
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਸਵਿੰਦਰ ਪੰਜਾਬੀ ਦਾ ਨਾਵਲ ‘ਲਾਲ ਹਵੇਲੀ’ ਪੰਜਾਬੀ ਗਲਪ ਸਾਹਿਤ ਵਿਚ ਮਹੱਤਵਪੂਰਨ ਹਾਜ਼ਰੀ ਦਰਜ ਕਰਵਾਉਂਦਾ ਹੈ। ਆਪਣੇ ਪਹਿਲੇ ਚਰਚਿਤ ਨਾਵਲਾਂ ‘ਮੁਰਗਾਬੀਆਂ-1’ ਅਤੇ ‘ਮੁਰਗਾਬੀਆਂ-2’ (ਜਿਨ੍ਹਾਂ ’ਤੇ ਵੈੱਬ ਸੀਰੀਜ਼ ਵੀ ਬਣ ਚੁੱਕੀ ਹੈ) ਤੋਂ ਬਾਅਦ ਲੇਖਕ ਨੇ ਆਪਣੇ ਇਸ ਦੂਜੇ ਵਡੇਰੇ ਯਤਨ ਰਾਹੀਂ ਮਾਲਵੇ ਦੀ ਧਰਤੀ, ਇਤਿਹਾਸਕ ਸੰਦਰਭਾਂ ਤੇ ਸਮਾਜਿਕ ਅਲਾਮਤਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਪੇਸ਼ ਕੀਤਾ ਹੈ।

ਪੁਸਤਕ : ਲਾਲ ਹਵੇਲੀ (ਨਾਵਲ)
ਲੇਖਕ : ਜਸਵਿੰਦਰ ਪੰਜਾਬੀ
ਪੰਨੇ : 291 ਮੁੱਲ : 300/-
ਪ੍ਰਕਾਸ਼ਕ : ਜੇ ਪੀ ਪਬਲੀਕੇਸ਼ਨ
ਜਸਵਿੰਦਰ ਪੰਜਾਬੀ ਦਾ ਨਾਵਲ ‘ਲਾਲ ਹਵੇਲੀ’ ਪੰਜਾਬੀ ਗਲਪ ਸਾਹਿਤ ਵਿਚ ਮਹੱਤਵਪੂਰਨ ਹਾਜ਼ਰੀ ਦਰਜ ਕਰਵਾਉਂਦਾ ਹੈ। ਆਪਣੇ ਪਹਿਲੇ ਚਰਚਿਤ ਨਾਵਲਾਂ ‘ਮੁਰਗਾਬੀਆਂ-1’ ਅਤੇ ‘ਮੁਰਗਾਬੀਆਂ-2’ (ਜਿਨ੍ਹਾਂ ’ਤੇ ਵੈੱਬ ਸੀਰੀਜ਼ ਵੀ ਬਣ ਚੁੱਕੀ ਹੈ) ਤੋਂ ਬਾਅਦ ਲੇਖਕ ਨੇ ਆਪਣੇ ਇਸ ਦੂਜੇ ਵਡੇਰੇ ਯਤਨ ਰਾਹੀਂ ਮਾਲਵੇ ਦੀ ਧਰਤੀ, ਇਤਿਹਾਸਕ ਸੰਦਰਭਾਂ ਤੇ ਸਮਾਜਿਕ ਅਲਾਮਤਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਪੇਸ਼ ਕੀਤਾ ਹੈ। ਇਹ ਨਾਵਲ 1950 ਈਸਵੀ ਤੋਂ ਲੈ ਕੇ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਦੇ ਸਮੇਂ ਤੱਕ ਫੈਲਿਆ ਹੋਇਆ ਹੈ। ਲੇਖਕ ਨੇ ਮਾਨਸਾ ਇਲਾਕੇ ਦੀ ਆਬੋ-ਹਵਾ, ਉੱਥੋਂ ਦੇ ਜਨ-ਜੀਵਨ ਤੇ ਉਸ ਦੌਰ ਦੀਆਂ ਸਮਾਜਿਕ-ਰਾਜਨੀਤਕ ਤਬਦੀਲੀਆਂ ਨੂੰ ਬੜੀ ਸ਼ਿੱਦਤ ਨਾਲ ਚਿਤਰਿਆ ਹੈ। ਨਾਵਲ ਦਾ 