇਹ ਵੀ ਦਿੱਤਾ’ ਆਖਦਿਆਂ ਫ਼ਤਿਹ ਬੁਲਾਈ ਤੇ ਵਿਦਾ ਹੋ ਗਏ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਗਰਚਾ ਭਰਾਵਾਂ ਦਾ ਧੰਨਵਾਦ ਕਿਵੇਂ ਕਰਾਂ ਤੇ ਮਨਜੀਤ ਕੌਰ ਦਾ ਕਿਵੇਂ। ਸਭ ਕੁਝ ਉਵੇਂ ਹੋਇਆ,ਜਿਵੇਂ ਅਸੀਂ ਚਿਤਵਿਆ ਵੀ ਨਹੀਂ ਸੀ ਪਰ ਮੈਨੂੰ ਕੰਪਿਊਟਰ ਅਧਿਆਪਿਕਾ ਨੀਰੂ ਵੱਲੋਂ ਆਪ-ਮੁਹਾਰੇ ਰੱਖ ਦਿੱਤੀ ਗਈ ਫ਼ਰਮਾਇਸ਼ ਮਾਹਾਂ ਦੀ ਦਾਲ ’ਚ ਆਏ ਕੋਕੜੂ ਵਾਂਗ ਮਹਿਸੂਸ ਹੋਈ। ਮੈਂ ਮੈਡਮ ਨੂੰ ਕਿਹਾ ਤਾਂ ਕੁਝ ਨਾ ਪਰ ‘ਉਹ ਕੀ ਸੋਚਦੇ ਹੋਣਗੇ’ ਦੀ ਮੁਹਾਰਨੀ ਨੇ ਮੈਨੂੰ ਸਾਰੀ ਰਾਤ ਪ੍ਰੇਸ਼ਾਨ ਕਰੀ ਰੱਖਿਆ।
ਹਫ਼ਤੇ ਬਾਅਦ ਹੀ ਗਰਚਾ ਭਰਾਵਾਂ ਦੇ ਬੋਲਾਂ ਨੂੰ ਬੂਰ ਵੀ ਆ ਪਿਆ ਤੇ ਸਾਡਾ ਸਕੂਲ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਨਜ਼ਰੀਂ ਪੈ ਰਿਹਾ ਸੀ। ਇਕ ਦਿਨ ਮੈਂ ਬਾਹਰ ਹੋਣ ਕਾਰਨ ਸਕੂਲ ਨਹੀਂ ਪਹੁੰਚ ਸਕਿਆ। ਅਗਲੇ ਦਿਨ ਮੈਂ ਸਕੂਲ ਆਇਆ ਤਾਂ ਮਨਜੀਤ ਨੇ ਇਕ ਲੱਡੂਆਂ ਦਾ ਡੱਬਾ ਤੇ ਵਿਅਹ ਦਾ ਕਾਰਡ ਮੇਰੇ ਸਾਹਮਣੇ ਲਿਆ ਰੱਖਿਆ, ਸਰ! ਕੱਲ੍ਹ ਪਿੰਡ ਤੋਂ ਰਾਣੋ ਆਈ ਸੀ ਆਪਣੀ ਅੰਜਲੀ ਦੀ ਮੰਮੀ, ਉਹਦੀ ਵੱਡੀ ਕੁੜੀ ਕੋਮਲ ਦਾ ਵਿਆਹ ਐ। ਆਪਣੇ ਸਕੂਲ ਹੀ ਪੜ੍ਹਦੀ ਹੁੰਦੀ ਸੀ ਕੋਮਲ, ਉਹ ਸਾਰੇ ਸਟਾਫ਼ ਨੂੰ ਸੱਦਾ ਦੇ ਕੇ ਗਈ ਆ।’ ਮੈਂ ਮਨਜੀਤ ਦੀ ਗੱਲ ਨੂੰ ਵਿੱਚੋਂ ਕੱਟਦਿਆਂ ਕਿਹਾ, ‘ਮਨਜੀਤ ਕੌਰੇ ਆ’ਜਾ ਬੈਠ ਤਾਂ ਸਹੀ, ਅੱਜ ਤੂੰ ਸਵੇਰ ਦੀ ਸਭ੍ਹਾ ਵੇਖੀ। ਮੈਨੂੰ ਤਾਂ ਏਦਾਂ ਲੱਗ ਰਿਹਾ ਸੀ, ਜਿਵੇਂ ਕਿਸੇ ਵੱਡੇ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿਚ ਖੜ੍ਹਾ ਹੋਵਾਂ। ਇਹ ਸਭ ਤੇਰੇ ਕਰਕੇ ਹੀ ਸੰਭਵ ਹੋਇਆ ਐ।’ ਮਨਜੀਤ ਕੁਰਸੀ ’ਤੇ ਬੈਠਦੇ ਹੋਏ ਬੋਲੀ, ‘ਲੈ ਸਰ ਜੀ, ਮੈਂ ਕੀ ਕਰਨ ਜੋਗੀ ਆਂ, ਇਹ ਤਾਂ ਉਨ੍ਹਾਂ ਨੂੰ ਤੁਸੀਂ ਚੰਗੇ ਲੱਗੇ ਤਾਂ ਕਰ’ਤਾ ਉਨ੍ਹਾਂ ਨੇ, ਨਹੀਂ ਤਾਂ ਕੌਣ ਕਰਦਾ ਕਿਸੇ ਦੇ ਕਹਿਣ ’ਤੇ ਏਨਾ।’
ਹਾਂ ਸੱਚ! ਆ ਕਾਰਡ ਬਾਰੇ ਦੱਸ, ਸ਼ਗਨ ਕਿੰਨਾ ਕੁ ਕਰਨਾ ਐ। ਮੈਂ ਸਮਾਂ ਬਚਾਉਣ ਦੀ ਕਾਹਲ ’ਚ ਕਿਹਾ। ‘ਸਰ ਜੀ ਇਹ ਵੀ ਗੱਲ ਕਰਨਾ ਚਾਹੁੰਦੀ ਸੀ, ਰਾਣੋ ਵਿਚਾਰੀ ਦਾ ਘਰ ਵਾਲਾ ਤਾਂ ਬਹੁ ਸਾਲ ਪਹਿਲਾਂ ਹੀ ਮੁੱਕ ਗਿਆ ਸੀ, ਬੜੀ ਮਿਹਨਤ-ਮੁਸ਼ੱਕਤ ਨਾਲ ਪਾਲ਼ੀਆਂ ਨੇ ਉਨ੍ਹੇ ਇਹ ਦੋਵੇਂ ਕੁੜੀਆਂ। ਅੰਜਲੀ ਤਾਂ ਆਪਾਂ ਕੋਲ਼ ਈ ਪੜ੍ਹਦੀ ਐ, ਉਹ ਕੋਮਲ ਦਾ ਕਾਰਜ ਕਰਨ ਲੱਗੀ ਆ ਔਖੇ-ਸੌਖੇ ਹੋ ਕੇ। ਆਪਣੇ ਸ਼ਗਨ ਤਾਂ ਠੀਕ ਆ ਪਰ ਰਾਣੋ ਚਾਹੁੰਦੀ ਸੀ ਕਿ ਜੇ ਤੁਸੀਂ ਕੈਨੇਡਾ ਵਾਲਿਆਂ ਨੂੰ ਕਹਿ ਕੇ ਕੁਝ ਵੱਡੀ ਮਦਦ ਕਰਵਾ ਦਿੰਦੇ। ‘ਮਨਜੀਤ! ਤੂੰ ਆਪ ਈ ਸੋਚ, ਆਪਾਂ ਕਿੱਦਾਂ ਕਹਿ ਸਕਦੇ ਆਂ। ਉਹ ਕੀ ਸੋਚਣਗੇ ਸਾਡੇ ਬਾਰੇ। ਕਹਿਣਾ ਪਹਿਲਾਂ ਸਕੂਲ ਦੇ ਨਾਂ ’ਤੇ ਸਾਡੀ ਜੇਬ ਕੱਟ ਲਈ ਤੇ ਹੁਣ ਇਸ ਕੁੜੀ ਦੇ ਨਾਂ ’ਤੇ ਮੰਗਣ ਆ ਗਏ। ਉਨ੍ਹਾਂ ਕਹਿਣਾ ਮਾਸਟਰ ਦਾ ਤਾਂ ਸ਼ਾਇਦ ਕੰਮ ਈ ਇਹ ਆ।’ ਜੇ ਕੁੜੀ ਸਿਲਾਈ-ਕਢਾਈ ਕਰ ਲੈਂਦੀ ਆ ਤਾਂ ਆਪਾਂ ਰਲ-ਮਿਲ ਕੇ ਕੋਈ ਮਸ਼ੀਨ ਵਗੈਰਾ ਲੈ ਦਿੰਦੇ ਆਂ ਉਸ ਨੂੰ। ਰਹੀ ਗੱਲ ਕੈਨੇਡਾ ਵਾਲੇ ਤਾਂ ਇਨ੍ਹਾਂ ਦੇ ਪਿੰਡ ਦੇ ਹੀ ਨੇ, ਜਾ ਕੇ ਆਪ ਹੀ ਬੇਨਤੀ ਕਰ ਲੈਣ। ਮੈਨੂੰ ਜੋ ਸਹੀ ਲੱਗਾ ਮੈਂ ਕਹਿ ਦਿੱਤਾ ਪਰ ਮਨਜੀਤ ਮਸੋਸਿਆ ਜਿਹਾ ਮੂੰਹ ਬਣਾ ਕੇ ਆਪਣੀ ਰਸੋਈ ਅੰਦਰ ਚਲੇ ਗਈ।
ਮੈਂ ਦਫ਼ਤਰੀ ਕੰਮ ਵਿਚ ਮੁੜ ਰੁੱਝਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮਨ ’ਚ ਮਨਜੀਤ ਦੀਆਂ ਹੁਣ ਵਾਲੀਆਂ ਗੱਲਾਂ ਹੀ ਚੱਲੀ ਗਈਆਂ। ਜਦੋਂ ਮਨ ਨੇ ਮੇਰੀ ਕੋਈ ਵਾਹ ਪੇਸ਼ ਨਾ ਚੱਲਣ ਦਿੱਤੀ ਤਾਂ ਮੈਂ ਮਨਜੀਤ ਨੂੰ ਫਿਰ ਦਫ਼ਤਰ ’ਚ ਬੁਲਾਇਆ ਤੇ ਸਲਾਹ ਕੀਤੀ ਕਿ ਕੈਨੇਡਾ ਵਾਲਿਆਂ ਨੂੰ ਰਾਣੋ ਦੀ ਕੁੜੀ ਦੇ ਵਿਆਹ ਸਬੰਧੀ ਕੀ ਤੇ ਕਿਵੇਂ ਬੇਨਤੀ ਕਰਨੀ ਐ। ਮਨਜੀਤ ਨੇ ਦੱਸਿਆ ਕਿ ਵਿਆਹ ਵਿਚ ਚਾਹ-ਪਾਣੀ ਦੀ ਸਾਰੀ ਜ਼ਿੰਮੇਵਾਰੀ ਤਾਂ ਸਰਪੰਚ ਸਾਬ੍ਹ ਨੇ ਚੁੱਕ ਲਈ ਹੈ ਤੇ ਰਾਣੋ ਚਾਹੁੰਦੀ ਹੈ ਕਿ ਸਾਨੂੰ ਬੱਸ ਰੋਟੀ ਦੇ ਖ਼ਰਚੇ ਲਈ ਕੈਨੇਡਾ ਵਾਲੇ ਹਾਮੀ ਭਰ ਦੇਣ। ਸਕੂਲ ’ਚ ਸਾਰੀ ਛੁੱਟੀ ਹੋਣ ਉਪਰੰਤ ਮੈਂ ਤੇ ਮਨਜੀਤ ਦੋਵੇਂ ਕੈਨੇਡਾ ਵਾਲਿਆਂ ਦੇ ਘਰ ਬੈਠੇ ਸੀ। ਮਨਜੀਤ ਨੇ ਗੱਲ ਸ਼ੁਰੂ ਕੀਤੀ ਤੇ ਵਿਚ-ਵਿਚ ਮੈਂ ਵੀ ਹੁੰਗਾਰਾ ਭਰਦਾ ਰਿਹਾ। ਕੁੜੀ ਦਾ ਪਿਓ ਨਾ ਹੋਣ ਦੀ ਸੂਰਤ ਵਿਚ ਮੈਂ ਆਪਣੀ ਮਨੋਦਸ਼ਾ ਵੀ ਗਰਚਾ ਭਰਾਵਾਂ ਸਾਹਮਣੇ ਸਪਸ਼ਟ ਕਰਦਿਆਂ ਇਸ ਖ਼ਰਚੇ ’ਚ ਆਪਣੇ ਵੱਲੋਂ ਵੀ ਸਹਿਯੋਗ ਕਰਨ ਲਈ ਹਾਮੀਂ ਭਰ ਦਿੱਤੀ। ਇਕੱਲੇ ਰਣਜੀਤ ਸਿੰਘ ਵੱਲੋਂ ਹੀ ਬਰਾਤ ਦੀ ਰੋਟੀ ਦਾ ਖ਼ਰਚਾ ਚੁੱਕਣ ਲਈ ਹਾਂ ਕਰਨ ’ਤੇ ਮਾਸਟਰ ਸੁਖਦੇਵ ਸਿੰਘ ਨੇ ਵਾਸ਼ਿੰਗ ਮਸ਼ੀਨ ਤੇ ਜਸਵਿੰਦਰ ਸਿੰਘ ਨੇ ਅਲਮਾਰੀ ਲੈ ਕੇ ਦੇਣ ਲਈ ਹਾਮੀਂ ਭਰ ਦਿੱਤੀ। ਮੈਂ ਸਭ ਦਾ ਸ਼ੁਕਰਾਨਾ ਕਰਦਿਆਂ ਆਖਿਆ ਕਿ ਸਭ ਜ਼ਿੰਮੇਵਾਰੀਆਂ ਤਾਂ ਤੁਸੀਂ ਆਪ ਹੀ ਵੰਡ ਲਈਆਂ, ਹੁਣ ਮੈਨੂੰ ਵੀ ਦੱਸੋ ਕਿ ਮੈਂ ਕੀ ਦੇਵਾਂ ਤਾਂ ਮਾਸਟਰ ਸੁਖਦੇਵ ਆਖਣ ਲੱਗੇ ਤੁਸੀਂ ਸਭ ਤੋਂ ਕੀਮਤੀ ਚੀਜ਼ ਦਰਸ਼ਨ ਦੇ ਦੇਣੇ। ਅਸੀਂ ਹਾਸੇ-ਠੱਠੇ ਪਾਉਂਦੇ ਆਪੋ-ਆਪਣੀ ਘਰੀਂ ਪਰਤ ਆਏ।
