
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੱਸ ਸੁਰਜੀਤ ਕੁਰੇ ਕੀ ਚਾਹੀਦਾ? ਬੱਸ ਕੁਝ ਨਹੀਂ...। ਇਹ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਤੋਂ ਸੁਣਦਾ ਆ ਰਿਹਾਂ? ਆਹ ਵੇਖ ਪਰਸ, ਪਿਆ ਨਾ ਡਾਲਰਾਂ ਨਾਲ ਭਰਿਆ। ਇਹ ਇੰਨੇ ਡਾਲਰ? ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ, ਉੱਥੇ ਦੋ ਘੰਟੇ ਕੰਮ ਕਰ ਆਉਂਦਾ, ਨਾਲੇ ਟਾਈਮ ਪਾਸ ਹੋ ਜਾਂਦਾ। ਚੱਲ ਦੱਸ?

ਦੱਸ ਸੁਰਜੀਤ ਕੁਰੇ ਕੀ ਚਾਹੀਦਾ? ਬੱਸ ਕੁਝ ਨਹੀਂ...। ਇਹ ਤਾਂ ਮੈਂ ਪਿਛਲੇ ਪੰਜਾਹ ਸਾਲਾਂ ਤੋਂ ਸੁਣਦਾ ਆ ਰਿਹਾਂ? ਆਹ ਵੇਖ ਪਰਸ, ਪਿਆ ਨਾ ਡਾਲਰਾਂ ਨਾਲ ਭਰਿਆ। ਇਹ ਇੰਨੇ ਡਾਲਰ? ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ, ਉੱਥੇ ਦੋ ਘੰਟੇ ਕੰਮ ਕਰ ਆਉਂਦਾ, ਨਾਲੇ ਟਾਈਮ ਪਾਸ ਹੋ ਜਾਂਦਾ। ਚੱਲ ਦੱਸ? ਅੱਜ ਆਪਣੀ ਪੰਜਾਵੀਂ ਵਰ੍ਹੇਗੰਢ ਆ, ਤੂੰ ਕੀ ਲੈਣਾ? ਅੱਛਾ ਜੀ...? ‘ਜਦੋਂ ਉਹ ਦਿਨ ਸੀ, ਉਦੋਂ ਤਾਂ ਝਾਂਜਰਾਂ ਵੀ ਅੱਠਾਂ ਸਾਲਾਂ ਬਾਅਦ ਪੈਰਾਂ ਨੂੰ ਨਸੀਬ ਹੋਈਆ ਸੀ’, ਸੁਰਜੀਤ ਕੌਰ ਨੇ ਥੋੜ੍ਹਾ ਮਸ਼ਕਰੀ ਜਿਹੀ ਨਾਲ ਕਿਹਾ।
ਬਿੱਕਰ ਇਕਦਮ ਪਿੱਛੇ ਅਤੀਤ ਵਿਚ ਚਲਾ ਗਿਆ। ਸੁਰਜੀਤ ਕੌਰ ਵੱਲ ਤੱਕਿਆ ਤੇ ਸੋਚਿਆ, ਉਹ ਭਲੀਏ ਲੋਕੇ ਤੇਰੀ ਸੂਝ-ਸਿਆਣਪ ਤੇ ਆਪਣੀਆਂ ਸੱਧਰਾਂ ਮਾਰ ਮੁੱਠੀ ਘੁੱਟ ਚਲਾਏ ਘਰ ਨੇ ਹੀ ਤਾਂ ਆਹ ਕੈਨੇਡਾ ਬਿਠਾ ਦਿੱਤਾ। ‘ਕੀ ਹੋਇਆ ਕਿਹੜੀਆਂ ਸੋਚਾਂ ’ਚ ਪੈ ਗਏ’, ਸੁਰਜੀਤ ਕੌਰ ਨੇ ਬਿੱਕਰ ਦੇ ਮੋਢੇ ’ਤੇ ਹੱਥ ਧਰਦਿਆਂ ਕਿਹਾ? ਕੁਝ ਨਹੀਂ ਸੁਰਜੀਤ ਕੁਰੇ? ਅੱਛਾ ਏਦਾਂ ਕਰਿਓ ਠੰਢ ਬਹੁਤ ਏ, ਤੁਸੀਂ ਕੋਈ ਨਵਾਂ ਕੋਟ ਵੀ ਨਹੀਂ ਲਿਆ, ਇਸ ਵਾਰ ਆਪਣੀ ਵਰ੍ਹੇਗੰਢ ’ਤੇ ਨਵਾਂ ਕੋਟ ਲੈ ਲਓ। ਚੱਲ ਠੀਕ ਆ, ਤੂੰ ਬੈਠ ਮੈਂ ਹੁਣੇ ਆਇਆ, ਏਨਾ ਆਖ ਬਿੱਕਰ ਸਾਹਮਣੇ ਸ਼ਾਪਿੰਗ ਮਾਲ ’ਚ ਚਲਾ ਗਿਆ। ਕੁਝ ਸਮੇਂ ਬਾਅਦ ਵਾਪਸ ਆ ਬਿੱਕਰ ਨੇ ਸੁਰਜੀਤ ਦੇ ਪੈਰਾਂ ਵਿਚ ਨਵੀਆਂ ਝਾਂਜਰਾਂ ਪਾ ਦਿੱਤੀਆਂ। ਝਾਂਜਰਾਂ ਵੇਖ ਉਸ ਨੂੰ ਚਾਅ ਜਿਹਾ ਚੜ੍ਹ ਗਿਆ। ਇਕ-ਦੂਜੇ ਵੱਲ ਤੱਕਿਆ, ਜਿਵੇਂ ਦੋਵਾਂ ’ਤੇ ਫਿਰ ਤੋਂ ਜਵਾਨੀ ਵਾਪਸ ਆ ਗਈ ਹੋਵੇ। ਲੈ ਹੁਣ ਨਾ ਉਲਾਂਭਾ ਦੇਵੀ, ਬਿੱਕਰ ਨੇ ਸੁਰਜੀਤੋ ਦੇ ਪੈਰੀਂ ਝਾਂਜਰਾਂ ਪਾ ਖੜ੍ਹੇ ਹੁੰਦੇ ਕਮਰ ਦੇ ਦਰਦ ਨੂੰ ਬਰਦਾਸ਼ਤ ਜਿਹਾ ਕਰਦਿਆਂ ਕਿਹਾ।
ਆਹ ਵੇਖ ਸੁਰਜੀਤ ਕੁਰੇ, ਆਪਣੇ ਗੈਰੀ ਵਾਸਤੇ ਕੋਟ ਤੇ ਨੂੰਹ ਦੇ ਕੱਪੜੇ। ਤੁਸੀਂ ਨਹੀਂ ਸੁਧਰੇ ਹਨਾਂ। ਮੈਂ ਕੀ ਕਿਹਾ ਸੀ ਕਿ ਠੰਢ ਬਹੁਤ ਆ, ਆਪਣੇ ਲਈ ਕੋਈ ਕੋਟ ਲੈ ਆਇਓ? ਸੁਰਜੀਤ ਕੁਰੇ ਆਪਣੇ ਗੈਰੀ ਨੇ ਰੋਜ਼ ਆਫਿਸ ਜਾਣਾ ਹੁੰਦਾ ਹੈ, ਵੱਡੇ ਲੋਕਾਂ ਚ ਬਹਿਣੀ-ਉੱਠਣੀ, ਕੱਪੜੇ ਤਾਂ ਵਧੀਆ ਹੀ ਚਾਹੀਦੇ ਨੇ ਉਸ ਲਈ। ਹਾਂ ਇਹ ਤਾਂ ਮੈਂ ਬਹੁਤ ਸਮੇਂ ਤੋਂ ਸੁਣਦੀ ਆ ਰਹੀ ਆਂ। ਸੁਰਜੀਤੋ ਨੇ ਥੋੜ੍ਹਾ ਬਿੱਕਰ ਨਾਲ ਨਾਰਾਜ਼ਗੀ ਜਿਹੀ ਨਾਲ ਕਿਹਾ। ਚੱਲ ਛੱਡ, ਤੂੰ ਤਾਂ ਖ਼ਸ਼ ਹੈ। ਅੱਜ ਤਾਂ ਪਹਿਲੇ ਬੋਲ ਤੇਰੀ ਮੰਗ ਪੂਰੀ ਕਰ ਦਿੱਤੀ ਤੇ ਫਿਰ ਦੋਨੋਂ ਜਾਣੇ ਕਿੰਨਾ ਚਿਰ ਬੈਂਚ ’ਤੇ ਬੈਠੇ ਦੂਰ ਤੱਕ ਸਾਹਮਣੇ ਸ਼ਾਂਤ ਖੜ੍ਹੇ ਪਾਣੀ ਨੂੰ ਤੱਕਦੇ ਰਹੇ। ਚਲੋ ਜੀ ਚਲੀਏ, ਬਹੁਤ ਸਮਾਂ ਹੋ ਗਿਆ। ਅੱਜ ਤਾਂ ਨਾਲੇ ਨੂੰਹ ਤੇ ਪੁੱਤ ਉਡੀਕਦੇ ਹੋਣਗੇ। ਸੁਰਜੀਤ ਕੌਰ ਨੇ ਬੈਂਚ ਤੋਂ ਉੱਠਦਿਆਂ ਕਿਹਾ।
ਭਲਾ ਤੂੰ ਦੱਸਿਆ ਉਨ੍ਹਾਂ ਨੂੰ ਕਿ ਅੱਜ ਆਪਣੀ ਪੰਜਾਵੀ ਸਾਲਗਿਰ੍ਹਾ ਏ? ਇਹਦੇ ’ਚ ਦੱਸਣ ਵਾਲੀ ਕਿਹੜੀ ਗੱਲ ਆ, ਸਾਲ ਬਾਅਦ ਤਾਂ ਇਕ ਦਿਨ ਆਉਂਦਾ, ਏਨਾ ਤਾਂ ਉਨ੍ਹਾਂ ਨੂੰ ਪਤਾ ਹੀ ਹੋਵੇਗਾ। ਚੱਲ ਲੱਗ’ਜੂ ਪਤਾ, ਕੀ ਗਿਫਟ ਦਿੰਦੇ ਨੇ ਤੇਰੇ ਨੂੰਹ ਪੁੱਤ? ਬਿੱਕਰ ਨੇ ਸੁਰਜੀਤੋ ਦੇ ਹੱਥ ਦਾ ਸਹਾਰਾ ਲੈ ਖੜ੍ਹੇ ਹੁੰਦੇ ਕਿਹਾ ਤੇ ਘਰ ਵੱਲ ਹੋ ਤੁਰੇ। ਘਰ ਵੜਦਿਆਂ ਹੀ ਸਾਹਮਣੇ ਗੈਰੀ ਤੇ ਉਹਦੀ ਘਰ ਵਾਲੀ ਡਾਈਨਿੰਗ ਟੇਬਲ ’ਤੇ ਬੈਠੇ ਸੀ।
ਪਾਪਾ ਜੀ, ਆਹ ਕੋਈ ਟਾਈਮ ਆ ਘਰ ਆਉਣ ਦਾ, ਅਸੀਂ ਮੋਰਨਿੰਗ ਜਲਦੀ ਜਾਣਾ ਹੁੰਦਾ, ਤੁਸੀਂ ਤਾਂ ਵਿਹਲੇ ਹੋ। ਘੱਟੋ-ਘੱਟ ਸ਼ਾਮ ਨੂੰ ਤਾਂ ਘਰ ਜਲਦੀ ਆ ਜਾਇਆ ਕਰੋ, ਅਸੀਂ ਤੁਹਾਡੀ ਵੇਟ ਕਰੀਏ ਕਿ ਰੈਸਟ ਕਰੀਏ। ਇਹ ਪਿੰਡ ਨਹੀਂ ਕੈਨੇਡਾ ਆ, ਇੱਥੇ ਸਮੇਂ ਤੇ ਹੈਲਥ ਦੀ ਕਦਰ ਕਰਨੀ ਪੈਂਦੀ ਏ। ਤੁਸੀਂ ਏਨੇ ਕੇਅਰਲੈੱਸ ਕਿਉਂ ਬਣ ਗਏ ਹੋ?
ਹੱਥ ਵਿਚ ਫੜਿਆ ਪੁੱਤ ਦਾ ਕੋਟ ਬਿੱਕਰ ਨੇ ਚੁੱਪਚਾਪ ਟੇਬਲ ’ਤੇ ਰੱਖ ਦਿੱਤਾ। ਕਮਰੇ ਵਿਚ ਸਿਰਫ਼ ਸੰਨਾਟਾ ਹੀ ਸੀ ਪਰ ਬਿੱਕਰ ਦੇ ਅੰਦਰ ਤਾਂ ਜਿਵੇਂ ਦਰਦਾਂ ਦਾ ਦਰਿਆ ਛੱਲਾਂ ਮਾਰ ਆਖ ਰਿਹਾ ਹੋਵੇ ਕਿ ਮੈਂ ਬਾਹਰ ਨਿਕਲਣਾ ਤੂੰ ਐਵੇਂ ਬਰਦਾਸ਼ਤ ਨਾ ਕਰ ਅੱਖਾਂ ਰਾਹੀਂ ਡੁੱਲ ਲੈਣ ਦੇ
ਪਰ ਅੱਜ ਦਰਿਆ ਤਾਂ ਸੁਰਜੀਤੋ ਦੇ ਅੰਦਰ ਵੀ ਸੀ ਪਰ ਗੁੱਸੇ ਨਾਲ ਭਰਿਆ ਤੇ ਫੁੱਟ ਪਿਆ। ਅੱਛਾ ਇਹ ਨੇ ਕੇਅਰਲੈੱਸ? ਹਾਂ ਹੈਗੇ ਨੇ ਇਹ ਕੇਅਰਲੈੱਸ, ਜਦੋਂ ਸਾਡੇ ਵਿਆਹ ਤੋਂ ਬਾਅਦ ਤੂੰ ਪੈਦਾ ਹੋਇਆ ਤਾਂ ਬਾਰਾਂ ਘੰਟੇ ਦੀ ਡਿਊਟੀ ਤੋਂ ਬਾਅਦ ਛੇ ਘੰਟੇ ਫਿਰ ਵੀ ਲਾਉਣੇ ਤੇ ਕਹਿਣਾ ਗੈਰੀ ਦਾ ਚੰਗਾ ਭਵਿੱਖ ਬਣਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਣੀ ਏ। ਮੈਂ ਬਹੁਤ ਕਹਿਣਾ ਸਿਹਤ ਦਾ ਖ਼ਿਆਲ ਤਾਂ ਰੱਖੋ ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈੱਸ? ਤੂੰ ਵੱਡਾ ਹੋਇਆ ਕਾਲਜ ਗਿਆ ਤੈਨੂੰ ਵਧੀਆ ਕੱਪੜੇ, ਬੂਟ, ਖਾਣ-ਪੀਣ ਲਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਇਹ ਜਦ ਕਦੇ ਰਿਸ਼ਤੇਦਾਰੀ ’ਚ ਵਿਆਹ ਆ ਜਾਣਾ ਤਾਂ ਡਰ ਜਾਂਦਾ ਕਿ ਨਵੇਂ ਕੱਪੜਿਆਂ ’ਤੇ ਪੈਸੇ ਲਾਉਣੇ ਪੈਣੇ ਆਂ, ਸਾਰੇ ਵਿਆਹ ਹੁਣ ਤੱਕ ਆਪਣੇ ਵਿਆਹ ਵਾਲੇ ਹੀ ਕੋਟ ਪਾ ਵੇਖ ਲਏ। ਮੈਂ ਬਹੁਤ ਕਹਿਣਾ ਕਿ ਨਵਾਂ ਕੋਟ ਪੈਂਟ ਲੈ ਲਓ, ਰਿਸ਼ਤੇਦਾਰ ਕੀ ਕਹਿਣਗੇ ਉਹ ਹੀ ਵਿਆਹ ਵਾਲਾ ਕੋਟ ਪਾਈ ਫਿਰਦਾ ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈੱਸ?
ਹਾਂ ਪਰ ਅੱਜ ਕੇਅਰਲੈੱਸ ਦੇ ਮਾਅਨੇ ਹੀ ਬਦਲ ਗਏ। ਮੈਂ ਜਦ ਕਹਿਣਾ ਤਾਂ ਇਨ੍ਹਾਂ ਦੀਆਂ ਅੱਖਾਂ ਵਿਚ ਚਮਕ ਜਿਹੀ ਆ ਜਾਣੀ ਕਿਉਂਕਿ ਇਨ੍ਹਾਂ ਨੂੰ ਵੀ ਪਤਾ ਸੀ ਕਿ ਮੇਰੇ ਗੁੱਸੇ ਵਿੱਚ ਵੀ ਇਨ੍ਹਾਂ ਲਈ ਫ਼ਿਕਰ ਏ ਪਰ ਅੱਜ ਤੇਰੇ ਕੇਅਰਲੈੱਸ ਕਹਿਣ ’ਤੇ ਇਨ੍ਹਾਂ ਦੀਆਂ ਅੱਖਾਂ ਵਿਚ ਚਮਕ ਨਹੀਂ ਇਨ੍ਹਾਂ ਦੀਆਂ ਅੱਖਾਂ ਵਿੱਚ ਤਾਂ...। ਸੁਰਜੀਤ ਕੌਰ ਭਰੇ ਮਨ ਨਾਲ ਲਗਾਤਾਰ ਬੋਲੀ ਜਾ ਰਹੀ ਸੀ, ਉਸ ਦੇ ਬੋਲਾਂ ਵਿਚ ਮਮਤਾ, ਗਿਲਾ ਤੇ ਕਈ ਕੁਝ ਡੁੱਲ੍ਹ ਡੁੱਲ੍ਹ ਜਾਂਦਾ ਸੀ। ਬੱਸ ਕਰ ਸੁਰਜੀਤ ਕੁਰੇ ਬੱਸ ਕਰ? ਸਿਹਤ ਖ਼ਰਾਬ ਕਰ ਲਵੇਂਗੀ। ਏਨਾ ਆਖਦਿਆਂ ਬਿੱਕਰ ਸਿੰਘ ਨੇ ਸੁਰਜੀਤ ਕੌਰ ਦੇ ਅੰਦਰੋਂ ਵਹਿੰਦੇ ਦਰਿਆ ਨੂੰ ਵੀ ਆਪਣੇ ਹੀ ਅੰਦਰ ਮੌੜਾ ਦੇਣ ਦੀ ਕੋਸ਼ਿਸ਼ ਕੀਤੀ ਤੇ ਚੁੱਪਚਾਪ ਕਮਰੇ ਅੰਦਰ ਚਲਾ ਗਿਆ।
- ਕੁਲਵੰਤ ਘੋਲੀਆ