39 ਕਾਂਡਾਂ ਵਿੱਚ ਫੈਲਿਆ ਹੋਇਆ ਹੈ, ਜਿੱਥੇ ਹਰ ਕਾਂਡ ਕਹਾਣੀ ਦੀ ਲੜੀ ਨੂੰ ਅੱਗੇ ਤੋਰਦਾ ਹੈ। ‘ਲਾਲ ਹਵੇਲੀ’ ਦੀ ਸਭ ਤੋਂ ਵੱਡੀ ਵੰਡਿਆਈ ਇਹ ਹੈ ਕਿ ਇਹ ਇਤਿਹਾਸ ਦੇ ਅਟੱਲ ਸੱਚ ‘ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਹੈ’ ਨੂੰ ਉਜਾਗਰ ਕਰਦਾ ਹੈ। ਨਾਵਲ ਦੀ ਕਹਾਣੀ ਉਸ ਦੌਰ ਤੋਂ ਸ਼ੁਰੂ ਹੁੰਦੀ ਹੈ, ਜਦੋਂ ਧੀਆਂ ਦੇ ਜਨਮ ਲੈਂਦਿਆਂ ਹੀ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਸੀ। ਲੇਖਕ ਸੂਖ਼ਮਤਾ ਨਾਲ ਦਰਸਾਉਂਦਾ ਹੈ ਕਿ ਅੱਜ ਤਕਨਾਲੋਜੀ ਦੇ ਯੁੱਗ ਵਿਚ ਅਲਟਰਾਸਾਊਂਡ ਰਾਹੀਂ ਕੁੱਖ ’ਚ ਹੀ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ। ਨਾਵਲ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਰੂਪ ਬਦਲੇ ਹਨ ਪਰ ਮਾਨਸਿਕਤਾ ਅੱਜ ਵੀ ਉਹੀ ਹੈ। ਲੇਖਕ ਨੇ ਮਾਨਸਾ ਖੇਤਰ ਦੀ ਅਸਲ ਮਲਵਈ ਉਪਭਾਸ਼ਾ ਦੀ ਵਰਤੋਂ ਕੀਤੀ ਹੈ, ਜੋ ਪਾਠਕ ਨੂੰ ਕਹਾਣੀ ਦੇ ਵਾਤਾਵਰਨ ਨਾਲ ਸਿੱਧਾ ਜੋੜਦੀ ਹੈ।
39 ਕਾਂਡਾਂ ਵਿਚ ਫੈਲੇ ਇਸ ਨਾਵਲ ਦੇ ਪਾਤਰ ਜਿਉਂਦੇ-ਜਾਗਦੇ ਪ੍ਰਤੀਤ ਹੁੰਦੇ ਹਨ। ਲੇਖਕ ਨੇ ਸ਼ਬਦਾਂ ਦੀ ਅਜਿਹੀ ਘੜਤ ਘੜੀ ਹੈ, ਜੋ ਪਾਠਕ ਨੂੰ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ। ਜਸਵਿੰਦਰ ਪੰਜਾਬੀ ਦਾ ਇਹ ਨਾਵਲ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਸਮਾਜਿਕ ਕੁਰੀਤੀਆਂ ਵਿਰੁੱਧ ਵਿਚਾਰਧਾਰਕ ਆਵਾਜ਼ ਹੈ। ‘ਲਾਲ ਹਵੇਲੀ’ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਲਾਜ਼ਮੀ ਪੜ੍ਹਨਯੋਗ ਨਾਵਲ ਹੈ।
- ਯਾਦਵਿੰਦਰ ਸਿੰਘ ਭੁੱਲਰ