ਵਿਆਹ ਵਾਲੇ ਦਿਨ ਸਵੇਰੇ ਹੀ ਮੈਨੂੰ ਮਾਸਟਰ ਸੁਖਦੇਵ ਦਾ ਫੋਨ ਆ ਗਿਆ,‘ਜਨਾਬ! ਅਸੀਂ ਤਾਂ ਰਾਤ ਹੀ ਉਹ ਕੁੜੀ ਕੋਮਲ ਦੇ ਘਰ ਵਿਆਹ ਦਾ ਸਮਾਨ ਪਹੁੰਚਾ ਆਏ ਸੀ, ਹੁਣ ਤੁਸੀਂ ਦੱਸੋ ਦਰਸ਼ਨ ਦੇਣ ਕਿੰਨੇ ਕੁ ਵਜੇ ਜਾਣਾ ਹੈ।’ਮੈਂ ਗਿਆਰਾਂ ਵਜੇ ਮਿਲਣ ਦਾ ਵਾਅਦਾ ਕਰ ਕੇ ਮਿਡ-ਡੇ-ਮੀਲ ਵਾਲੀਆਂ ਮੈਡਮਾਂ ਰਾਹੀਂ ਸਕੂਲ ਸਟਾਫ ਵੱਲੋਂ ਸਿਲਾਈ ਤੇ ਕਢਾਈ ਦੀਆਂ ਦੋਵੇਂ ਮਸ਼ੀਨਾਂ ਕੋਮਲ ਦੇ ਘਰ ਪੁੱਜਦੀਆਂ ਕਰ ਦਿੱਤੀਆਂ। ਸਾਢੇ ਕੁ ਬਾਰਾਂ ਕੁ ਵਜੇ ਅਸੀਂ ਸਾਰਾ ਸਟਾਫ਼ ਤਿੰਨੋਂ ਗਰਚਾ ਭਰਾਵਾਂ ਸਮੇਤ ਵਿਆਹ ਵਿਚ ਚਾਹ ਪੀਣ ਦੀ ਤਿਆਰੀ ’ਚ ਸੀ। ਅੱਜ ਵਿਆਹ ਵਿਚ ਮਾਸਟਰ ਸੁਖਦੇਵ ਨਾਲ ਉਨ੍ਹਾਂ ਦੀ ਸਰਦਾਰਨੀ ਵੀ ਆਈ ਹੋਈ ਸੀ। ਸਾਡਾ ਸਾਰਾ ਸਟਾਫ਼ ਤਾਂ ਇਸ ਗੱਲ ਲ਼ਈ ਗਰਚਾ ਭਰਾਵਾਂ ਦਾ ਧੰਨਵਾਦੀ ਸੀ ਕਿ ਉਨ੍ਹਾਂ ਪਿਓ ਬਾਹਰੀ ਇਸ ਕੁੜੀ ਦੇ ਵਿਆਹ ’ਤੇ ਕਿੰਨੀ ਜ਼ਿਆਦਾ ਮਦਦ ਕੀਤੀ ਹੈ।
ਸਰਪੰਚ ਸਾਬ੍ਹ ਨੇ ਸਾਨੂੰ ਸਭ ਨੂੰ ਚਾਹ ਪੀਣ ਲਈ ਅਜੇ ਇਸ਼ਾਰਾ ਕੀਤਾ ਹੀ ਸੀ ਵਿਆਹ ਵਾਲ਼ੀ ਕੁੜੀ ਦੀ ਮਾਂ ਰਾਣੋ ਸਾਹੋ-ਸਾਹੀ ਹੁੰਦੀ ਸਾਡੇ ਕੋਲ ਪਹੁੰਚੀ ਤੇ ਦੋਵੇਂ ਹੱਥ ਜੋੜ ਕੇ ਖੜ੍ਹੀ ਨੇ ਅੱਖਾਂ ਭਰ ਲਈਆਂ, ‘ਜੀ! ਉੱਧਰ ਮੁੰਡੇ ਨੂੰ ਸ਼ਗਨ ਪਾਉਣ ਲੱਗੇ ਆਂ ਤੇ ਸਾਡੇ ਤੋਂ ਮੁੰਡੇ ਨੂੰ ਕੋਈ ਟੁੰਬ-ਛੱਲਾ ਪਾਉਣ ਲਈ ਪ੍ਰਬੰਧ ਨਹੀਂ ਹੋਇਆ। ਹੁਣ ਸਾਨੂੰ ਸ਼ਰਮ ਮਾਰ ਰਹੀ ਐ ਕਿ ਖਾਲ਼ੀ ਹੱਥੀਂ ਸ਼ਗਨ ਕਿਵੇਂ ਪਾਈਏ।’ ਮੈਂ ਵੇਖਿਆ ਗੱਲ ਕਰਦਿਆਂ ਰਾਣੋ ਦਾ ਧਿਆਨ ਮਾਸਟਰ ਸੁਖਦੇਵ ਦੇ ਹੱਥਾਂ ਵੱਲ ਸੀ। ਸਾਨੂੰ ਬੜੀ ਹੇਠੀ ਜਿਹੀ ਮਹਿਸੂਸ ਹੋਈ ਤੇ ਮੈਂ ਕੁਝ ਬੋਲਣ ਹੀ ਲੱਗਾ ਸੀ ਕਿ ਮਾਸਟਰ ਹੁਰਾਂ ਸੱਜੇ ਹੱਥ ਦੀ ਵੱਡੀ ਉਂਗਲ ਵਿੱਚੋਂ ਆਪਣੀ ਡੱਕਰੇ ਵਰਗੀ ਸੋਨੇ ਦੀ ਮੁੰਦੀ ਉਤਾਰੀ ਤੇ ਆਪਣੀ ਸਰਦਾਰਨੀ ਰਾਹੀਂ ਰਾਣੋ ਦੇ ਜੁੜੇ ਹੋਏ ਹੱਥਾਂ ’ਚ ਫੜਾ ਦਿੱਤੀ। ਰਾਣੋ ਆਪਣੀਆਂ ਅੱਖਾਂ ਚੁੰਨੀ ਨਾਲ਼ ਪੂੰਝਦੀਆਂ ਝੁਕ-ਝੁਕ ਸ਼ੁਕਰਾਨੇ ਕਰਦੀ ਹੋਈ ਵਾਪਸ ਪਰਤ ਗਈ । ਸਾਡੇ ਕੋਲ ਤਾਂ ਕਿੰਨੀ ਦੇਰ ਲਈ ਇਕ ਚੁੱਪ ਜਿਹੀ ਹੀ ਪਸਰੀ ਰਹੀ। ਕੋਈ ਬੋਲਦਾ ਤਾਂ ਬੋਲਦਾ ਵੀ ਕੀ।
ਚਾਹ ਵਰਤਾਉਣ ਦੀ ਸੇਵਾ ਨਿਭਾ ਰਹੇ ਇਕ ਲੜਕੇ ਨੇ ਸਾਡੀ ਇਹ ਚੁੱਪੀ ਤੋੜੀ ਤੇ ਚਾਹ ਠੰਢੀ ਹੋਣ ਤੋਂ ਪਹਿਲਾਂ ਪੀ ਲੈਣ ਲਈ ਬੇਨਤੀ ਕਰਨ ਲੱਗਿਆ। ਮੈਂ ਚਾਹ ਦਾ ਕੱਪ ਸਭ ਤੋਂ ਪਹਿਲਾ ਮਾਸਟਰ ਜੀ ਤੇ ਸਰਦਾਰਨੀ ਜੀ ਨੂੰ ਫੜਾਇਆ। ਇੰਨੀ ਦੇਰ ਨੂੰ ਰਾਣੋ ਬੀਬੀ ਜੀ ਫ਼ਿਰ ਪਰਤ ਆਏ, ਅਖੇ! ਸਮਝ ਨੀ ਆ ਰਹੀ ਕਿ ਮੁੰਡੇ ਦੇ ਪਿਓ ਨੂੰ ਕੀ ਪਾਈਏ, ਜੇ ਹੋ ਸਕੇ ਤਾਂ’...ਕਹਿੰਦਿਆਂ ਉਸ ਨੇ ਮਾਸਟਰ ਦੁਆਰਾ ਪਹਿਨੀ ਹੋਈ ਦੂਜੀ ਮੁੰਦੀ ਵੱਲ ਨਿਗ੍ਹਾ ਟਿਕਾ ਲਈ। ਸਾਨੂੰ ਕਿਸੇ ਨੂੰ ਵੀ ਇਹ ਤਾਂ ਸਮਝ ਨਹੀਂ ਲੱਗੀ ਕਿ ਮਾਸਟਰ ਸੁਖਦੇਵ ਸਿੰਘ ਜੀ ਕੀ ਸੋਚ ਰਹੇ ਸਨ ਪਰ ਉਨ੍ਹਾਂ ਦੇ ਸਰਦਾਰਨੀ ਜੀ ਬੋਲ਼ ਪਏ, ‘ਨਹੀਂ, ਨਹੀਂ ਇਹ ਨਹੀ, ਇਹ ਮੇਰੇ ਪਿਓ ਦੀ ਨਿਸ਼ਾਨੀ ਐ, ਇਨ੍ਹਾਂ ਦੇ ਸ਼ਗਨਾਂ ਵਾਲੀ ਮੁੰਦੀ। ਰਾਣੋ ਦੇ ਕੰਨੀ ਮੁੰਦੀ ਲਈ ਨਾਂਹ ਕੀ ਪਈ ਕਿ ਉਸ ਦਾ ਮੂੰਹ ਸੁੱਜ ਕੇ ਕੁੱਪਾ ਹੋ ਗਿਆ। ਸ਼ਗਨਾਂ ਵਾਲ਼ੀ ਇਸ ਮੁੰਦੀ ਤੋਂ ਇਨਕਾਰ ਕੀ ਹੋਇਆ ਕਿ ਰਾਣੋ ਨੇ ਪਹਿਲਾਂ ਸਭ ਕੀਤੇ ਕਰਾਏ ’ਤੇ ਵੀ ਪਾਣੀ ਫੇਰ ਦਿੱਤਾ ਤੇ ਕੁਝ ਬੁੜ-ਬੜਾਉਂਦੇ ਹੋਏ ਚਲੇ ਗਈ। ਅਸੀਂ ਸਭ ਸਰਪੰਚ ਸਾਬ੍ਹ ਦੀ ਅਗਵਾਈ ’ਚ ਵਿਆਹ ਵਾਲ਼ੇ ਘਰ ਤੋਂ ਵਾਪਸ ਆ ਗਏ। ਸਾਡੀ ਮਨਜੀਤ ਵਿਚਾਰੀ ਮਰਨ ਹਾਕੀ ਹੋਈ ਫਿਰੇ ਪਰ ਉਹ ਕਿਸੇ ਨੂੰ ਰੋਕ ਸਕਣ ਲਈ ਹਿੰਮਤ ਨਾ ਜੁਟਾ ਸਕੀ। ਹੁਣ ਅਸੀਂ ਸਭ ਕੈਨੇਡਾ ਵਾਲਿਆਂ ਦੇ ਘਰ ਬੈਠੇ ਬਾਹਰਲੇ ਬਿਸਕੁਟਾਂ ਨਾਲ ਚਾਹ ਤਾਂ ਜ਼ਰੂਰ ਪੀ ਰਹੇ ਸੀ ਪਰ ਸਾਡੇ ਸਭਨਾਂ ਦੇ ਬੁੱਲ੍ਹਾਂ ’ਤੇ ਛਾਈ ਇਹ ਚੁੱਪ ਸਾਡਾ ਖਹਿੜਾ ਨਹੀਂ ਸੀ ਛੱਡ ਰਹੀ।
- ਰਾਜ ਹੀਉਂ (ਬੰਗਾ)